Share on Facebook

Main News Page

ਮਾਸ ਖਾਣ ਦਾ ਝਗੜਾ, ਭੰਬਲਭੂਸਾ ਅਤੇ ਗੁਰਮਤਿ ਵਿਚਾਰ ਚਰਚਾ

ਕੁਝ ਸਮਾਂ ਪਹਿਲੇ ਸਿੱਖ ਮਾਰਗ ਵੈਬਸਾਈਟ ਤੇ ਮਾਸ ਬਾਰੇ ਚਰਚਾ ਚੱਲੀ ਸੀ ਅਤੇ ਡੇਰਾਵਾਦੀ ਪ੍ਰਚਾਰਕ ਅਕਸਰ ਹੀ ਕਥਾ ਕੀਰਤਨ ਕਰਦੇ ਮਾਸਹਾਰੀਆਂ ਨੂੰ ਨਿੰਦਦੇ ਰਹਿੰਦੇ ਹਨ। ਕੁਝ ਪਾਠਕਾਂ ਨੇ ਦਾਸ ਨੂੰ ਵੀ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਸੀ। ਸੋ ਦਾਸ ਗੁਰਬਾਣੀ ਅਤੇ ਇਤਿਹਾਸ ਰਾਹੀਂ ਇਸ ਵਿਸ਼ੇ ਤੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਥਕ ਚਰਚਾ ਕੋਈ ਵੀ ਮਾੜੀ ਨਹੀਂ ਪਰ ਢੁਚਰਾਂ ਢਾਈ ਜਾਣੀਆਂ ਪਾਣੀ ਰਿੜਕਨ ਵਾਲੀ ਗੱਲ ਹੈ। ਜਿਨਾ ਚਿਰ ਗੋਲ-ਮੋਲ ਗੱਲਾਂ ਕਰੀ ਜਾਵਾਂਗੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ। ਦੇਖੋ ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਭੋਜਨ ਹਨ ਅਤੇ ਖਾਣ ਵਾਲੇ ਵੀ ਅਨੇਕ ਹਨ ਪਰ ਗਊ ਬਕਰੀ ਆਦਿਕ ਜਾਨਵਰਾਂ ਬਾਰੇ ਦੇਖਿਆ ਜਾਂਦਾ ਹੈ ਕਿ ਉਹ ਮਾਸ ਨਹੀਂ ਖਾਂਦੇ ਸਗੋਂ ਘਾਸ ਹੀ ਖਾਂਦੇ ਹਨ ਅਤੇ ਸ਼ੇਰ ਕੇਵਲ ਮਾਸ ਹੀ ਖਾਂਦਾ ਹੈ। ਮਨੁੱਖ ਮਾਸ ਤੇ ਘਾਸ (ਅੰਨ ਜਬਜੀਆਂ ਫਲ) ਆਦਿਕ ਦੋਵੇਂ ਖਾ ਕੇ ਪਚਾ ਸਕਦਾ ਹੈ। ਇਸ ਕਰਕੇ ਮਨੁੱਖ ਨੂੰ ਇਕੱਲਾ ਘਾਸ (ਸਾਕਾਹਾਰੀਆਂ) ਦੀ ਕੈਟਾਗਿਰੀ ਵਿੱਚ ਹੀ ਨਹੀਂ ਰੱਖਿਆ ਜਾ ਸਕਦਾ। ਬਾਕੀ ਜੂਨਾਂ ਸਭ ਮਨੁੱਖ ਲਈ ਹਨ ਅਤੇ ਇਸ ਧਰਤੀ ਤੇ ਰੱਬ ਨੇ ਮਨੁੱਖ ਨੂੰ ਸਿਕਦਾਰੀ ਬਖਸ਼ੀ ਹੈ- ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (374) ਸੰਸਾਰ ਵਿੱਚ ਜੀਵ ਜੀਵਾਂ ਦਾ ਅਹਾਰ ਕਰਦੇ ਆ ਰਹੇ ਹਨ- ਜੀਆਂ ਕਾ ਆਹਾਰ ਜੀਅ ਖਾਣਾ ਏਹੁ ਕਰੇਹਿ॥ (824) ਕੋਈ ਖਾਈ ਜਾ ਰਿਹਾ ਹੈ, ਕੋਈ ਮਾਰੀ ਜਾ ਰਿਹਾ ਹੈ। ਕਰਤੇ ਦੀ ਵਿਸ਼ਾਲ ਰਚਨਾ ਵਿੱਚ ਐਸਾ ਹੁੰਦਾ ਆ ਰਿਹਾ ਹੈ।

ਮਨੁੱਖ ਨੇ ਆਪਣੀ ਸੀਮਤ ਬੁੱਧੀ ਅਨੁਸਾਰ ਕਿਸੇ ਚੀਜ ਨੂੰ ਪਾਪ ਤੇ ਕਿਸੇ ਚੀਜ ਨੂੰ ਪੁੰਨ ਮੰਨ ਲਿਆ ਹੈ। ਜਿਵੇਂ ਗਊ ਖਾਣੀ ਹਿੰਦੂ ਵਾਸਤੇ ਪਾਪ, ਤੇ ਸੂਰ ਖਾਣਾ ਮੁਸਲਮਾਨ ਵਾਸਤੇ ਹਰਾਮ ਮੰਨਿਆਂ ਗਿਆ ਹੈ। ਹਿੰਦੂਆਂ ਦੇ ਬਹੁਤੇ ਫਿਰਕੇ ਵੈਸ਼ਨੂੰ ਮੰਨੇ ਜਾਂਦੇ ਹਨ। ਸਿੱਖ ਨਾਂ ਹਿੰਦੂ ਤੇ ਨਾਂ ਮੁਸਲਮਾਨ ਹਨ- ਨਾ ਹਮ ਹਿੰਦੂ ਨ ਮੁਸਲਮਾਨ॥ (1136) ਗੁਰੂ ਨਾਨਕ ਜੀ ਨਾਲ ਵੀ ਇਸ ਵਿਸ਼ੇ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਚਰਚਾ ਹੋਈਆਂ, ਪਰ ਗੁਰੂ ਜੀ ਨੇ ਇਸ ਨੂੰ ਮੂਰਖਾਂ ਦਾ ਝਗੜਾ ਕਹਿ ਅਤੇ ਠੋਸ ਦਲੀਲਾਂ ਦੇ ਕੇ ਖਤਮ ਕੀਤਾ- ਮਾਸੁ ਮਾਸੁ ਕਰਿ ਮੂਰਖ ਝਗੜੇ..(1290) ਗੁਰਬਾਣੀ ਵਿੱਚ ਵਿਸ਼ੇ ਵਿਕਾਰਾਂ, ਨਸ਼ਿਆਂ ਅਤੇ ਮਾੜੇ ਕੰਮਾਂ ਦਾ ਤਾਂ ਖੰਡਨ ਹੈ, ਪਰ ਕਿਸੇ ਭੋਜਨ ਮਾਸ ਆਦਿਕ ਦਾ ਨਹੀਂ। ਨਸ਼ੇ ਮਤ ਮਾਰਦੇ ਹਨ- ਜਿਤਿ ਪੀਤੈ ਮਤਿ ਦੂਰਿ ਹੋਇ..॥ (554) ਅਤੇ ਵਿਕਾਰ ਆਦਿਕ ਸਰੀਰ ਨੂੰ ਗਾਲਦੇ ਹਨ- ਕਾਮੁ ਕ੍ਰੋਧੁ ਕਾਇਆਂ ਕਉ ਗਾਲੈ॥ ਜਿਉ ਕੰਚਨ ਸੁਹਾਗਾ ਢਾਲੈ॥ (932) ਇਸ ਕਰਕੇ ਡਾਕਟਰ ਆਦਿਕ ਵੀ ਨਸ਼ਿਆਂ ਦਾ ਤਿਆਗ ਕਰਨ ਦੀ ਸਿਖਿਆ ਦਿੰਦੇ ਹਨ।

ਖਾਣਾ ਖਾਣ ਬਾਰੇ ਗੁਰੂ ਨਾਨਕ ਜੀ ਦੇ ਵਿਚਾਰ- ਬਾਬਾ ਹੋਰੁ ਖਾਣਾ ਖੁਸ਼ੀ ਖੁਆਰੁ॥ ਜਿਤੁ ਖਾਦੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (16) ਜਿਸ ਵੀ ਭੋਜਨ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਸਰੀਰ ਪੀੜਤ ਹੋਵੇ ਉਹ ਖਾਣਾ ਨਹੀਂ ਖਾਣਾ ਚਾਹੀਦਾ ਭਾਂਵੇ ਦੁੱਧ ਹੋਵੇ ਜਾਂ ਮਾਸ। ਸੋ ਕਿਸੇ ਵਾਸਤੇ ਦੁੱਧ ਚੰਗਾ ਤੇ ਕਿਸੇ ਵਾਸਤੇ ਮਾਸ, ਕਿਸੇ ਨੂੰ ਦਾਲ ਚੌਲ ਹੀ ਮਾਫਕ ਹਨ। ਗੱਲ ਚਸਕਿਆਂ ਤੇ ਰਸਾਂ ਕਸਾਂ ਤੋਂ ਬਚਣ ਦੀ ਹੈ- ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਊਠਿ ਖਲੋਏ ਰੋਗ॥ (1256) ਮਾਲਕ ਨੂੰ ਤਿਆਗ ਕੇ ਖਾਦੇ ਪਦਾਰਥਾਂ, ਭੋਗੇ ਭੋਗਾਂ ਅਤੇ ਰਸਾਂ ਕਰਕੇ ਤਾਂ ਸਰੀਰਕ ਰੋਗ ਲੱਗ ਜਾਂਦੇ ਹਨ। ਇਕੱਲਾ ਮਾਸ ਹੀ ਰਸ ਨਹੀਂ ਸੋਨਾ, ਚਾਂਦੀ, ਇਸਤ੍ਰੀ, ਸੁਗੰਧੀਆਂ, ਘੋੜ ਸਵਾਰੀ, ਸੋਹਣੀਆਂ ਸੇਜਾਂ, ਮਹਿਲ ਮਾੜੀਆਂ, ਮਿੱਠੇ ਪਦਾਰਥ ਅਤੇ ਮਾਸ ਆਦਿਕ ਇਹ ਸਾਰੇ ਹੀ ਰਸ ਹਨ- ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸੁ ਸਰੀਰ ਕੇ ਕੈ ਘਟਿ ਨਾਮੁ ਨਿਵਾਸ॥ (15) ਲੋੜ (ਹੱਦ) ਲਿਮਿਟ ਵਿੱਚ ਰਹਿਣ ਦੀ ਹੈ ਨਾਂ ਕਿ ਛੱਡਣ ਦੀ- ਥੋੜਾ ਸਵੇਂ ਥੋੜਾ ਹੀ ਖਾਵੈ॥ ਗੁਰਮੁਖ ਰਿਦੈ ਗਰੀਬੀ ਆਵੈ॥ (ਭਾ.ਗੁ.) ਇਕੱਲਾ ਮਾਸ ਛੱਡ ਕੇ ਤੁਸੀਂ ਰਸਾਂ ਤੋਂ ਮੁਕਤ ਨਹੀਂ ਹੋ ਸਕਦੇ। ਭੋਜਨ ਦੇ ਤੌਰ ਤੇ ਮਾਸ ਖਾਣ ਦੀ ਰੀਤ ਤਾਂ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ। ਹਿੰਦੂ ਘਰਾਣੇ ਵਿੱਚ ਜਦ ਬੱਚਾ 9 ਸਾਲ ਦਾ ਹੋ ਜਾਂਦਾ ਤਾਂ ਜਨੇਊ ਦੀ ਰਸਮ ਬੜੀ ਧੂੰਮ-ਧਾਮ ਨਾਲ ਕੀਤੀ ਜਾਂਦੀ ਅਤੇ ਬਕਰਾ ਰਿਨ੍ਹ ਕੇ ਖਾਦਾ ਜਾਂਦਾ- ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ॥ (472) ਇੱਥੇ ਗੁਰੂ ਜੀ ਨੇ ਰਸਮੀ ਜਨੇਊ ਦਾ ਖੰਡਨ ਕੀਤਾ, ਨਾ ਕਿ ਮਾਸ ਦਾ ਸਗੋਂ ਇਹ ਵੀ ਦੱਸਿਆ- ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਸਮਾਣਾ॥ ਜਜਿ ਕਾਜਿ ਵਿਆਹਿ ਸੁਹਾਵੇ ਓਥੇ ਮਾਸੁ ਸਮਾਣਾ॥ (1290) ਮੰਨੇ ਗਏ ਚਾਰ ਜੁਗਾਂ ਭਾਵ ਲੰਬੇ ਸਮੇਂ ਤੋਂ ਵੇਦਾਂ ਕਤੇਬਾਂ ਵਿੱਚ ਵੀ ਮਾਸ ਦੀ ਚਰਚਾ ਹੈ, ਕਿਸੇ ਵੱਡੇ ਕਾਜ ਵਿਆਹ ਆਦਿਕ ਵਿੱਚ ਮਾਸ ਇਕੱਠਾ ਹੁੰਦਾ ਹੈ।

ਜਦ ਗੁਰੂ ਨਾਨਕ ਜੀ ਨਾਲ ਪਾਂਡਿਆਂ ਦੀ ਬਹਿਸ ਚਰਚਾ ਹੋਈ, ਤਾਂ ਗੁਰੂ ਜੀ ਨੇ ਫੁਰਮਾਇਆ- ਪਾਂਡੇ ਤੂੰ ਜਾਣੇ ਹੀ ਨਾਹੀ ਕਿਥੋਂ ਮਾਸ ਉਪੰਨਾ॥ ਤੋਇਹੁ ਅੰਨ ਕਮਾਦ ਕਪਾਹਾ ਤੋਇਹੁ ਤ੍ਰੈਭਵਨ ਗੰਨਾ॥ (1290) ਤੋਆ ਨਾਮ ਪਾਣੀ ਦਾ ਹੈ- ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਹੀ ਸਭੁ ਖਾਹਿ॥ (1240) ਹੋਰ ਫੁਰਮਾਨ ਹੈ- ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਇ॥ (472) ਮੁਕਦੀ ਗੱਲ- ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472) ਅਖੌਤੀ ਜੀਵ ਹੱਤਿਆ ਤੋਂ ਤਾਂ ਜੀਵ ਬਚ ਹੀ ਨਹੀਂ ਸਕਦਾ, ਕਿਉਂਕਿ ਪਾਣੀ ਅਤੇ ਅੰਨ ਸਭ ਹੀ ਖਾ-ਪੀ ਰਿਹਾ ਹੈ। ਸਾਹ ਰਾਹੀਂ ਵੀ ਸੂਖਮ ਜੀਵ ਅੰਦਰ ਜਾ ਰਹੇ ਹਨ। ਦਹੀਂ ਵਿੱਚ ਵੀ ਬਕਟੀਰੀਆ ਅਸੀਂ ਖਾਂਦੇ ਹਾਂ। ਬਾਕੀ ਜੇ ਜੀਵ ਹੱਤਿਆ ਹੀ ਪਾਪ ਹੈ ਤਾਂ ਫਿਰ ਕਿਸਾਨ- ਜਿਮੀਦਾਰ ਸਭ ਤੋਂ ਵੱਡੇ ਪਾਪੀ ਹਨ ਕਿਉਂਕਿ ਜੇ ਉਹ ਕੀੜੇ ਮਕੌੜੇ, ਚੂਹੇ ਆਦਿਕ ਨਹੀਂ ਮਾਰਨਗੇ ਤਾਂ ਉਹ ਫਸਲ ਖਾ ਜਾਣਗੇ ਫਿਰ ਵੱਡੇ ਵੈਸ਼ਨੂੰ ਭਗਤਾਂ ਨੂੰ ਅੰਨ ਕਿਥੋਂ ਮਿਲੇਗਾ? ਜੋ ਜੀਵ ਹੱਤਿਆ ਨੂੰ ਪਾਪ ਦੱਸਦੇ ਹਨ। ਦੇਖੋ! ਜੇ ਬਾਈ ਚਾਂਸ ਉਨ੍ਹਾਂ ਦੇ ਸਿਰ ਵਿੱਚ ਜੂਆਂ ਪੈ ਜਾਣ ਤਾਂ ਜੀਵ ਹੱਤਿਆ ਦੇ ਵਿਰੋਧੀ ਕੀ ਇਨ੍ਹਾਂ ਜੀਵਾਂ ਨੂੰ ਪਾਲਣਗੇ? ਮੱਛਰ ਜੋ ਮਲੇਰੀਆ ਫੈਲਾਉਂਦਾ ਹੈ, ਕੀ ਉਸ ਵਿੱਚ ਜਾਨ ਨਹੀਂ? ਫਿਰ ਮੱਛਰਾਂ ਨੂੰ ਕਿਉਂ ਮਾਰਦੇ ਹੋ? ਕੀ ਸਾਡੀ ਅਕਲ ਗੁਰੂਆਂ ਨਾਲੋਂ ਵੱਡੀ ਹੋ ਗਈ ਹੈ?

ਜਦ ਮੁਗਲੀਆ ਹਕੂਮਤ ਨੇ ਸ਼ਿਕਾਰ ਖੇਡਣ ਅਤੇ ਝਟਕਾ ਮੀਟ ਖਾਣ ਤੇ ਪਾਬੰਦੀ ਲਗਾ ਦਿੱਤੀ, ਤਾਂ ਗੁਰੂ ਜੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਕਿਉਂਕਿ ਇਹ ਕੌਮ ਨੂੰ ਨਿਹੱਥੀ ਅਤੇ ਘਸਿਆਰੀ ਬਣਾ ਕੇ ਗੁਲਾਮ ਬਣਾਈ ਰੱਖਣ ਦੀ ਚਾਲ ਸੀ। ਇਸੇ ਕਰਕੇ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਵਿੱਚ ਵੀ ਇਸ ਰੀਤੀ “ਹਲਾਲ ਮੀਟ” ਖਾਣ ਦੀ ਮਨਾਹੀ ਹੈ। ਗੁਰੂ ਜੀ ਅਤੇ ਗੁਰੂ ਜੀ ਦੇ ਨਿਕਟ ਵਰਤੀ ਸਿੱਖ ਸ਼ਿਕਾਰ ਖੇਡਦੇ ਸਨ, ਕੀ ਉਹ ਮਾਰ ਕੇ ਸੁੱਟਣ ਵਾਸਤੇ ਖੇਡਦੇ ਸਨ? ਅਖੇ ਜੀ! ਗੁਰੂ ਜੀ ਤਾਂ ਉਨ੍ਹਾਂ ਦੀ ਕਲਿਆਣ ਕਰਦੇ ਸਨ! ਕੀ ਕਲਿਆਣ ਮਾਰ ਕੇ ਹੀ ਕੀਤੀ ਜਾ ਸਕਦੀ ਹੈ? ਗੁਰੂ ਜੀ ਦੀ ਤਾਂ ਸਵੱਲੀ ਨਜ਼ਰ ਹੀ ਜੀਵਾਂ ਨੂੰ ਤਾਰ ਦਿੰਦੀ ਹੈ ਫਿਰ ਮਾਰ ਕੇ ਮੁਕਤੀ ਕਿਉਂ? ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨ ਪਾਈ? (93) ਔਖੇ ਵੇਲੇ ਸਿੰਘਾਂ ਨੇ ਘੋੜਿਆਂ ਬਲਕਿ ਆਪਣੇ ਪੱਟਾਂ ਦਾ ਮਾਸ ਵੀ ਖਾਦਾ ਜਰਾ ਸੋਚੋ! ਜਿਸ ਨੇ ਕਦੇ ਪੱਕਾ ਮਾਸ ਨਾਂ ਖਾਦਾ ਹੋਵੇ ਉਹ ਕੱਚਾ ਮਾਸ ਕਿਵੇਂ ਖਾ ਲਵੇਗਾ? ਜੇ ਸਿੰਘ ਖ਼ਾਲਸੇ “ਸਿੰਘ ਭੋਜਨ” ਛਕਦੇ ਸੀ ਤਾਂ ਹੀ ਉਹ- ਖਾਂਹਿ ਕੱਚੇ ਹੀ ਮ੍ਰਿਗ ਮਾਰ (ਪੰਥ ਪ੍ਰਕਾਸ਼) ਜੰਗ-ਯੁੱਧ ਵੇਲੇ ਕੱਚਾ ਮਾਸ ਖਾ ਜਾਂਦੇ ਸਨ। ਕੁਝ ਕੁ ਸਾਧ ਸੰਪ੍ਰਦਾਵਾਂ ਤੇ ਡੇਰਿਆਂ ਨੂੰ ਛੱਡ ਕੇ ਬਾਕੀ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਮਿਸ਼ਨਰੀ ਸੰਸਥਵਾਂ ਅਤੇ ਨਿਹੰਗ ਸਿੰਘ ਅੱਜ ਵੀ ਛਕਦੇ ਹਨ।

ਨੋਟ:- ਜਿੰਨਾਂ ਨੁਕਸਾਨ ਇਨ੍ਹਾਂ ਡੇਰੇਦਰਾਂ ਤੇ ਟਕਸਾਲੀ ਸੰਪ੍ਰਦਾਈਆਂ ਨੇ ਸਿੱਖ ਕੌਮ ਦਾ ਕੀਤਾ ਹੈ, ਅਤੇ ਜਿਨੇ ਵੱਧ ਬਲਾਤਕਾਰ ਇਹ ਵੈਸ਼ਨੂੰ ਜਾਂ ਸਾਕਾਹਾਰੀ ਕਹਾਉਣ ਵਾਲੇ ਸਾਧ ਅੱਜ ਕਰ ਰਹੇ ਹਨ ਇੰਨੇ ਮਾਸਾਹਾਰੀ ਨਹੀਂ ਕਰਦੇ ਕਿਉਂ? ਇਹ ਲੋਕ ਤਾਂ ਮਾਸ ਨਹੀਂ ਖਾਂਦੇ ਸਗੋਂ ਸਬਜੀਆਂ ਆਦਿਕ ਖਾ ਕੇ ਹੀ ਸਭ ਚੰਦ ਚੜ੍ਹਾਈ ਜਾ ਰਹੇ ਹਨ। ਫਿਰ ਕਉਣ ਠੀਕ ਤੇ ਕਉਣ ਗ਼ਲਤ ਹੈ? ਸਿੰਘ ਦਾ ਅਰਥ ਹੀ ਸ਼ੇਰ ਹੈ, ਗੁਰੂ ਜੀ ਫੁਰਮਾਂਦੇ ਹਨ, ਕਿ ਜਿਵੇਂ ਰਣ ਤੱਤਾ ਦੇਖ ਸੂਰਮੇ ਦੇ ਡੌਲੇ ਫਰਕਦੇ ਹਨ ਇਵੇਂ ਹੀ- ਸਿੰਘ ਰੁਚੈ ਸਦ ਭੋਜਨੁ ਮਾਸ॥ ਰਣ ਦੇਖਿ ਸੂਰੇ ਚਿਤਿ ਉਲਾਸ॥ (1180) ਬਾਕੀ ਵੱਖਰੀ ਗੱਲ ਹੈ ਕਿ ਆਪਣੀ ਸਰੀਰਕ ਸਥਿਤੀ ਅਨੁਸਾਰ ਹੀ ਭੋਜਨ ਕਰਨਾ ਚਾਹੀਦਾ ਹੈ। ਦੁੱਧ ਵਿੱਚ ਵੀ ਬਹੁਤ ਫੈਟ ਹੈ ਜੋ ਕੈਸਟ੍ਰੋਲ ਵਧਾ ਦਿੰਦੀ ਹੈ, ਪਰ ਸੈਲਮਨ ਮੱਛੀ ਖਾਦੀ ਜਾਵੇ ਤਾਂ ਕੈਸਟ੍ਰੋਲ ਘਟਉਂਦੀ ਹੈ।

ਵੇਖੋ ਜਿਨੀ ਹੇਰਾ ਫੇਰੀ ਸਾਡੇ ਵੈਸ਼ਨੂੰ ਦੇਸ਼ ਵਿੱਚ ਹੋ ਰਹੀ ਹੈ, ਰਿਸ਼ਵਤ ਦਾ ਬੋਲਬਾਲਾ ਹੈ ਉਨ੍ਹਾਂ ਅਮਰੀਕਾ ਕਨੇਡਾ ਇੰਗਲੈਂਡ ਆਦਿਕ ਮਾਸ ਖਾਣ ਵਾਲੇ ਦੇਸ਼ਾਂ ਵਿੱਚ ਨਹੀਂ ਫਿਰ ਕੌਣ ਚੰਗਾ ਕੌਣ ਮਾੜਾ ਹੈ? ਸਾਡੇ ਅਖੌਤੀ ਸਾਧ-ਸੰਤ, ਸੰਪ੍ਰਦਾਈ-ਪ੍ਰਚਾਰਕ, ਕਥਾਵਾਚਕ, ਰਾਗੀ-ਢਾਡੀ ਅਤੇ ਅਖੌਤੀ ਵਿਦਵਾਨ ਮਾਸ ਖਾਣ ਵਾਲੇ ਨੂੰ ਤਾਂ ਨਿੰਦਦੇ ਅਤੇ ਬੁਰਾ ਕਹਿੰਦੇ ਨਹੀਂ ਥੱਕਦੇ, ਪਰ ਉਨ੍ਹਾਂ ਦੀ ਦਿੱਤੀ ਮਾਇਆ ਬੜੀ ਨਿਮਰਤਾ ਨਾਲ, ਅੱਖਾਂ ਮੀਚ ਜੇਬ ਵਿੱਚ ਪਾ ਲੈਂਦੇ ਹਨ ਫਿਰ ਕੌਣ ਗਲਤ ਤੇ ਕੌਣ ਠੀਕ ਹੈ? ਗੁਰੂ ਨਾਨਕ ਜੀ ਨੇ ਤਾਂ ਬ੍ਰਾਹਮਣਾਂ ਨੂੰ ਕਿਹਾ ਸੀ- ਜੇ ਉਇ ਦਿਸਹਿ ਨਰਕਿ ਜਾਂਦੈ ਤਾਂ ਉਨ ਕਾ ਦਾਨੁ ਨ ਲੈਣਾ॥ (1290) ਭਾਵ ਜੇ ਮਾਸ ਖਾਣ ਵਾਲੇ ਨਰਕਾਂ ਨੂੰ ਜਾਂਦੇ ਹਨ, ਤਾਂ ਤੁਸੀਂ ਉਨ੍ਹਾਂ ਦੀਆਂ ਦਾਨ-ਭੇਟਾ ਕਿਉਂ ਲੈਂਦੇ ਹੋ? ਇਸ ਸਬੰਧ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਅਤੇ ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਦਿੱਲੀ ਵਾਲਿਆਂ ਦੇ ਲੇਖ ਜੋ “ਸਿੱਖ ਮਾਰਗ” ਵੈਬਸਾਈਟ ਤੇ ਕ੍ਰਮਵਾਰ ਛਪੇ ਸਨ, ਬੜੇ ਗਿਆਨਮਈ ਤੇ ਭਾਵ ਪੂਰਤ ਹਨ ਪੜ੍ਹ ਲੈਣਾ ਜੀ। ਜੇ ਫਿਰ ਵੀ ਤਸੱਲੀ ਨਾਂ ਹੋਵੇ ਤਾਂ ਬਾਬਾ ਗੁਰਬਖਸ਼ ਸਿੰਘ “ਕਾਲਾ ਅਫਗਾਨਾ” ਦੀ ਲਿਖੀ ਪੁਸਤਕ “ਮਾਸ ਮਾਸ ਕਰਿ ਮੂਰਖ ਝਗੜੇ” ਤਾਂ ਜਰੂਰ ਪੜ੍ਹਨਾਂ ਦੀ ਖੇਚਲ ਕਰਨਾ ਜੀ।

ਆਓ, ਅਜਿਹੀਆਂ ਫਜ਼ੂਲ ਦੀਆਂ ਬਹਿਸਾਂ ਛੱਡ ਕੇ, ਸਭ ਮਾਈ-ਭਾਈ ਗੁਰਸਿੱਖ ਇਕੱਠੇ ਹੋ ਕੇ ਡੇਰਾਵਾਦ ਅਤੇ ਸੰਤ-ਮਹੰਤਵਾਦ ਦੀ ਅਮਰਵੇਲ ਨੂੰ, ਪੰਥਕ ਬੂਟੇ ਤੋਂ ਲਾਹ ਸੁੱਟੀਏ ਕਿਉਂਕਿ ਇਨ੍ਹਾਂ ਬੁਰਕੇ (ਬਾਣੇ) ਤਾਂ ਸਿੰਘਾਂ ਵਾਲੇ ਪਾਏ ਹੋਏ ਹਨ ਪਰ ਮਰਯਾਦਾ ਸਨਾਤਨੀ ਚਲਾ ਰਹੇ ਹਨ। ਅਕਾਲ ਤਖਤ ਦੀ “ਸਿੱਖ ਰਹਿਤ ਮਰਯਾਦਾ” ਤੋਂ ਇਹ ਟਕਸਾਲੀ ਸੰਪ੍ਰਦਾਈ ਡੇਰੇਦਾਰ ਬਾਗੀ ਹਨ। ਯਾਦ ਰੱਖੋ ਗੁਰਸਿੱਖ ਕਦੇ ਡੇਰੇਦਾਰ ਅਤੇ ਸੰਪਰਦਾਈ ਨਹੀਂ ਹੋ ਸਕਦਾ। ਸਾਡਾ ਧੁਰਾ ਗੁਰੂ ਗ੍ਰੰਥ ਅਤੇ ਗੁਰੂ ਦਾ ਪੰਥ ਹੈ। ਸਿੱਖ ਨੇ ਸਮੁੱਚੇ ਸੰਸਾਰ ਵਿੱਚ ਵਿਚਰਨਾ ਹੈ ਇਕੱਲੇ ਵੈਸ਼ਨੂੰ ਦੇਸ਼ ਵਿੱਚ ਨਹੀਂ। ਵੱਡੀ ਗੱਲ ਗੁਰੂ ਤੋਂ ਵੱਡੇ ਕਦੇ ਨਾਂ ਬਣੋ। ਸਿੱਖ ਵਾਸਤੇ ਗੁਰੂ ਗਿਆਨ ਤੋਂ ਵੱਡਾ ਕੋਈ ਗਿਆਨ ਨਹੀਂ-ਗਿਆਨਨ ਮਹਿ ਗਿਆਨ ਅਰ ਧਿਆਨਨ ਮਹਿ ਧਿਆਨ ਗੁਰਿ, ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ (ਭਾ.ਗੁ.)

ਮਾਸ ਤੇ ਘਾਸ ਦੇ ਝਗੜੇ ਵਿੱਚ ਪੈ ਕੇ “ਸਿੱਖ ਜੋ ਮਾਰਸ਼ਲ ਕੌਮ ਹੈ” ਇਸ ਨੂੰ ਘਸਿਆਰੀ ਨਾਂ ਬਣਾ ਦੇਈਏ। ਪਲੀਜ਼ ਮਾਸ ਤੇ ਘਾਸ ਦਾ ਝਗੜਾ ਬੰਦ ਕਰੋ! ਜੇ ਤੁਸੀਂ ਨਹੀਂ ਖਾਂਦੇ ਤਾਂ ਬਹੁਤ ਚੰਗਾ ਹੈ ਪਰ ਖਾਣ ਵਾਲਿਆਂ ਵਿਰੁੱਧ ਭੰਡੀ ਪ੍ਰਚਾਰ ਨਾਂ ਕਰੋ ਜੀ! ਅਤੇ ਡਾਲਰਾਂ ਦੀ ਖਾਤਰ ਮਾਸ ਖਾਣ ਵਾਲੇ ਦੇਸ਼ਾਂ ਵੱਲ ਨਾਂ ਭੱਜੋ ਜੀ। ਲੋਕ ਹਸਦੇ ਹਨ ਕਿ ਸਿੱਖਾਂ ਨੇ ਖਾਣਾਂ ਕੀ ਅਤੇ ਕਿਵੇਂ ਖਾਣਾ ਹੈ? ਭੁੰਝੇ ਜਾਂ ਕੁਰਸੀਆਂ ਮੇਜਾਂ ਤੇ ਬੈਠ ਕੇ ਖਾਣਾ ਹੈ? ਇਸ ਤੇ ਹੀ ਲੜੀ ਜਾ ਰਹੇ ਹਨ। ਧਰਮ ਪ੍ਰਚਾਰ ਵੱਲ ਕੋਈ ਧਿਆਨ ਨਹੀਂ, ਜਿਸ ਕਰਕੇ ਧਰਮ ਪ੍ਰਚਾਰ ਰੁਕਿਆ ਪਿਆ ਹੈ ਅਤੇ ਸਿੱਖ ਨੌਜਵਾਨ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਯਾਦ ਰੱਖੋ ਅਸੀਂ ਗੁਰੂ ਦੇ ਸਿੱਖ ਹਾਂ ਨਾਂ ਕਿ ਵੈਸ਼ਣੂ ਸਾਧਾਂ ਦੇ ਚੇਲੇ ਕਿ ਲੱਸੀ ਪੀਣੀ ਅਤੇ ਚੌਲ ਹੀ ਖਾਣੇ ਹਨ। ਜਰਾ ਸੋਚੋ! ਜਦ ਗੁਰੂ ਨਾਨਕ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਇਸਲਾਮ ਦੇ ਕੇਂਦਰੀ ਅਸਥਾਂਨ ਮੱਕੇ ਹਾਜ਼ੀਆਂ ਦਾ ਬਾਣਾ ਪਾ ਕੇ ਗਏ ਸਨ ਅਤੇ ਰਸਤੇ ਵਿੱਚ ਮੁਸਲਮਾਨ ਹਾਜ਼ੀਆਂ ਦੇ ਕਾਫਲੇ ਵਿੱਚ ਹੀ ਪੜਾ ਕਰਦੇ ਅਤੇ ਭੋਜਨ ਪਾਣੀ ਵੀ ਇਕੱਠਾ ਕਰਦੇ ਸਨ। ਗੁਰੂ ਜੀ ਕੋਈ ਚੌਲਾਂ ਜਾਂ ਆਟੇ ਦੀਆਂ ਬੋਰੀਆਂ ਨਾਲ ਨਹੀਂ ਸਨ ਚੁੱਕੀ ਫਿਰਦੇ। ਜੇ ਜਰਾ ਜਿਨਾਂ ਵੀ ਮੁਸਲਮਾਨ ਹਾਜ਼ੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਖਸ਼ ਗੈਰ ਮੁਸਲਮਾਨ ਜਾਂ ਹਿੰਦੂ ਹੈ ਤਾਂ ਉਹ ਗੁਰੂ-ਬਾਬਾ ਜੀ ਦੇ ਵਿਰੁੱਧ ਰੌਲਾ ਪਾ ਦਿੰਦੇ। ਗੁਰੂ ਜੀ ਤਾਂ ਕਟੜਵਾਦੀ ਮੁਸਲਮਾਨ ਆਗੂਆਂ ਨੂੰ ਰੱਬੀ ਗਿਆਨ ਦੇਣ ਲਈ ਮੱਕੇ ਗਏ ਸਨ ਨਾਂ ਕਿ ਕੋਈ ਕਰਾਮਾਤ ਵਿਖਾ ਕੇ ਮੱਕਾ ਘੁਮਾਉਣ ਲਈ। ਜੇ ਗੁਰੂ ਜੀ ਰਸਤੇ ਵਿੱਚ ਖਾਣ-ਪੀਣ ਦਾ ਝਗੜਾ ਖੜਾ ਕਰ ਲੈਂਦੇ ਤਾਂ ਉਹ ਮੱਕੇ ਨਹੀਂ ਸਨ ਜਾ ਸਕਦੇ। ਉਨ੍ਹਾਂ ਨੇ ਖਾਣ-ਪੀਣ ਦੇ ਝਗੜੇ ਨਾਲੋਂ ਰੱਬੀ ਉਪਦੇਸ਼ ਦੇਣ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਨਿਗ੍ਹਾ ਵਿੱਚ ਮਾਸ ਖਾਣ ਜਾਂ ਨਾਂ ਖਾਣ ਵਾਲੇ ਦੋਵੇਂ ਬਰਾਬਰ ਸਨ। ਉਹ ਸਭ ਵਿੱਚ ਰੱਬੀ ਜੋਤ ਦਾ ਹੀ ਵਾਸ ਵੇਖਦੇ ਸਨ- ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (663) ਕਬੀਰ ਸਾਹਿਬ ਵੀ ਦਰਸਾਂਦੇ ਹਨ ਕਿ- ਅਵਲਿ ਅਲਾਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (1349) ਗੁਰੂ ਨਾਨਕ ਸਾਹਿਬ ਤਾਂ ਫੁਰਮਾਂਦੇ ਹਨ ਕਿ- ਜੇ ਰਤੁ ਲਗੈ ਕਪੜੇ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਨਸਾਂ ਤਿਨ ਕਿਉਂ ਨਿਰਮਲੁ ਚੀਤੁ॥ (140) ਹੇ ਕਾਜ਼ੀਓ ਜੇ ਰਤਾ ਰੱਤ (ਲਹੂ) ਲੱਗਣ ਨਾਲ ਜਾਮਾਂ ਪਲੀਤ ਹੁੰਦਾ ਹੈ ਤਾਂ ਫਿਰ ਜੋ ਪਰਾਇਆ ਹੱਕ ਮਾਰ ਕੇ ਗਰੀਬ ਇਨਸਾਨਾਂ ਦਾ ਲਹੂ ਪੀਂਦੇ ਹਨ ਉਨ੍ਹਾਂ ਦਾ ਹਿਰਦਾ ਕਿਵੇਂ ਸਾਫ ਹੋ ਸਕਦਾ ਹੈ? ਗੁਰੂ ਤਾਂ ਹਿੰਦੂ-ਮੁਸਲਮਾਨ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ- ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰੁ ਨਾ ਖਾਇ॥

ਭਾਵ ਪਰਾਇਆ ਹੱਕ ਮਾਰਨਾਂ ਮੁਸਲਮਾਨ ਲਈ ਸੂਰ ਅਤੇ ਹਿੰਦੂਆਂ ਲਈ ਗਊ ਦਾ ਮੁਰਦਾਰ ਖਾਣ ਬਰਾਬਰ ਹੈ। ਖਾਣ-ਪੀਣ ਦੇ ਝਗੜੇ ਨੂੰ ਛੱਡ ਕੇ ਬੁਰੇ ਕਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੀਵ ਉਸ ਦੇ ਹੁਕਮ ਵਿੱਚ ਹੀ ਮਾਰੇ ਤੇ ਰੱਖੇ ਜਾ ਰਹੇ ਹਨ। ਪੂਰਾਂ ਦੇ ਪੂਰ ਜੀਵ ਆ ਰਹੇ ਹਨ ਅਤੇ ਪੂਰਾਂ ਦੇ ਪੂਰ ਜਾ ਰਹੇ ਹਨ। ਇਹ ਸਾਰਾ ਚੱਕਰ ਉਸ ਕਰਤਾਰ ਦਾ ਹੈ। ਮਾਸ ਖਾਣ ਵਾਲੇ ਵੀ ਇਕ ਦਿਨ ਇਸ ਸੰਸਾਰ ਤੋਂ ਤੁਰ ਜਾਣੇ ਹਨ ਅਤੇ ਘਾਸ ਖਾਣ ਵਾਲੇ ਵੀ ਸਦਾ ਬੈਠੇ ਨਹੀਂ ਰਹਿਣੇ। ਇਸੇ ਕਰਕੇ ਬਾਬਾ ਨਾਨਕ ਜੀ ਨੇ ਮਾਸ ਤੇ ਝਗੜਾ ਕਰਨ ਵਾਲਿਆਂ ਨੂੰ ਮੂਰਖ ਕਿਹਾ ਹੈ- ਮਾਸੁ ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (1289) ਗੁਰੂ ਜੀ ਨੇ ਸਾਨੂੰ ਸ਼ੇਰ (ਸਿੰਘ) ਦੀ ਉਪਾਦੀ ਦਿੱਤੀ ਹੈ ਨਾਂ ਕਿ ਗਊ ਜਾਂ ਭੇਡ ਦੀ ਜੇ ਮਾਸ ਖਾਣ ਵਾਲਾ ਸ਼ੇਰ ਇਨ੍ਹਾਂ ਹੀ ਮਾੜਾ ਹੁੰਦਾ ਫਿਰ ਉਸ ਦੀ ਉਪਾਦੀ ਨਾਂ ਦਿੰਦੇ। ਸ਼ੇਰ ਅਤੇ ਭੇਡ ਦੇ ਹੋਰ ਕਾਰਨਾਮਿਆਂ ਦੇ ਫਰਕ ਨਾਲ ਭੋਜਨ ਵਿੱਚ ਵੀ ਵੱਡਾ ਫਰਕ ਹੈ ਜੋ ਸਦਾ ਰਹਿਣਾ ਹੈ। ਦੇਖੋ ਕੋਈ ਸੌ ਤਰੀਕੇ ਵਰਤ ਕੇ ਵੀ ਸ਼ੇਰ ਨੂੰ ਘਾਹ ਅਤੇ ਗਊ ਨੂੰ ਮਾਸ ਨਹੀਂ ਖਵਾ ਸਕਦਾ ਪਰ ਮਨੁੱਖ ਜੋ ਦੋਹਾਂ ਦਾ ਸਰਦਾਰ ਹੈ ਮਾਸ ਤੇ ਘਾਸ ਦੋਵੇਂ ਖਾ ਸਕਦਾ ਹੈ। ਜਬਰਦਸਤੀ ਕਿਸੇ ਨੂੰ ਕੁਝ ਵੀ ਖਵਾਉਣਾਂ ਨਹੀਂ ਚਾਹੀਦਾ। ਸਰੀਰ ਦੀ ਤੰਦਰੁਸਤੀ ਅਤੇ ਬਲ ਨੂੰ ਦੇਖ ਕੇ ਹੀ ਭੋਜਨ ਕਰਨਾ ਚਾਹੀਦਾ ਹੈ ਪਰ ਬ੍ਰਾਹਮਣ ਦੇ ਪੈਦਾ ਕੀਤੇ ਕਿਸੇ ਪਾਪ-ਪੁੰਨ ਜਾਂ ਵਹਿਮ-ਭਰਮ ਵਿੱਚ ਨਹੀਂ ਪੈਣਾ ਚਾਹੀਦਾ।

ਅਵਤਾਰ ਸਿੰਘ ਮਿਸ਼ਨਰੀ 510-432-5827


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top