Share on Facebook

Main News Page

ਰੁਦਰ ਦੀ ਮਾਲਾ..?

ਗਰਮੀ ਦਾ ਮੌਸਮ ਆ ਗਿਆ ਸੀ ਬਾਬਾ ਫੌਜਾ ਸਿੰਘ ਇਕ ਦਿਨ ਸ਼ਾਮੀ ਜਿਹੀ ਸੈਰ ਕਰਨ ਪਾਰਕ ਨੂੰ ਨਿਕਲ ਗਿਆ। ਪਿੱਛਲੇ ਘਰ ਦਾ ਗੁਆਢੀ ਬਾਬੇ ਨੂੰ ਮਿਲ ਪਿਆ। ਬਾਬੇ ਦੇਖਿਆ ਕਿ ਉਹ ਗਰਮੀ ਹੋਣ ਦੇ ਬਾਵਜੂਦ ਵੀ ਝੱਗੇ ਦਾ ਉਪਰਲਾ ਕਾਲਰ ਘੁੱਟੀ ਜਾ ਰਿਹਾ ਸੀ। ਬਾਬੇ ਨੂੰ ਸ਼ੱਕ ਜਿਹਾ ਹੋਇਆ ਜਿਵੇਂ ਉਹ ਕੁਝ ਲੁਕਾ ਰਿਹਾ ਹੈ। ਆਖਰ ਬਾਬੇ ਨੇ ਉਸ ਦੀ ਇਹ ਔਖਿਆਈ ਜਿਹੀ ਤਾੜ ਪੁੱਛ ਹੀ ਲਿਆ ਕਿ ਭਾਅ ਗਲਾ ਜਿਹਾ ਕਿਉਂ ਘੁੱਟੀ ਜਾ ਰਿਹੈਂ ਜਿਵੇਂ ਕੁਝ ਲੁਕਾਇਆ ਹੋਵੇ।

ਹੀ, ਹੀ, ਹੀ, ਹੀ, ਨਹੀ ਕੁਝ ਨਹੀ ਬੱਸ ਐਵੇਂ ਹੀ! ਤੇ ਉਸ ਚੋਰੀ ਫੜੀ ਗਈ ਕਰਕੇ ਗਲਾ ਖੁਲ੍ਹਾ ਛੱਡ ਦਿੱਤਾ।

ਓ ਭਾਈ ਆਹ ਕੀ ਬੇਰ ਜਿਹੇ ਗਲ ਪਾਈ ਫਿਰਦਾਂ?

ਬੇਰ ਜਿਹੇ ਨਹੀ ਬਾਬਾ ਇਹ ਰੁਦਰ ਦੀ ਮਾਲਾ ਹੈ!

ਇਸ ਨਾਲ ਕੀ ਹੁੰਦਾ। ਬਾਬੇ ਜਾਣ ਕੇ ਪੁੱਛਿਆ।

ਇਹ ਬਾਬਾ ਬੜੀ ਮਹਿੰਗੀ ਮਾਲਾ ਰੁਦਰ ਦੇ ਰੁੱਖ ਦੀ, ਇਸ ਨੂੰ ਸ਼ਿਵ ਜੀ ਭਗਵਾਨ ਦਾ ਵਰ ਹੋਇਆ ਹੋਇਆ ਸੀ।

ਪਰ ਤੈਨੂੰ ਕੀ ਲੋੜ ਪੈ ਗਈ ਸ਼ਿਵ ਜੀ ਭਗਵਾਨ ਦੀ।

ਉਸ ਅਪਣੇ ਦੁੱਖਾਂ ਦੀਆਂ ਕਈ ਪੰਡਾਂ ਬਾਬੇ ਅਗੇ ਖ੍ਹੋਲ ਮਾਰੀਆਂ ਜਿਹੜੀਆਂ ਇਹ ਮਾਲਾ ਪਾਉਂਣ ਨਾਲ ਹੌਲੀਆਂ ਹੋਈਆਂ ਸਨ।

ਸਿਰ ਤੇ ਤੇਰੇ ਪੱਗ ਬੰਨੀ ਤੁਰਿਆ ਤੂੰ ਸ਼ਿਵ ਜੀ ਮਗਰ ਫਿਰਦਾਂ?

ਲੈ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਸ਼ਿਵ ਜੀ ਦੀ ਅਰਾਧਨਾ ਕੀਤੀ ਸੀ ਹੇਮਕੁੰਟ ਤੇ।

ਬਾਬੇ ਨੂੰ ਸਮਝ ਨਹੀ ਸੀ ਆ ਰਹੀ ਕਿ ਇਸ ਮੱਨੁਖ ਦੀ ਅਕਲ ਤੇ ਰੋਵੇ ਜਾਂ ਹੱਸੇ।

ਪਰ ਹੇਮਕੁੰਟ ਵਾਲੀ ਕਥਾ ਤਾਂ ਕਾਲਕਾ ਅਰਾਧੀ ਦੱਸਦੀ ਤੂੰ ਸ਼ਿਵ ਜੀ ਕਿਥੋਂ ਕੱਢ ਮਾਰਿਆ?

ਬਾਬੇ ਦੀ ਇਸ ਗੱਲ ਤੋਂ ਉਹ ਥੋੜਾ ਭੰਵਤਰ ਜਿਹਾ ਗਿਆ ਪਰ ਉਸ ਨੇ ਅਗਲੀ ਕਥਾ ਸੁਣਾ ਮਾਰੀ ਜਿਸ ਅਨੁਸਾਰ ਦੁਸ਼ਟ-ਦੁਮਨ ਨਾਂ ਦੇ ਭਗਤ ਨੇ ਹੇਮਕੁੰਟ ਪੰਜ ਹਜਾਰ ਸਾਲ ਘੋਰ ਤੱਪ ਕੀਤਾ ਤੇ ਉਹੀ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਸਨ। ਉਹ ਸੁਣੀ ਸੁਣਾਈ ਕਹਾਣੀ ਕਰਕੇ ਦੁਸਟ ਦਮਨ ਨੂੰ ਦੁਸਟ ਦੁਮਨ ਹੀ ਕਹੀ ਜਾ ਰਿਹਾ ਸੀ।

ਬਾਬੇ ਫੌਜਾ ਸਿੰਘ ਨੂੰ ਉਸ ਦੀ ਇਹ ਬੇਥਵੀ ਜਿਹੀ ਸੁਣਕੇ ਬਾਬੇ ਲੂਲ੍ਹੋਂ ਵਾਲੇ ਦੀ ਬੇਥਵੀ ਯਾਦ ਆ ਗਈ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਸਾਧ ਸੰਗਤ ਜੀ ਹੇਮਕੁੰਟ ਵਰਗੀਆਂ ਠਰੀਆਂ ਪਹਾੜੀਆਂ ਤੇ ਐਂਵੇ ਨਹੀ ਬੈਠ ਹੁੰਦਾ ਸਗੋਂ ਇਸ ਦੀ ਤਿਆਰੀ ਲਈ ਗੁਰੂ ਸਾਹਬ ਨੇ ਹਜੂਰ ਸਾਹਬ ਸੱਚਖੰਡ ਵਾਲੀ ਥਾਂ ਤੇ ਤੱਪ ਕਰਕੇ ਪਹਿਲਾਂ ਤਿਆਰੀ ਕੀਤੀ ਸੀ। ਪੂਰੀ ਕਹਾਣੀ ਮੁਤਾਬਕ ਜਦ ਗੁਰੂ ਸਾਹਿਬ ਹਜੂਰ ਸਾਹਿਬ ਗਏ ਤਾਂ ਗੁਦਾਵਰੀ ਕੰਢੇ ਖੜਕੇ ਉਨ੍ਹਾਂ ਤੀਰ ਮਾਰਿਆ ਜਿਹੜਾ ਮਸਜ਼ਦ ਦੇ ਵੱਜਾ ਤਾਂ ਮਸਜ਼ਦ ਦੀ ਕੰਧ ਢੱਠ ਗਈ। ਮੁਸਲਮਾਨਾ ਇਕੱਠੇ ਹੋ ਕੇ ਬਹਾਦਰ ਸ਼ਾਹ ਕੋਲੇ ਸ਼ਕਾਇਤ ਕੀਤੀ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਜਗ੍ਹਾ ਸਾਡੀ ਹੈ ਇਥੇ ਸਾਡਾ ਪਿੱਛਲੇ ਜਨਮ ਦਾ ਧੂਣਾ ਹੈ ਤੇ ਜਦ ਮਸਜ਼ਦ ਢਾਹ ਕੇ ਦੇਖਿਆ ਗਿਆ ਤਾਂ ਸੱਚਮੁਚ ਉਥੋਂ ਗੁਰੂ ਸਾਹਿਬ ਦਾ ਧੂਣਾ, ਸਿੱਪੀ, ਕਰਮੰਡਲ ਤੇ ਹੋਰ ਕਈ ਕੁਝ ਨਿਕਲਿਆ। ਤੇ ਉਥੇ ਹੀ ਹੁਣ ਸੱਚਖੰਡ ਵਾਲੀ ਥਾਂ ਹੈ। ਆਖੋ ਸਾਤਿਨਾਮ ਵਾਹਿਗੁਰੂ....

ਬਚਿੱਤਰ ਨਾਟਕ ਨੇ ਇਸ਼ਾਰਾ ਕੀਤਾ ਹੇਮ ਕੁੰਟ ਦਾ, ਸੂਰਜ ਪ੍ਰਕਾਸ਼ ਨੇ ਦੁਸਟ-ਦਮਨ ਦੀ ਪੂਰੀ ਕਹਾਣੀ ਲਿਖ ਮਾਰੀ, ਜਿਸ ਵਿੱਚ ਦੁਸਟ-ਦਮਨ ਬ੍ਰਹਾਮਣ ਦੀ ਖੱਲ ਚੋਂ ਪੈਦਾ ਹੋਇਆ ਸਾਬਤ ਕਰ ਦਿੱਤਾ ਤੇ ਭਾਈ ਵੀਰ ਸਿੰਘ ਨੇ ਜਾਣਦੇ ਬੁਝਦੇ ਹੋਏ ਨੇ ਵੀ ਐਸਾ ਉਧਰ ਮੂੰਹ ਚੁੱਕਿਆ ਕਿ ਕੋਲੋਂ ਪੈਸਾ ਖਰਚ ਕੇ ਸਾਬਤ ਕਰ ਦਿੱਤਾ ਕਿ ਇਸ ਕੌਮ ਦੇ ਵਿਦਵਾਨ ਐਸੇ ਵੀ ਹੁੰਦੇ ਹਨ ਤੇ ਸਿੱਖਾਂ ਦੇ ਖੱਡਾਂ ਚ ਡਿੱਗ ਡਿੱਗ ਮਰਨ ਦਾ ਸਮ੍ਹਾਨ ਪੈਦਾ ਕਰ ਦਿੱਤਾ ਜਿਹੜੇ ਖੋਤਿਆਂ ਤੇ ਚੜ੍ਹ ਚੜ੍ਹ ਗੁਰੂ ਅਪਣੇ ਨੂੰ ਬ੍ਰਹਾਮਣ ਦੀ ਖੱਲ ਚੋਂ ਪੈਦਾ ਹੋਇਆ ਸਾਬਤ ਕਰਕੇ ਅਪਣੀ ਹੀ ਅਕਲ ਦਾ ਜਲੂਸ ਕੱਢ ਰਹੇ ਹਨ..?

ਬਾਬੇ ਨੇ ਉਸ ਦੀ ਮਾਲਾ ਤੇ ਜਿਆਦਾ ਫਸਣਾ ਠੀਕ ਨਾ ਜਾਤਾ ਉਹ ਸੋਚ ਰਿਹਾ ਸੀ ਕਿ ਜਦ ਮੇਰੇ ਬੇੜੇ ਦੇ ਮੁਹਾਣੇ ਹੀ ਇਸ ਨੂੰ ਮੰਝਧਾਰ ਵਲ ਧੱਕ ਰਹੇ ਹਨ ਤਾਂ ਇੰਨ੍ਹਾ ਆਮ ਸਿੱਖਾਂ ਦਾ ਕੀ ਕਸੂਰ। ਬਾਬੇ ਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਬਾਬੇ ਜਦ ਘਰ ਬਦਲਿਆ ਤਾਂ ਦੂਜਾ ਘਰ ਲੈਣ ਲਈ ਉਸ ਨੇ ਕੋਈ 20 ਘਰ ਦੇਖੇ। ਪਰ ਵੀਹਾਂ ਵਿਚੋਂ 10-12 ਘਰਾਂ ਵਿੱਚ ਸ਼ਿਵ ਜੀ ਤੋ ਬਿਨਾ ਵਡਭਾਗ ਸਿੰਘ ਦੀ ਮੂਰਤੀ ਵੀ ਟੰਗੀ ਹੋਈ ਸੀ ਜਿਥੇ ਬਕਾਇਦਾ ਪੂਜਾ ਦਾ ਸਮ੍ਹਾਨ ਤੇ ਆਰਤੀ ਵਾਲੇ ਦੀਵਿਆਂ ਦੀ ਥਾਲੀ ਆਮ ਰੱਖੀ ਹੋਈ ਸੀ ਤੇ ਘਰ ਸਾਰੇ ਸਿਖਾਂ ਦੇ ਸਨ।

ਕੈਲੇਫੋਰਨੀਆਂ ਤੋਂ ਬਾਬੇ ਦੇ ਮਿੱਤਰ ਦਾ ਇੱਕ ਦਿਨ ਫੋਨ ਆਉਂਦਾ ਹੈ, ਕਿ ਬਾਬਾ ਫੌਜਾ ਸਿੰਆਂ ਤੂੰ ਨੈਗਟਿਵ ਬਹੁਤ ਚਲਦਾਂ।

ਬਾਬੇ ਦੇ ਮੂੰਹੋਂ ਸੁਭਾਇਕੀ ਨਿਕਲ ਗਿਆ, ਕਿ ਹੋਰ ਤੇਰਾ ਸਿਆਪਾ ਕਰਾਂ ਕਿ ਅਸੀਂ ਤੁਸੀਂ ਬੜੇ ਮਹਾਨ ਹਾਂ ਅਤੇ ਸਾਡੇ ਮੂੰਹਾਂ ਤੇ ਖਾਲਸਈ ਜਲੋਅ ਦੀਆਂ ਲਾਲੀਆਂ ਚੋ ਚੋ ਪੈ ਰਹੀਆਂ ਹਨ। ਸਿੱਖੀ ਦੀ ਸ਼ਕਲ ਨਹੀ ਦਿੱਸਦੀ ਤੈਨੂੰ ਸ਼ੀਸੇ ਵਿੱਚ। ਇਸ ਮਿਲਗੋਭੇ ਜਿਹੇ ਨੂੰ ਹੋਰ ਖਾਲਸੇ ਦੀ ਕੀ ਸ਼ਾਨ ਕਹਾਂ?

ਪਰ ਤੈਨੂੰ ਚੰਗਾ ਕੁਝ ਨਹੀ ਦਿੱਸਦਾ? ਉਹ ਭੁੜਕਿਆ ਅੱਗੋਂ।

ਦਿੱਸਦਾ ਕਰਕੇ ਹੀ ਤਾਂ ਰੋਣ ਡਿਹਾਂ ਕਿ ਉਸ ਚੰਗੇ ਨੂੰ ਮੁਹਾਣੇ ਤੇਰੇ ਤਬਾਹ ਕਰੀ ਜਾ ਰਹੇ ਹਨ। ਸ਼ੇਰਾਂ ਵਰਗੀ ਕੌਮ ਟੱਲੀਆਂ ਖੜਕਾਉਂਣੀਆਂ ਭੇਡਾਂ ਵਿੱਚ ਰਲੀ ਜਾ ਰਹੀ ਹੈ। ਰੋਲ ਕੇ ਰੱਖ ਤੇ ਕੌਮ ਮੇਰੀ ਦੇ ਦੂਲੇ, ਲੱਭ ਕਿਥੇ ਤੇਰੀਆਂ ਸਟੇਜਾਂ ਤੇ ਨਲੂਏ, ਬੰਦੇ ਬਹਾਦਰ, ਅਕਾਲੀ ਫੂਲਾ ਸਿੰਘ, ਨੀਹਾਂ ਵਿਚ ਚਿਣੇ ਜਾਣ ਵਾਲੇ, ਖੈਬਰਾਂ ਤੱਕ ਧਮਕਾਂ ਪਾਉਂਣ ਵਾਲੇ। ਇਨ੍ਹਾਂ ਭੇਡਾਂ ਦੇ ਵੱਗਾਂ ਨੂੰ ਹੋਰ ਖਾਲਸਾ ਕਹਾਂ ਜਿਹੜੇ ਗੰਦੀਆਂ ਕਵਿਤਾਵਾਂ ਅਗੇ ਹੀ ਆਰਤੀਆਂ ਕਰੀ ਜਾ ਰਹੇ ਹਨ? ਹਿੰਦੂ ਦੇ ਅਪਣੇ ਗਰੰਥਾਂ ਮੁਤਾਬਕ ਭੰਗ ਅਤੇ ਧਤੂਰਾ ਪੀਣੇ ਸ਼ਿਵ ਨੂੰ ਭਗਵਾਨ ਮੰਨੀ ਫਿਰਦੇ ਹਨ? ਇਸ ਕਾਲੀ ਬੋਲੀ ਹਨੇਰੀ ਵਿੱਚ ਕੌਮ ਪੱਤਿਆਂ ਵਾਂਗ ਉੱਡ ਰਹੀ ਏ ਰੌਲਾ ਨਾ ਪਾਵਾਂ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top