Share on Facebook

Main News Page

ਬੱਚਿਆਂ ਨੂੰ ਭੰਗੜੇ ਨਹੀਂ, ਸੂਰਬੀਰਤਾ ਸਿਖਾਓ

ਬਾਹਰ ਬਹੁਤ ਠੰਡ ਹੈ, ਤੁਸੀਂ ਆਪਣੇ ਬੱਚੇ ਨੂੰ ਬਕਾਇਦਾ ਕੋਟ-ਸਵੈਟਰ ਤੋਂ ਬਿਨਾਂ ਬਾਹਰ ਨਹੀਂ ਨਿਕਲਣ ਦਿੰਦੇ। ਗਰਮੀ ਬਹੁਤ ਹੈ, ਤੁਸੀਂ ਬੱਚਿਆਂ ਕਰਕੇ ਫੌਰਨ ਘਰ ਜਾਂ ਕਾਰ ਵਿਚ ਏਅਰਕੰਡੀਸ਼ਨ ਛੱਡਦੇ ਹੋ। ਤੁਸੀਂ ਆਪਣੇ ਬੱਚੇ ਦੇ ਖਾਣ-ਪੀਣ ਅਤੇ ਪਹਿਨਣ ਲਈ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹੋ। ਕਿਉਂ? ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਮੁੱਹਬਤ ਕਰਦੇ ਹੋ, ਅਤੇ ਉਸਨੂੰ ਤੰਦਰੁਸਤ, ਸਿਹਤਯਾਬ ਅਤੇ ਸੋਹਣਾ ਦੇਖਣਾ ਚਾਹੁੰਦੇ ਹੋ। ਅੱਧੀ ਰਾਤ ਬੱਚੇ ਦਾ ਸਿਰ ਵੀ ਦੁੱਖੇ, ਤਾਂ ਤੁਸੀਂ ਡਾਕਟਰ ਦੇ ਲੈ ਜਾਂਦੇ ਹੋ। ਬੱਚੇ ਦੀ ਚੀਚੀ ਵਿਚੋਂ ਨਿਕਲਦਾ ਲਹੂ ਵੀ ਮਾਂ ਨਹੀਂ ਦੇਖ ਸਕਦੀ।

ਇਨ੍ਹਾਂ ਬਾਹਰਲੇ ਗਰਮੀ-ਸਰਦੀ ਦੇ ਹਮਲਿਆਂ ਤੋਂ ਤਾਂ ਤੁਸੀਂ ਸਾਵਧਾਨ ਹੋ। ਇਸ ਦਿੱਸਦੀ ਹਿਫਾਜਤ ਲਈ ਤੁਸੀਂ ਯਕੀਨਨ ਫਿਕਰਮੰਦ ਹੋ, ਪਰ ਉਹ ਮਾਵਾਂ ਅਤੇ ਬਾਪ ਕਦੇ ਸੋਚਣਗੇ ਕਿ ਉਨ੍ਹਾਂ ਦੇ ਬੱਚੇ ਮਾਨਸਿਕ ਤੌਰ ਤੇ ਬੀਮਾਰ ਹੋ ਰਹੇ ਹਨ, ਉਸ ਤੋਂ ਬਚਾਉ ਲਈ ਉਹ ਕੀ ਸੋਚਦੇ ਹਨ? ਇਹ ਵੀ ਕਿ ਉਨ੍ਹਾਂ ਬੀਮਾਰੀਆਂ ਦੇ ‘ਵਾਇਰਸ’ ਮਾਂ-ਬਾਪ ਖੁਦ ਘਰ ਵਿੱਚ ਬੱਚੇ ਨੂੰ ਪੈਦਾ ਕਰ ਕੇ ਦੇ ਰਹੇ ਹਨ। ਉਨ੍ਹਾਂ ਦੀਆਂ ਬੀਮਾਰੀਆਂ ਦਾ ਸਮਾਨ ਉਹ ਖੁਦ ਪੈਦਾ ਕਰ ਰਹੇ ਹੁੰਦੇ ਹਨ, ਜਦ ਮਾਂ-ਬਾਪ ਘਰ ਵਿਚ ‘ਮਹਾਂਯੁੱਧ’ ਛੇੜੀ ਰੱਖਦੇ ਅਤੇ ਇੱਕ ਛੱਤ ਹੇਠ ਰਹਿੰਦੇ ਵੀ ਅਲੱਗ-ਅਲੱਗ ਦਿਸ਼ਾਵਾਂ ਵਲ ਚਲ ਰਹੇ ਹੁੰਦੇ ਹਨ। ਉਹ ਬਾਪ ਜਿੰਮੇਵਾਰ ਹਨ ਬੱਚਿਆਂ ਦੀਆਂ ਮਾਨਸਿਕ ਬੀਮਾਰੀਆਂ ਦੇ ਜਿਹੜੇ ਘਰਾਂ ਵਿਚ ਉਨ੍ਹਾਂ ਦੇ ਸਾਹਮਣੇ ਸ਼ਰਾਬ ਦੇ ਡੱਟ ਖ੍ਹੋਲਦੇ ਅਤੇ ਵੀਕਐਂਡ ਤੇ ਅੱਧੀ-ਅੱਧੀ ਰਾਤ ਤਕ ਅਪਣੇ ਯਾਰਾਂ-ਬਾਸ਼ਾਂ ਨਾਲ ਗੱਪਾਂ ਵੱਡ੍ਹਦੇ ਹਨ। ਉਹ ਮਾਂ-ਬਾਪ ਆਪਣਿਆਂ ਬੱਚਿਆਂ ਨੂੰ ਮਾਨਸਿਕ ਰੋਗੀ ਕਰਨ ਵਿਚ ਬੇਹੱਦ ਜਿੰਮੇਵਾਰ ਹਨ, ਜਿਹੜੇ ਬੱਚੇ ਨੂੰ ਕਿਸੇ ਸਿਖਿਦਾਇਕ ਥਾਂ ਤੇ ਜਿਵੇਂ ਗੁਰਦੁਆਰਾ, ਪਾਰਕ ਜਾਂ ਸਪੋਰਟਸ ਆਦਿ ਤੇ ਲਿਜਾਣ ਦੀ ਬਜਾਇ ਧੂੜ-ਧੜੱਕੇ ਵਾਲੀਆਂ ਪਾਰਟੀਆਂ ਉਪਰ ਲਿਜਾਂਦੇ ਅਤੇ ਉਨ੍ਹਾਂ ਦੇ ਸਾਹਵੇਂ ‘ਤੂੰ ਨਹੀਂ ਬੋਲਦੀ ਤੇਰੇ ‘ਚ ਤੇਰਾ ਯਾਰ ਬੋਲਦਾ’ ਵਰਗੇ ਬੇਹਯਾ ਗਾਣਿਆਂ ਨਾਲ ਨੱਚਦੇ ਹਨ। ਉਹ ਮਾਪੇ ਰੋਗੀ ਕਰ ਰਹੇ ਹਨ ਅਪਣੇ ਬੱਚਿਆਂ ਨੂੰ ਜਿਹੜੇ ਅਸ਼ਲੀਲ ਕਿਸਮ ਦੀਆਂ ਫਿਲਮਾਂ ਅਤੇ ਅੰਧਵਿਸ਼ਵਾਸ਼ੀ ਡਰਾਮੇ ਅਪਣੇ ਬੱਚਿਆਂ ਦੇ ਨਾਲ ਬੈਠ ਕੇ ਦੇਖਦੇ ਅਤੇ ਰਾਤ 12-2 ਵੱਜੇ ਤੱਕ ਇੰਟਰਟੇਨਮਿੰਟ ਦੇ ਨਾਂ ਹੇਠ ਘਰਾਂ ਨੂੰ ਦੂਸ਼ਿਤ ਕਰ ਰੱਖਦੇ ਹਨ। ਉਹ ਮਾਂ-ਪੇ ਬਦਕਿਸਮਤ ਹਨ ਜੀਹਨਾਂ ਦੀ ਝੋਲੀ ਕੁਦਰਤ ਨੇ ਖਿੜੇ ਹੋਏ ਮਹਿਕਦੇ ਫੁੱਲ ਪਾਏ, ਪਰ ਉਹ ਉਹਨਾ ਫੁੱਲਾਂ ਨੂੰ ਚੰਗੀ ਧਰਤੀ, ਚੰਗੇ ਗੁਣਾਂ ਦੀ ਰੂੜੀ ਨਾ ਪ੍ਰਦਾਨ ਕਰ ਸਕੇ ਤੇ ਬੱਚੇ ਸਮਾਜ ਨੂੰ, ਲੁਕਾਈ ਨੂੰ, ਕੌਮ ਨੂੰ ਸੁਗੰਧਤ ਕਰਨ ਦੀ ਬਜਾਇ ਅਪਣੇ ਕੰਡਿਆਂ ਨਾਲ ਲਹੂ-ਲੁਹਾਨ ਕਰਨ ਦਾ ਕਾਰਨ ਬਣੇ। ਯਾਦ ਰਹੇ ਕਿ ਕੁਦਰਤ ਨੇ ਇਹ ਸੁਹੱਪਣ ਤੁਹਾਡੀ ਝੋਲੀ ਇਸ ਲਈ ਨਹੀਂ ਸੀ ਪਾਇਆ ਕਿ ਤੁਸੀਂ ਵੱਡੇ ਘਰ, ਕੋਠੀਆਂ, ਕਾਰਾਂ ਜਾਂ ਜਾਇਦਾਦਾਂ ਇਨ੍ਹਾਂ ਦੇ ਨਾਂ ਛੱਡਣੀਆਂ ਹਨ, ਬਲਕਿ ਇਸ ਲਈ ਕਿ ਕੁਦਰਤ ਦੇ ਬਾਗ ਵਿਚ ਹੋਰ ਸੁਹਣੇ ਫੁੱਲ ਖਿੜਨ ਤੇ ਇਸ ਧਰਤੀ ਯਾਨੀ ਧਰਮਸਾਲ ਨੂੰ ਹੋਰ ਸੁਹਣਾ ਬਣਾਉਂਣ। ਪਰ ਮਨੁੱਖ ਜੋ ਬੱਚੇ ਅੱਜ ਪੈਦਾ ਕਰ ਰਿਹਾ ਹੈ, ਉਹ ਇਸ ਧਰਮਸਾਲ ਨੂੰ ਸੁਹਾਵਣਾ ਬਣਾਉਣ ਦੀ ਬਜਾਇ ਇਸ ਨੂੰ ਹੋਰ ਦੂਸ਼ਿਤ ਕਰ ਰਿਹਾ ਹੈ। ਕਈ ਵਾਰ ਸਾਨੂੰ ਜਾਪਦਾ ਨਹੀਂ ਕਿ ਧਰਤੀ ਉਪਰ ਬਹੁਗਿਣਤੀ ਅਸੀਂ ਉਨ੍ਹਾਂ ਪਸ਼ੂਆਂ ਦੀ ਪੈਦਾ ਕਰ ਰਹੇ ਹਾਂ, ਜਿਹੜੇ ਸਾਰੀ ਧਰਤੀ ਨੂੰ ਹੀ ਚਰ ਜਾਣਗੇ?

ਉਪਰਲੀ ‘ਮਾਲਕਣ’ ਆਪਣੇ ਬੱਚੇ ਤਿਆਰ ਕਰਕੇ ਲਿਜਾ ਰਹੀ ਹੇਠਲੀ ਬੇਸਮਿੰਟ ਵਾਲੀ ਨੂੰ ਪੁੱਛਦੀ ਹੈ, ਕਿ ਕਿਧਰ ਦੀਆਂ ਤਿਆਰੀਆਂ ਬਈ? ਉਹ ਅੱਗੋਂ ਬੜੇ ਮਾਣ ਜਿਹੇ ਨਾਲ ਜਵਾਬ ਦਿੰਦੀ ਹੈ, ਕਿ ਇਨ੍ਹਾਂ ਨੂੰ ਭੰਗੜਾ ਕਲਾਸ ਦੇ ਲੈ ਕੇ ਚਲੀ ਹਾਂ। ਆਪਣਾ ‘ਕਲਚਰ’ ਸਿੱਖ ਲੈਣਗੇ? ਮਾਲਕਣ ਹੱਸ ਪਈ। ਉਹ ਕਹਿਣ ਲੱਗੀ ਪੈਸੇ ਕਿਉਂ ਖਰਾਬ ਕਰਦੀ ਏਂ, ਮੇਰਾ ਵੱਡਾ ਮੁੰਡਾ ਹਰੇਕ ਵੀਕਐਂਡ ਤੇ ਰਾਤ ਦੋ-ਦੋ ਵੱਜੇ ਤੱਕ ਪੱਬ ਵਿਚ ‘ਭੰਗੜਾ’ ਹੀ ਪਾਉਂਦਾ ਉਸ ਕੋਲੇ ਲਾ ਦੇਹ ਨਾਲੇ ਉਹ ਆਪੇ ਸਿਖਿਆ!

ਤੁਸੀਂ ਇਨ੍ਹਾਂ ਨੂੰ ਉਹ ਨਾ ਸਿਖਾਉ ਜਿਸ ਦੇ ਸਿੱਖਣ ਤੇ ਮਾਂ ਦੀਆਂ ਰਾਤਾਂ ਪੁੱਤਰ ਦੀ ਉਡੀਕ ਵਿਚ ਤ੍ਰਬਕ-ਤ੍ਰਬਕ ਕੇ ਲੰਘਣ। ਕਾਰ ਦਾ ਟਾਇਰ ਫੱਟਣ ਤੇ ਵੀ ਮਾਂ ਦਾ ਕਾਲਜਾ ਮੂੰਹ ਨੂੰ ਆ ਜਾਵੇ।

ਉਹ ਬੱਚੇ ਮਾਨਸਿਕ ਤੌਰ ਤੇ ਕਦੇ ਬਲਵਾਨ ਨਹੀਂ ਹੋ ਸਕਣਗੇ ਜੀਹਨਾਂ ਦੀਆਂ ਮਾਵਾਂ ਖੁਦ ਬਿੱਲੀ ਦੇ ਰਾਹ ਕੱਟਣ ਤੋਂ ਡਰ ਰਹੀਆਂ ਹਨ। ਉਸ ਕੌਮ ਦੇ ਬੱਚੇ ਕਿਵੇਂ ਅੱਗੇ ਵਧਣਗੇ ਜੀਹਨਾਂ ਦੇ ਮਾਪੇ ਸਿਰ ਦੁਖਣ ਤੇ ਵੀ ਪੰਡਤ ਨੂੰ ਹੱਥ ਦਿਖਾਉਂਣ ਤੁਰ ਪੈਂਦੇ ਹਨ! ਉਸ ਕੌਮ ਦੇ ਬੱਚੇ ਕਿਵੇਂ ਸਮੇਂ ਦੇ ਹਾਣੀ ਹੋਣਗੇ ਜੀਹਨਾਂ ਦਾ ਸਮਾਜ ਸੇਖਾਂ, ਪੀਰਾਂ, ਪੰਡਤਾਂ, ਪ੍ਰੋਹਿਤਾਂ, ਡੇਰੇਦਾਰ ਸਾਧਾਂ ਦੀਆਂ ਫੋਜਾਂ ਦੀ ਗ੍ਰਿਫਤ ਵਿਚ ਘਿਰਿਆ ਹੋਇਆ ਹੈ। ਉਸ ਕੌਮ ਦੇ ਬੱਚੇ ਕਿਵੇਂ ਸਿਰ ਉੱਚਾ ਕਰਕੇ ਤੁਰਨਗੇ ਜੀਹਨਾਂ ਦੇ ਸਿੱਖਿਆ ਕੇਂਦਰਾਂ ਦੇ ਚੌਧਰੀ ਆਪਣੇ ਬੱਚਿਆਂ ਨੂੰ ਸਿਖਦਾਇਕ ਬਣਾਉਣ ਦੀ ਬਜਾਇ ਕਬਜਿਆਂ ਦੀ ਗਲੀ-ਸੜੀ ਰਾਜਨੀਤੀ ਵਿੱਚ ਗਲ-ਗਲ ਡੁੱਬੇ ਪਏ ਹਨ, ਅਤੇ ਡਰੱਗਾਂ ਤੋਂ ਬੱਚਿਆਂ ਨੂੰ ਬਚਾਉਂਣ ਵਾਲਾ ਪੈਸਾ ਬੜੀ ਬੇਹਯਾਈ ਨਾਲ ਕੋਟ-ਕਚਹਿਰੀਆਂ ਵਿਚ ਫੂਕ ਰਹੇ ਹਨ! ਕਿਵੇਂ ਹੋਣਗੇ ਸ਼ੇਰ ਓਸ ਕੌਮ ਦੇ ਬੱਚੇ ਜੀਹਨਾਂ ਦੇ ਵਡੇਰੇ ਇਸ ਚਿੱਟੇ ਦਿਨ ਹੁੰਦੀ ਲੁੱਟ ਅਤੇ ਛਿੱਤਰ ਪਤਾਣ ਤੋਂ ਛੱਤਰਮੁਰਗ ਵਾਂਗ ਅੱਖਾਂ ਮੀਚੀ ਬੈਠੇ ‘ਸਾਨੂੰ ਕੀ ਜਿਹੜੇ ਕਰਨਗੇ ਸੋ ਭਰਨਗੇ’ ਕਹਿ ਕੇ ਆਪਣੀ ਮਿੱਟੀ ਨੂੰ ਬਚਾਉਣ ਦਾ ਤਰਲਾ ਕਰ ਰਹੇ ਹਨ ਜਾਂ ਅੱਖਾਂ ਮੀਟ ਕੇ ‘ਸਮਾਧੀਆਂ’ ਲਾਈ ਬੈਠੇ ਹਨ?

ਉਹ ਬੱਚੇ ਵੱਡੇ ਹੋ ਕੇ ਕਿਉਂ ਬੈਠਣਗੇ ਤੁਹਾਡੇ ਕੋਲ, ਜਦ ਤੁਸੀਂ ਉਨ੍ਹਾਂ ਕੋਲੇ ਬਹਿਣ ਵੇਲੇ ਕਿਸੇ ਸਹੇਲੀ ਜਾਂ ਦੋਸਤ ਨਾਲ ਬੈਠ ਕੇ ਗੱਪਾਂ ਮਾਰਨ ਨੂੰ ਜਾਂ ਟੀ.ਵੀ ਉਪਰ ਚਲ ਰਹੇ ਕਿਸੇ ਡਰਾਮੇ ਜਾ ਫਿਲਮ ਦੇਖਣ ਨੂੰ ਜਿਆਦਾ ਤਰਜੀਹ ਦਿਤੀ ਸੀ। ਬੱਚੇ ਨੂੰ ਠੱਗੀਆਂ ਤੇ ਝੂਠ ਅਸੀਂ ਸਿਖਾਇਆ, ਜਦ ਉਨ੍ਹਾਂ ਸਾਹਵੇਂ ਅਸੀਂ ਝੂਠ ਮਾਰਿਆ ਤੇ ਠੱਗੀ ਕੀਤੀ। ਅਸੀਂ ਬੱਚੇ ਨੂੰ ਹਮੇਸ਼ਾਂ ਛੋਟਾ ਅਤੇ ਨਿਆਣਾ ਹੀ ਸਮਝਦੇ ਰਹੇ, ਪਰ ਜਦ ਸਾਨੂੰ ਇਹ ਸੋਝੀ ਆਈ ਕਿ ਇਸ ਨੂੰ ‘ਸਿਆਣਾ’ ਸਮਝਿਆ ਜਾਵੇ ਉਦੋਂ ਤੱਕ ਉਹ ਬੇਹੱਦ ‘ਸਿਆਣਾ’ ਹੋ ਚੁੱਕਾ ਹੋਇਆ ਸੀ? ਸਿਹਤਮੰਦ ਸੋਚ ਵਾਲੇ ਸਿਆਣੇ ਬਜ਼ੁਰਗ ਇਸੇ ਲਈ ਕਹਿੰਦੇ ਹਨ ਕਿ ਬੱਚੇ ਨੂੰ ਮਾਂ ਦੇ ਗਰਭ ਵਿਚ ਵੀ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ। ਉਹ ਮਾਂ ਦੇ ਸਾਹਾਂ ਵਿਚੋਂ ਕੁੜੱਤਣ ਵੀ ਲੈ ਰਿਹਾ ਹੈ ਤੇ ਮਿਠਾਸ ਵੀ। ਮਾਂ ਦੇ ਅੰਦਰ ਜਾ ਰਹੇ ਸਾਹਾਂ ਤੋਂ ਨੇੜੇ ਕੌਣ ਹੈ ਤੇ ਉਨ੍ਹਾਂ ਹੀ ਮਾਂ ਦੇ ਲਏ ਹੋਏ ਸਾਹਾਂ ਵਿਚੋਂ ਸਾਹ ਬੱਚੇ ਨੂੰ ਦਿਤੇ ਜਾ ਰਹੇ ਹਨ। ਮਾਂ ਦੇ ਅੰਦਰ ਬਣ ਰਿਹਾ ਲਹੂ ਮਾਂ ਦੇ ਸਾਰੇ ਸਰੀਰ ਦਾ ਨਿਚੋੜ ਹੈ, ਤੇ ਉਸੇ ਲਹੂ ਦੀਆਂ ਘੁੱਟਾਂ ਵਿਚੋਂ ਬੱਚੇ ਨੂੰ ਖੁਰਾਕ ਪਹੁੰਚਾਈ ਜਾ ਰਹੀ ਹੈ। ਮਾਂ ਦੇ ਲਹੂ ਵਿਚੋਂ ਲਹੂ ਪੀ ਕੇ ਜੰਮਿਆਂ ਬੱਚਾ, ਮਾਂ ਦੇ ਸਾਹਾਂ ਵਿਚੋਂ ਸਾਹ ਲੈ ਕੇ ਪੈਦਾ ਹੋਇਆ ਬੱਚਾ ਕਿਵੇਂ ਛੋਟਾ ਹੋਇਆ? ਉਸ ਮਾਂ ਦੀ ਸੋਚ ਨੂੰ, ਮਾਂ ਦੇ ਗੁਣਾ-ਔਗੁਣਾ ਨੂੰ ਗਰਭ ਅੰਦਰ ਹੀ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਤੁਸੀਂ ਉਸਨੂੰ ਧਰਤੀ ਤੇ ਆਏ ਨੂੰ ਵੀ ਛੋਟਾ ਸਮਝੀ ਰੱਖਿਆ!

ਇਸ ਦਾ ਸਾਫ ਮੱਤਲਬ ਹੈ ਕਿ ਅੱਜ ਦੇ ਬੱਚਿਆਂ ਦੇ ਮਾਂ ਬਾਪ ਸਾਵਧਾਨ ਹੋਣ! ਜੇ ਉਨ੍ਹਾਂ ਦੀ ਉਮਰ ਅਮੋੜ ਅਤੇ ਹਨੇਰੇ ਰਾਹਾਂ ਉਪਰ ਤੁਰ ਕੇ ਸਮਾਜ ਵਿਚ ਪ੍ਰਦੂਸ਼ਨ ਫੈਲਾਉਂਣ ਦਾ ਕੰਮ ਕਰ ਰਹੀ ਹੈ, ਤਾਂ ਉਹ ਬੱਚਾ ਕਿਤੇ ਉਪਰੋਂ ਨਹੀਂ ਡਿੱਗਾ ਨਾਂ ਧਰਤੀ ਵਿਚੋਂ ਉਗਿਆ ਹੈ। ਉਹ ਜਿਹੋ ਜਿਹਾ ਹੈ ਸਭ ਤੋਂ ਪਹਿਲਾਂ ਅਪਣੇ ਮਾਂ ਬਾਪ ਕਰਕੇ ਹੈ ਤੇ ਦੂਜਾ ਸਮਾਜ ਕਰਕੇ। ਕਲਾਸਾਂ ਲਾਉਂਣੀਆਂ ਹਨ ਤਾਂ ਬੱਚਿਆਂ ਦੀਆਂ ਨਹੀਂ ਬਲਕਿ ਉਨ੍ਹਾਂ ਮਾਂ ਬਾਪਾਂ ਦੀਆਂ ਜਿਹੜੇ ਬੱਚੇ ਪੈਦਾ ਕਰ ਰਹੇ ਹਨ। ਬੱਚਾ ਪੈਦਾ ਕਰਨਾ ਇਨ੍ਹਾਂ ਔਖਾ ਨਹੀਂ ਜਿੰਨਾ ਬੱਚੇ ਨੂੰ ਬੰਦਾ ਬਣਾਉਂਣਾ। ਸਾਨੂੰ ਕਦੇ ਨਹੀਂ ਭੁਲਣਾ ਚਾਹੀਦਾ ਕਿ ਸਮਾਜ ਵੀ ਕਿਸੇ ਬਾਹਰੋਂ ਆਈ ਬਲਾਅ ਦਾ ਨਾਮ ਨਹੀਂ, ਬਲਕਿ ਅਸੀਂ ਹੀ ਸਾਰੇ ਰਲ ਕੇ ਸਮਾਜ ਬਣਦੇ ਹਾਂ। ਮਾਂ-ਬਾਪ ਭੈਣ-ਭਰਾ, ਰਿਸ਼ਤੇਦਾਰ, ਮਾਸੀਆਂ ਭੁੂਆ ਚਾਚੇ ਨਾਨੇ ਦਾਦੇ ਇਹੀ ਹੈ ਸਮਾਜ। ਹੋਰ ਕੀ ਹੈ ਸਮਾਜ? ਪਰ ਸਾਡਾ ਸਮਾਜ ਗੁਰੂ ਲਿਵ ਨਾਲੋਂ ਟੁੱਟਾ ਹੋਇਆ ਆਪਸ ਵਿਚ ਖਹਿ ਰਿਹਾ ਹੈ। ਗੁਰੂ ਲਿਵ ਤੋਂ ਸੱਖਣੇ ਸਾਡੇ ਧਾਰਮਿਕ ਕੇਂਦਰਾਂ ਉਪਰ ਬੈਠਾ ਤਬਕਾ ਰਾਜਨੀਤੀ ਦੀ ਸੜਿਆਂਦ ਛੱਡ ਰਿਹਾ, ਕਬਜਿਆਂ ਦੀ ਦੌੜ ਵਿਚ ਸਾਹੋ ਸਾਹੀ ਹੋਇਆ ਪਿਆ ਹੈ। ਜਿਥੋਂ ਉਹਨਾ ਨੂੰ ਧਰਮ ਦੀ ਸਿਖਿਆ ਮਿਲਣੀ ਸੀ ਉਥੋਂ ਉਨ੍ਹਾਂ ਨੂੰ ਮਿਲ ਰਹੇ ਹਨ ਕਲੇਸ਼! ਮਨੁੱਖ ਬਾਹਰਲੀ ਤਪਸ਼ ਮਿਟਾਉਂਣ ਲਈ ਧਰਮ ਦਾ ਸਹਾਰਾ ਲੈਂਦਾ ਹੈ ਪਰ ਧਾਰਮਿਕ ਲੋਕ ਖੁਦ ਤੱਪ ਰਹੇ ਹਨ। ਚੌਧਰਾਂ, ਕਬਜਿਆਂ ਤੇ ਸ਼ੋਹਰਤਾਂ ਖਾਤਰ ਢੁੱਡਾਂ ਮਾਰਨ ਨੂੰ ਤਿਆਰ ਦਿਸਦੇ ਹਨ, ਤਾਂ ਫਿਰ ਮਨੁੱਖ ਅਪਣੀ ਤਪਤ ਮਿਟਾਉਂਣ ਕਿਥੇ ਜਾਵੇ? ਗੁਰੂ ਦੇ ਸੱਚ ਦਾ ਸੁਨੇਹਾ ਪਹੁੰਚਾਉਣ ਵਾਲੇ ਹੀ ਜੇ ਫਿਕਰ ਵਿਚ ਹਨ, ਚਿੰਤਾ ਵਿਚ ਹਨ ਤਾਂ ਅਵਾਮ ਨੂੰ ਘਰੇਲੂ ਚਿੰਤਾਵਾਂ ਤੋਂ ਮੁਕਤ ਕੌਣ ਕਰੇਗਾ?

ਦੂਜਾ ਪਾਸਾ ਸਾਡਾ ਹੈ। ਸਾਡੇ ਘਰਾਂ ਦੀ ਕੁੱੜਤਣ, ਪਤੀ ਪਤਨੀ ਦੀ ਖਹਿਬਾਜੀ, ਨੂੰਹ ਸੱਸ ਦੀ ਟੋਕਾ-ਟਾਕੀ, ਰਿਸ਼ਤੇਦਾਰੀਆਂ ਵਿਚ ਈਰਖਾ, ਸ਼ਰਾਬਾਂ ਪੀ ਕੇ ਬੋਲੀ ਹੋਈ ਬੱਕੜਵਾਹ, ਦਿਖਾਵੇ ਦੀਆਂ ਚੂਹਾ ਦੌੜਾਂ, ਲੋੜੋਂ ਵੱਧ ਫਜੂਲ ਖਰਚੇ, ਨਿੱਤ ਦੀਆਂ ਪਾਰਟੀਆਂ, ਭੂਤਾਂ-ਪ੍ਰੇਤਾਂ ਦੇ ਗੇੜ, ਓਪਰੀਆਂ ਕਸਰਾਂ, ਜੋਤਸ਼ੀਆਂ, ਪੰਡਤਾਂ, ਮੁਲਾਣਿਆਂ, ਸ਼ੇਖਾਂ ਦੀਆਂ ਲੁੱਟਾਂ ਖੋਹਾਂ, ਹਰੇਕ ਆਏ ਸਾਧ ਦੇ ਪੈਰਾਂ ਵਿਚ ਰੁਲਦਾ ਫਿਰਦਾ ਭਾਈਚਾਰਾ, ਖੁਦ ਹਨੇਰਿਆਂ ਵਿਚ ਭਟਕਦਿਆਂ ਕੋਲੋਂ ਚਾਨਣ ਲੱਭਦਾ ਫਿਰਦਾ ਸਮਾਜ ਦੱਸੋ ਅਪਣੀ ਉਮਤ ਨੂੰ ਕੀ ਰਾਹ ਦੱਸੇਗਾ? ਅਸੀਂ ਬੱਚਿਆਂ ਨੂੰ ਦੋਸ਼ ਕਿਉਂ ਦਈਏ! ਉਨ੍ਹਾਂ ਨੂੰ ਅਸੀਂ ਦਿਤਾ ਹੀ ਕੀ ਹੈ, ਜੋ ਉਨ੍ਹਾਂ ਗੁਆ ਲਿਆ ਹੈ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top