Share on Facebook

Main News Page

ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ

ਸੱਚੇ ਮਾਰਗ ਚਲਦਿਆਂ ਰਾਹ ਵਿੱਚ ਕਈ ਕੁਛ ਆਉਂਦਾ ਹੈ ਅਤੇ ਕਈ ਕੁਛ ਜਾਂਦਾ ਹੈ ਪਰ ਸੱਚ ਦੇ ਰਾਹੀ ਮੰਜਲ ਵੱਲ ਵੱਧਦੇ ਜਾਂਦੇ ਹਨ। ਜਿਉਂ-ਜਿਉਂ ਉਨ੍ਹਾਂ ਨੂੰ ਹੋਰ ਸਹੀ ਰਸਤਾ ਮਿਲਦਾ ਜਾਂਦਾ ਹੈ ਤਾਂ ਉਹ ਪਗ-ਡੰਡੀਆਂ ਛੱਡ ਕੇ ਉਸ ਰਸਤੇ ਤੇ ਅੱਗੇ ਚਲਦੇ ਹਨ ਮੁੜ-ਮੁੜ ਪਿੱਛੇ ਵੱਲ ਨਹੀਂ ਦੇਖੀ ਜਾਂਦੇ- ਅਗਾਂਹ ਕੂ ਤ੍ਰਾਂਘਿ ਪਿਛਾ ਫੇਰਿ ਨ ਮੋਹਡੜਾ॥(1096) ਅਸੀਂ ਗੁਰਮੱਤੀ ਲੇਖਕ ਮੀਡੀਏ ਰਾਹੀਂ ਆਪੋ-ਆਪਣੇ ਲਿਖੇ ਲੇਖ ਅਤੇ ਚਿੱਠੀਆਂ ਲੈ ਕੇ ਚੱਲ ਰਹੇ ਹਾਂ। ਜਰੂਰੀ ਨਹੀਂ ਸਭ ਦੇ ਵਿਚਾਰ ਮੇਲ ਖਾਂਦੇ ਹੋਣ ਪਰ ਸਾਨੂੰ ਜਿੱਥੇ ਗੱਲ ਸਲੀਕੇ ਨਾਲ ਕਰਨੀ ਚਾਹੀਦੀ ਹੈ ਓਥੇ ਸਦੀਆਂ ਪੁਰਾਣੇ ਰੀਤੀ ਰਿਵਾਜ, ਮਨੌਤਾਂ ਅਤੇ ਵਿਚਾਰਾਂ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ) ਦੀ ਕਸਵੱਟੀ ਤੇ ਪਰਖਣਾ ਵੀ ਚਾਹੀਦਾ ਹੈ।

ਗੁਰਮਤਿ ਮਾਰਗ ਲਕੀਰ ਦਾ ਫਕੀਰ ਨਹੀਂ। ਜਿਸ ਮਸਲੇ ਦੀ ਸਾਨੂੰ ਸਮਝ ਨਹੀਂ, ਗੁਰੂ ਤੋਂ ਸਿੱਖੀਏ। ਜੇ ਅਸੀਂ ਸਾਲਾਂ ਬੱਧੀ ਇੱਕ ਹੀ ਟੌਪਕ ਤੇ ਬਹਿਸੀ ਜਾਂਦੇ ਹਾਂ ਤਾਂ ਇਹ ਪਾਣੀ ਰਿੜਕਨ ਵਾਲੀ ਗੱਲ ਹੈ। ਜਿਵੇਂ ਕਰਮ, ਆਵਾਗਵਣ, ਧਰਮ ਰਾਜ, ਨਰਕ-ਸਵਰਗ, ਸ੍ਰਿਸ਼ਟੀ ਰਚਨਾ, ਜਾਤ-ਪਾਤ, ਸਾਕਾਹਾਰੀ-ਮਾਸਾਹਾਰੀ, ਸਾਧ-ਸੰਤ, ਬੀਬੀਆਂ ਨੂੰ ਧਰਮ ਅਤੇ ਸਮਾਜ ਵਿੱਚ ਬਰਾਬਰਤਾ, ਅਸਲੀ ਅੰਮ੍ਰਿਤ, ਰਾਗ ਮਾਲਾ ਅਤੇ ਅਖੌਤੀ ਦਸਮ ਗ੍ਰੰਥ ਆਦਿ ਹੋਰ ਵੀ ਬਹੁਤ ਸਾਰੇ ਵਿਸ਼ੇ ਹਨ ਜੋ ਅਨਮਤੀਆਂ ਦੇ ਰਸਮੋਂ ਰਿਵਾਜਾਂ, ਮਨੌਤਾਂ ਅਤੇ ਸਿਧਾਂਤਾਂ ਨਾਲ ਰਲ-ਗਡ ਹੋ ਗਏ ਹਨ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਵਿਚਰ ਰਹੇ ਹਾਂ ਪਰ ਗੁਰਮਤਿ ਇਨ੍ਹਾਂ ਸਭਨਾਂ ਤੋਂ ਵਿਲੱਖਣ ਹੈ ਇਸ ਵਿੱਚ ਕਿਸੇ ਪਾਖੰਡ, ਥੋਥੇ ਕਰਮਕਾਂਡ, ਸੋ-ਕਾਲਡ ਕਥਾ-ਕਹਾਣੀਆਂ, ਕਰਾਮਾਤਾਂ, ਛੂਆ-ਛਾਤ, ਜਾਤ-ਪਾਤ, ਚੋਰੀ-ਯਾਰੀ ਅਤੇ ਅਨਹੋਣੀਆਂ ਗੱਲਾਂ ਨੂੰ ਕੋਈ ਥਾਂ ਨਹੀਂ ਹੈ। ਜੇ ਅਸੀਂ “ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖ ਹਾਂ ਤਾਂ ਹੁਕਮ ਵੀ “ਉਸ ਗੁਰੂ” ਦਾ ਹੀ ਮੰਨਣਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ-ਸੰਤ ਜਾਂ ਆਪੋ-ਆਪਣੀ ਬਣਾਈ ਜਥੇਬੰਦੀ ਦੇ ਆਗੂ ਦਾ। ਖੋਤਾ ਸ਼ੇਰ ਦੀ ਖੱਲ ਪਾ ਕੇ ਕਦੇ ਬੱਬਰ ਸ਼ੇਰ ਨਹੀਂ ਬਣ ਜਾਂਦਾ। ਇਵੇਂ ਹੀ ਸਿੱਖੀ ਸਰੂਪ ਅਤੇ ਗੁਰਮਤਿ ਦਾ ਮਖੌਟਾ ਪਾ ਕੇ ਅਸੀਂ ਅਸਲੀ ਸਿੱਖ ਨਹੀਂ ਬਣ ਜਾਂਦੇ। ਜੇ ਸਾਡੇ ਕਰਮ ਹੀ ਗਧਿਆਂ ਵਾਲੇ ਹਨ ਤਾਂ ਸ਼ੇਰ ਕਿਵੇਂ ਅਖਵਾ ਸਕਦੇ ਹਾਂ। ਯਾਦ ਰੱਖੋ ਸ਼ੇਰ ਕਦੇ ਸ਼ੇਰ ਦਾ ਸ਼ਿਕਾਰ ਨਹੀਂ ਕਰਦਾ ਇਵੇਂ ਹੀ ਅਸਲੀ ਸਿੱਖ ਕਦੇ ਸਿੱਖ ਨੂੰ ਨਹੀਂ ਮਾਰਦਾ, ਗਾਲਾਂ ਕੱਢਦਾ ਜਾਂ ਦਬੌਂਦਾ। ਬਾਕੀ ਕਈ ਵਾਰ ਸੱਚੀਆਂ ਗੱਲਾਂ ਸਾਨੂੰ ਕੌੜੀਆਂ ਲੱਗਦੀਆਂ ਹਨ। ਅਸੀਂ ਉਨ੍ਹਾਂ ਨੂੰ ਗਾਲ੍ਹਾਂ ਸਮਝ ਲੈਂਦੇ ਹਾਂ। ਗੁਰੂ ਜੀ ਵੀ ਤਾਂ ਕੌੜੇ ਸ਼ਬਦ ਸਮਝਾਉਣ ਲਈ ਵਰਦੇ ਹਨ- ਨਾਨਕ ਤੇ ਨਰ ਅਸਲਿ ਖਰ ਜੇ ਬਿਨੁ ਗੁਣ ਗਰਬੁ ਕਰੰਤ॥(1441) ਲੇਖਕਾਂ ਦੇ ਵਿਚਾਰ ਆਪੋ ਆਪਣੀ ਸਮਝ ਮੁਤਾਬਿਕ ਹਨ, ਜਰੂਰੀ ਨਹੀਂ ਕਿ ਮੀਡੀਆ ਜਾਂ ਦੂਜਾ ਲੇਖਕ ਇਸ ਨਾਲ ਸਹਿਮਤ ਹੋਵੇ। ਸਾਨੂੰ ਇਸ ਬਾਰੇ ਲੇਖਕਾਂ ਨੂੰ ਬੇਲੋੜੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਆਪੋ-ਆਪਣੇ ਵਿਚਾਰ ਜੋ ਗੁਰਮਤਿ ਦੇ ਦਾਇਰੇ ਵਿੱਚ ਹੋਣ ਲਿਖੀ ਜਾਓ ਪਾਠਕ ਆਪੇ ਸਮਝ ਜਾਂਦੇ ਹਨ ਕੌਣ ਠੀਕ ਹੈ।

ਜਰਾ ਸੋਚੋ! ਜੇ ਬੇਰੀ ਨਾਲ ਮਿੱਠੇ ਬੇਰ ਹਨ ਤੇ ਨਾਲ ਤਿੱਖੇ ਕੰਡੇ ਵੀ ਹਨ। ਗੁਲਾਬ ਦੇ ਬੂਟੇ ਨੂੰ ਜਿੱਥੇ ਸੁਗੰਧੀਦਾਰ ਫੁੱਲ ਹਨ ਨਾਲ ਤਿੱਖੇ ਕੰਡੇ ਵੀ ਹਨ। ਐਸ ਵੇਲੇ ਪੰਜਾਬ ਨਸਿ਼ਆਂ, ਵਿਸ਼ੇ ਵਿਕਾਰਾਂ ਅਤੇ ਅਖੌਤੀ ਬਾਣਾਧਾਰੀ ਸੰਤ-ਬਾਬਿਆਂ ਅਤੇ ਬਦਨੀਤ ਰਾਜਨੀਤਕ ਆਗੂਆਂ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ, ਲੋੜ ਉਸ ਵੱਲ ਧਿਆਂਨ ਦੇਣ ਦੀ ਹੈ ਨਾਂ ਕਿ ਇੱਕ ਦੂਜੇ ਦੇ ਪੈਰ ਖਿਚੀ ਜਾਣ ਦੀ। ਵਾਸਤਾ ਰੱਬ ਦਾ! ਜੋ ਤੁਸੀਂ ਗੁਰਮਤਿ ਦੀ ਸੋਝੀ ਵਿੱਚ ਚੰਗਾ ਕਰ ਰਹੇ ਹੋ ਉਸ ਨੂੰ ਦੂਜਿਆਂ ਨਾਲ ਸਾਂਝਾ ਕਰੋ ਨਾਂ ਕਿ ਆਪਣੀਆਂ ਖਸਲਤਾਂ ਹੀ ਦਿਖਾਈ ਜਾਓ! ਯਾਦ ਰੱਖੋ! ਭਾਵੇ ਅਸੀਂ ਕਿਨ੍ਹੇ ਵੀ ਮਾੜੇ ਚੰਗੇ ਹੋਈਏ ਅਸੀਂ ਗੁਰਸਿੱਖ ਹਾਂ। ਭਾਂਡੇ ਇਕੱਠੇ ਹੋਣਗੇ ਤਾਂ ਠਣਕਣਗੇ ਹੀ, ਕੋਈ ਗੱਲ ਨਹੀਂ। ਬੁੱਧੀ ਨੂੰ ਕਦੇ ਹੰਕਾਰ ਦੇ ਤਾਲੇ ਨਾਂ ਲਾਓ ਤਾਂਕਿ ਕਦੇ ਨਾਂ ਕਦੇ ਗੁਰੂ ਦੀ ਸਿਖਿਆ ਉਸ ਵਿੱਚ ਪ੍ਰਵੇਸ਼ ਕਰ, ਸਾਨੂੰ ਖੁਸ਼ੀ-ਖੁਸ਼ਹਾਲੀ ਅਤੇ ਮਾਨਸਿਕ ਸ਼ਾਤੀ ਦੇ ਸਕਦੀ ਹੈ। ਕਿਨ੍ਹਾਂ ਚੰਗਾ ਹੋਵੇ ਅਸੀਂ ਪਹਿਲਾਂ ਗੁਰਮਤਿ ਦੀ ਬਾਰ-ਬਾਰ ਸਟੱਡੀ ਕਰੀਏ ਫੇਰ ਹੀ ਕੁਝ ਲਿਖੀਏ ਜਿਸ ਬਾਰੇ ਅਜੇ ਅਸੀਂ ਕਲੀਅਰ ਨਹੀਂ ਹਾਂ। ਨਾਂ-ਸਮਝੀ ਹੀ ਪੁਵਾੜੇ ਦੀ ਜੜ ਹੈ। ਭਾਈ! ਅੱਗੇ ਸਮਝ ਕੇ ਚੱਲੋ- ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੁ ਬੀਤੀ। (ਭਾ.ਨੰਦ ਲਾਲ)

ਕਿਸੇ ਵੀ ਲਿਖਤ ਨੂੰ ਪੜ੍ਹਕੇ, ਸੁਣਕੇ ਜਾਂ ਕਿਸੇ ਦੇ ਕਹਿ ਕਹਾਏ ਭੜਕਨ ਦੀ ਬਜਾਏ ਸਗੋਂ ਇੱਕ-ਦੂਜੇ ਨਾਲ ਵਿਚਾਰ-ਵਿਟਾਂਦਰਾ ਕਰਨਾ ਚਾਹੀਦਾ ਹੈ। ਪੜ੍ਹੇ-ਲਿਖੇ ਇਨਸਾਨ ਜਾਂ ਕੌਮਾਂ ਬਿਨਾ ਕਿਸੇ ਦਲੀਲ, ਵਕੀਲ ਅਤੇ ਅਪੀਲ ਦੇ ਆਪਸ ਵਿੱਚ ਖਾਹ-ਮਖਾਹ ਨਹੀਂ ਖਹਿਬੜਦੀਆਂ ਸਗੋਂ ਆਪਸੀ ਵਿਚਾਰ-ਵਿਟਾਂਦਰੇ ਰਾਹੀਂ ਸਾਰਥਕ ਹੱਲ ਕੱਢਦੀਆਂ ਹਨ। ਸਮੁੰਦਰ ਵਿੱਚ ਬਹੁੱਤ ਕੁਛ ਹੈ ਪਰ ਹੀਰੇ ਰਤਨ ਲਾਲ ਡੂੰਘੇ ਗੋਤਾਖੋਰਾਂ ਨੂੰ ਹੀ ਲਭਦੇ ਹਨ। ਇਵੇਂ ਹੀ ਵੱਖ-ਵੱਖ ਗ੍ਰੰਥਾਂ ਦੇ ਗਿਆਨ ਸਮੁੰਦਰ ਵਿੱਚ ਵੀ ਸ਼ੁਭ ਗੁਣਾਂ ਰੂਪੀ ਹੀਰੇ ਰਤਨ ਲਾਲ ਹਨ ਪਰ ਗੁਰੂ ਰੂਪੀ ਸਾਧੂ ਦੇ ਸ਼ਬਦ-ਮਿਲਾਪ ਅਤੇ ਡੂੰਘੀ ਵਿਚਾਰ ਨਾਲ ਹੀ ਖੋਜੀ ਗੁਰਮੁਖਾਂ ਨੂੰ ਲਭਦੇ ਹਨ- ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ॥ ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ॥(1416) ਹੁਣ ਆਪਾਂ ਸਿੱਖ ਕੌਮ ਦੀ ਹੀ ਗੱਲ ਕਰਦੇ ਹਾਂ। ਸਿੱਖਾਂ ਕੋਲ ਸੱਚ ਦੇ ਮੁਤਲਾਸ਼ੀ ਗੁਰੂਆਂ, ਭਗਤਾਂ ਅਤੇ ਗੁਰਮੁਖ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ, ਇਤਿਹਾਸ ਅਤੇ ਸ਼ਹੀਦਾਂ ਦੀਆਂ ਸੱਚ ਦੀ ਖਾਤਰ ਦਿੱਤੀਆਂ ਕੁਰਬਾਨੀਆਂ ਅਤੇ ਸੇਵਾ ਆਦਿਕ ਪ੍ਰਉਪਕਾਰਾਂ ਦਾ ਅਥਾਹ ਖਜ਼ਾਨਾਂ ਹੈ ਜਿਸ ਨੂੰ ਸੰਸਾਰ ਵਿੱਚ ਵੰਡਣ ਦੀ ਲੋੜ ਹੈ। ਪਰ ਸਾਡੇ ਬਹੁਤੇ ਲੇਖਕ ਅਤੇ ਪ੍ਰਚਾਰਕ ਕਥਾਕਾਰ ਇਸ ਮਹਾਂਨ ਖਜ਼ਾਨੇ ਨੂੰ ਛੱਡ ਕੇ ਭਾਵ ਅਖੌਤੀ ਕਰਮਕਾਂਡਾਂ ਦੇ ਰੁਮਾਲਿਆਂ ਵਿੱਚ ਵਲੇਟ ਕੇ ਬਾਹਰੀ ਕੰਢਿਆਂ ਦੀਆਂ ਸਿਪੀਆਂ ਘੋਗੇ ਹੀ ਚੁਗੀ-ਚੁਗਾਈ ਜਾ ਰਹੇ ਹਨ। ਘਰ ਖਜ਼ਾਨੇ ਵਿੱਚ ਢੂੰਡਣ ਦੀ ਥਾਂ ਬਾਹਰ ਭੇਖੀ ਸਾਧਾਂ ਦੇ ਡੇਰਿਆਂ ਚੋਂ ਹੀ ਟੋਲੀ ਜਾ ਰਹੇ ਹਨ- ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੁ ਭਰਮ ਭੁਲਾਹੀ॥(102) ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਹੈ ਅਤੇ ਇਹ ਹੀ ਗੁਰਸਿੱਖਾਂ ਦਾ ਸ਼ਬਦ ਸਮੁੰਦਰ ਹੈ।

ਸਿੱਖਾਂ ਦੀ ਹਰੇਕ ਜਥੇਬੰਦੀ ਨਾਲ ਸਬੰਧਤ ਸਿੱਖ ਨੂੰ ਹੰਸ ਬਣਕੇ ਇਸ ਸ਼ਬਦ ਸਮੁੰਦਰ ਵਿੱਚ ਡੂੰਘੀਆਂ ਚੁਭੀਆਂ ਲਾਉਣੀਆਂ ਚਾਹੀਦੀ ਹਨ। ਫਿਰ ਉਨ੍ਹਾਂ ਚੁਭੀਆਂ ਰਾਹੀਂ ਲੱਭੇ ਉਪਦੇਸ਼ਾਂ ਦੇ ਹੀਰਿਆਂ ਰੂਪੀ ਗੁਣਾਂ ਦੀ ਫਰਾਕਦਿਲੀ ਨਾਲ ਆਪਸ ਵਿੱਚ ਸਾਂਝ ਕਰਨੀ ਚਾਹੀਦੀ ਹੈ। ਯਾਦ ਰੱਖੋ ਹੀਰੇ ਰਤਨ ਲਾਲ ਕਦੇ ਟੋਬਿਆਂ-ਛੱਪੜਾਂ ਚੋਂ ਨਹੀਂ ਲੱਭਦੇ ਸਗੋਂ ਸਮੁੰਦਰ ਚੋਂ ਹੀ ਖੋਜ ਕੇ ਲੱਭੇ ਜਾਂਦੇ ਹਨ। ਇਵੇਂ ਹੀ ਡੇਰਿਆਂ, ਵੱਖਵਾਦੀ ਸੰਪਰਦਾਵਾਂ ਰੂਪੀ ਟੋਬਿਆਂ-ਛੱਪੜਾਂ ਚੋਂ ਵਹਿਮ-ਭਰਮ, ਅੰਧ ਵਿਸ਼ਵਾਸ਼, ਅਖੌਤੀ ਕਰਮਕਾਂਡ, ਕਰਾਮਾਤਾਂ, ਮਿਥਿਹਾਸਕ ਸਾਖੀਆਂ-ਕਥਾ ਕਹਾਣੀਆਂ, ਪੇਟ ਪੂਜਾ ਲਈ ਤੋਤਾ ਰਤਨੀ ਪਾਠਾਂ ਦੀਆਂ ਲੜੀਆਂ ਅਤੇ ਦੇਹ ਦੀ ਸ਼ਖਸ਼ੀ ਪੂਜਾ ਦੀਆਂ ਕੌਡੀਆਂ ਤਾਂ ਲਭਦੀਆਂ ਹਨ ਪਰ ਗੁਰੂ ਸਿਧਾਂਤਾਂ-ਉਪਦੇਸ਼ਾਂ ਰੂਪੀ ਹੀਰੇ ਰਤਨ ਲਾਲ ਨਹੀਂ ਲਭਦੇ। ਇਸ ਕਰਕੇ ਗੁਰਸਿੱਖ ਨੇ ਹੀਰੇ, ਰਤਨ ਅਤੇ ਲਾਲ ਆਦਿਕ ਸ਼ੁਭ ਗੁਣਾਂ ਰੂਪੀ ਉਪਦੇਸ਼ਾਂ ਦੀ ਹੀ ਸਾਂਝ ਕਰਨੀ ਅਤੇ ਵਹਿਮਾਂ, ਭਰਮਾਂ, ਅੰਧ ਵਿਸ਼ਵਾਸਾਂ, ਵਿਸ਼ੇ-ਵਿਕਾਰਾਂ, ਝੂਠੇ ਨਸ਼ਿਆਂ, ਚੁਗਲੀ-ਨਿੰਦਿਆ ਅਤੇ ਮਿਥਿਹਾਸਕ ਮਨੌਤਾਂ ਰੂਪੀ ਔਗੁਣਾਂ ਦਾ ਤਿਆਗ ਕਰਨਾ ਹੈ- ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥(766) ਸਦਾ ਯਾਦ ਰੱਖੋ ਅਸੀਂ ਸਿੱਖ-ਪੰਥ ਰੂਪੀ ਪ੍ਰਵਾਰ ਦੇ ਮੈਂਬਰ ਹਾਂ। ਸਾਡਾ ਸਿੱਖ-ਪੰਥ ਰੂਪੀ ਸਾਂਝਾ ਪ੍ਰਵਾਰ ਹੈ ਨਾਂ ਕਿ ਅਸੀਂ ਕਿਸੇ ਗੁਰਮਤਿ ਵਿਰੋਧੀ ਡੇਰੇ ਦੇ ਮੈਂਬਰ ਹਾਂ। ਗੁਰੂ-ਭਗਤ ਹੀ ਸਾਡੇ ਵੱਡੇ-ਵਡੇਰੇ ਹਨ ਜਿਨ੍ਹਾਂ ਦੇ ਕੀਮਤੀ ਉਪਦੇਸ਼ “ਗੁਰੂ ਗ੍ਰੰਥ ਸਾਹਿਬ” ਵਿੱਚ ਸੁਭਾਇਮਾਨ ਹਨ। ਆਓ ਗੁਰਸਿੱਖ ਭੈਣ ਭਰਾਵੋ ਆਪਾਂ ਸਾਰੇ ਰਲ-ਮਿਲ ਕੇ ਇਸ ਕੀਮਤੀ ਖਜ਼ਾਨੇ ਨੂੰ ਵਰਤੀਏ, ਆਪਸ ਵਿੱਚ ਅਤੇ ਹੋਰਾਂ ਨਾਲ ਇਸ ਖਜ਼ਾਨੇ ਦੇ ਗੁਣਾਂ ਦੀ ਸਾਂਝ ਵੀ ਕਰੀਏ ਜੋ ਕਦੇ ਮੁਕਦਾ ਨਹੀਂ-ਖਾਵਹਿ ਖਰਚਹਿ ਰਲਿ ਮਿਲਿ ਭਾਈ ਤੋਟਿ ਨ ਆਵੈ ਵਧਦੋ ਜਾਈ॥(186)

ਅਵਤਾਰ ਸਿੰਘ ਮਿਸ਼ਨਰੀ 510 432 5827


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top