Share on Facebook

Main News Page

ਝੂਠਾਂ ਦੇ ਊਠ?

ਕੁੱਝ ਸਾਲਾਂ ਦੀ ਗੱਲ ਹੈ, ਕਿ ਮੇਰਾ ਛੋਟਾ ਬੇਟਾ ਕੋਈ 7 ਕੁ ਸਾਲ ਦਾ ਸੀ ਦੇਸੀ ਰਡੀਓ ਤੋਂ ‘ਗਿਆਨੀ’ ਠਾਕੁਰ ਸਿੰਘ ਦੀ ਕਥਾ ਆ ਰਹੀ ਸੀ ਉਹ ‘ਨਿਹਾਲ’ ਹੀ ਕਰਦੇ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ‘ਮਹਿਮਾਂ’ ਕਰਦਿਆਂ ਉਨ੍ਹਾਂ ਦੀ ‘ਲਿਵ’ ਮਹਿਮਾ ਵਿਚ ਇੰਨੀ ਜਾ ਜੁੜੀ ਕਿ ਸੱਚ ਝੂਠ ਦੀਆਂ ਹੱਦਾਂ ਬੰਨੇ ਸਭ ਉਹ ਟੱਪ ਗਏ। ਉਹ ਪਤਾ ਨਹੀ ਕਿਹੜੇ ‘ਦਸਵੇ ਦੁਆਰ’ ਪਹੁੰਚ ਗਏ ਕਿ ਧਰਤੀ ਅਕਾਸ਼ ਉਨ੍ਹਾਂ ਲਈ ਕੁਝ ਫੁੱਟ ਦੀ ਵਿੱਥਾਂ ਤੇ ਹੀ ਰਹਿ ਗਿਆ ਤੇ ਉਨ੍ਹਾਂ ਨੂੰ ਧਰਤੀ ਤੇ ਖੜਿਆਂ ਨੂੰ ਹੀ ਅਕਾਸ਼ ਦਾ ਸਿਰਾ ਨਜਰ ਆਉਣ ਲੱਗ ਪਿਆ..?

ਉਹ ਗੁਰੂ ਨਾਨਕ ਸਾਹਿਬ ਜੀ ਦੀ ਬੇਅੰਤਤਾ ਦਾ ਜ਼ਿਕਰ ਕਰਦਿਆਂ ਕਹਿਣ ਲੱਗੇ ਕਿ ਖਾਲਸਾ ਜੀ ਇੱਕ ਵਾਰ ਕਿਸੇ ਸਿੱਖ ਨੇ ਗੁਰੂ ਸਾਹਿਬ ਉਪਰ ਸ਼ੰਕਾ ਕੀਤਾ ਕਿ ਇਹ ਗੁਰੂ ਬੇਅੰਤ ਨਹੀਂ ਹੋ ਸਕਦਾ। ‘ਗਿਆਨੀ’ ਜੀ ਦੀ ਕਥਾ ਤੋਂ ਪ੍ਰਭਾਵ ਜਾਂਦਾ ਸੀ ਕਿ ਗੁਰੂ ਸਾਹਿਬ ਗੁੱਸਾ ਖਾ ਗਏ ਕਿ ਸਾਡੀ ਬੇਅੰਤਤਾ ਤੇ ਸ਼ੰਕਾ?

ਤਾਂ ਗੁਰੂ ਸਾਹਿਬ ਨੇ ਅਪਣਾ ਸਰੀਰ ਇੰਨਾ ਵਧਾ ਲਿਆ, ਇੰਨਾ ਵਧਾ ਲਿਆ, ਕਿ ਚਰਨ ਹੀ ਜਮੀਨ ਪੁਰ ਦਿੱਸਣ ਸੀਸ ਗੁਰੂ ਜੀ ਦਾ ਅਕਾਸ਼ ਨੂੰ ਜਾ ਲੱਗਾ!! ਸ਼ੰਕਾ ਕਰਨ ਵਾਲਾ ਸਿੱਖ ਧੰਨ ਗੁਰੂ ਜੀ, ਧੰਨ ਗੁਰੂ ਜੀ ਕਰ ਉੱਠਿਆ। ਸੋ ਸੰਗਤ ਜੀ ਸਿੱਧ ਜੋਗੀ ਐਵੇਂ ਨਹੀਂ ਸੀ, ਗੁਰੂ ਜੀ ਦਾ ਲੋਹਾ ਮੰਨਦੇ ਹਾਂਅ!

ਸ਼ਾਮ ਦਾ ਸਮਾਂ ਸੀ। ਅਸੀਂ ਸਾਰਾ ਪਰਿਵਾਰ ਪ੍ਰਸਾਦਾ ਪਾਣੀ ਛੱਕ ਰਹੇ ਸੀ ਕਿ ਬੇਟਾ ਮੇਰਾ ਫੱਟ ਬੋਲ ਪਿਆ।

ਪਾਪਾ, ਪਾਪਾ, ਇੰਨੀ ਵੱਡੀ ਗੱਪ? ਮੁੰਡਾ ਟੇਬਲ ਤੋਂ ਹੀ ਬੁੜਕ ਪਿਆ।

ਉਸ ਦੀ ਮਾਂ ਉਸ ਨੂੰ ਪੈ ਗਈ। ਦੇਖ ਬੱਚਿਆਂ ਦੀ ਜਬਾਨ ਕਿਵੇਂ ਚਲਦੀ ਬਾਬਾ ਜੀ ਦੀ ਕਥਾ ਨੂੰ ਗੱਪ ਕਹੀ ਜਾਂਦਾ।

ਪਰ ਠੀਕ ਹੀ ਤਾਂ ਕਹਿੰਦਾ। ਇਸ ਭਾਈ ਨੂੰ ਕੋਈ ਪੁੱਛਣ ਵਾਲਾ ਨਹੀਂ, ਕਿ ਅਕਾਸ਼ ਦਾ ਤਾਂ ਕੋਈ ਥਹੁ ਸਿਰਾ ਹੀ ਨਹੀਂ ਗੁਰੂ ਸਾਹਿਬ ਕੁਦਰਤ ਦੇ ਇਸ ਖੇਲ ਨੂੰ ਖੁਦ ਬੇਅੰਤ ਕਹਿ ਗਏ ਹਨ, ਤੇ ਇਸ ਗੁਰੂ ਸਾਹਿਬ ਜੀ ਦਾ ਸੀਸ ਅਕਾਸ਼ ਨੂੰ ਲੱਗਾ ਪਾਉੜੀ ਲਾ ਕੇ ਦੇਖ ਲਿਆ?

ਹੁਣ ਬੇਟਾ ਮੇਰਾ 12 ਸਾਲਾਂ ਦਾ ਹੋ ਗਿਆ ਉਸ ਨੂੰ ਮੈਂ ਫਿਰ ਅਵਾਜ ਮਾਰੀ।

ਆ ਬੇਟਾ ਤੈਨੂੰ ਇੱਕ ਹੋਰ ‘ਕਥਾ’ ਸੁਣਾਵਾਂ। ਮੈਂ ‘ਖਾਲਸਾ ਨਿਊਜ’ ਉਪਰ ਪਾਈ ਤਾਜਾ 20-20 ਫੁੱਟ ਉੱਚੇ ਸ਼ਹੀਦਾਂ ਵਾਲੀ ‘ਕਥਾ’ ਉਸ ਨੂੰ ਸੁਣਾਈ ਤਾਂ ਉਸ ਦਾ ‘ਕੰਪਿਊਟਰ’ ਫਿਰ ਬੋਲ ਪਿਆ।

ਪਾਪਾ! ਇਹ ਉਹੀ ਗੁਰੂ ਨਾਨਕ ਸਾਹਿਬ ਜੀ ਦਾ ਸੀਸ ਅਕਾਸ਼ ਨੂੰ ਲਾਉਣ ਵਾਲਾ ਗੱਪੀ ਹੀ ਨਹੀਂ?

ਬੱਸ! ਇਹੀ ਦੇਖਣਾ ਸੀ। ਜਾਹ, ‘ਗੁੱਡ ਮੈਮਰੀ’!

ਸ੍ਰ. ਬਲਦੇਵ ਸਿੰਘ ਨੇ ਮੈਨੂੰ ਗੱਲ ਸੁਣਾਈ ਕਿ ਉਸ ਨਵੀਂ ਨਵੀਂ ਗੁਰਬਾਣੀ ਉਪਰ ਖੋਜ ਕਰਨੀ ਸ਼ੁਰੂ ਕੀਤੀ, ਤਾਂ ਜਦ ਭਗਤ ਧੰਨਾ ਜੀ ਦੇ ਪੱਥਰ ਚੋਂ ਰੱਬ ਨੂੰ ਪਾਉਂਣ ਬਾਰੇ ਉਸ ਅੱਗੇ ਸਵਾਲ ਆਇਆ, ਤਾਂ ਗੁਰਬਾਣੀ ਦੇ ਵਿਪਰੀਤ ਪੱਥਰ ਤੋਂ ਰੱਬ ਪਾਉਣ ਵਾਲੀ ਮਨਘੜਤ ਕਹਾਣੀ ਬਾਰੇ ਇਸ ‘ਬਾਬੇ’ ਦੇ ਵਿਚਾਰ ਪੁੱਛਣ ਗਿਆ, ਜਿਹੜਾ ਉਨੀ ਦਿਨੀ ਇਥੇ ਟਰੰਟੋ ਵਿਖੇ ਹੀ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਕਥਾ ਕਰ ਰਿਹਾ ਸੀ।

ਬਲਦੇਵ ਸਿੰਘ ਨੇ ਗੁਰਬਾਣੀ ਬਾਰੇ ਅਤੇ ਪੱਥਰ ਦੀ ਕਹਾਣੀ ਬਾਰੇ ਅਪਣੇ ਵਿਚਾਰ ਦੇ ਕੇ ਭਾਈ ਸਾਹਬ ਦੇ ਵਿਚਾਰ ਜਾਨਣੇ ਚਾਹੇ। ਕਾਫੀ ਦੇਰ ਸਰ੍ਹਾਣੇ ਦੀ ਢੋਅ ਲਾਈ, ਅੱਖਾਂ ਬੰਦ ਕਰੀ ਭਾਈ ਜੀ ਹੂੰਅ-ਹਾਂਅ ਕਰਦੇ ਰਹੇ ਪਰ ਇਕ ਦੰਮ ਪਤਾ ਨਹੀਂ ਕੀ ਦੌਰਾ ਪਿਆ ਕਿ ਨੇੜੇ ਪਏ ਟੇਬਲ ਤੇ ਹੱਥ ਮਾਰ ਉੱਠ ਖੜੇ ਹੋਏ।

ਕੌਣ ਕਹਿੰਦਾ ਰੱਬ ਪੱਥਰ ਚੋਂ ਪ੍ਰਗਟ ਨਹੀਂ ਹੋ ਸਕਦਾ, ਜੇ ਮੈ ਹੁਣੇ ਇਥੇ ਹੀ ਕਰ ਦਿਆਂ?

ਲੈ ਬਾਬਾ ਜੀ! ਨਜਾਰੇ ਨਾ ਬੱਝ ਜਾਣ। ਮੇਰਾ ਟਰੱਕ ਖਰਾਬ ਹੋਇਆ ਖੜਾ, ਜੇ ਰੱਬ ਧੰਨੇ ਦੇ ਪਸ਼ੂ ਚਾਰ ਸਕਦਾ ਤੁਹਾਡੇ ਕਹੇ ਮੇਰਾ ਗਰੀਬ ਦਾ ਟਰੱਕ ਨਾ ਚਲਦਾ ਕਰੇਗਾ? ਚਲੋ ਕਰੋ ਪ੍ਰਗਟ!

ਪ੍ਰਗਟ ਕਰਨ ਨੂੰ ਉਸ ਕੋਲੇ ਵੱਟੇ ਸਨ, ਦੂਜਿਆਂ ਦੀਆਂ ਰੋਟੀਆਂ ਤੇ ਪਲਣ ਵਾਲਿਆਂ ਦੀ ਤਾਂ ਰੱਬ ਮਕਾਣ ਵੀ ਨਾ ਜਾਵੇ ਤੇ ‘ਤੜੀ ਬਦਮਾਸ਼ਾਂ’ ਵਾਂਗ ਲਲਕਾਰਾ ਮਾਰੋ ਜੇ ਅਗਲਾ ਡਰ ਗਿਆ ਤਾਂ ਠੀਕ, ਨਹੀਂ ਆਪ ਡਰ ਜਾਓ ਵਾਂਗ ‘ਬਾਬਾ’ ਯੱਕਦਮ ਪਾਸਾ ਪਲਟ ਗਿਆ। ਓ ਭਾਈ ਗੁਰਮੁੱਖਾ ਇਹ ਰੋਲ ਘਚੋਲਾ ਜਿਹਾ ਬਹੁਤ ਤੈਂ ਇਸ ‘ਪੰਗਿਆਂ’ ਚੋਂ ਕੀ ਲੈਣਾ!! ਨਾਮ ਜਪਿਆ ਕਰ। ਚਲ ਦੱਸ ਕਿੰਨੇ ਘੰਟੇ ਨਾਮ ਜਪਦਾ ਹੁੰਨਾ? ਭਾਈ ਜੀ ਨੇ ਯੱਕਦਮ ਪਲਟੀ ਮਾਰੀ ਤੇ ਭੋਰੇ ‘ਚ ਦੜ ਵੱਟੀ ਨਾਮ ਦੀਆਂ ਗਿਣਤੀਆਂ ਪੁੱਛਣ ਲੱਗ ਪਿਆ, ਜਿਹੜਾ ਕਿ ਆਮ ਬੰਦੇ ਨੂੰ ਪੈਰੋਂ ਕੱਢਣ ਦਾ ਕਰੀਬਨ ਸਾਰੇ ਸਾਧਾਂ ਦਾ ਹਥਿਆਰ ਹੈ।

ਪਰ ਜਵਾਬ ਦੇਣ ਵਾਲਾ ਕਿਹੜਾ ਅਗੋਂ ਪੱਧਰਾ ਸੀ, ਉਹ ਕਹਿਣ ਲੱਗਾ ਕਿ ਭਾਈ ਜੀ ਗੁਰੂ ਸਾਹਿਬ ਨਾਮ ਜਪਣ ਨਾਲ ਕਿਰਤ ਕਰਨੀ ਵੀ ਕਹਿ ਗਏ ਹਨ, ਤੇ ਮੈਂ ਕਰੀਬਨ 12-12 ਘੰਟੇ ਟਰੱਕ ਚਲਾ ਕੇ ਪਰਿਵਾਰ ਪਾਲਦਾ ਹਾਂ, ਸੋ ਮੈਂ ਕਿਰਤ ਕਰਦਾ ਹੋਇਆ, ਨਾਮ ਦੀ ਗਿਣਤੀ ਕੋਈ ਨਹੀਂ ਕਰਦਾ, ਪਰ ਚਲੋ ਦੱਸੋ ਤੁਸੀਂ ਕਿਰਤ ਕਿੰਨੇ ਘੰਟੇ ਕਰਦੇ ਹੋ। ਨਾਲ ਹੀ ਉਸ ਨੇ ਉਸਦੇ ਭੁਕਾਨੇ ਵਰਗੀ ਦੇਹ ਵਲ ਦੇਖਿਆ, ਜਿਹੜੀ ਕਿਰਤੀ ਲੋਕਾਂ ਦਾ ਧਾਨ ਖਾ-ਖਾ ਨਿਆਣਾ ਜੰਮਣ ਵਰਗੀ ਹੋਈ ਪਈ ਸੀ!

ਬਾਬੇ ਨੂੰ ਇਦਾਂ ਦੇ ‘ਵਾਹਿਯਾਤ’ ਸਵਾਲ ਦੀ ਉਮੀਦ ਨਹੀਂ ਸੀ, ਕਿਉਂਕਿ ਲੋਕ ਤਾਂ ਨਾਮ ਦੀ ‘ਦਹਿਸ਼ਤ’ ਤੋਂ ਹੀ ਦੌੜ ਜਾਂਦੇ ਸਨ, ਸੋ ਉਸ ਨੇ ਅਜਿਹੇ ‘ਮਨਮੁੱਖ’ ਨੂੰ ‘ਗੁਰਮੁੱਖ’ ਕਹਿ ਕੇ ਜਾਨ ਛਡਾਉਂਣੀ ਹੀ ਵਾਜਬ ਸਮਝੀ, ਤੇ ਕਹਿਣ ਲੱਗੇ ਗੁਰਮੁੱਖਾਂ ਤੂੰ ਬਹੁਤ ਵਿਦਵਾਨ ਬੰਦਾ ਹੈਂ, ਹੋਰ ਮਿਹਨਤ ਕਰ ਤੂੰ ਬਹੁਤ ਕਾਮਯਾਬ ਹੋਵੇਂਗਾ, ਗੁਰੂ ਭਲੀ ਕਰੂ। ਉਸ ਤੋੜਾ ਝਾੜ ਦਿੱਤਾ, ਜਿਸਦਾ ਮੱਤਲਬ ਸੀ ਕਿ ਹੁਣ ਗਲੋਂ ਲੱਥ।

ਮੈਨੂੰ ਇਦਾਂ ਦੀ ਰਲਦੀ ਘਟਨਾ ਯਾਦ ਏ, ਵੈਨਕੁਵਰ ਇੱਕ ਵਾਰੀ ਇੱਕ ਸਤਗੁਰਦੇਵ ਸਿੰਘ ਨਾਂ ਦਾ ਬੇਢੱਬਾ ਜਿਹਾ ਬੁੱਢਾ ਆਇਆ, ਜਿਹੜਾ ਆਪਣੇ ਆਪ ਨੂੰ ਐਲਾਨੀਆਂ ਅਕਾਲ ਪੁਰਖ ਕਹਾਉਂਦਾ ਸੀ। ਉਸ ਆਪਣਾ ਹੀ ਇੱਕ ਗ੍ਰੰਥ ਵੀ ਰਚਿਆ ਹੋਇਆ ਸੀ, ਜਿਸ ਨੂੰ ਚੇਲੇ ਓਸਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੋਨ ਤੇ ਪਾਲਕੀਆਂ ਚੰਦੋਏ ਲਾ ਕੇ ਸਜਾਉਂਦੇ ਸਨ। ਜਿਸ ਦੇ ਘਰ ਉਹ ਠਹਿਰਿਆ ਹੋਇਆ ਸੀ, ਉਹ ਮੇਰੇ ਕੁਝ ਜਾਣੂ ਸਨ। ਵੈਨਕੁਵਰ ਤੋਂ ਮੌਜੂਦਾ ਪੰਜਾਬ ਗਾਰਡੀਅਨ ਵਾਲਾ ਹਰਕੀਰਤ ਸਿੰਘ ਉਸ ਸਮੇਂ ਚੜਦੀ ਕਲ੍ਹਾ ਚਲਾਉਂਦਾ ਸੀ, ਉਸ ਮੈਨੂੰ ਉਸ ਦੀ ‘ਇੰਟਰਵਿਊ’ ਕਰਨ ਭੇਜ ਦਿੱਤਾ।

ਮੈਂ ਫਤਿਹ ਬੁਲਾ ਕੇ ਉਸ ਦੀ ਸੰਗਤ ਵਿਚ ਹੀ ਜਾ ਬੈਠਿਆ, ਪਰ ਉਸ ਮੈਨੂੰ ਬੁਲਾਇਆ ਤਾਂ ਕੀ, ਮੇਰੇ ਵਲ ਵੇਖਿਆ ਤੱਕ ਵੀ ਨਾ। ਕਾਫੀ ਦੇਰ ਠਾਕੁਰ ਸਿੰਘ ਵਾਂਗ ਉਹ ਅਪਣੀਆਂ ਯੱਬਲੀਆਂ ਮਾਰਦਾ ਰਿਹਾ, ਤੇ ਇੱਕ ਥਾਂ ਆ ਕੇ ਅਤੇ ਮੈਨੂੰ ਸੁਣਾ ਕੇ ਚੇਲੇ ਆਵਦੇ ਨੂੰ ਕਹਿਣ ਲੱਗਾ, ਕਿ ਹੈਥੋਂ ਗਮਲੇ ਵਿਚੋਂ ਤੂੰ ਇੱਕ ਪੱਤਾ ਤੋੜ, ਇਸ ਵਿਚੋਂ ਵੀ ਤੈਨੂੰ ਮੈਂ ਅਪਣੀ ਝਲਕ ਦਿਖਾ ਸਕਦਾਂ, ਕਿਉਂਕਿ ਮੈਂ ਪੱਤੇ ਪੱਤੇ ਵਿਚ ਵੱਸਦਾ ਹਾਂ...?
ਇਥੇ ਚੇਲੇ ਤਾਂ ਹਾਲੇ ਜਵਾਬ ਨਹੀਂ ਦਿੱਤਾ, ਮੈਂ ਬੋਲ ਪਿਆ ਕਿ ਬਾਬਿਓ ਮੇਰਾ ਸ਼ੰਕਾ ਹੈ?

ਹਾਂ ਬੋਲ? ਉਸ ਬੜਾ ਛੋਟਾ ਅਤੇ ਰੁੱਖਾ ਜਵਾਬ ਦਿੱਤਾ।

ਤੁਸੀਂ ਕੀ ਅਪਣੇ ਆਮ ਨੂੰ ਰੱਬ ਸਮਝਦੇ ਹੋ?

ਹਾਂ ਸਮਝਦਾਂ! ਤੈਨੂੰ ਕੋਈ ਸ਼ੱਕ ਏ? ਉਸ ਬੜੀ ਢੀਠਤਾਈ ਨਾਲ ਇਸ ਗੱਲ ਨੂੰ ਸਵੀਕਾਰ ਕੀਤਾ।

ਰੱਬ ਜੰਮਣ ਮਰਨ ਤੋਂ ਰਹਿਤ ਹੁੰਦਾ?

ਹਾਂ ਹੁੰਦਾ।

ਰੱਬ ਦੁਖ ਪੀੜਾ ਤੋਂ ਵੀ ਰਹਿਤ ਹੁੰਦਾ।

ਹਾਂ ਹੁੰਦਾ।

ਮੈਂ ਪੱਗ ਵਿੱਚੋਂ ਲੰਮੀ ਪਿੰਨ ਕੱਢੀ ਤੇ ਕਿਹਾ, ਬਾਬਾ ਇਹ ਪਿੰਨ ਮੈਨੂੰ ਅਪਣੇ ਪੁੜਿਆਂ ਤੇ ਮਾਰ ਲੈਣ ਦੇਹ ਜੇ ਤੂੰ ਕਸੀਸ ਨਾ ਵੱਟੀ ਤਾਂ ਮੈਂ ਵੀ ਮੱਥਾ ਟੇਕ ਦਿਆਂਗਾ ਨਹੀਂ ਤਾਂ ਤੂੰ ਝੂਠ ਮਾਰਦਾਂ।

ਉਸ ਕੋਲੇ ਖੂੰਡੀ ਫੜੀ ਹੋਈ ਸੀ, ਉਸ ਮੇਰੇ ਮਾਰੀ ਤਾਂ ਨਾ, ਪਰ ਜਿਸ ਤਰੀਕੇ ਉਹ ਮੇਰੇ ਵਲ ਬੁੜਕਿਆ ਕਿ ਤੂੰ ਕੌਣ ਹੁੰਨਾ ਮੇਰਾ ਇਮਿਤਿਹਾਨ ਲੈਣ ਵਾਲਾ? ਉਸ ਤੋਂ ਜਾਪਦਾ ਸੀ, ਕਿ ਇਹ ਮੇਰੀਆਂ ਮੌਰਾਂ ਸੇਕੇਗਾ ਤੇ ਛੁਡਾਉਂਣ ਵਾਲਾ ਮੈਨੂੰ ਉਥੇ ਕੋਈ ਨਹੀਂ ਸੀ।

ਪਰ ਮੈਨੂੰ ਜਾਪਿਆ ਕਿ ਇਸ ਤੋਂ ਬੱਚਣ ਦਾ ਤਰੀਕਾ, ਇਸੇ ਵਾਲੀ ਟੋਨ ‘ਚ ਹੀ ਗੱਲ ਕਰਨੀ ਹੈ, ਤਾਂ ਮੈਂ ਵੀ ਉਸੇ ਟੋਨ ਵਿੱਚ ਕਿਹਾ, ਕਿ ਤੂੰ ਕੌਣ ਹੁੰਨਾ ਰੱਬ ਬਣੀ ਫਿਰਨ ਵਾਲਾ ਸ਼ਕਲ ਦੇਖੀ ਰੱਬ ਬਣੀ ਫਿਰਨ ਵਾਲੇ ਦੀ? ਕੋਈ ਅੱਧਾ ਕੁ ਮਿੰਟ ਉਹ ਵੀ ਸਾਹੋ ਸਾਹੀ ਹੋਇਆ ਕਈ ਅਬਾ-ਤਬਾ ਬੋਲ ਗਿਆ, ਤੇ ਮੈਂ ਵੀ ਜਦ ਸੁਰ ਨੀਵੀ ਨਾ ਕੀਤੀ ਤਾਂ ‘ਗਿਆਨੀ’ ਠਾਕੁਰ ਸਿੰਘ ਦੇ ਗੁਰਮੁੱਖਾ ਦੇ ਖਿਤਾਬ ਦੇਣ ਵਾਂਗ, ਉਸ ਭੁਕਾਨੇ ਵਰਗੀ ਦੇਹ ਅਪਣੀ ਸ਼ਾਂਤ ਕੀਤੀ ਤੇ ਗੁਰਮੱਖਾਂ-ਵਿਦਵਾਨਾਂ ਦੇ ਕਈ ਖਿਤਾਬ ਉਸ ਮੈਨੂੰ ਦੇ ਮਾਰੇ। ਬਾਅਦ ਵਿੱਚ ਉਸ ਨੂੰ ਵਰਾ ਕੇ ਸੁਖਦੇਵ ਦੇ ‘ਰੇਡੀਓ ਅਪਨਾ ਸੰਗੀਤ’ ਤੇ ਉਸ ਨੂੰ ਅਸੀਂ ਲੈ ਗਏ ਅਤੇ ਹੇਠਾਂ ਲੋਕਾਂ ਦਾ ਘੇਰਾ ਪਿਆ ਦੇਖ ਪੁਲਿਸ ਸੱਦਕੇ ਉਸ ਨੂੰ ਉਥੋਂ ਕੱਢਣਾ ਪਿਆ!!

ਰੈਕਸਡੇਲ ਗੁਰਦੁਆਰਾ ਸਾਹਿਬ ਦੀ ਹੀ ਗੱਲ ਹੈ, ਉਸ ਸਮੇਂ ਗੁਰਦੁਆਰਾ ਸਾਹਿਬ ਦਾ ਸੈਕਟਰੀ ਮਰਹੂਮ ਭਾਈ ਅਵਤਾਰ ਸਿੰਘ ਹੁੰਦਾ ਸੀ। ‘ਗਿਆਨੀ’ ਠਾਕੁਰ ਸਿੰਘ ਜੀ ਕਥਾ ਕਰਕੇ ਹਟੇ, ਤਾਂ ਪੈਸੇ ਤਾਂ ਹੋਣੇ ਹੀ ਸਨ, ਸੋ ਉਹ ਹੋਏ ਪੈਸੇ ਜਦ ਭਾਈ ਅਵਤਾਰ ਸਿੰਘ ਭਾਈ ਜੀ ਨੂੰ ਦੇਣ ਲੱਗੇ, ਤਾਂ ਇਨ੍ਹਾਂ ਵੱਖੀ ਵਿੱਚ ਲਾਇਆ, ਖੀਸਾ ਅੱਗੇ ਕਰ ਦਿੱਤਾ ਕਿ ਇਥੇ ਪਾ ਦਿਓ, ਮੈਂ ਪੈਸੇ ਨੂੰ ਹੱਥ ਨਹੀਂ ਲਾਉਂਣਾ।

ਅਵਤਾਰ ਸਿੰਘ ਨੂੰ ਪਖੰਡ ਤੋਂ ਖਿੱਝ ਸੀ, ਉਹ ਕਹਿਣ ਲੱਗਾ ਕਿ ਕੱਢਣੇ ਵੀ ਤਾਂ ਹੱਥ ਪਾ ਕੇ ਹੀ ਨੇ, ਲੈਣੇ ਜਾਂ ਗੋਲਕ ਵਿੱਚ ਪਾਵਾਂ? ਭਾਈ ਸਾਹਬ ਦੀਆਂ ਖਾਂਨਿਓ ਗਈਆਂ ਕਿ ਇਹ ਕੂਲੀ ਕੂਲੀ ਨਾਗਣੀ ਰੁਸ ਕੇ ਚਲੀ ਗੋਲਕ ਨੂੰ?

ਖੁੱਝ ਪਲ ਪਹਿਲਾਂ ਮਾਇਆ ਨੂੰ ਹੱਥ ਨਾ ਲਾਉਂਣ ਵਾਲੇ ‘ਮਹਾਂਪੁਰਖ’ ਦੋਵੇਂ ਹੱਥਾਂ ਦਾ ਬੁੱਕ ਬਣਾ ਕੇ, ਹੱਥ ਅੱਡੀ ਬੈਠੇ ਸਨ ਕਿ ਮਤਾ ਆਨੀ-ਦੁਆਨੀ ਇਧਰ ਉਧਰ ਡਿੱਗ ਕੇ ‘ਕੌਮ’ ਦਾ ਨੁਕਸਾਨ ਹੋ ਜਾਏ।

ਬੜਾ ਅਜੀਬ ਤਮਾਸ਼ਾ ਹੈ ਕਿ ਭਾਈ ਜੀ ਹੁਰਾਂ ਨੂੰ ਹਾਲੇ ਹੁਕਮ ਨਹੀਂ। ਕਾਹਦਾ? ਸ਼ਹੀਦ ਦਿਖਾਉਂਣ ਦਾ? ਜਾਂ ਕੋਈ ਜਲਵਾ ਦਿਖਾਉਂਣ ਦਾ? ਜਾਂ ਕੋਈ ਉਪਰਲੀ ਹੇਠਾਂ ਕਰਨ ਦਾ? ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ, ਸਿੱਖਾਂ ਦੀਆਂ ਧੀਆਂ ਭੈਣਾਂ ਆਸ਼ੂਤੋਸ਼ ਵਰਗੇ ਭਈਏ ਅਪਣੇ ਡੇਰਿਆਂ ਵਿੱਚ ਰੱਖੀ ਫਿਰਦੇ, ਸੌਦਾ ਸਾਧ ਵਰਗੇ ਪੰਜਾਬ ਦੀ ਧਰਤੀ ਤੇ ਹਿਣਕਦੇ ਫਿਰਦੇ ਸਿੱਖਾਂ ਕੌਮ ਦੀ ਗੈਰਤ ਨੂੰ ਲਲਕਾਰ ਰਹੇ ਹਨ, ਭਨਿਆਰੇ ਸਾਧ ਨੇ ਹਾਲੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੜਕਾਂ ਤੇ ਰੱਖ ਰੱਖ ਅੱਗਾਂ ਲਾਈਆਂ ਤੇ ਇਸ ਭਾਈ ਜੀ ਨੂੰ ਹਾਲੇ ਵੀ ਹੁਕਮ ਨਹੀਂ? ਕਿਸਦਾ?

ਇਹ ਤਾਂ ਉਸ ਚੁਟਕਲੇ ਵਰਗੀ ਗੱਲ ਹੋਈ, ਜਦ ਬਣੀਏ ਦੀ ਡਾਕੂਆਂ ਨੇ ਬੁੱਢੀ ਵੀ ਲੁੱਟ ਲਈ, ਪੈਸਾ-ਧੇਲਾ ਵੀ ਲੁੱਟ ਲਿਆ, ਬੇਇੱਜਤੀ ਵੀ ਕਰ ਦਿੱਤੀ ਤੇ ਜਦ ਤੁਰਨ ਲੱਗਿਆਂ ਤਲਾਸ਼ੀ ਲਈ ਤਾਂ ਡੱਬ ਚੋਂ ਪਸਤੌਲ ਨਿਕਲ ਆਇਆ। ਡਾਕੂਆਂ ਪੁੱਛਿਆ ਕਿ ਆਹ ਕਾਹਦੇ ਲਈ ਉਏ? ਤਾਂ ਬਾਣੀਆਂ ਕਹਿਣ ਲੱਗਾ ਕਿ ਇਹ ਔਖੇ ਵੇਲੇ ਲਈ ਰੱਖਿਆ!!!

ਹੁਣ ਦੱਸੋ ਕਿ ਏਸ ਭਾਈ ਦੇ 20-20 ਫੁੱਟੇ ਟਾਹਲੀਆਂ ਵਰਗੇ ਕਾਰਟੂਨ ਕਦੋਂ ਕੰਮ ਆਉਣਗੇ, ਕਿ ਜਾਂ ਬਾਣੀਏ ਵਾਂਗ ਹਾਲੇ ਇਹ ਔਖੇ ਵੇਲੇ ਪ੍ਰਗਟ ਕਰਨੇ ਹਨ..?

ਸੁਪਨਿਆਂ ਵਿੱਚ ਆਪਣੇ ਸ਼ਹੀਦਾਂ ਦੇ ਦਰਸ਼ਨਾਂ ਦੀ ਚਾਹਨਾ ਵਿਹਲੜ ਅਤੇ ਨਿੱਖਟੂ ਲੋਕ ਕਰਦੇ ਹਨ, ਜਾਗਦੇ ਹੋਏ ਗੁਰੂ ਦੇ ਸਿੱਖ ਦੇ ਰਾਹ ਤਾਂ ਉਸ ਦੇ ਸ਼ਹੀਦ ਹਰੇਕ ਸਮੇਂ ਆਪਣੇ ਲਹੂ ਦੀ ਲੋਅ ਨਾਲ ਰੌਸ਼ਨ ਕਰਦੇ ਰਹਿੰਦੇ ਹਨ। ਸਿੱਖ ਨੂੰ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਚਮਕੌਰ ਦੀ ਗੜੀ ਵਿੱਚ ਹਿਕਾਂ ਡਾਹ ਵਾਰ ਸਹਿਣ ਵਾਲੇ ਲਹੂ ਨਾਲ ਲੱਥ-ਪੱਥ ਗੁਰੂ ਦੇ ਸਿੰਘ ਅਤੇ ਪੁੱਤਰਾਂ ਨੂੰ 20-20 ਫੁੱਟ ਦੇ ਬਣਾ ਕੇ ਦੇਖਣ ਦੀ ਲੋੜ ਨਹੀਂ। ਇਹ ਪਾਗਲ ਲੋਕਾਂ ਦਾ ਕੰਮ ਹੈ, ਅਤੇ ਮੈਨੂੰ ਜਾਪਦਾ ਅਨੰਦਪੁਰ ਸਾਹਿਬ 20-20 ਫੁੱਟ ਦੇ ਕਾਰਟੂਨਾਂ ਨੂੰ ਦੇਖ ਕੋਈ ਹੋਰ ਬੰਦਾ ਪਾਗਲ ਨਹੀਂ ਹੋਇਆ ਸਗੋਂ ‘ਗਿਆਨੀ’ ਜੀ ਨੂੰ ਖੁਦ ਹੀ ਕਿਸੇ ਚੰਗੇ ਡਾਕਟਰ ਜਾਂ ਅਸਪਤਾਲ ਦੀ ਫੌਰਨ ਲੋੜ ਹੈ, ਨਹੀਂ ਤਾਂ ਬੱਚਦੀ ਕੌਮ ਨੂੰ ਵੀ ਇਹ ਪਾਗਲ ਲੋਕ ਪਾਗਲ ਕਰਕੇ ਦੰਮ ਲੈਣਗੇ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top