Share on Facebook

Main News Page

ਐ ਨੌਜਵਾਨ! ਉੱਠ ਜਾਗ ਤੂੰ

ਅੱਜ 25 ਸਾਲ ਤੋਂ ਵੱਧ ਸਮਾਂ ਬੀਤ ਚੱਲਿਆ ਹੈ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਿੰਦੋਸਤਾਨੀ ਫੋਜੀ ਹਮਲੇ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੇਸਤੋ-ਨਾਬੂਦ ਕਰਨ ਦੀ ਚੱਲੀ ਗਈ ਕੋਝੀ ਚਾਲ ਨੂੰ, ਸਿੱਖਾਂ ਦੀ ਬੇਰਹਿਮੀ ਨਾਲ ਕੀਤੀ ਗਈ ਨਸਲਕੁਸ਼ੀ ਨੂੰ, ਤਬਾਹ ਕੀਤੀ ਗਈ ਸਿੱਖ ਵਿਰਾਸਤ ਰੂਪੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ, ਹਜ਼ਾਰਾਂ ਸਿੱਖਾਂ ਨੂੰ ਤਬਾਹ ਕਰਕੇ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਕਰਨ ਦੀ ਚੱਲੀ ਕੋਝੀ ਹਰਕਤ ਨੂੰ, ਇਨਸਾਫ ਲਈ ਵਿਲਕਦੀਆਂ ਸਿੱਖ ਵਿਧਵਾਵਾਂ ਨੂੰ । ਪਰ ਅਫਸੋਸ, ਅਤਿ ਅਫਸੋਸ ਕਿ ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਭਾਰਤ ਦੀ ਘਟੀਆ ਰਾਜਨੀਤੀ ਦੇ ਨਾਲ ਸਾਡੀ ਬੇਕਦਰੀ ਸਿੱਖ ਲੀਡਰਸ਼ਿਪ ਨੇ ਅੱਜ ਤੱਕ 84 ਕਤਲੇਆਮ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਇਨਸਾਫ ਦੇਣ ਜਾਂ ਦਿਵਾਉਣ ਦੀ ਥਾਂ ਅੱਜ ਤੱਕ ਸਿਰਫ ਗੰਦੀ ਰਾਜਨੀਤੀ ਖੇਡਦਿਆਂ ਹੋਇਆ ਆਪਣੀ ਸਿਆਸਤ ਦੀਆਂ ਰੋਟੀਆਂ ਹੀ ਸੇਕੀਆਂ ਹਨ ਅਤੇ ਹੁਣ ਵੀ ਸੇਕੀਆਂ ਜਾ ਰਹੀਆਂ ਹਨ।

ਖੇਦ ਹੈ ਕਿ ਪੰਥਕ ਮਖੌਟਾ ਪਾ ਕੇ ਵੋਟਾਂ ਇਕੱਠੀਆਂ ਕਰਨ ਵਾਲੀ ਸਾਡੀ ਅਖੌਤੀ ਪੰਥਕ ਸਰਕਾਰ ਨੇ ਹਮੇਸ਼ਾਂ 84 ਦੇ ਦਰਦ ਨੂੰ ਕਦੇ ਵੀ ਸੀਰੀਅਸ ਨਾ ਲੈ ਕੇ ਇੱਕ ਚੋਣ ਸਟੰਟ ਵਜੋਂ ਹੀ ਵਰਤਿਆ ਸੀ, ਵਰਤਿਆ ਜਾ ਰਿਹਾ ਹੈ ਅਤੇ ਵਰਤਿਆ ਜਾਵੇਗਾ । 84 ਤੋਂ ਬਾਅਦ ਆਗੂ ਵਿਹੂਣੀ ਕੌਮ ਨੇ ਧੋਖੇ ਖਾਧੇ, ਖਾ ਰਹੀ ਹੈ ਅਤੇ ਖਾਂਧੀ ਰਹੇਗੀ ਜਦ ਤੱਕ ਖੁਦ ਸੁਚੇਤ ਹੋ ਕੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਯੋਗ ਸਿੱਖ ਆਗੂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੀ ਜਾਂ ਸੱਚ ਝੂਠ ਪਹਿਚਾਨਣ ਦਾ ਉੱਦਮ ਉਪਰਾਲਾ ਨਹੀਂ ਕਰਦੀ।

ਮਸਲੇ ਤਾਂ ਬਹੁੱਤ ਨੇ ਕੌਮ ਵਿੱਚ, ਪਰ ਹੱਲ ਹੁੰਦਾ ਇੱਕ ਵੀ ਨਜ਼ਰ ਨਹੀਂ ਆ ਰਿਹਾ। 1984 ਸਿੱਖ ਕਤਲੇਆਮ ਵਿੱਚ ਜੋ ਨੁਕਸਾਨ ਕੌਮੀ ਪੱਧਰ ਤੇ ਸਿੱਖਾਂ ਦਾ ਕੀਤਾ ਗਿਆ ਉਸਦਾ ਖਮਿਆਜਾ ਅੱਜ ਵੀ ਕੌਮ ਭੁਗਤ ਰਹੀ ਹੈ । ਮੇਰਾ ਜਨਮ ਭਾਵੇਂ 1984 ਤੋਂ ਬਾਅਦ ਦਾ ਹੈ, ਮੈਂ ਕੁੱਝ ਵੀ ਦੇਖਿਆ ਨਹੀਂ ਪਰ ਜਿੰਨ੍ਹਾਂ ਕੁ ਹੁਣ ਤੱਕ ਬਜੁਰਗਾਂ ਕੋਲੋਂ ਸੁਣਿਆ ਅਤੇ ਪੜ੍ਹਿਆ ਇਹ ਸੱਭ ਪੜ੍ਹ ਸੁਣ ਕੇ ਹੀ ਖੂਨ ਖੌਲ ਜਾਂਦਾ ਹੈ, ਕਿ ਕਿਸ ਤਰ੍ਹਾਂ ਪਾਕ ਜ਼ਮੀਨ ਨੂੰ ਅਪਵਿੱਤਰ ਕਰਕੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਤੇ ਗੋਲੀਆਂ ਦਾ ਮੀਂਹ, ਟੈਂਕਾ, ਤੋਪਾਂ ਨਾਲ ਨੁਕਸਾਨੀ ਗਈ ਇਮਾਰਤ, ਸਮੁੱਚੀ ਕਾਇਨਾਤ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਸਰੂਪ ਨੂੰ ਵੀ ਗੋਲੀਆਂ ਨਾਲ ਛੱਲਣੀ ਕੀਤਾ ਗਿਆ, ਬੱਚੇ, ਬੁੱਢੇ, ਜਵਾਨ, ਬਹੂਆਂ, ਬੇਟੀਆਂ ਦੀ ਬੇਪੱਤੀ, ਪਵਿੱਤਰ ਸਰੋਵਰ ਨੂੰ ਮਲੀਨ ਕਰਕੇ ਕੀਤੀ ਗਈ ਘਿਨਾਉਣੀ ਹਰਕਤ ‘ਤੇ ਉਹ ਵੀ ਉਸ ਦੇਸ਼ ਵੱਲੋਂ ਜਿਸਨੂੰ ਆਜ਼ਾਦ ਕਰਵਾਉਣ ਲਈ ਇਸੇ ਪਵਿੱਤਰ ਸਥਾਨ ਤੋਂ ਅਰਦਾਸਾ ਕਰਕੇ ਅਤੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਆਪਣੀਆਂ ਜਾਨਾਂ ਦੀ ਆਹੂਤੀ ਦੇ ਕੇ ਆਜ਼ਾਦ ਕਰਵਾਇਆ ਗਿਆ ਸੀ।

ਬੇਸ਼ੱਕ ਸੰਨ 84 ਤੇ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਲਿਖੀਆਂ ਜਾ ਰਹੀਆਂ ਨੇ। ਪਰ ਅੱਜ ਤੱਕ ਵੀ ਇਸ ਸੱਚਾਈ ਨੂੰ ਅੱਖੋਂ ਪਰੋਖੇ ਰੱਖ ਕੇ ਸਬੰਧਿਤ ਦੋਸ਼ੀਆਂ ਦੀ ਨਿਸ਼ਾਨ ਦੇਹੀ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣਾ, ਉਲਟਾ ਜਥੇਦਾਰਾਂ ਦੀ ਪਦਵੀ ‘ਤੇ ਬੈਠ ਕੇ 1984 ਦੀਆਂ ਵਿਧਾਵਾਵਾਂ ਨੂੰ ਖੇਖਣਹਾਰੀਆਂ ਅਤੇ ਫੱਫੇਕੁੱਟਣੀਆਂ ਕਹਿ ਕੇ ਭੰਡਣਾ ਸਾਬਿਤ ਕਰਦਾ ਹੈ ਕਿ ਅੱਜ ਮੁੜ ਕੌਮ ਨੂੰ ਗਫਲਤ ਦੀਆਂ ਵਿੱਚੋਂ ਜਾਗਣ ਦਾ ਸਮਾਂ ਹੈ । ਅੱਜ ਐ ਮੇਰੀ ਕੌਮ ਦੇ ਨੌਜਵਾਨ ਬੇਸ਼ੱਕ ਤੂੰ ਸਫਾ ਚੱਟ ਹੋ ਕੇ ਹਾਜ਼ਰਾ ਵਾਰ ਗਾਈ ਜਾ “ਅਸੀਂ ਫੈਨ ਹਾਂ ਯਾਰੋ! ਭਿੰਡਰਾਂਵਾਲੇ ਬਾਬੇ ਦੇ” ਉਸਦਾ ਫਾਇਦਾ ਕੌਮ ਨੂੰ ਰੱਤੀ ਭਰ ਨਹੀਂ ਹੋਣਾ ਜਦ ਤੱਕ ਅਸੀਂ ਖੁਦ ਗੁਰੂ ਦੀ ਸੱਚੀ ਸੁੱਚੀ ਅਗਵਾਈ ਲੈ ਕੇ ਗੁਰਮਤਿ ਗਾਡੀ ਰਾਹ ਨਾ ਫੜ੍ਹਿਆ।

ਅੱਜ ਵੀ ਸਮਾਂ ਹਾਂ ਕਿ ਉਠ ਪੰਥ ਖਾਲਸਾ ਹੋਸ਼ ਮੇਂ ਆ ! ਔਰ ਨਬਜ਼ ਪਹਿਚਾਣ ਜ਼ਮਾਨੇ ਕੀ ! ਵੇਖ ਅੱਜੇ ਤੱਕ ਸਮੇਤ ਸਾਡੀਆਂ ਸਿਰਮੌਰ ਜਥੇਬੰਦੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਕਸਾਲਾਂ, ਡੇਰੇਦਾਰ, ਅਖੌਤੀ ਸਾਧਾਂ ਅਤੇ ਸੰਤ ਦੇ ਟੋਲੇ, ਅਖੌਤੀ ਪੰਥਕ ਸਰਕਾਰ ਜੋ 84 ਦੇ ਸਿੱਖ ਕਤਲੇਆਮ ਨੂੰ ਚੋਣ ਸਟੰਟ ਵਜੋਂ ਵਰਤਣ ਦਾ ਕੋਈ ਮੌਕਾ ਹੱਥੋਂ ਨਹੀਂ ਖੁੰਝਣ ਦੇਂਦੀ ਨੇ ਅੱਜ ਤੱਕ 1984 ਦੇ ਸਮੂਹ ਸ਼ਹੀਦਾਂ ਦੀ ਇੱਕ ਯਾਦਗਾਰ ਤੱਕ ਕਾਇਮ ਨਹੀਂ ਕਰ ਸਕੀ । ਪਰ ਦੂਜੇ ਪਾਸੇ ਝਾਤ ਮਾਰ ਕਿ ਇਹਨਾਂ 25 ਸਾਲਾਂ ਵਿੱਚ ਕਿੰਨੇ ਅਲੀਸ਼ਾਨ ਡੇਰੇ, ਅਖੋਤੀ ਸਾਧਾਂ ਸੰਤਾਂ ਦੇ ਜਨਮ ਅਸਥਾਨ, ਤਪ ਅਸਥਾਨ ਆਦਿਕ ਹੋਂਦ ਵਿੱਚ ਆ ਗਏ ਕਿ ਗਿਣਤੀ ਵਿੱਚ ਵੀ ਨਹੀਂ ਆਉਂਦੇ । ਨੌਜਵਾਨਾਂ ! ਸੁਚੇਤ ਹੋ ਅਤੇ ਗੁਰੂ ਗੋਬਿੰਦ ਸਿੰਘ ਦੇ ਅਸਲੀ ਵਾਰਿਸ ਬਣ ਕੇ ਪਤਿੱਤਪੁਣੇ ਨੂੰ ਛੱਡ ਕੇ, ਨਸ਼ਿਆਂ ਦਾ ਤਿਆਗ ਕਰਕੇ ਖੁਦ ਸਿੱਖ ਕੌਮ ਦੀ ਅਗਵਾਈ ਕਰ ਅਤੇ ਅਜੋਕੇ ਮਸੰਦਾਂ ਤੋਂ ਆਪਣੇ ਅਮੀਰ ਵਿਰਸੇ, ਗੁਰਦੁਆਰਾਂ ਪ੍ਰਬੰਧ ਆਦਿਕ ਆਜ਼ਾਦ ਕਰਵਾ ਇਹੀ ਆਪਣੇ ਸ਼ਹੀਦ ਹੋਏ ਮਾਵਾਂ, ਭੈਣਾ, ਭਰਾਵਾਂ, ਬਜ਼ੁਰਗਾਂ, ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਉਠ ਜਾਗ ਤੂੰ ! ਇਹ ਸੌਣ ਦਾ ਵੇਲਾ ਨਹੀਂ !!!

ਗੁਰੂ ਭਲੀ ਕਰੇ ।
ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top