Share on Facebook

Main News Page

ਬੀਬੀ ਬਾਦਲ ਦੇ ਤੁਰ ਜਾਣ ਤੋਂ ਬਾਅਦ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਤੁਰ ਜਾਣ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਇੱਕ ਚੁੱਪ-ਚੁਪੀਤੀ ਵਿਚਾਰਧਾਰਾ ਨੇ ਜਨਮ ਲਿਆ ਹੈ। ਮਾਮਲਾ ਮੌਤ ਜਿਹੇ ਦੁੱਖ ਭਰੇ ਵਿਸ਼ੇ ਨਾਲ ਜੁੜਿਆ ਹੋਣ ਕਰਕੇ ਸਭ ਨੇ ਸੰਜਮੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪੰਜਾਬ ਦੀ ਸਭਿਅਕ ਸੰਸਕ੍ਰਿਤੀ ਅਨੁਸਾਰ ਕਿਸੇ ਵੀ ਮਰ ਚੁੱਕੇ ਵਿਅਕਤੀ ਦੀ ਚੰਗੇ ਪੱਖਾਂ ਦੀ ਹੀ ਚਰਚਾ ਕਰਨ ਦਾ ਰਿਵਾਜ਼ ਹੈ ਜੇ ਕੋਈ ਵੀ ਵਿਅਕਤੀ ਉਸ ਦੇ ਚੰਗੇ ਜਾਂ ਮਾੜੇ ਦੋਨਾਂ ਪੱਖਾਂ ਦੀ ਸਾਰਥਿਕ ਤੁਲਨਾ ਕਰਦਾ ਹੈ ਤਾਂ ਵੀ ਤੱਤੇ-ਘਾਹ ਇਸ ਨੂੰ ਮ੍ਰਿਤਕ ਦੀ ਬਦਖੋਈ ਕਰਨਾ ਹੀ ਆਖਿਆ ਜਾਂਦਾ ਹੈ। ਇਸੇ ਵਿਧਾਨ ਅਨੁਸਾਰ ਸਰਦਾਰਨੀ ਸੁਰਿੰਦਰ ਕੌਰ ਦੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਹਰ ਸਿਆਸੀ ਪਾਰਟੀ ਅਤੇ ਬਹੁਤੀਆਂ ਧਾਰਮਿਕ ਸੰਸਥਾਵਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਦੀ ਘੜੀ `ਚ ਸਰੀਕ ਹੋਣ ਦਾ ਹਾਅ ਦਾ ਨਾਆਰਾ ਜ਼ਰੂਰ ਮਾਰਿਆ ਹੈ।

ਅਸੀਂ ਇਸ ਲੇਖ ਵਿੱਚ ਜੋ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਹ ਸਿੱਖ ਨੁਕਤਾ ਨਿਗਾਹ ਤੋਂ ਜੀਵਨ ਦੇ ਅਸਲ ਮਨੋਰਥ ਦੀ ਪ੍ਰਾਪਤੀ ਵਿੱਚ ਸਫਲਤਾ ਜਾਂ ਅਸਫਲਤਾ ਬਾਰੇ ਹੈ ਜਿਸ ਵਿੱਚ ਵਾਹ ਲਗਦੀ ਬੋਚਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ। ਸਰਦਾਰਨੀ ਸੁਰਿੰਦਰ ਕੌਰ ਦੇ 24 ਮਈ ਨੂੰ ਇੰਤਕਾਲ ਹੋ ਜਾਣ ਤੋਂ ਤੁਰੰਤ ਬਾਅਦ ਅਸੀਂ ਸ਼ੋਸਲ ਨੈਟਵਰਕ ਸਾਈਟ ਫੇਸਬੁੱਕ `ਤੇ ਪ੍ਰਸ਼ਨ ਪਾ ਕੇ ਪੂਰੀ ਦੁਨੀਆਂ `ਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੁੱਛਿਆ ਕਿ ਬੀਬੀ ਬਾਦਲ ਦੇ ਤੁਰ ਜਾਣ ਦਾ ਸਭ ਤੋਂ ਵੱਡਾ ਘਾਟਾ ਕਿਸ ਨੂੰ ਪਵੇਗਾ? ਸਾਡਾ ਆਪਣਾ ਵਿਚਾਰ ਸੀ ਕਿ ਵਾਹ-ਲਗਦੀ ਬਹੁਤੇ ਲੋਕ ਇਹ ਘਾਟਾ ਬਾਦਲ ਦੇ ਨਿੱਜੀ ਪਰਿਵਾਰ ਨੂੰ ਹੋਇਆ ਹੀ ਮੰਨਦੇ ਹੋਣਗੇ। ਪ੍ਰਾਪਤ ਨਤੀਜਿਆਂ ਤੋਂ ਹੈਰਾਨੀ ਹੋਈ ਕਿ 58 ਫੀਸਦੀ ਲੋਕਾਂ ਨੇ ਮੰਨਿਆ ਕਿ ਬੀਬੀ ਦੇ ਤੁਰ ਜਾਣ ਦਾ ਸਭ ਤੋਂ ਵੱਧ ਘਾਟਾ ਡੇਰੇਦਾਰਾਂ ਨੂੰ ਪਿਆ ਹੈ। ਇਸੇ ਤਰ੍ਹਾਂ 14. 33 ਫੀਸਦੀ ਲੋਕਾਂ ਦਾ ਵਿਚਾਰ ਸੀ ਕਿ ਇਹ ਘਾਟਾ ਬਾਦਲ ਪਰਿਵਾਰ ਨੂੰ ਪਿਆ ਹੈ। ਜਦਕਿ 18. 66 ਫੀਸਦੀ ਮੈਂਬਰਾਂ ਇਹ ਘਾਟਾ ਝੱਲਣ ਵਾਲੇ ਹੋਰ ਲੋਕ ਦਰਸਾਏ ਹਨ। ਇਹ ਗੱਲ ਸਾਫ ਹੈ ਕਿ ਇਸ ਸ਼ੋਸਲ ਨੈਟਵਰਕ ਦੇ ਮੈਂਬਰਾਂ ਦੇ ਕੋਈ ਰਾਜਸੀ ਮਨੋਰਥ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਸਿਰ ਉਤੇ ਕੋਈ ਅਜਿਹਾ ਕੁੰਡਾ ਹੈ ਜੋ ਉਹਨਾਂ ਨੂੰ ਚਾਪਲੂਸੀ ਕਰਨ ਲਈ ਮਜ਼ਬੂਰ ਕਰੇ। ਇਸ ਲਈ ਅਜ਼ਾਦ ਰੂਪ ਵਿੱਚ ਇਸ ਮੱਤਦਾਨ ਨੂੰ ਵੱਧ ਨਹੀਂ ਸਮਝਿਆ ਜਾ ਸਕਦਾ ਹੈ।

ਸਰਦਾਰਨੀ ਬਾਦਲ ਦੇ ਦਿਹਾਂਤ ਤੋਂ ਬਾਅਦ ਮੀਡੀਆ `ਚ ਛਪੀਆਂ ਬਾਦਲ ਪਰਿਵਾਰ ਦੇ ਗਮਗੀਨ ਹੋਣ ਦੀਆਂ ਤਸਵੀਰਾਂ ਨੇ ਇਹ ਸਾਫ ਕੀਤਾ ਕਿ ਭਾਵੇਂ ਕੋਈ ਦੇਸ਼-ਪ੍ਰਦੇਸ਼ ਜਾਂ ਦੁਨੀਆਂ ਦਾ ਹਾਕਮ ਵੀ ਕਿਉਂ ਨਾ ਹੋਵੇ ਪਰ ਉਸ ਲਈ ਆਪਣੇ ਪਰਿਵਾਰਕ ਜੀਅ ਦਾ ਵਿਛੋੜਾ ਅਸਹਿ ਹੁੰਦਾ ਹੈ। ਬੀਬੀ ਬਾਦਲ ਨੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਤਰੱਕੀ ਲਈ ਸਾਰੀ ਉਮਰ ਜੋ ਯਤਨ ਕੀਤੇ ਉਸ ਵਿੱਚ ਸਰਦਾਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ `ਤੇ ਸਥਾਪਿਤ ਕਰਨ ਅਤੇ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਪਦ ਤੱਕ ਪੁੱਜਦਾ ਕਰਨ ਦਾ ਅਹਿਮ ਯੋਗਦਾਨ ਹੈ। ਸਾਰੇ ਵਿਰੋਧੀ ਅਤੇ ਪੱਖੀ ਲੋਕ ਇਹ ਗੱਲ ਮੰਨਦੇ ਹਨ ਕਿ ਬੀਬੀ ਬਾਦਲ ਨੇ ਸਿੱਖ ਸਿਆਸਤ ਵਿੱਚ ਵਿਚਰਨ ਦੀ ਥਾਂ ਪਰਦੇ ਪਿੱਛੇ ਰਹਿ ਕੇ ਅਹਿਮ ਭੂਮਿਕਾ ਨਿਭਾਈ ਹੈ। ਸ਼ੋਸਲ ਨੈਟਵਰਕ ਫੇਸਬੁੱਕ ਦੇ ਮੈਂਬਰਾਂ ਦਾ ਮੱਤਦਾਨ ਵੀ ਇਸੇ ਗੱਲ ਵੱਲ ਧਿਆਨ ਖਿੱਚਦਾ ਹੈ ਕਿ ਉਹਨਾਂ ਸ੍ਰ. ਬਾਦਲ ਦੀ ਕੁਰਸੀ ਦੀ ਸਲਾਮਤੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣ ਦੀ ਚਾਹਨਾ ਨੇ ਕਈ ਅਜਿਹੇ ਕੰਮ ਵੀ ਕਰਵਾਏ ਜੋ ਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਅਨੁਸਾਰ ਸਨ ਅਤੇ ਨਾਂ ਹੀ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਨਾਲ ਮੇਲ ਖਾਂਦੇ ਸਨ।

ਸਗੋਂ ਇਸ ਦੇ ਉਲਟ ਇਹ ਦੋਨਾਂ ਕਰਮ ਕਾਰਜਾਂ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਸਨ। ਜਿਥੇ ਸਰਦਾਰਨੀ ਬਾਦਲ ਨੇ ਪਰਿਵਾਰਕ ਖੁਸ਼ਹਾਲੀ ਲਈ ਪੰਜਾਬ ਦੇ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਲਈ ਆਸ਼ੂਤੋਸ਼ ਜਿਹੇ ਸਿੱਖ ਧਰਮ ਦੇ ਦੁਸ਼ਮਣ ਨੂੰ ਹੱਲਾਸ਼ੇਰੀ ਦਿੱਤੀ ਉਥੇ ਗਲਤ ਢੰਗ ਨਾਲ ਮਾਇਆ ਇਕੱਠੀ ਕਰਨ ਦਾ ਦੋਸ਼ ਵੀ ਬੀਬੀ `ਤੇ ਲੱਗਦਾ ਰਿਹਾ ਹੈ। ਜੇਕਰ ਗਲਤ ਢੰਗ ਨਾਲ ਮਾਇਆ ਇਕੱਠੀ ਕਰਨ ਦੇ ਦੋਸ਼ਾਂ ਨੂੰ ਅਸੀਂ ਰੱਦ ਵੀ ਕਰ ਦੇਈਏ ਤਾਂ ਵੀ ਇੱਕ ਗੱਲ ਪੱਕੀ ਹੈ ਕਿ ਬਾਦਲ ਪਰਿਵਾਰ ਇਸ ਸਮੇਂ ਇੰਨੀ ਵੱਡੀ ਪੂੰਜੀ ਦਾ ਮਾਲਕ ਹੈ ਜਿਸ ਨਾਲ ਸਾਰਾ ਪੰਜਾਬ ਕੁੱਝ ਸਾਲ ਸੁਖ ਦੀ ਰੋਟੀ ਖਾ ਸਕਦਾ ਹੈ।

ਦੂਜੇ ਪਾਸੇ ਕੁਦਰਤ ਦੇ ਆਪਣੇ ਅਸੂਲ ਹਨ ਜੋ ਕਿਸੇ ਨਾਲ ਇਸ ਗੱਲੋਂ ਰਿਆਇਤ ਨਹੀਂ ਕਰਦੇ ਕਿ ਸਾਹਮਣੇ ਵਾਲਾ ਮਾਨਵ ਉੱਚ-ਅਹੁਦੇਦਾਰ ਜਾਂ ਦੇਸ਼ ਪ੍ਰਦੇਸ਼ ਦੇ ਖੁਸ਼ਹਾਲ ਵਿਅਕਤੀਆਂ `ਚੋਂ ਹੈ। ਬਿਲਕੁਲ ਇਸੇ ਤਰ੍ਹਾਂ ਬੀਬੀ ਬਾਦਲ ਨੂੰ ਵੀ ਕੁਦਰਤ ਨੇ ਭਿਆਨਕ ਰੋਗ ਦੀ ਗ੍ਰਿਫ਼ਤ `ਚ ਲੈ ਕੇ ਅਮੀਰੀ ਅਤੇ ਸੁਹਰਤ ਦੇ ਸਭ ਆਸਰੇ ਨਕਾਰਾ ਕਰ ਦਿੱਤੇ ਅਤੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਨੂੰ ਪੰਜਾਬ ਦੀ ਰਾਜਗੱਦੀ ਦਾ ਵਾਰਸ ਬਣਦਾ ਦੇਖਣ ਦੀ ਹਸ਼ਰਤ ਤੋਂ ਵੀ ਦੂਰ ਕਰ ਦਿੱਤਾ। ਇਸ ਸਾਰੇ ਘਟਨਾਕ੍ਰਮ ਤੋਂ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਅਸਲ ਮਕਸਦ ਤਾਂ ਹੀ ਸਫਲ ਸਮਝਿਆ ਜਾ ਸਕਦਾ ਹੈ ਜੇਕਰ ਉਸ ਨੇ ਆਪਣੇ ਜੀਵਨ `ਚ ਸਮਾਜ ਭਲਾਈ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਕਿਰਤ ਕਰਨ ਦੇ ਸਿਧਾਂਤ ਦੀ ਪਾਲਣਾ ਕੀਤੀ ਹੋਵੇ। ਵਰਨਾ ਆਪਣੇ ਪਰਿਵਾਰ ਲਈ ਸਿਧਾਂਤ ਦੀ ਬਲੀ ਚਾੜ ਕੇ ਕੀਤੀਆਂ ਬੇਨਿਯਮੀਆਂ ਅਤੇ ਪੈਸੇ ਦੀ ਖੁਸ਼ਹਾਲੀ ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਮੈਦਾਨ ਫਤਹਿ ਬਖਸ਼ ਸਕੇਗੀ। ਇਹ ਸਾਰੀ ਵਿਚਾਰ ਚਰਚਾ ਦਾ ਭਾਵ ਇਹ ਹੀ ਸਮਝਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਕੁਦਰਤ ਨੇ ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਤਾਕਤ ਦਿੱਤੀ ਹੈ ਤਾਂ ਇਸ ਦੀ ਵਰਤੋਂ ਲੋਕਹਿੱਤਾਂ ਲਈ ਕਰਨੀ ਚਾਹੀਦੀ ਹੈ ਇਸ ਨਾਲ ਇਕੱਲਾ ਪਰਿਵਾਰ ਹੀ ਨਹੀਂ ਸਗੋਂ ਪੂਰਾ ਸਮਾਜ ਅਤੇ ਭਾਈਚਾਰਾ ਵੀ ਤੁਹਾਡੇ ਕੀਤੇ ਕੰਮਾਂ ਨੂੰ ਲੰਮੇ ਸਮੇਂ ਤੱਕ ਯਾਦ ਕਰਕੇ ਰਾਹਦਸੇਰਾ ਸਮਝੇਗਾ। ਨਾਲ ਹੀ ਤੁਹਾਡਾ ਆਪਣਾ ਜੀਵਨ ਵੀ ਮਾਨਸਿਕ ਸੰਤੁਸ਼ਟੀ ਨਾਲ ਨੱਕੋ-ਨੱਕ ਭਰਿਆ ਰਹੇਗਾ।

ਗੁਰਸੇਵਕ ਸਿੰਘ ਧੌਲਾ
94632 16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top