Share on Facebook

Main News Page

ਕੀ ਸਿੱਖ ਕਦੇ ਆਪਣੇ ਹੱਕਾਂ ਦੀ ਰਾਖੀ ਵੀ ਕਰਨਗੇ?

ਗੱਲ ਗੁਰਦੁਆਰਾ ਰਕਾਬਗੰਜ ਦੇ ਸੁੰਦਰੀਕਰਨ ਦੀ ਹੋ ਰਹੀ ਹੈ, ਜਿਸ ਤੇ 335 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। (ਮਹਿੰਗਾਈ ਜਾਂ ਲੋੜ ਅਨੁਸਾਰ ਇਹ ਖਰਚਾ ਵੱਧ ਵੀ ਸਕਦਾ ਹੈ) ਇਸ ਬਾਰੇ ਵਿਚਾਰ ਨੂੰ ਲਾਂਭੇ ਰੱਖ ਕੇ, ਆਦਤ ਮੂਜਬ, ਆਗੂਆਂ ਵਲੋਂ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਹਨ। ਮੈਨੂੰ ਵੀ ਇਕ ਈ-ਮੇਲ ਆਈ ਸੀ ਕੀ ਇਹ ਪਾਰਕਿੰਗ ਬਣਨੀ ਚਾਹੀਦੀ ਹੈ ਜਾਂ ਨਹੀਂ ? ਦਿਲ ਕਹਿੰਦਾ ਸੀ ਨਹੀਂ, ਹੋਰ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਵਾਲੇ ਹਨ। ਦਿਮਾਗ ਕਹਿੰਦਾ ਸੀ ਇਸ ਵਿਚ ਕੁਝ ਵੀ ਉਸਾਰੂ ਸੋਚ ਅਨੁਸਾਰ ਨਹੀਂ ਹੈ। ਨਹੀਂ ਕਹਿਣ ਦਾ ਮਤਲਬ ਹੋਵੇਗਾ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਰਖਿਲਾਫ, ਵੱਡੇ ਠੱਗਾਂ (ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ) ਵਲੋਂ ਭੰਡੀ-ਪਰਚਾਰ ਦਾ ਭਾਗ ਬਣਨਾ।

ਉਸ ਵੇਲੇ ਤਾਂ ਏਨਾ ਹੀ ਲਿਖ ਕੇ ਸਾਰ ਲਿਆ ਜੇ ਇਸ ਵਿਚ ਕੋਈ ਸਿਆਸੀ ਚਾਲ ਨਹੀਂ ਹੈ, ਤਾਂ ਇਹ ਪਾਰਕਿੰਗ ਨਹੀਂ ਬਣਨੀ ਚਾਹੀਦੀ।

ਪਰ ਅੱਜ ਚਾਹੁੰਦਾ ਹਾਂ ਕਿ ਇਸ ਬਾਰੇ ਸੁਹਿਰਦ ਵੀਰਾਂ-ਭੈਣਾਂ ਨਾਲ ਜ਼ਰਾ ਵਿਸਤਾਰ ਵਿਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇਕ ਗੱਲ ਦਿਮਾਗ ਵਿਚ ਬੜੀ ਦੇਰ ਤੋਂ ਰੜਕਦੀ ਹੈ, ਜੋ ਸਿੱਖਾਂ ਨੂੰ ਬੁਧੂ ਬਣਾ ਕੇ, ਉਨ੍ਹਾਂ ਦੇ ਦਸਵੰਧ ਦੇ ਪੈਸੇ, ਠੀਕ ਢੰਗ ਨਾਲ ਵਰਤਣ ਦੀ ਥਾਂ, ਖਾਲੀ ਵਿਖਾਵੇ ਵਿਚ ਰੋੜ੍ਹਨ ਲਈ ਵਰਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ, ਜਦ ਸਿੱਖਾਂ ਦੇ ਘਰਾਂ ਵਿਚ ਸਾਰੀਆਂ ਸਹੂਲਤਾਂ ਹਨ, ਤਾਂ ਗੁਰੂ ਦੇ ਘਰ ਵਿਚ ਉਸ ਨਾਲੋਂ ਕਿਤੇ ਵੱਧ ਕਿਉਂ ਨਾ ਹੋਣ ? ਇਸ ਨੂੰ ਗੁਰਮਤਿ ਤੋਂ ਕੋਰੇ ਪਰਚਾਰਕ, ਗੁਰਦਵਾਰਿਆਂ ਦੇ ਪ੍ਰਬੰਧਕ, ਪੁਜਾਰੀ ਲਾਣਾ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਜਿਵੇਂ ਇਹ ਗੁਰਦਵਾਰੇ, ਗੁਰ ਵਿਅਕਤੀਆਂ ਦੀ ਰਹਾਇਸ਼ਗਾਹ ਹੋਣ, ਅਤੇ ਇਹ ਸਾਰੀਆਂ ਚੀਜ਼ਾਂ, ਗੁਰੂ ਸਾਹਿਬ ਦੀ ਨਿੱਜੀ ਵਰਤੋਂ ਵਿਚ ਆਉਣੀਆਂ ਹੋਣ। (ਜਿਥੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਗੱਲ ਹੈ, ਇਹ ਪੂਰਾ ਲਾਣਾ, ਗੁਰੂ ਸਾਹਿਬ ਦੀ ਇਕ ਗੱਲ ਵੀ ਮੰਨ ਕੇ ਰਾਜ਼ੀ ਨਹੀਂ ਹੈ)

ਫਿਰ ਭੋਲੀ-ਭਾਲੀ ਸਿੱਖ ਸੰਗਤ, ਫੋਕੀ ਸ਼ਰਧਾ ਵੱਸ, ਉਨ੍ਹਾਂ ਦੇ ਝਾਂਸੇ ਵਿਚ ਆ ਕੇ, ਅਜਿਹੇ ਕੰਮ ਵਿਚ ਆਪਣੀ ਵਿਤੋਂ ਬਾਹਰਾ ਸਹਿਯੋਗ ਦਿੰਦੀ ਹੈ। ਇਸ ਹਾਲਤ ਵਿਚ ਇਹੋ ਜਿਹੇ ਫਜ਼ੂਲ ਕੰਮਾਂ ਦਾ ਵਿਰੋਧ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋਚਦਾ ਹਾਂ ਕਿ ਕੀ ਸਿੱਖਾਂ ਨੇ, ਈਸਾਈਆਂ ਦੇ ਮੁਲਕਾਂ ਵਿਚ, ਜਿੱਥੇ ਉਹ ਨੌਕਰੀ ਕਰਨ ਲਈ ਧੱਕੇ ਖਾਂਦੇ ਫਿਰਦੇ ਹਨ, ਕਦੇ ਈਸਾਈਆਂ ਦੇ ਘਰ ਅਤੇ ਉਨ੍ਹਾਂ ਦੇ ਗਿਰਜੇ ਨਹੀਂ ਵੇਖੇ ? ਜਾਂ ਅਰਬ ਸ਼ੇਖਾਂ ਦਾ ਵੈਭਵ ਅਤੇ ਉਨ੍ਹਾਂ ਦੀਆਂ ਮਸਜਿਦਾਂ ਨਹੀਂ ਵੇਖੀਆਂ ? ਇਨ੍ਹਾਂ ਨੂੰ ਹਿੰਦੂ ਮੰਦਰ ਹੀ ਕਿਉਂ ਨਜ਼ਰ ਆਉਂਦੇ ਹਨ ? ਕਦੋਂ ਤਕ ਸਿੱਖ ਅਜਿਹੀਆਂ ਮੋਮੋ-ਠਗਣੀਆਂ ਵਿਚ ਫਸ ਕੇ, ਇਨ੍ਹਾਂ ਚਾਤਰ ਲੋਕਾਂ ਕੋਲੋਂ ਠੱਗ ਹੋ ਕੇ, ਆਰਥਿਕ ਅਤੇ ਸਮਾਜਿਕ ਤੌਰ ਤੇ, ਦੁਨੀਆ ਦੇ ਦੂਸਰੇ ਲੋਕਾਂ ਤੋਂ ਪਛੜਦੇ ਰਹਣਗੇ?

ਹੁਣ ਤਾਂ 80 % ਤੋਂ ਵੱਧ ਸਿੱਖ, ਆਰਥਿਕ ਤੰਗੀ ਕਾਰਨ, ਨਾ ਤਾਂ ਅਪਣੇ ਬੱਚਿਆਂ ਨੂੰ, ਉਚ ਸਿਖਿਆ ਦੇ ਪਾਉਂਦੇ ਹਨ, ਨਾ ਹੀ ਸਮਾਜਿਕ ਤਰੱਕੀ ਕਰਨ ਦੇ ਲਾਇਕ ਹਨ, ਜਿਸ ਦਾ ਸਿੱਟਾ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤਕ ਨਾ ਤਾਂ ਇੰਸਾਫ ਮਿਲ ਸਕਿਆ ਹੈ, ਨਾ ਹੀ ਚੰਗਾ ਰੋਜ਼ਗਾਰ ਮਿਲਿਆ ਹੈ, ਨਾ ਹੀ ਉਨ੍ਹਾਂ ਦੇ ਬੱਚਿਆਂ ਲਈ ਉਚੇਰੀ ਵਿਦਿਆ ਹਾਸਲ ਕਰਨ ਦੇ ਸਾਧਨ ਹੀ ਉਪਲੱਬਧ ਹੋ ਪਾਏ ਹਨ। ਹੋਰ ਤਾਂ ਹੋਰ ਉਨ੍ਹਾਂ ਵਿਚਾਰਿਆਂ ਨੂੰ ਤਾਂ ਆਪਣੀ ਜਾਨ ਦਾ ਵੀ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ।

ਸਿਆਸੀ ਲੋਕਾਂ ਦੀਆਂ ਜੁੱਤੀਆਂ ਚੱਟ ਕੇ, ਸਿੱਖਾਂ ਦੇ ਦਸਵੰਧ ਵਿਚੋਂ ਲੱਖਾਂ ਰੁਪਏ ਮਹੀਨਾ ਲੈਣ ਵਾਲਿਆਂ ਨੂੰ 84 ਦੀਆਂ ਵਿਧਵਾਵਾਂ, ਕਿਸੇ ਮਦਦ ਲਈ ਬੇਨਤੀ ਕਰਦੀਆਂ ਵੀ, ਖੇਖਨ ਕਰਦੀਆਂ ਨਜ਼ਰ ਆਉਂਦੀਆਂ ਹਨ। (ਜਦ ਕਿ ਪੰਥ ਨੂੰ, ਉਨ੍ਹਾਂ ਦੇ ਕਹੇ ਬਿਨਾ ਹੀ, ਉਨ੍ਹਾਂ ਨੂੰ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ, ਜੋ ਆਮ ਸਿੱਖਾਂ ਨੂੰ ਹਾਸਲ ਹਨ।) ਸਿੱਖਾਂ ਦੀ ਅਜਿਹੀ ਹਾਲਤ ਨੂੰ ਵੇਖਦੇ ਹੋਏ, ਕੀ ਇਹ ਪੈਸੇ ਵਿਖਾਵੇ ਤੇ ਰੋੜ੍ਹਨੇ ਜਾਇਜ਼ ਹਨ?

ਯਹੂਦੀਆਂ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਅਤੇ ਸੈਂਕੜੇ ਵਾਰ ਦੇ ਕਤਲੇਆਮ ਮਗਰੋਂ 1948 ਵਿਚ ਆਪਣਾ ਘਰ ਮਿਲਿਆ ਸੀ। ਉਨ੍ਹਾਂ ਦਾ ਮੁਲਕ ਦੁਨੀਆ ਦੇ ਨਕਸ਼ੇ ਤੇ, ਇਜ਼ਰਾਈਲ ਦੇ ਰੂਪ ਵਿਚ ਆਜ਼ਾਦ ਹੋਇਆ। ਕਿਉਂਕਿ ਉਸ ਵੇਲੇ ਦੁਨੀਆ ਦੇ ਸਾਰੇ ਮੁਲਕਾਂ ਦੇ ਉੱਘੇ ਸਾਇੰਸ-ਦਾਨ ਯਹੂਦੀ ਸਨ, ਇਸ ਲਈ ਕੌਮ ਬੜੀ ਅਮੀਰ ਸੀ। ਉਨ੍ਹਾਂ ਨੇ ਯੋਰੋਸ਼ਿਲਮ ਵਿਚ ਇਕ ਇਕੱਠ ਕੀਤਾ, ਜਿਸ ਵਿਚ 1948 ਵੇਲੇ ਦੇ 3600 ਕਰੋੜ ਡਾਲਰ, ਇਕੱਠੇ ਕਰ ਕੇ ਅਪਣੇ ਧਰਮ-ਗੁਰੂ ਨੂੰ ਦਿੱਤੇ ਅਤੇ ਕਿਹਾ ਇਸ ਨਾਲ ਸਾਡੇ ਰੱਬ ਦਾ ਅਜਿਹਾ ਘਰ ਬਣਾਉ, ਜਿਸ ਵਰਗਾ ਦੁਨੀਆ ਵਿਚ ਦੂਸਰਾ ਕੋਈ ਨਾ ਹੋਵੇ। ਪਰ ਸਿੱਖਾਂ ਨੂੰ ਛੱਡ ਕੇ, ਬਾਕੀ ਸਾਰੇ ਫਿਰਕਿਆਂ ਦੇ ਆਗੂ ਬੜੇ ਸਿਆਣੇ ਹਨ, ਉਨ੍ਹਾਂ ਦੇ ਧਰਮ ਗੁਰੂ ਨੇ ਕਿਹਾ ਏਨੇ ਥੋੜੇ ਜਿਹੇ ਪੈਸਿਆ ਨਾਲ ਅਜਿਹਾ ਘਰ ਨਹੀਂ ਬਣ ਸਕਦਾ, ਜਿਥੋਂ ਪਰਮਾਤਮਾ ਬਾਰੇ ਸੋਝੀ ਹੋ ਸਕੇ।

ਯਹੂਦੀਆਂ ਨੇ ਕਿਹਾ ਤੁਸੀਂ ਸ਼ੁਰੂ ਤਾਂ ਕਰੋ, ਜਿੰਨੇ ਪੈਸੇ ਚਾਹੀਦੇ ਹੋਣਗੇ, ਅਸੀਂ ਦਿਆਂਗੇ ਉਨ੍ਹਾਂ ਦੇ ਧਰਮ-ਗੁਰੂ ਨੇ ਕਿਹਾ ਇਹ ਪੈਸੇ ਲੈ ਜਾਵੋ, ਇਨ੍ਹਾਂ ਨਾਲ ਸਕੂਲ, ਕਾਲਜ, ਯੂਨੀਵਰਸਟੀਆਂ ਖੋਲ੍ਹੋ, ਜਿਨ੍ਹਾਂ ਵਿਚੋਂ ਯਹੂਦੀ ਬੱਚੇ-ਬੱਚੀਆਂ ਨੂੰ ਮੁਫਤ ਪੜ੍ਹਾਈ ਉਪਲਭਦ ਹੋਵੇ। ਜਦੋਂ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਤਾਂ ਉਨ੍ਹਾਂ ਨੂੰ ਆਪੇ ਹੀ ਪਰਮਾਤਮਾ ਬਾਰੇ ਗਿਆਨ ਹੋ ਜਾਵੇਗਾ (ਕੀ ਕਦੇ ਸਿੱਖ ਆਗੂ ਵੀ ਇਸ ਪੱਧਰ ਤਕ ਸੋਚ ਸਕਦੇ ਹਨ? ਜੇ ਕਦੇ ਸਿੱਖ ਅਜਿਹੀ ਪੇਸ਼ਕਸ਼, ਪਰਕਾਸ਼ ਸਿੰਘ ਬਾਦਲ, ਅਵਤਾਰ ਸਿੰਘ ਮੱਕੜ, ਜੋਗਿੰਦਰ ਸਿੰਘ ਵੇਦਾਂਤੀ ਜਾਂ ਗਿਆਨੀ ਗੁਰਬਚਨ ਸਿੰਘ ਨੂੰ ਕਰ ਦੇਣ ਤਾਂ ਉਨ੍ਹਾਂ ਦਾ ਇਕੋ ਹੀ ਸਰਲ ਜਿਹਾ ਜਵਾਬ ਹੋਵੇਗਾ ਤੁਸੀਂ ਇਹ ਸਾਰੇ ਪੈਸੇ ਮੇਰੇ ਖਾਤੇ ਵਿਚ ਜਮ੍ਹਾ ਕਰਵਾ ਦੇਵੋ, ਸਭ ਠੀਕ ਹੋ ਜਾਵੇਗਾ)।

ਹਾਲਾਂਕਿ ਮੈਂ ਜਾਣਦਾ ਹਾਂ ਕਿ ਸਾਡੇ ਰੌਲੀ ਪਾਉਣ ਨਾਲ ਕੁਝ ਨਹੀਂ ਹੋਣ ਵਾਲਾ, ਨਾ ਸਰਨਾ ਪਾਰਟੀ ਨੇ ਸਵਾ ਕੁੰਤਲ ਸੋਨਾ ਖੂਹ ਵਿਚ ਪਾਉਣ ਤੋਂ ਗੁਰੇਜ਼ ਕੀਤਾ ਸੀ, ਅਤੇ ਨਾ ਹੀ ਇਹ 335 ਕਰੋੜ ਰੁਪਏ ਰੋੜ੍ਹਨ ਦੀ ਆਪਣੀ ਅੜੀ ਛੱਡਣੀ ਹੈ। ਉਨ੍ਹਾਂ ਦੇ ਹੱਥ ਬਟੇਰਾ ਆਇਆ ਹੋਇਆ ਹੈ, ਉਨ੍ਹਾਂ ਉਸ ਨੂੰ ਇਵੇਂ ਹੀ ਹਲਾਲ ਕਰਨਾ ਹੈ, ਜਿਵੇਂ ਸ਼੍ਰੋਮਣੀ ਕਮੇਟੀ ਸਾਲ ਦੇ ਪੰਜ ਅਰਬ ਤੋਂ ਉਪਰ ਰੁਪਏ ਹਲਾਲ ਕਰਦੀ ਹੈ। ਜਿਵੇਂ ਕਾਰ-ਸੇਵਾ ਵਾਲੇ ਹਰ ਸਾਲ ਪੰਜ ਅਰਬ ਰੁਪਏ ਤੋਂ ਵੱਧ ਹਲਾਲ ਕਰਦੇ ਹਨ। ਜਿਵੇਂ ਸੰਤ ਯੁਨੀਅਨ ਦੇ ਸੰਤ-ਮਹਾਂਪੁਰਸ਼, ਬ੍ਰਹਮ-ਗਿਆਨੀ ਸਾਲ ਵਿਚ ਸਿੱਖਾਂ ਦੇ ਦਸਵੰਧ ਦੇ ਸੱਤ ਅਰਬ ਰੁਪਏ ਤੋਂ ਉਪਰ ਹਲਾਲ ਕਰ ਜਾਂਦੇ ਹਨ। ਜਿਵੇਂ ਘਰ-ਘਰ ਖੁਲ੍ਹੀਆਂ ਸਿੰਘ ਸਭਾਵਾਂ, ਹਰ ਸਾਲ ਸਿੱਖਾਂ ਦੇ ਖੂਨ ਪਸੀਨੇ ਦੀ ਕਮਾਈ ਦੇ 10 ਅਰਬ ਰੁਪਏ ਤੋਂ ਵੱਧ ਹਲਾਲ ਕਰ ਦੇਂਦੇ ਹਨ।

ਇਕ ਗੱਲ ਚੰਗੀ ਤਰ੍ਹਾਂ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਹ ਸਰਕਾਰਾਂ, ਇਹ ਪਰਸ਼ਾਸਨਿਕ ਅਧਿਕਾਰੀ, ਇਹ ਧਾਰਮਿਕ ਆਗੂ, ਤੁਹਾਡੀ ਤਰੱਕੀ ਵਿਚ ਮਦਦ ਕਰਨ ਲਈ ਨਹੀਂ ਹਨ। ਇਹ ਤਾਂ ਸਾਰੇ ਰਲ ਕੇ, ਤੁਹਾਡੀ ਤਰੱਕੀ ਵਿਚ ਰੋੜੇ ਅਟਕਾ ਕੇ, ਤੁਹਾਡੀ ਜੇਬ ਵਿਚੋਂ ਖੂਨ-ਪਸੀਨੇ ਦੀ ਕਮਾਈ ਕੱਢ ਕੇ, ਉਸ ਨੂੰ ਵਿਖਾਵਿਆਂ ਵਿਚ ਰੋੜ੍ਹਨ ਦੇ ਨਾਂ ਥੱਲੇ ਆਪਣੀਆਂ ਜੇਬਾਂ ਭਰ ਕੇ, ਤੁਹਾਨੂੰ ਕਾਬੂ ਵਿਚ ਰੱਖਣ ਲਈ ਹਨ। ਏਸੇ ਕਾਰਨ ਹੀ ਚਾਰੇ ਪਾਸੇ, ਬੇ-ਈਮਾਨੀ, ਲੁੱਟ-ਖੋਹ ਦਾ ਬਾਜ਼ਾਰ ਗਰਮ ਹੈ। ਇਸ ਤਰ੍ਹਾਂ ਹੀ ਅਸੀਂ ਸਾਰੇ ਆਪਸ ਵਿਚ ਲੜਦੇ, ਇਨ੍ਹਾਂ ਦੇ ਕੰਮ ਵਿਚ ਮਦਦ ਕਰ ਰਹੇ ਹਾਂ।

ਇਸ ਬਾਰੇ ਹੀ ਗੁਰੂ ਸਾਹਿਬ ਦਾ ਫੁਰਮਾਨ ਹੈ:

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (1288)
ਅਤੇ
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ (1288)

ਪਰ

ਜਿਥੈ ਜੀਆਂ ਹੋਸੀ ਸਾਰ॥ ਨਕੀ ਵਢੀ ਲਾਇਤਬਾਰ॥ (1288)
ਅਤੇ
ਸਤੀ ਪਾਪੁ ਕਰਿ ਸਤੁ ਕਮਾਹਿ॥ ਗੁਰ ਦੀਖਿਆ ਘਰਿ ਦੇਵਣਿ ਜਾਹਿ॥ (951)
ਅਤੇ
ਸਾਸਤੁ ਬੇਦੁ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥ ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੇ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ (951)
ਅਤੇ
ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥ (951)

ਏਸੇ ਕਰ ਕੇ ਇਨ੍ਹਾਂ ਵਿਚੋਂ ਕੋਈ ਨਹੀਂ ਚਾਹੁੰਦਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਜੁੜਨ।

ਏਨਾ ਸਾਰਾ ਕੁਝ ਸਾਮ੍ਹਣੇ ਹੁੰਦੇ ਹੋਏ ਵੀ, ਮੈਂ ਚਾਹੁੰਦਾ ਹਾਂ ਕਿ ਸੂਝਵਾਨ, ਸੁਚੇਤ ਸਿੱਖਾਂ ਨਾਲ ਪੈਸੇ ਦੀ ਮਹੱਤਤਾ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਜਾਣ, ਤਾਂ ਜੋ ਸਿੱਖ ਇਸ ਤਰ੍ਹਾਂ ਵੀ ਸੋਚਣਾ ਸਿੱਖਣ।

335 ਕਰੋੜ ਰੁਪਏ ਨਾਲ ਸਿੱਖਾਂ ਦੇ 40 ਪਿੰਡਾਂ ਵਿਚ, ਗਰਾਮ-ਸਮਾਜ ਦੀ ਜ਼ਮੀਨ ਤੇ, 10+2 ਦੇ ਸਕੂਲ ਉਸਾਰ ਕੇ, ਬੱਚਿਆਂ ਤੋਂ ਕੋਈ ਫੀਸ ਲਏ ਬਗੈਰ, ਇਨ੍ਹਾਂ ਨੂੰ ਲਗਾਤਾਰ ਚਲਾਇਆ ਜਾ ਸਕਦਾ ਹੈ। ਇਨ੍ਹਾਂ ਸਕੂਲਾਂ ਵਿਚ, ਹਰ ਸਾਲ, 5 ਦਾ ਹੋਰ ਵਾਧਾ ਕਰ ਕੇ ਇਨ੍ਹਾਂ ਦੀ ਗਿਣਤੀ 100 ਕੀਤੀ ਜਾ ਸਕਦੀ ਹੈ। ਏਵੇਂ ਇਸ ਪੈਸੇ ਨਾਲ 200 ਤੋਂ 300 ਪਿੰਡਾਂ ਦੇ ਬੱਚਿਆਂ ਨੂੰ, ਬਿਨਾ ਇਕ ਪੈਸਾ ਫੀਸ ਲਏ, ਲਗਾਤਾਰ ਪੜ੍ਹਾਇਆ ਜਾ ਸਕਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ 335 ਕਰੋੜ ਦਾ 335 ਕਰੋੜ ਰੁਪਈਆ ਵੀ ਹਰ ਵੇਲੇ ਤੁਹਾਡੇ ਕੋਲ ਰਹੇਗਾ। ਇਹ ਸਾਰਾ ਖਰਚਾ ਉਸ ਦੇ ਵਿਆਜ ਨਾਲ ਹੀ ਚਲਦਾ ਰਹੇਗਾ। ਪਰ ਇਹ ਸਭ ਕੁਝ ਤਾਂ ਹੀ ਕੀਤਾ ਜਾਵੇਗਾ, ਜੇਕਰ ਆਮ ਸਿੱਖ ਨੂੰ, ਦੁਨੀਆ ਦੇ ਮੁਕਾਬਲੇ ਤੇ ਖੜੇ ਕਰਨ ਦੀ ਚਾਹ ਹੋਵੇ। ਜੇ ਆਮ ਸਿੱਖ ਤਰੱਕੀ ਕਰ ਗਿਆ, ਜਾਗਰੂਕ ਹੋ ਗਿਆ ਤਾਂ ਇਨ੍ਹਾਂ ਲੀਡਰਾਂ, ਉਨ੍ਹਾਂ ਦੇ ਬੱਚਿਆਂ ਦੀ ਚੌਧਰ ਕਿਵੇਂ ਚੱਲੇਗੀ?

ਬਾਦਲ ਸਾਹਿਬ ਪੰਜਾਬ ਨੂੰ ਬੜੇ ਯੋਜਨਾ ਬੱਧ ਢੰਗ ਨਾਲ, ਪੜ੍ਹਾਈ ਨਾਲੋਂ ਤੋੜ ਰਹੇ ਹਨ, ਹਰ ਰੋਜ਼ ਪੰਜਾਬ ਵਿਚ ਟੀਚਰਾਂ ਦੀ ਪੁਲਸ ਹੱਥੋਂ ਬੇਇਜ਼ਤੀ, ਟੀਚਰਾਂ ਨੂੰ ਠੇਕੇ ਤੇ ਮੁਲਾਜ਼ਮ ਰੱਖਣਾ। ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਵਗਾਉਣਾ, ਆਪਣੇ ਪਿੰਡ ਵਿਚ ਠੇਕੇ ਖੋਲਣ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਸ ਵਲੋਂ ਕੁਟਾਪਾ ਕਿਸ ਚੀਜ਼ ਦਾ ਸੂਚਕ ਹੈ ? ਜੇ ਪੰਜਾਬੀ ਨਾ ਸੰਭਲੇ ਤਾਂ ਬਹੁਤ ਥੋੜੇ ਚਿਰ ਵਿਚ ਹੀ ਪੰਜਾਬੀ, ਘਸਿਆਰੇ ਹੋ ਕੇ ਰਹਿ ਜਾਣਗੇ।

ਜੇ 335 ਕਰੋੜ ਦੇ ਨਾਲ ਏਨਾ ਕੁਝ ਹੋ ਸਕਦਾ ਹੈ ਤਾਂ, ਲਗ-ਭਗ 30 ਅਰਬ ਰੁਪਏ ਸਾਲ ਦੇ, (ਜੋ ਐਸ.ਜੀ.ਪੀ.ਸੀ . / ਡੀ.ਐਸ. ਜੀ. ਪੀ. ਸੀ. / ਕਾਰ ਸੇਵਾ ਵਾਲੇ ਬਾਬੇ / ਡੇਰੇਦਾਰ ਸੰਤ-ਮਹਾਂਪੁਰਸ਼, ਬ੍ਰਹਮ-ਗਿਆਨੀ ਅਤੇ ਸਿੰਘ ਸਭਾਵਾਂ, ਹਰ ਸਾਲ ਵਿਖਾਵੇ ਵਿਚ ਰੋੜ੍ਹਦੇ ਹਨ) ਸਹੀ ਢੰਗ ਨਾਲ ਵਰਤਿਆਂ ਕੀ ਨਹੀਂ ਹੋ ਸਕਦਾ ? ਸਿੱਖ ਬੱਚੇ-ਬੱਚੀਆਂ ਨੂੰ ਵਿਦੇਸ਼ਾਂ ਦੀ ਕਮਾਈ ਦੀ ਝਾਕ ਵਿਚ, ਲੁੱਟ ਹੋਣ ਅਤੇ ਰਸਤਿਆਂ ਵਿਚ ਮਰਨ ਦੀ ਕੀ ਲੋੜ ਹੈ?

ਤਰੱਕੀ ਦਾ ਰਸਤਾ, ਸਿਰਫ ਤੇ ਸਿਰਫ ਗਿਆਨ ਵਿਚੋਂ ਹੀ ਸ਼ੁਰੂ ਹੁੰਦਾ ਹੈ, ਸੋਨੇ ਜਾਂ ਪੱਥਰ ਦੀਆਂ ਇਮਾਰਤਾਂ ਵਿਚੋਂ ਨਹੀਂ। ਜੇ ਬਚਣਾ ਚਾਹੁੰਦੇ ਹੋ ਤਾਂ, ਪੜ੍ਹਾਈ ਨਾਲ ਜੁੜੋ। ਉਸ ਆਸਰੇ ਬਾਬਾ ਨਾਨਕ ਜੀ ਦੀ ਸਿਖਿਆ ਨਾਲ ਜੁੜੋ, ਉਸ ਵਿਚ ਲੁੱਟ ਦੇ ਹਰ ਜਾਲ ਬਾਰੇ ਵਿਸਤਾਰ ਨਾਲ ਦੱਸਿਆ ਹੋਇਆ ਹੈ। ਨਾਲ ਹੀ ਉਸ ਤੋਂ ਬਚਣ ਦਾ ਰਾਹ ਵੀ ਦੱਸਿਆ ਹੋਇਆ ਹੈ। ਗਿਆਨ ਦਾ ਅਥਾਹ ਭੰਡਾਰ, ਕੋਲ ਹੁੰਦਿਆਂ ਵੀ ਲੁੱਟ ਹੋਣਾ, ਸਿਰਫ ਤੇ ਸਿਰਫ ਅਗਿਆਨਤਾ ਦਾ ਸੂਚਕ ਹੈ।

ਅਮਰਜੀਤ ਸਿੰਘ ਚੰਦੀ
ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top