Share on Facebook

Main News Page

ਰਾਮਦੇਵ ਨੇ ‘ਇਤਿਹਾਸ’ ਦੁਹਰਾਇਆ...?

ਬਾਬਾ ਫੌਜਾ ਸਿੰਘ ਨੂੰ ਜਦ ਰਾਮਦੇਵ ਦੇ ਜਨਾਨੀਆਂ ਦੇ ਕਪੜੇ ਪਾ ਕੇ ਦੌੜਨ ਦੀ ਖ਼ਬਰ ਮਿਲੀ ਤਾਂ ਬਾਬਾ ਅਪਣੇ ਖ਼ਬਰ ਦੱਸਣ ਲੱਗੇ ਮਿੱਤਰ ਨੂੰ ਕਹਿਣ ਲਗਾ ਕਿ ਬਾਬੇ ਵਿਚਾਰੇ ਕਿਹੜਾ ਕੋਈ ਜੱਗੋਂ ਤੇਰਵੀਂ ਕਰਤੀ ਇਹ ਤਾਂ ਇਸ ਦੇ ‘ਇਤਿਹਾਸ’ ਵਿੱਚ ਹੀ ਹੈ ਤੇ ‘ਇਤਿਹਾਸ’ ਕਹਿੰਦੇ ਅਪਣੇ ਆਪ ਨੁੂੰ ਦੁਹਰਾਉਂਦਾ ਸੋ ਬਾਬੇ ਤਾਂ ਅਪਣਾ ਸ਼ਾਨਮੱਤਾ ‘ਇਤਿਹਾਸ’ ਹੀ ਦੁਹਰਾਇਆ।

ਉਹ ਕਿਵੇਂ ਬਾਬਾ? ਮਿੱਤਰ ਦੀ ਦਿਲਚਸਪੀ ਵਧ ਗਈ।

ਭਗਵਤ ਪੁਰਾਣ ਕਹਿੰਦਾ ਕਿ ਕ੍ਰਿਸ਼ਨ ਜੀ ਨੂੰ ਇੱਕ ਗੋਪੀ ਇੰਨੀ ਪਸੰਦ ਆਈ, ਕਿ ਉਹ ਉਸ ਨੂੰ ਛੱਡ ਨਹੀਂ ਸੀ ਸਕਦੇ, ਪਰ ਸਦਾ ਲਈ ਉਹ ਕ੍ਰਿਸ਼ਨ ਜੀ ਕੋਲੇ ਰਹਿ ਨਹੀ ਸੀ ਸਕਦੀ, ਤੇ ਆਖਰ ਉਸ ਦੇ ਲਾਵਾਂ ਫੇਰੇ ਹੋ ਗਏ ਤੇ ਉਸਦੀ ਸੁਹਰਿਆਂ ਦੀ ਤਿਆਰੀ ਦੀ ਖ਼ਬਰ ਸੁਣ ਕੇ ਕ੍ਰਿਸ਼ਨ ਜੀ ਵੀ ਬਿਹਬਲ ਹੋ ਗਏ ਤੇ ਆਖਰ ਉਹ ਸੋਚੀ ਤਰਕੀਬ ਮੁਤਾਬਕ ਜਨਾਨੀਆਂ ਦੇ ਕਪੜੇ ਪਾ ਏ ਤੇ ਗੋਲੀ ਬਣਕੇ ਕੁੜੀ ਦੇ ਸਹੁਰੇ ਜਾ ਕੇ ਉਸ ਨਾਲ ਹਨੀਮੂਨ ਮਨਾਉਂਦੇ ਰਹੇ। ਇਹ ਤਾਂ ਚਲੋ ਭਗਵਨ ਦੀ ਲ੍ਹੀਲਾ ਸੀ ਬਈ।

ਕਹਿੰਦੇ ਜਦ ਦੇਵਤਿਆਂ ਦੈਂਤਾਂ ਸਮੁੰਦਰ ਰਿੜਕਿਆ ਤਾਂ ਸ਼ਰਾਬ-ਅੰਮ੍ਰਿਤ ਵੀ ਉਸ ਵਿਚੋਂ ਨਿਕਲੇ। ਮਸਲਾ ਹੁਣ ਵੰਡਣ ਦਾ ਸੀ, ਪਰ ਦੇਵਤਿਆਂ ਦੇ ਮਨ ਬੇਈਮਾਨੀ ਸੀ, ਉਹ ਅੰਮ੍ਰਿਤ ਦੈਂਤਾਂ ਨੂੰ ਦੇਣਾ ਨਹੀਂ ਸੀ ਚਾਹੁੰਦੇ ਤੇ ਆਖਰ ਭਗਵਨ ਜੀ ਫਿਰ ਕਿਸ ਮਰਜ ਦੀ ਦੁਆ ਤੇ ਵਿਸ਼ਨੂੰ ਜੀ ਨੇ ਖੀਰ ਸਮੁੰਦਰ ਚੋਂ ਅੱਖ ਖੋਹਲੀ ਤੇ ਲੱਤਾਂ ਘੁੱਟਦੀ ਲਛਮੀ ਜੀ ਨੂੰ ਕਹਿਣ ਲੱਗੇ ਕਿ ਭਗਤ ਅਪਣੇ ਮੁਸੀਬਤ ਵਿਚ ਨੇ ਮੈਨੂੰ ਆਪਣੇ ਕਪੜੇ ਦੇ।

ਸੁਆਮੀ ਜੀ ਮੇਰੇ ਕਪੜੇ ਕੀ ਕਰਨੇ ਤੁਸੀਂ ਜਨਾਨੀਆਂ ਵਾਲੇ?
ਮੈਂ ਮੋਹਣੀ ਰੂਪ ਧਾਰਨਾ ਨਹੀ ਤਾਂ ਦੈਂਤ ਕਾਬੂ ਨਹੀ ਆਉਂਣੇ।
ਤੇ ਮੈਂ ਹੀ ਚਲੇ ਜਾਂਦੀ ਹਾਂ ਤੁਸੀਂ ਜਰੂਰ ਔਰਤ ਬਣਨਾ?

ਨਹੀ ਬਈ ਤੇਰੇ ਜਾਣ ਨਾਲ ‘ਸ਼ਾਨਮੱਤਾ ਇਤਿਹਾਸ’ ਕਿਵੇਂ ਬਣੂੰ ਸੋ ਪਿਆਰੀ ਮੈਨੂੰ ਹੀ ਜਾਣਾ ਪੈਣਾ ਤੂੰ ਛੇਤੀ ਸਾੜੀ ਲੈ ਕੇ ਆ ਅਪਣੀ।

ਤੇ ਸੁੱਚਮੁਚ ਜਦ ਵਿਸ਼ਨੂੰ ਜੀ ਨੇ ਸੰਤਰੀ ਜਿਹੀ ਸਾੜੀ ਪਾ ਕੇ ਲੱਕ ਲਚਕਾਇਆ ਤਾਂ ਦੈਂਤ ਕਹਿੰਦੇ ਬਿਨਾ ਪੀਤੀ ਹੀ ਸ਼ਰਾਬੀ ਹੋਏ ਫਿਰਨ ਤੇ ਭਗਵਨ ਜੀ ਅਪਣਾ ਕੰਮ ਕਰਕੇ ਔਹ ਗਏ!

ਸੋ ਹੁਣ ਤੂੰ ਦੱਸ ਕਿ ਬਾਬਾ ਰਾਮਦੇਵ ਨੇ ਕੀ ਗੁਨਾਹ ਕੀਤਾ ਅਪਣਾ ‘ਇਤਿਹਾਸ’ ਦੁਹਰਾ ਕੇ।

ਬਾਬਾ ਫੌਜਾ ਸਿੰਘ ਦਾ ਪੰਜਾਬ ਰਹਿੰਦਾ ਇੱਕ ਰਿਸ਼ਤੇਦਾਰ ਰਾਮਦੇਵ ਦੇ ਹਉਕਿਆਂ ਜਿਹਿਆਂ ਤੇ ਬੜਾ ਆਸ਼ਕ ਸੀ ਉਸ ਅਪਣੀ ਗੱਡੀ ਮਗਰ ਵੀ ਲਿਖਾਇਆ ਹੋਇਆ ਸੀ, ‘ਕਰੋ ਜੋਗਾ ਰਹੋ ਨਿਰੋਗਾ’। ਤੇ ਜਦ ਰਾਮਦੇਵ ਕੁਰੱਪਸ਼ਨ ਵਿਰੁਧ ਝੰਡਾ ਚੁੱਕੀ ਫਿਰਦਾ ਸੀ ਬਾਬਾ ਫੌਜਾ ਸਿੰਘ ਉਸ ਸਮੇ ਪੰਜਾਬ ਉਸ ਦੇ ਹੀ ਘਰ ਠਹਿਰਿਆ ਹੋਇਆ ਸੀ ਤਾਂ ਉਹ ਘਰੇ ਟੀ.ਵੀ. ਅਗੇ ਬੈਠਾ ਹੀ ਜਲਾਲ ‘ਚ ਆਇਆਂ ਰਹਿੰਦਾ ਸੀ ਕਿ ਬਸ ਹੁਣ ਇਨਕਲਾਬ ਆਇਆ ਕਿ ਆਇਆ!!

ਬਾਬੇ ਬਥੇਰਾ ਕਿਹਾ ਕਿ ਇਨ੍ਹਾਂ ਲੂੰਗੀਆਂ ਨਾ ਕਦੇ ਕੋਈ ਇਨਕਲਾਬ ਹਾਲੇ ਤੱਕ ਲਿਆਂਦਾ ਨਾ ਲਿਆਉਂਣਾ ਗਜਨਵੀਂਆਂ ਤੋਂ ਲੈ ਕੇ ਬਾਬਰਾਂ-ਨਾਦਰਾਂ-ਅਬਦਾਲੀਆਂ ਤੱਕ ਨਿਗਾਹ ਮਾਰ ਲੈ। ਹਾਂਅ! ਭਗਵਾਂ ਅੱਤਵਾਦ ਭਵੇਂ ਲੈ ਆਏ ਪਰ ਉਹ ਨਹੀ ਮੰਨਿਆ।

ਯਾਰ ਤੁਸੀਂ ਅੱਖ ਨੂੰ ਮੋਕਲੀ ਕਰਕੇ ਨਹੀ ਦੇਖਦੇ ਹਰੇਕ ਗਲੇ ਨੁਕਸ ਜਾਪਣ ਲੱਗਦਾ ਤੁਹਾਨੂੰ। ਗੱਲ ਦੇਖ ਬਾਬਾ ਕਿੰਨੀ ਜੁਅਰਤ ਨਾਲ ਕਰਦਾ ਪੱੜਛੇ ਲਾਹ ਲਾਹ ਰੱਖੀ ਜਾਂਦਾ। ਉਹ ਕੁਝ ਜਿਆਦਾ ਹੀ ਭਾਵੁਕ ਸੀ ਰਾਮਦੇਵ ਦੇ ‘ਇਨਕਲਾਬ’ ਤੋਂ।

ਬਾਬਾ ਤੇਰਾ ਜਿਆਦਾ ਹਵਾ ‘ਚ ਆ ਗਿਆ। ਦੇਸ਼ ਭਗਤੀ ਦੇ ਗਾਣਿਆਂ ਉਪਰ ਨੱਚਣ ਵਾਲੀਆਂ ਤੇਰੀਆਂ ਨਚਾਰ ਭੀੜਾਂ ਦੌੜਨ ਲੱਗਿਆਂ ਮਿੰਟ ਨਹੀ ਲਾਉਂਣਾ ਇਹ ਪਾਕਿਸਤਾਨ ਦੀ ਜੰਗ ਵੇਲੇ ਨੀਕਰਾਂ ਲਾਹ ਲਾਹ ਭੱਜੇ ਸਨ ਤੂੰ ਨਾ ਜ਼ਿਦ ਕਰ ਮਰ ਮਿੱਟਣ ਲਈ ਪਿੱਛੇ ਕੋਈ ਇਤਿਹਾਸ ਦਾ ਥੰਮ ਵੀ ਚਾਹੀਦਾ ਜਿਥੋਂ ਬੰਦੇ ਪ੍ਰੇਰਨਾ ਲਏ ਪ੍ਰੇਰਨਾ ਕੀ ਇਹ ਗੋਪੀਆਂ ਦੀ ਲੀਲ੍ਹਾਂ ਤੋਂ ਲੈਣਗੇ ਜਾਂ ਹਾਥੀ ਦਾ ਮੂੰਹ ਲਾਈ ਫਿਰਦੇ ਗਣੇਸ਼ ਸ੍ਰੀ ਤੋਂ?
ਨਹੀ ਬਾਬਾ! ਇਸ ਵਾਰੀ ਇੱਟ ਡਿੱਗੀ ਸੁੱਕੀ ਨਹੀ ਨਿਕਲਣੀ ਬੰਦਾ ਕੋਈ ਤਾਂ ਬੋਲਿਆ ਨਾਲੇ ਉਂਝ ਵੀ ਜਦ ਧਰਤੀ ਤੇ ਪਾਪ ਬਹੁਤ ਵਧ ਜਾਣ ਕੋਈ ਧਰਮੀ ਪੁਰਸ਼ ਉੱਠਦਾ ਹੀ ਰਿਹਾ ਹੈ ਆਖਰ ਧਰਤੀ ਦੀ ਵੀ ਤਾਂ ਪੁਕਾਰ ਸੁਣੀ ਹੀ ਗਈ ਹੋਵੇਗੀ। ਉਹ ਹਕੀਕਤ ਚੋਂ ਨਿਕਲ ਮਿਥਿਹਾਸ ਵਿੱਚ ਚਲੇ ਗਿਆ। ਧਰਤੀ ਦਾ ਵਿਸ਼ਨੂੰ ਕੋਲੇ ਪੁਕਾਰ ਕਰਨ ਜਾਣ ਵਰਗੀਆਂ ਕਹਾਣੀਆਂ ਸੁਣ ਸੁਣ ਕਰੀਬਨ ‘ਸਿੱਖਾਂ’ ਦੀ ਸੋਚ ਵੀ ਖੁੰਡੀ ਹੋ ਚੁੱਕੀ ਹੋਈ ਹੈ ਜਿਹੜੇ ‘ਅਪਣੇ ਹਥੀਂ ਅਪਣਾ ਆਪੇ ਹੀ ਕਾਜ ਸਵਾਰੀਏ’ ‘ਚ ਵਿਸਵਾਸ਼ ਨੂੰ ਛੱਡ ਧਰਤੀ ਉਪਰ ਕਿਸੇ ਕਲੀ ਜਾਂ ਨੇਹਕਲੰਕੀ ਅਵਤਾਰ ਵਲ ਮੂੰਹ ਚੁੱਕੀ ਫਿਰਦੇ ਹਨ।

ਬਾਬਾ ਉਥੇ ਬੈਠਾ ਹੀ ਕੁਝ ਦਿਨ ਪਹਿਲਾਂ ‘ਆਸਥਾ’ ਟੀ.ਵੀ. ਉਪਰ ਰੰਗ-ਬਰੰਗੇ ਭਗਵੀਆਂ ਦੀਆਂ ਬੇਥਵੀਆਂ ਸੁਣ-ਸੁਣ ਹੈਰਾਨ ਹੋ ਰਿਹਾ ਸੀ ਜਿਹੜੇ ਧਰਤੀ ਉਪਰ ਬਹੁਤ ਘੋਰ ਪਾਪ ਵਧ ਜਾਣ ਦੀ ਦੁਹਾਈ ਮਚਾ ਰਹੇ ਸਨ, ਇੰਨੇ ਪਾਪ ਕਿ ਧਰਤੀ ਕੰਬ ਰਹੀ ਸੀ, ਡੋਲ ਰਹੀ ਸੀ, ਜਪਾਨ ਤਬਾਹ ਹੋ ਰਿਹਾ ਸੀ, ਬਾਕੀ ਬੱਚਦੀ ਧਰਤੀ ਵੀ ਬੱਅਸ ਗਈ ਗਈ ਕਿ ਗਈ। ਵਧੇ ਪਾਪਾਂ ਦਾ ਨਕਸ਼ਾ ਉਨ੍ਹੀ ਇੰਝ ਖਿੱਚਿਆ ਕਿ ਸੁਣਨ ਵਾਲੇ ਨੂੰ ਜਾਪਣ ਲੱਗਾ ਕਿ ਪਾਪਾਂ ਦੇ ਭਾਰ ਹੇਠ ਜੀਵਨ ਲੀਲ੍ਹਾ ਹੁਣ ਖਤਮ ਹੀ ਸਮਝੋ।

ਤੇ ਆਖਰ ਪਾਪਾਂ ਕਾਰਨ ਮੱਚੀ ਹੋਈ ਹਾਹਾਕਾਰ ਦਾ ਕਾਰਨ ‘ਖੋਦਿਆ ਪਹਾੜ ਨਿਕਲਿਆ ਚੂਹਾ’ ਵਰਗਾ ਸੀ ਅਖੇ ਗਊ ਬੱਧ ਬਹੁਤ ਹੋ ਰਿਹਾ ਹੈ ਭੂਮੀ ਉਪਰ ਇਸ ਕਾਰਨ ਧਰਤੀ ਹੁਣ ਭਾਰ ਨਹੀ ਚੁੱਕ ਰਹੀ!! ਤੇ ਉਨ੍ਹੀ ਜਪਾਨ ਵਾਲੀ ‘ਸਾੜ੍ਹਸਤੀ’ ਵੀ ਅਵਾਰਾ ਫੰਡਰ ਫਿਰਦੀਆਂ ਗਊ ‘ਮਤਾਵਾਂ’ ਦੇ ਖਾਤੇ ਹੀ ਪਾ ਦਿੱਤੀ ਅਤੇ ਮੁੜ ਪੁਰਾਣੇ ਨਕਲੀ ਖਾਲਿਸਤਾਨੀਆਂ ਵਾਗੂੰ ਦੇਹ ਨਾਹਰੇ ਤੇ ਨਾਹਰਾ ਕਿ ਭਾਰਤ ਵਰਸ਼ ਮੇਂ ਗਊ ਬੱਧ ਨਹੀ ਹੋਣੇ ਦੇਂਗੇ। ਨਹੀ ਹੋਣੇ ਦੇਂਗੇ। ਤੇ ਸਾਰੇ ਪੰਡਾਲ ਦੇ ਨਾਹਰਿਆਂ ਦੀ ਗੁੰਜ ਤੋਂ ਜਾਪਦਾ ਸੀ ਜਿਵੇਂ ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਤੇ ਗੁੰਝਲਾਂ ‘ਗਊ ਮਾਤਾ’ ਦੇ ਬੱਧ ਤੋਂ ਹੀ ਹੋ ਰਹੀਆਂ ਹਨ। ਤੇ ਆਖਰ ਜਦ ਉਹ ਨਾਹਰੇ ਮਾਰ ਮਾਰ ਹੱਫ ਗਏ ਤਾਂ ਉਨ੍ਹਾਂ ਕਾਲਕੀ ਅਵਤਾਰ ਦੇ ਧਰਤੀ ਉਪਰ ਆ ਕੇ ‘ਪਾਪੀਆਂ’ ਦੇ ਨਾਸ ਕਰਨ ਦੀਆਂ ਅਰਦਾਸਾਂ ਦੀ ਦੁਹਾਈ ਚੁੱਕ ਦਿੱਤੀ। ਤੇ ਨਾਲ ਹੀ ਕਾਲਕੀ ਜੀ ਮਹਾਰਾਜ ਨੂੰ ਇਕ ਮਿਹਣਾ ਵੀ ਕੱਢ ਮਾਰਿਆ ਕਿ ਅਸੀਂ ਤਾਂ ਔਖੇ ਸੌਖੇ ਕੱਟ ਲਾਂ ਗੇ ਪਰ ਹੇ ਭਗਵਨ ਜੇ ਕਿਤੇ ਤੂੰ ਨਾ ਬਹੁੜਿਆ ਤਾਂ ਲੁਕਾਈ ਨੂੰ ਤੇਰੇ ਉਪਰ ਹੀ ਸ਼ੱਕ ਹੋਣ ਲੱਗ ਜਾਣਾ ਹੈ ਸਾਡਾ ਕੀ ਜਾਣਾ ਹੈ!

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਲੁਕਾਈ ਵੀ ਕਿੰਨੀ ਅੰਨ੍ਹੀ ਹੈ ਜਿਸ ਨੂੰ ਹਾਲੇ ਤੱਕ ਵੀ ਅਜਿਹੇ ਭਗਵਨ ਤੇ ਸ਼ੱਕ ਨਹੀ ਹੋਇਆ ਜਿਹੜਾ ਇੱਕ ਦਰੋਪਤੀ ਦੀ ਸਾੜੀ ਲੈ ਤਾਂ ਆ ਗਿਆ ਪਰ ਅਬਦਾਲੀ ਵੇਲੇ ਹਜਾਰਾਂ ਦਰੋਪਤੀਆਂ ਨੰਗੀਆਂ ਹੀ ਗੱਡਿਆਂ ਨਾਲ ਬੰਨੀਆਂ ਜਾਂਦੀਆਂ ਦੇਖ ਅੱਖਾਂ ਮੀਚ ਗਿਆ!! ਜਿਹੜਾ ਅਪਣੀ ਔਰਤ ਪਿੱਛੇ ਤਾਂ ਲੰਕਾਂ ਫੂਕ ਆਇਆ ਪਰ ਉਸੇ ਮੁਲਖ ਦੀਆਂ ਹਜਾਰਾਂ ਧੀਆਂ ਨੂੰ ਕਾਬਲ ਦੀਆਂ ਮੰਡੀਆਂ ਤੋਂ ਟੱਕੇ ਟੱਕੇ ਨੂੰ ਵਿਕਦੀਆਂ ਦੀਆਂ ਚੀਖਾਂ ਸੁਣ ਕੰਨਾ ‘ਚ ਉਂਗਲਾਂ ਦੇ ਗਿਆ!

ਉਂਝ ਵੀ ਸੋਚਣ ਵਾਲੀ ਗੱਲ ਹੈ ਕਿ ਇਨ੍ਹਾਂ ਭੜੂਆਂ ਨੂੰ ਹਾਲੇ ਵੀ ਜੇ ਕਾਲਕੀ ਅਵਤਾਰ ਦੀ ਲੋੜ ਹੈ ਤਾਂ ਵਾਕਿਆਂ ਹੀ ਗੁਰਬਾਣੀ ਇਨ੍ਹਾਂ ਨੂੰ ਠੀਕ ਹੀ ਅੰਨ੍ਹੇ ਕਹਿ ਰਹੀ ਹੈ। ਬੰਦਾ ਪੁੱਛੇ ਰਾਜ ਤੁਹਾਡਾ, ਹਕੂਮਤ ਤੁਹਾਡੀ, ਜਿਹੜਾ ਅਵਾਜ ਕੱਢੇ ਫਾਹੇ ਤੁਸੀਂ ਟੰਗ ਦਿਓ, ਜੀਹਨੂੰ ਜੀਅ ਕਰੇ ਅੱਗ ਲਾ ਕੇ ਫੂਕ ਦਿੰਨੇ ਓਂ, ਜਿਸਦਾ ਜੀਅ ਕਰੇ ਮਸਜ਼ਦ ਢਾਹ ਦਿਓ, ਗੁਰਦੁਆਰਾ ਢਾਹ ਦਿਓ, ਜਿਸ ਦੇ ਮਰਜੀ ਗਲ ਗੂਠ ਦੇ ਦਿਓ, ਦੁਨੀਆਂ ਭਰ ਦੀਆਂ ਫੌਜਾਂ-ਤੋਪਾਂ ਇਕੱਠੀਆਂ ਕੀਤੀਆਂ ਪਈਆਂ ਹਾਲੇ ਵੀ ਕਾਲਕੀ ਵਰਗਾ ਛੁਣਛੁਣਾ ਜੇ ਚਾਹੀਦਾ ਤਾਂ ਇਹ ਧਰਤੀ ਫਿਰ ਕਦੇ ਵੀ ‘ਪਾਪਾਂ’ ਤੋਂ ਮੁਕਤ ਨਹੀ ਹੋ ਸਕਦੀ।

ਬਾਬਾ ਫੌਜਾ ਸਿੰਘ ਇਕ ਦਿਨ ਦੇਖ ਰਿਹਾ ਸੀ ਕਿ ਰਾਮਦੇਵ ਦੀ ਸਟੇਜ ਤੇ ਇੱਕ ਬਾਂਦਰ ਆਣ ਚੜ੍ਹਿਆ ਜਾਂ ਲੋਕਾਂ ਨੂੰ ਮੂਰਖ ਬਣਾਉਂਣ ਲਈ ਚੜ੍ਹਾਇਆ ਗਿਆਂ ਤੇ ਰਾਮਦੇਵ ਜੀ ਇਨੇ ਨਾਲ ਹੀ ਬਾਗੋ-ਬਾਗ ਨਿਹਾਲੋ ਨਿਹਾਲ ਹੋਈ ਫਿਰਨ ਜਿਵੇਂ ਹੰਨੂਮਾਨ ਜੀ ਕਾਂਗਰਸੀਆਂ ਦੀ ਲੰਕਾਂ ਖੁਦ ਸਾੜਨ ਆ ਪਧਾਰੇ ਸਨ। ਉਹ ਬਜਾਇ ਇਸ ਦੇ ਕਿ ਅਪਣੀਆਂ ਹੀ ਜੂੰਆਂ ਚੁਗ-ਚੁਗ ਖਾ ਰਹੇ ਬਾਂਦਰ ਨੂੰ ਉਥੋਂ ਦੁੜਾਉਂਦੇ ਸਗੋਂ ਉਹ ਹੁਭ-ਹੁਭ ਕੇ ਭਗਨਵ ਦੀ ਲੀਲ੍ਹਾਂ ਕਹਿ ਕਹਿ ਅਪਣੀ ਲੂੰਗੀ ਦਾ ਦਵਾਲਾ ਕੱਢ ਰਹੇ ਸਨ।

ਜੋ ਵੀ ਸੀ ਰਾਮਦੇਵ ਦੇ ਸ਼ਰਧਾਲੂਆਂ ਨੂੰ ਜਾਪਿਆ ਜਿਵੇਂ ਰਾਮਦੇਵ ਔਰਤ ਬਣਕੇ ਨਹੀ ਦੌੜਿਆ ਉਨ੍ਹਾਂ ਦੇ ਹੀ ਪਿੰਡ ਦਾ ਕੋਈ ਬੰਦਾ ਜਨਾਨੀ ਬਣਕੇ ਬਗਾਨੇ ਮਰਦ ਨਾਲ ਦੌੜ ਗਿਆ ਹੈ। ਬਾਬੇ ਫੌਜਾ ਸਿੰਘ ਨੇ ਜਿਸ ਨਾਲ ਵੀ ਗੱਲ ਕੀਤੀ ਉਸ ਇਹੀ ਜਵਾਬ ਦਿੱਤਾ,

‘ਛੱਡ ਬਾਬਾ ਗੀਦੀ ਸਾਧ ਨੇ ਬੇਇੱਜਤੀ ਕਰਵਾ ਕੇ ਰੱਖ ਦਿੱਤੀ’!!!!!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top