Share on Facebook

Main News Page

ਕਿਉਂ ਕੁਰੇਦੇ ਜਾਂਦੇ ਨੇ ’84 ਦੇ ਜ਼ਖ਼ਮ?

ਪਤਾ ਨਹੀਂ, ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਵਲੋਂ ਆਪਣੇ ਸਨਮਾਨ ਵਿੱਚ ਆਯੋਜਤ ਕੀਤੇ ਗਏ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦੰਬਰਮ ਨੂੰ ਕੀ ਸੁਝੀ ਕਿ ਉਨ੍ਹਾਂ ਸਿੱਖਾਂ ਨੂੰ ਬਿਨਾਂ ਮੰਗੇ ਹੀ ਝਟ ਇਹ ਸਲਾਹ ਦੇ ਮਾਰੀ ਕਿ ਉਹ ’84 ਨੂੰ ਭੁਲ ਜਾਣ। ਜੇ ਉਨ੍ਹਾਂ ਇਸ ਮੌਕੇ ਤੇ ਜ਼ਰਾ-ਜਿੰਨੀ ਵੀ ਸੂਝ-ਬੂਝ ਤੇ ਸਿਆਣਪ ਤੋਂ ਕੰਮ ਲਿਆ ਹੁੰਦਾ ਤਾਂ ਉਹ ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਦਾ ਧੰਨਵਾਦ ਕਰ ਅਤੇ ਉਨ੍ਹਾਂ ਵਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਦੇ ਸੰਬੰਧ ਵਿੱਚ ਯੋਗ ਕਦਮ ਉਠਾਏ ਜਾਣ ਦਾ ਭਰੋਸਾ ਦਲਾ ਚਲਦੇ ਬਣਦੇ। ਅਜਿਹਾ ਕਰਨ ਨਾਲ ਨਾ ਤਾਂ ਉਨ੍ਹਾਂ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਨੂੰ ਵਿਵਾਦਾਂ ਵਿੱਚ ਘਿਰਨਾ ਪੈਂਦਾ ਅਤੇ ਨਾ ਹੀ ਕੇਂਦਰੀ ਸਿੰਘ ਸਭਾ ਦੇ ਮੁੱਖੀ ਤਿਖੀ ਅਲੋਚਨਾ ਦਾ ਸ਼ਿਕਾਰ ਬਣਦੇ।

ਉਨ੍ਹਾਂ ਬਿਨਾ ਮੌਕੇ ਦੀ ਨਜ਼ਾਕਤ ਨੂੰ ਸਮਝਿਆਂ ਇੱਕ ਅਜਿਹੇ ਮੁੱਦੇ ਨੂੰ ਛੇੜ ਦਿੱਤਾ, ਜਿਸ ਨਾਲ ਨਾ ਕੇਵਲ ਸਿੱਖਾਂ ਦੇ ਜ਼ਖਮ ਬੁਰੀ ਤਰ੍ਹਾਂ ਕੁਰੇਦੇ ਗਏ, ਸਗੋਂ ਉਸ ਨਾਲ ਸਿੱਖਾਂ ਇਹ ਪ੍ਰਭਾਵ ਵੀ ਚਲਿਆ ਗਿਆ ਕਿ ਕਾਂਗ੍ਰੇਸੀ ਨੇਤਾਵਾਂ ਕੋਲ ਸਿੱਖਾਂ ਨੂੰ ਰਿਝਾਣ ਲਈ ਕੋਈ ਮੁੱਦਾ ਨਹੀਂ ਅਤੇ ਨਾ ਹੀ ਉਹ ਸਿੱਖਾਂ ਦੀਆਂ ਯੋਗ ਮੰਗਾਂ ਮੰਨਣ ਪ੍ਰਤੀ ਗੰਭੀਰ ਹਨ। ਉਹ ਤਾਂ ’84 ਦੀ ਹੀ ਗਲ ਛੇੜ ਉਨ੍ਹਾਂ ਦੇ ਜ਼ਖ਼ਮ ਹਰੇ ਕਰਦਿਆਂ ਰਹਿਣ ਵਿੱਚ ਹੀ ਵਿਸ਼ਵਾਸ ਰਖਦੇ ਹਨ।

ਪਤਾ ਨਹੀਂ ਕਿਉਂ ਰਾਜਸੀ ਵਿਅਕਤੀਆਂ, ਭਾਵੇਂ ਉਹ ਕਾਂਗ੍ਰਸੀ ਹਨ ਤੇ ਭਾਵੇਂ ਭਾਜਪਾਈ, ਨੂੰ ਸਿੱਖ ਸਮਾਗਮਾਂ ਵਿੱਚ ਪੁਜ, 1984 ਦੇ ਘਲੂਘਾਰਿਆਂ ਦਾ ਜ਼ਿਕਰ ਛੇੜ, ਸਿੱਖਾਂ ਦੇ ਭਰਦੇ ਜਾ ਰਹੇ ਜ਼ਖ਼ਮਾਂ ਨੂੰ ਕੁਰੇਦਣ ਵਿੱਚ ਕੀ ਸੁਆਦ ਆਉਂਦਾ ਹੈ? ਉਹ ਕਿਉਂ ਨਹੀਂ ਸਮਝਦੇ ਕਿ 1984 ਵਿੱਚ ਵਾਪਰੇ ਘਲੂਘਾਰੇ, ਸਿੱਖ ਇਤਿਹਾਸ ਦੇ ਅਜਿਹੇ ਅਨਿਖੜ ਅੰਗ ਬਣ ਚੁਕੇ ਹੋਏ ਹਨ, ਜਿਨ੍ਹਾਂ ਨੂੰ ਚਾਹੁੰਦਿਆਂ ਹੋਇਆਂ ਵੀ ਕੋਈ ਇਤਿਹਾਸ ਨਾਲੋਂ ਵੱਖ ਨਹੀਂ ਕਰ ਸਕਦਾ। ਜੂਨ ਦਾ ਮਹੀਨਾ ਆਉਂਦਿਆਂ ਹੀ ਜੂਨ-84 ਦਾ ਘਲੂਘਾਰਾ ਚਲਚਿਤ੍ਰ ਵਾਂਗ ਅੱਖਾਂ ਸਾਹਮਣੇ ਘੁੰਮਣ ਲਗਦਾ ਹੈ। ਉਹ ਦ੍ਰਿਸ਼ ਅੱਖਾਂ ਸਾਹਮਣੇ ਨਚੱਣ ਲਗਦੇ ਹਨ, ਕਿ ਕਿਵੇਂ ਇੱਕ ਆਜ਼ਾਦ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਇੱਕ ਘਟ-ਗਿਣਤੀ, ਸਿੱਖਾਂ ਦੇ ਧਰਮ ਅਸਥਾਨ ਪੁਰ ਤੋਪਾਂ ਨਾਲ ਲੈੱਸ ਟੈਂਕ ਚਾੜ੍ਹ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਿਆ ਸੀ ਅਤੇ ਫਿਰ ਇਸੇ ਹੀ ਵਰ੍ਹੇ, ਦੇਸ਼ ਭਰ ਵਿਚੋਂ ਸਿੱਖਾਂ ਦਾ ਖੁਰ-ਖੋਜ ਮਿਟਾਣ ਤੇ ਉਨ੍ਹਾਂ ਦੇ ਆਤਮ-ਸਨਮਾਨ ਦੀ ਭਾਵਨਾ ਨੂੰ ਕੁਚਲ ਦੇਣ ਦੇ ਉਦੇਸ਼ ਨਾਲ ਸਾਰੇ ਦੇਸ਼ ਵਿੱਚ ਤਿੰਨ-ਦਿਨਾ ਜੰਗਲ ਰਾਜ ਕਾਇਮ ਕਰ ਦਿੱਤਾ ਸੀ। ਸਾਜ਼ਸ਼ ਤਾਂ ਇਹੀ ਦਸੀ ਗਈ ਸੀ ਕਿ ਆਪਣੀਆਂ ਧਾਰਮਕ ਤੇ ਇਤਿਹਾਸਕ ਪਰੰਪਰਾਵਾਂ ਪੁਰ ਪਹਿਰਾ ਦਿੰਦਿਆਂ, ਸੰਸਾਰ ਭਰ ਵਿੱਚ ਸਿਰ ਉਚਾ ਕਰ ਵਿਚਰਨ ਵਾਲੇ, ਸਿੱਖਾਂ ਦੇ ਆਤਮ-ਸਨਮਾਨ ਨੂੰ ਇਸਤਰ੍ਹਾਂ ਕੁਚਲ ਦਿੱਤਾ ਜਾਏ, ਤਾਂ ਜੋ ਉਹ ਸੱਦੀਆਂ ਤਕ ਸਿਰ ਉੱਚਾ ਕਰ ਟੁਰਨ ਦਾ ਸਾਹਸ ਨਾ ਕਰ ਸਕਣ।

ਇਹ ਤਾਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ, ਸਿਖਿਆਵਾਂ ਅਤੇ ਉਨ੍ਹਾਂ ਵਲੋਂ ਸਥਾਪਤ ਆਦਰਸ਼ਾਂ ਦੇ ਨਾਲ ਹੀ, ਉਨ੍ਹਾਂ ਸਿੱਖਾਂ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਵਲੋਂ ਆਪਣਾ ਖੁਰਾ-ਖੋਜ ਮਿੱਟਾ ਦੇਣ ਦੀਆਂ ਚਲਾਈਆਂ ਗਈਆਂ ਸ਼ਿਕਾਰ-ਮੁਹਿੰਮਾਂ ਅਤੇ ਘਲੂਘਾਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ, ਆਪਣੇ ਆਤਮ-ਸਨਮਾਨ ਨੂੰ ਕਾਇਮ ਰਖਿਆ ਸੀ, ਦੀਆਂ ਕੁਰਬਾਨੀਆਂ ਦਾ ਇਤਿਹਾਸ ਹੀ ਸੀ, ਜਿਸਨੂੰ, ਸਿੱਖਾਂ ਵਲੋਂ ਹਰ ਰੋਜ਼ ਦੋਵੇਂ ਵੇਲੇ ਅਰਦਾਸ ਕਰਦਿਆਂ ਇਨ੍ਹਾਂ ਸ਼ਬਦਾਂ : ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ’, ਰਾਹੀਂ ਯਾਦ ਕਰਦਿਆਂ ਉਨ੍ਹਾਂ ਇਸ ਦੋਹਰੀ ਮਾਰ ਨਾਲ ਵੀ ਆਪਣੇ ਆਤਮ-ਸਨਮਾਨ ਨੂੰ ਮਰਨ ਨਹੀਂ ਦਿੱਤਾ। ਫਲਸਰੂਪ ਉਹ ਅੱਜ ਵੀ ਸੰਸਾਰ ਭਰ ਵਿੱਚ ਸਿਰ ਉੱਚਾ ਕਰ ਵਿਚਰਦੇ ਨਜ਼ਰ ਆ ਰਹੇ ਹਨ। ਫਲਸਰੂਪ ਅੱਜ ਉਹ ਲੋਕੀ ਵੀ, ਜੋ ਸਿੱਖਾਂ ਵਿਰੁਧ ਸ਼ਿਕਾਰ-ਮੁਹਿੰਮ ਚਲਾਣ ਦੇ ਜ਼ਿਮੇਂਦਾਰ ਸਨ, ਉਨ੍ਹਾਂ ਦਾ ਸਹਿਯੋਗ ਲੈਣ ਲਈ ਤਰਲੋ-ਮੱਛੀ ਹੋ ਰਹੇ ਹਨ।

ਇੱਕ ਪ੍ਰਤੀਕ੍ਰਿਆ: ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਨੇ ਸ਼੍ਰੀ ਪੀ. ਚਿਦੰਬਰਮ ਵਲੋਂ ’84 ਨੂੰ ਭੁਲਣ ਦੀ ਦਿੱਤੀ ਗਈ ਸਲਾਹ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਹੋਇਆਂ ਕਿਹਾ ਕਿ ਇੱਕ ਤਾਂ ਉਨ੍ਹਾਂ ਦੇ ਸਨਮਾਨ ਦਾ ਸਮਾਗਮ ਕੋਈ ਅਜਿਹਾ ਮੌਕਾ ਨਹੀਂ ਸੀ ਕਿ ਉਥੇ ਉਹ ’84 ਦੀ ਗਲ ਕਰਦੇ, ਦੂਸਰਾ ਜੇ ਉਨ੍ਹਾਂ ਨੇ ਉਸਦੀ ਗਲ ਕਰਨੀ ਹੀ ਸੀ ਤਾਂ ਇਹ ਤਾਂ ਹੀ ਕਰਨੀ ਚਾਹੀਦੀ ਸੀ, ਜਦੋਂ ਉਨ੍ਹਾਂ ਦੀ ਸਰਕਾਰ ਨੇ ’84 ਦੇ ਸਿੱਖ ਹਤਿਆਕਾਂਡ ਦੇ ਲਈ ਗਰਦਾਨੇ ਜਾਂਦੇ ਦੋਸ਼ੀਆਂ ਨੂੰ ਸਜ਼ਾ ਦੁਆਈ ਹੰਦੀ ਅਤੇ ਪੀੜਤਾਂ ਦਾ ਸਨਮਾਨ-ਜਨਕ ਪੁਨਰਵਾਸ ਕਰਵਾਇਆ ਹੁੰਦਾ। ਉਨ੍ਹਾਂ ਨੂੰ ਨਕਦ ਸਹਾਇਤਾ ਦਿਤੀ ਗਈ, ਇਹ ਗਲ ਚੰਗੀ ਹੈ। ਪ੍ਰੰਤੁ ਸਭ ਤੋਂ ਵੱਧ ਉਨ੍ਹਾਂ ਦੀ ਲੋੜ ਇਹ ਸੀ ਕਿ ਉਨ੍ਹਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਉਪਲਬੱਦ ਕਰਵਾਏ ਜਾਂਦੇ ਅਤੇ ਉਨ੍ਹਾਂ ਦੇ ਬਚਿਆਂ ਨੂੰ ਮੁਨਾਸਬ ਵਿਦਿਆ ਦੇਣ ਦਾ ਪ੍ਰਬੰਧ ਕੀਤਾ ਜਾਂਦਾ। ਇਤਨਾ ਸਭ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ’84 ਭੁਲਣ ਦੀ ਸਲਾਹ ਦਿੱਤੀ ਜਾਂਦੀ, ਤਾਂ ਵੀ ਕੋਈ ਤੁਕ ਬਣਦੀ ਸੀ। ਹਾਲਾਂਕਿ ਹਤਿਆਕਾਂਡ ਵਿੱਚ ਹੋਏ ਮਾਲੀ ਨੁਕਸਾਨ ਨੂੰ ਤਾਂ ਭੁਲਾਇਆ ਜਾ ਸਕਦਾ ਹੈ, ਪ੍ਰੰਤੂ ਉਨ੍ਹਾਂ ਜਿਸ ਬੇਦਰਦੀ ਨਾਲ ਆਪਯਿਆਂ ਦੀ ਹਤਿਆ ਹੁੰਦੀ, ਆਪਣੀਆਂ ਅੱਖਾਂ ਨਾਲ ਵੇਖੀ ਹੈ, ਉਸਨੂੰ ਉਹ ਕਿਵੇਂ ਭੁਲਾ ਸਕਦੇ ਹਨ?

ਸ. ਪ੍ਰਿਤਪਾਲ ਸਿੰਘ ਨੇ ਹੋਰ ਕਿਹਾ ਕਿ ਸ਼ਾਇਦ ਸ਼੍ਰੀ ਚਿਦੰਬਰਮ ਨੂੰ ਪਤਾ ਨਹੀਂ ਜਾਂ ਫਿਰ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਨੇ ਵੀ ਉਨ੍ਹਾਂ ਨੂੰ ਦਸਿਆ ਨਹੀਂ ਕਿ ਸਿੱਖ ਅੱਜ ਵੀ ’84 ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਸਹਿੰਦਿਆਂ ਹੋਇਆਂ, ਉਸ ਦੇਸ਼ ਦੀ ਉਸਾਰੀ ਅਤੇ ਵਿਕਾਸ ਵਿੱਚ ਮਹਤੱਵਪੂਰਣ ਹਿਸਾ ਪਾ ਰਹੇ ਹਨ, ਜਿਸਨੇ ਉਨ੍ਹਾਂ ਨੂੰ ਇਹ ਜ਼ਖ਼ਮ ਦਿੱਤੇ ਹਨ। ਉਨ੍ਹਾਂ ਨਾ ਤਾਂ ਕਦੀ ਪਹਿਲਾਂ ਸਮੇਂ ਦੀਆਂ ਸਰਕਾਰਾਂ ਦੇ ਜਬਰ-ਜ਼ੁਲਮ ਅਤੇ ਘਲੂਘਾਰਿਆਂ ਦਾ ਸ਼ਿਕਾਰ ਹੁੰਦਿਆਂ ਹੌਂਸਲਾ ਹਾਰਿਆ ਸੀ ਤੇ ਨਾ ਹੀ ਅੱਜ ਆਪਣੀਆਂ ਕੁਰਬਾਨੀਆਂ ਨਾਲ ਆਜ਼ਾਦ ਕਰਵਾਏ ਦੇਸ਼ ਦੀ ਸਰਕਾਰ ਵਲੋਂ ਆਪਣੇ ਪੁਰ ਢਾਹੇ ਜ਼ੁਲਮਾਂ ਅਤੇ ਵਰਤਾਏ ਘਲੂਘਾਰੇ ਸਾਹਮਣੇ ਹਿੰਮਤ ਹਾਰੀ ਹੈ। ਇਹ ਗਲ ਵੱਖਰੀ ਹੈ ਕਿ ਰਾਜਸੀ ਆਗੂ ਬਾਰ-ਬਾਰ ਉਨ੍ਹਾਂ ਨੂੰ ’84 ਭੁਲਣ ਦੀ ਸਲਾਹ ਦੇ, ਉਨ੍ਹਾਂ ਦੇ ਜ਼ਖਮ ਕੁਰੇਦ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਨੂੰ ਇਹ ਨਸੀਹਤ ਦਿੱੰਦੇ ਰਹਿੰਦੇ ਹਨ ਕਿ ’84 ਭੁਲਿਉ ਨਾਂਹ, ਯਾਦ ਰਖਿਉ ਵਰਨਾ..! ਸ਼ਿਵ ਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਤਾਂ ਇਕ ਵਾਰ ਇਹ ਗਲ ਖੁਲ੍ਹੇ ਆਮ ਕਹਿ ਆਪਣੀ ਨੀਯਤ ਸਪਸ਼ਟ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਭੁਲਣਾ ਨਹੀਂ ਚਾਹੀਦਾ ਕਿ ’84 ਫਿਰ ਦੁਹਰਾਈ ਜਾ ਸਕਦੀ ਹੈ।

ਧੰਨਵਾਦ ਕਿਸ ਗਲ ਦਾ?: ਸਿੱਖ ਰਜਨੀਤੀ ਦੀ ਉਥਲ-ਪੁਥਲ ਤੇ ਤਿੱਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਆਗੂਆਂ ਵਲੋਂ ਕਿਸ ਗਲੋਂ ਕਾਂਗ੍ਰਸੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ? ਉਹ ਆਖਦੇ ਹਨ ਕਿ ਜਿਥੋਂ ਤਕ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੇ ਮੁੱਦੇ ਦਾ ਸੰਬੰਧ ਹੈ ਉਸਦੇ ਲਈ ਨਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਕਾਂਗ੍ਰਸ ਪ੍ਰਧਾਨ ਤੇ ਯੂਪੀਏ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਧੰਨਵਾਦ ਕਰਨ ਲਈ ਜਾਣ ਅਤੇ ਨਾ ਹੀ ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦਾ ਧੰਨਵਾਦ ਕਰਨ ਲਈ ਸਮਾਗਮ ਕਰਨ ਦਾ ਕੋਈ ਤੁਕ ਬਣਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਜਗਤ ਵਲੋਂ ਬੀਤੇ ਲੰਮੇਂ ਸਮੇਂ ਤੋਂ ਹੋਰ ਕਈ ਪੰਥਕ ਮੰਗਾਂ ਦੇ ਨਾਲ ਹੀ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸਦੇ ਲਈ ਕਈ ਸਿੱਖ ਜਥੇਬੰਦੀਆਂ ਵਲੋਂ ਸ਼੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਸਮੇਂ-ਸਮੇਂ ਰਹੇ ਕੇਂਦਰੀ ਗ੍ਰਹਿ ਮੰਤਰੀਆਂ ਆਦਿ ਨੂੰ ਮੰਗ-ਪਤ੍ਰ ਦਿੱਤੇ ਜਾਂਦੇ ਚਲੇ ਆ ਰਹੇ ਹਨ। ਪਰ ਸਰਕਾਰ ਵਲੋਂ ਹੋਰ ਮੰਗਾਂ ਦੇ ਨਾਲ ਹੀ ਇਸ ਮੰਗ ਦੇ ਮੁੱਦੇ ਤੇ ਵੀ ਲਗਾਤਾਰ ਟਾਲਮਟੋਲ ਦਾ ਵਤੀਰਾ ਅਪਨਾਇਆ ਜਾਂਦਾ ਚਲਿਆ ਆਉਂਦਾ ਰਿਹਾ।

ਆਖਿਰ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਕੁਝ ਸਾਰਥਕ ਆਧਾਰਾਂ ਨਾਲ ਇਸ ਮੁੱਦੇ ਨੂੰ ਦਿੱਲੀ ਹਾਈ ਕੋਰਟ ਵਿੱਚ ਲਿਜਾ, ਉਥੇ ਕਾਲੀ ਸੂਚੀ ਖ਼ਤਮ ਕਰਨ ਦੀ ਗੁਹਾਰ ਲਾਈ ਗਈ ਤਾਂ ਹਾਈ ਕੋਰਟ ਦੇ ਵਿਦਵਾਨ ਜੱਜਾਂ ਵਲੋਂ ਸਮਾਂ-ਸੀਮਾ ਨਿਸ਼ਚਿਤ ਕਰਦਿਆਂ ਸਰਕਾਰ ਨੂੰ ਇਹ ਮੁੱਦਾ ਹਲ ਕਰਨ ਦੀ ਹਿਦਾਇਤ ਕਰ ਦਿੱਤੀ ਗਈ, ਜਿਸਦੇ ਫਲਸਰੂਪ ਹੀ ਸਰਕਾਰ ਕਾਲੀ ਸੂਚੀ ਖ਼ਤਮ ਕਰਨ ਵਲ ਕਦਮ ਵਧਾਉਣ ਤੇ ਮਜਬੂਰ ਹੋਈ।

…ਅਤੇ ਅੰਤ ਵਿੱਚ: ਇਨ੍ਹਾਂ ਰਾਜਸੀ ਹਲਕਿਆਂ ਅਨੁਸਾਰ ਭਾਵੇਂ ਸਰਕਾਰ ਨੇ ਕੁਝ (27-ਕੁ) ਨਾਂ ਛੱਡ ਬਾਕੀ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਦਾ ਐਲਾਨ ਕਰ ਦਿੱਤਾ ਹੈ, ਫਿਰ ਵੀ ਉਹ ਅਜੇ ਤਕ ਇਸ ਮੁੱਦੇ ਤੇ ਈਮਾਨਦਾਰ ਸਾਬਤ ਨਹੀਂ ਹੋ ਰਹੀ। ਇਸਦਾ ਕਾਰਣ ਇਹ ਰਾਜਸੀ ਹਲਕੇ ਇਹ ਦਸਦੇ ਹਨ ਕਿ ਕਾਲੀ ਸੂਚੀ ਵਿਚੋਂ ਖ਼ਾਰਜ ਕਰ ਦਿੱਤੇ ਗਏ, ਦਸੇ ਜਾਂਦੇ ਕਈ ਪ੍ਰਵਾਸੀ ਸਿੱਖਾਂ ਨੂੰ ਭਾਰਤੀ ਦੂਤਾਵਾਸਾਂ ਵਲੋਂ ਭਾਰਤ ਮੁੜਨ ਲਈ ਵੀਜ਼ੇ ਦੇਣ ਤੋਂ ਇਨਕਾਰ ਕੀਤੇ ਜਾਣ ਦੀਆਂ ਜੋ ਖ਼ਬਰਾਂ ਅਜੇ ਤਕ ਆ ਰਹੀਆਂ ਹਨ, ਉਹ ਕਾਲੀ ਸੂਚੀ ਖ਼ਤਮ ਕਰ ਦੇਣ ਦੇ ਭਾਰਤ ਸਰਕਾਰ ਵਲੋਂ ਕੀਤੇ ਗਏ ਐਲਾਨ ਪ੍ਰਤੀ ਉਸਦੀ ਈਮਾਨਦਾਰੀ ਨੂੰ ਸ਼ਕੀ ਬਣਾਉਂਦੀਆਂ ਹਨ।

ਜਸਵੰਤ ਸਿੰਘ ‘ਅਜੀਤ’

98689 17731


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top