Share on Facebook

Main News Page

ਪੰਥਕ ਏਕੇ ਬਾਰੇ ਕੁੱਝ ਵਿਚਾਰ

ਸਿੱਖਾਂ ਦੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ, ਪੰਥਕ ਏਕਾ, ਏਕਤਾ, ਇਕ ਜੁੱਟਤਾ। ਜੇ ਇਸ ਵੇਲੇ ਵੀ ਸਿੱਖ ਇਕ ਜੁੱਟ ਨਾ ਹੋਏ ਤਾਂ ਯਕੀਨਨ ਉਹ ਵੀ ਦੁਨੀਆ ਦੇ ਇਤਿਹਾਸ ਦਾ ਇਕ ਹਿੱਸਾ ਹੀ ਬਣ ਕੇ ਰਹਿ ਜਾਣਗੇ।

ਇਸ ਗੱਲ ਨੂੰ ਵਿਚਾਰਨ ਲੱਗਿਆਂ ਕਿ ਜੇ-ਕਰ ਸਿੱਖਾਂ ਦੀ ਸਭ ਤੋਂ ਵੱਡੀ ਲੋੜ ਏਕਾ ਹੈ, ਤਾਂ ਫਿਰ ਉਹ ਇੱਕ ਜੁੱਟ ਕਿਉਂ ਨਹੀਂ ਹੋ ਰਹੇ ? ਕਈ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਜਿਵੇਂ ਸਿੱਖਾਂ ਦਾ ਆਪਣੇ ਕਿੱਲੇ ਨਾਲੋਂ, ਜੜ੍ਹ ਨਾਲੋਂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖ ਹੋਣਾ।

ਕੋਈ ਵੀ ਬੜਾ ਸੌਖਿਆਂ ਪੁੱਛ ਲਵੇਗਾ ਕਿ ਇਹ ਠੀਕ ਨਹੀਂ ਹੈ, ਕਿਉਂਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਚਲ ਰਹੇ ਹਨ, ਉਨ੍ਹਾਂ ਵਿਚ ਤਾਂ ਬਹੁਤ ਏਕਾ ਹੈ। ਜਿਸ ਦਾ ਪਰਤੱਖ ਸਬੂਤ ਅਕਾਲੀ ਦਲ ਹੈ, ਜੋ ਗੁਰੂ ਗ੍ਰੰਥ ਸਾਹਬ ਜੀ ਦੀ ਸਿਖਿਆ ਨੂੰ ਟਿੱਚ ਸਮਝਦਾ, ਹਰ ਉਹ ਕੰਮ ਕਰ ਰਿਹਾ ਹੈ, ਜਿਨ੍ਹਾਂ ਨੂੰ ਕਰਨ ਤੋਂ ਗੁਰਬਾਣੀ ਵਰਜਦੀ ਹੈ, ਫਿਰ ਵੀ ਉਹ ਵੋਟਾਂ ਦੇ ਆਧਾਰ ਤੇ, ਪੰਜਾਬ ਵਿਚ (ਜੋ ਗੁਰੂ ਸਾਹਿਬਾਂ ਦੀ, ਸਿੱਖਾਂ ਦੀ ਕਰਮ ਭੂਮੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ “ਪੰਜਾਬ ਵਸਦਾ ਗੁਰਾਂ ਦੇ ਨਾਮ ਤੇ”) ਰਾਜ ਕਰ ਰਹੀ ਹੈ।

ਸ਼੍ਰੋਮਣੀ ਕਮੇਟੀ, ਜੋ ਆਪਣੇ ਸਾਰੇ ਫਰਜ਼ ਭੁੱਲ ਕੇ, ਇਕੋ-ਇਕ ਏਜੈਂਡਾ ਅਪਣਾਈ ਬੈਠੀ ਹੈ ਕਿ, ਗੁਰਬਾਣੀ ਦੇ ਸਾਰੇ ਸਿਧਾਂਤਾਂ ਨੂੰ ਗਲਤ ਸਾਬਤ ਕਰ ਕੇ ਸਿੱਖਾਂ ਨੂੰ, ਬੋਧੀਆਂ ਵਾਙ ਬ੍ਰਾਹਮਣ-ਵਾਦੀ ਖਾਰੇ ਸਮੁੰਦਰ ਵਿਚ ਗਰਕ ਕਰਨਾ ਹੀ ਕਰਨਾ ਹੈ। ਸਿੱਖਾਂ ਦੇ ਦਸਵੰਧ ਨੂੰ ਸਿੱਖ ਭਲਾਈ ਦੇ ਕਿਸੇ ਕੰਮ ਤੇ ਨਹੀਂ ਲੱਗਣ ਦੇਣਾ, ਗੁਰਦਵਾਰਿਆਂ ਦੀਆਂ ਜਾਇਦਾਦਾਂ ਨੂੰ ਟਰੱਸਟਾਂ ਰਾਹੀਂ ਆਪਣੇ ਨਿੱਜੀ ਕਬਜ਼ੇ ਵਿਚ ਕਰਨਾ ਹੀ ਕਰਨਾ ਹੈ। ਉਹ ਵੀ ਸਿੱਖਾਂ ਦੀਆਂ ਵੋਟਾਂ ਨਾਲ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਣਾ ਕੇ, ਉਸ ਆਸਰੇ ਇਹ ਸਾਰਾ ਕੰਮ ਕਰ ਰਹੀ ਹੈ। (ਇਹ ਵੀ ਯਕੀਨੀ ਹੈ ਕਿ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਏਸੇ ਲੋਟੂ ਟੋਲੇ ਨੇ ਜਿੱਤਣਾ ਹੀ ਜਿੱਤਣਾ ਹੈ)

ਸਿੱਖਾਂ ਦੇ ਕਹੇ ਜਾਂਦੇ ਪੰਜਾਂ ਤਖਤਾਂ ਤੇ, ਗੁੰਡਾ ਗਰਦੀ ਦੇ ਜ਼ੋਰ ਨਾਲ ਕਬਜ਼ਾ ਕਰੀ ਬੈਠੇ, ਮਰੀ ਜ਼ਮੀਰ ਦੇ ਬੇ-ਗੈਰਤ ਲੋਕ, (ਜੋ ਏਥੋਂ ਤੱਕ ਨਿੱਘਰ ਗਏ ਹਨ ਕਿ ਅਕਾਲ-ਪੁਰਖ ਦੀ ਥਾਂ ਆਪਣੇ ਆਪ ਨੂੰ ਹੀ ਸਿੰਘਾਂ ਦੇ ਸਾਹਿਬ ਅਖਵਾਉਣ ਲਗ ਪਏ ਹਨ) ਪੰਜਾਂ ਪਿਆਰਿਆਂ ਦੀ ਸਤਿਕਾਰਿਤ ਸੰਸਥਾ ਦੀ ਆੜ ਵਿਚ ਜੁੜ ਬੈਠ ਕੇ, ਸਾਰੀ ਦੁਨੀਆ ਦੇ ਸਿੱਖਾਂ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਹੇ ਹਨ। ਜਿਨ੍ਹਾਂ ਦਾ ਗੱਠ-ਜੋੜ ਉਨ੍ਹਾਂ ਸੰਤ ਸਮਾਜੀਆਂ ਨਾਲ ਹੈ, ਜੋ ਸਿੱਖੀ ਦੀ ਮੁਢਲੀ ਸਿਖਿਆ, ਕਿਰਤ ਕਰਨ ਤੋਂ ਵੀ ਭਗੌੜੇ ਹਨ। ਜੋ ਏਕੇ ਦੇ ਬਲ ਤੇ, ਵਿਹਲੀ ਐਸ਼ ਕਰਨ ਦੇ ਆਦੀ ਬਣੇ ਹੋਏ, ਕਿਰਤੀ ਸਿੱਖਾਂ ਦੇ ਖੀਸੇ ਵਿਚੋਂ ਆਖਰੀ ਦਮੜਾ ਤਕ ਕੱਢਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।

ਜਦ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਸਾਰੇ ਸਿੱਖ, ਆਪਸ ਵਿਚ ਹੀ ਲੀਰੋ-ਲੀਰ ਹੋਏ ਦਿਖ ਰਹੇ ਹਨ। ਅਮੀਰ-ਗਰੀਬ ਦਾ ਪਾੜਾ, ਜਾਤ-ਪਾਤ ਅਤੇ ਉੱਚੇ-ਨੀਵਿਆਂ ਵਿਚ ਵੰਡ ਹੋ ਕੇ, ਇਕ ਦੂਸਰੇ ਨਾਲ ਦਿਲੋਂ ਨਫਰਤ ਕਰਦੇ ਹਨ। ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕਿੱਲੇ ਦੁਆਲੇ ਹੀ ਸਿੱਖ ਜੁੜ ਸਕਦੇ ਹਨ ? ਜ਼ਾਹਰਾ ਵੇਖਣ ਨੂੰ ਇਹ ਬਿਲਕੁਲ ਸੱਚ ਜਾਪਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਚੱਲਣ ਵਾਲਿਆਂ ਦਾ ਏਕਾ ਓਵੇਂ ਹੀ ਹੈ, ਜਿਵੇਂ ਸਮਾਜ ਦੇ ਦੁਸ਼ਮਨ, ਅਸਮਾਜਿਕ ਲੋਕਾਂ ਦਾ ਏਕਾ ਹੁੰਦਾ ਹੈ, ਉਨ੍ਹਾਂ ਵਲੋਂ ਸਮਾਜ ਨੂੰ ਲੁਟਣ ਲਈ, ਏਕਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਇਸ ਏਕੇ ਦੇ ਬਲ ਤੇ ਹੀ ਉਹ, ਸਮਾਜ ਵਿਚਲੇ ਉਨ੍ਹਾਂ ਇਕੱਲੇ ਦੁਕੱਲੇ ਲੋਕਾਂ ਨੂੰ ਦਬਾਉਣ ਵਿਚ ਕਾਮਯਾਬ ਰਹਿੰਦੇ ਹਨ, ਜੋ ਸਮਾਜ ਦੇ ਸੁਧਾਰ ਲੲ ਸਮਰਪਿਤ ਹੁੰਦੇ ਹਨ। ਕਿਉਂਕਿ ਸਰਕਾਰਾਂ (ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਤਾਕਤਾਂ) ਵਲੋਂ ਭਰਤੀ ਕੀਤੀ ਪੁਲਸ, ਫੌਜ ਤਾਂ ਸੱਤਾ ਤੇ ਕਾਬਜ਼ ਲੋਕਾਂ ਦੇ ਜਾਨ-ਮਾਲ ਦੀ ਰਖਵਾਲੀ ਮਾਤ੍ਰ ਲਈ ਹੀ ਹੁੰਦੀਆਂ ਹਨ। ਜਦ ਤਕ ਸਮਾਜ ਵਿਚ ਏਕਾ ਨਾ ਹੋਵੇ, ਤਦ ਤਕ ਸਮਾਜ, ਸਰਕਾਰ ਅਤੇ ਅਸਮਾਜਿਕ ਲੋਕਾਂ ਹੱਥੋਂ ਲੁੱਟ ਹੁੰਦਾ ਰਹਿੰਦਾ ਹੈ।

ਜਦ ਸਮਾਜ ਵਿਚਲੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ, ਤਦ ਹੀ ਸਮਾਜਿਕ ਏਕਤਾ ਹੁੰਦੀ ਹੈ, ਤਦ ਹੀ ਸਮਾਜਿਕ ਕ੍ਰਾਂਤੀਆਂ ਵਾਪਰਦੀਆਂ ਹਨ।

ਇਵੇਂ ਹੀ ਅੱਜ ਸਿੱਖ ਸਮਾਜ ਦੀ ਹਾਲਤ ਹੈ। ਸਰਕਾਰ ਨੇ ਸਿੱਖ ਭੇਸ ਵਿਚ ਹੀ ਆਪਣੇ ਜ਼ਰ-ਖਰੀਦ ਗੁਲਾਮਾਂ ਨੂੰ ਸਿੱਖਾਂ ਦੇ ਸਿਰ ਤੇ, ਸਰਕਾਰ ਦੇ ਰੂਪ ਵਿਚ, ਜ਼ੁਲਮ ਕਰ ਕੇ, ਚੁੱਪ ਕਰਾਉਣ ਲਈ ਸਥਾਪਤ ਕੀਤਾ ਹਪਇਆ ਹੈ। ਐਸ. ਜੀ. ਪੀ. ਸੀ. ਦੇ ਰੂਪ ਵਿਚ ਸਿੱਖਾਂ ਦੀ ਖੂਨ-ਪਸੀਨੇ ਦੀ ਕਮਾਈ ਵਿਚੋਂ, ਸਮਾਜ ਸੁਧਾਰ ਲਈ ਦਿੱਤੇ ਜਾਂਦੇ ਦਸਵੰਧ ਦੇ ਪੈਸੇ ਨੂੰ ਵਿਖਾਵਿਆਂ ਵਿਚ ਰੋੜ੍ਹਨ ਲਈ, ਸਥਾਪਤ ਕੀਤਾ ਹੋਇਆ ਹੈ, ਤਾਂ ਜੋ ਇਹ ਪੈਸਾ ਸਮਾਜ ਸੁਧਾਰ ਤੇ ਨਾ ਲੱਗ ਸਕੇ। ਜੇ ਇਹ ਪੈਸਾ ਸਮਾਜ ਸੁਧਾਰ ਤੇ ਲੱਗ ਗਿਆ, ਇਸ ਪੈਸੇ ਨਾਲ ਸਮਾਜ ਵਿਚ ਜਾਗ੍ਰਤੀ ਆ ਗਈ ਤਾਂ ਸਮਾਜ, ਸਰਕਾਰ ਦੀਆਂ ਲੋਟੂ ਨੀਤੀਆਂ ਬਾਰੇ ਜਾਣੂ ਹੋ ਕੇ, ਉਸ ਵਿਰੁੱਧ ਲਾਮ-ਬੰਦ ਹੋ ਜਾਵੇਗਾ। ਜੋ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਹਾਲਤ ਵਿਚ ਮੰਜ਼ੂਰ ਨਹੀਂ ਹੌ ਸਕਦਾ।

ਪੰਜਾਂ ਤਖਤਾਂ ਦੇ ਅਖੌਤੀ ਜਥੇਦਾਰਾਂ ਨੂੰ ਸਿੰਘ ਸਾਹਿਬਾਂ (ਸਿੰਘਾਂ ਦੇ ਮਾਲਕਾਂ) ਵਜੋਂ ਸਿੱਖਾਂ ਦੇ ਸਿਰ ਤੇ ਬਠਾਇਆ ਹੋਇਆ ਹੈ, ਤਾਂ ਜੋ ਉਹ ਸਿੱਖਾਂ ਨੂੰ ਧਰਮ ਦੇ ਨਾਮ ਤੇ ਸਹਣ-ਸ਼ੀਲ (ਨਿਪੁਨਸਿਕ) ਬਨਾਉਣ ਵਿਚ ਮਦਦ ਕਰਨ। ਇਵੇਂ ਹੀ ਸੰਤ ਸਮਾਜ ਰੂਪੀ ਵੇਹਲੜ, ਅਸਮਾਜਕ ਤੱਤਾਂ ਨੂੰ ਸੱਤਾ-ਧਾਰੀਆਂ ਦੀਆਂ ਵੋਟਾਂ (ਭੇਡਾਂ) ਇਕੱਠੀਆਂ ਕਰਨ ਲਈ ਲਾਇਆ ਹੋਇਆ ਹੈ। ਇਸ ਲਈ ਹੀ ਪ੍ਰਧਾਨ ਮੰਤ੍ਰੀ, ਮੰਤ੍ਰੀ, ਮੁੱਖ ਮੰਤ੍ਰੀ ਤੋਂ ਲੈ ਕੇ ਆਮ ਸਿਆਸੀ ਲੋਕਾਂ ਤਕ, ਸਾਰੇ ਹੀ ਇਨ੍ਹਾਂ ਲਹੂ ਪੀਣੀਆਂ ਜੋਕਾਂ ਦੇ ਡੇਰਿਆਂ ਵਿਚ, ਉਨ੍ਹਾਂ ਨੂੰ ਮੱਥਾ ਟੇਕਦੇ ਆਮ ਹੀ ਵੇਖੇ ਜਾ ਸਕਦੇ ਹਨ। ਯੂਨੀਵਰਸਟੀਆਂ ਵਿਚ 95 % ਤੋਂ ਉਪਰ ਸਰਕਾਰੀ ਗੁਲਾਮਾਂ ਨੂੰ ਲਿਖਤਾਂ ਰਾਹੀਂ ਆਮ ਜੰਤਾ ਨੂੰ ਪੁੱਠਾ ਗੇੜਾ ਦੇਣ ਲਈ ਹੀ ਉੱਚ ਪਦਵੀਆਂ ਦੇ ਕੇ, ਪੈਸੇ ਦੀ ਚਕਾ-ਚੌਂਧ ‘ਚ, ਪੂਰੀ ਤਰ੍ਹਾਂ ਫਸਾਇਆ ਹੋਇਆ ਹੈ ਤਾਂ ਜੋ ਉਹ ਸੋਨੇ ਦਾ ਪਿੰਜਰਾ ਤੋੜਨ ਦੀ ਗੱਲ ਤਾਂ ਸੋਚਣ ਹੀ ਨਾਂਹ, ਆਪਣੇ ਮਾਲਕਾਂ ਦੀ ਬੋਲੀ ਵਿਚ ਉਨ੍ਹਾਂ ਦਾ ਹੀ ਗੁਣ-ਗਾਣ ਕਰਦੇ ਰਹਣ।

ਸਿੰਘ-ਸਭਾ ਦੇ ਨਾਮ ਥੱਲੇ ਚਲ ਰਹੇ ਗੁਰਦਵਾਰਿਆਂ ਦੀ ਹਾਲਤ ਮੈਂ ਚੰਗੀ ਤਰ੍ਹਾਂ ਵੇਖੀ ਹੈ। ਗੁਰਦਵਾਰਾ, ਗੁਰੂ ਦਾ ਦਵਾਰਾ, ਜਿੱਥੋਂ ਸਿੱਖਾਂ ਨੂੰ ਗੁਰੂ ਵਲੋਂ ਬਖਸ਼ੇ ਗਿਆਨ ਦੀ ਸੋਝੀ ਪਰਾਪਤ ਹੋਣੀ ਸੀ, ਓਥੋਂ ਸਿੱਖਾਂ ਦੇ ਨਾਲ, ਗੁਰੂ ਦੀ ਸਿਖਿਆ ਦੀ ਗੱਲ ਕਦੇ ਵੀ ਨਹੀਂ ਹੁੰਦੀ। ਬਾਣੀ ਦੇ ਰੱਟਿਆਂ ਦੀ ਗੱਲ ਹੁੰਦੀ ਹੈ, ਮਹਾਂ-ਪੁਰਖਾਂ ਨਾਲ ਸਬੰਧਤ ਗਪੌੜੇ ਸੁਣਾਏ ਜਾਂਦੇ ਹਨ। ਕੀਰਤਨ ਸੁਣਨ ਨਾਲ (ਜਿਸ ਦਾ ਆਮ ਸੰਗਤ ਨੂੰ ਇਹੀ ਪਤਾ ਨਹੀਂ ਲਗਦਾ ਕਿ ਉਚਾਰਨ ਕੀ ਹੋ ਰਿਹਾ ਹੈ ? ਉਸ ਰਾਹੀਂ ਦਿੱਤੀ ਜਾਂਦੀ ਸਿਖਿਆ ਨੂੰ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਹੈ।) ਲੰਗਰ ਛਕਣ ਨਾਲ, ਜਨਮ ਸਫਲਾ ਹੋਣ ਦਾ ਪਰਚਾਰ ਹੁੰਦਾ ਹੈ। ਗੁਰੂ ਵਲੋਂ ਦਿੱਤੀ ਇਸ ਸੋਝੀ ਦਾ ਕੀ ਅਰਥ ਹੈ?

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ (335)

ਏਨੇ ਝਮੇਲਿਆਂ ਵਿਚ ਫਸਿਆ ਬੰਦਾ, ਇਹ ਸੋਚ ਹੀ ਨਹੀਂ ਪਾਉਂਦਾ ਕਿ ਉਸ ਦੇ ਨਾਲ ਕੀ ਠੱਗੀ ਮਾਰੀ ਜਾ ਰਹੀ ਹੈ ? ਹਰ ਰੋਜ਼ ਉਸ ਨੂੰ ਦੋਹੀਂ ਹੱਥੀਂ ਲੁੱਟਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸਰਕਾਰੀ ਘਪਲੇ ਲੱਖਾਂ ਤੋਂ ਸ਼ੁਰੂ ਹੋ ਕੇ ਕਰੋੜਾਂ, ਕਰੋੜਾਂ ਤੋਂ 10-20 ਕਰੋੜ, 10-20 ਕਰੋੜ ਤੋਂ 100-50 ਕਰੋੜ, 100-50 ਕਰੋੜ ਤੋਂ ਹਜ਼ਾਰਾਂ ਕਰੋੜਾਂ, ਅਤੇ ਹੁਣ ਲੱਖਾਂ ਕਰੋੜਾਂ ਤਕ ਪਹੁੰਚ ਗਏ ਹਨ। ਪਰ ਕੀ ਮਜਾਲ ਕਿਸੇ ਘਪਲੇ-ਬਾਜ਼ ਨੂੰ ਕਦੀ ਕੋਈ ਸਜ਼ਾ ਹੋਈ ਹੋਵੇ ? ਕਿਉਂ ? ਕਿਉਂਕਿ ਉਨ੍ਹਾਂ ਤੇ ਕੇਸ ਚਲਾਉਣ ਲਈ ਵੀ, ਉਨ੍ਹਾਂ ਦੇ ਭਾਈਵਾਲਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਭਲਾ ਕੋਈ ਆਪਣੇ ਹੀ ਭਾਈ-ਵਾਲ ਠੱਗ ਨੂੰ ਸਜ਼ਾ ਦੇਣ ਦੀ ਪਰਵਾਨਗੀ ਕਿਉਂ ਦੇਵੇਗਾ ? ਏਦਾਂ ਹੀ ਸਮੇ ਦੇ ਨਾਲ ਲੁੱਟਣ ਵਾਲੇ ਅਤੇ ਇਜਾਜ਼ਤ ਦੇਣ ਵਾਲੇ ਆਪਸ ਵਿਚ ਕੁਰਸੀਆਂ ਬਦਲਦੇ ਰਹਿੰਦੇ ਹਨ। ਆਮ ਜੰਤਾ ਪਾਗਲਾਂ ਵਾਙ ਆਸ ਲਾਈ ਰਖਦੀ ਹੈ ਕਿ ਹੁਣ ਤਾਂ ਹੱਦ ਹੋ ਗਈ, ਹੁਣ ਤਾਂ ਘਪਲੇ-ਬਾਜ਼ਾਂ ਨੂੰ ਜ਼ਰੂਰ ਸਜ਼ਾ ਹੋਵੇਗੀ। ਵਿਚ-ਵਿਚ ਰਾਮਦੇਵ ਵਰਗੇ ਡਰਾਮੇ-ਬਾਜ਼ ਵੀ ਅਪਣੇ ਡਰਾਮੇ ਵਿਖਾਉਂਦੇ ਰਹਿੰਦੇ ਹਨ, ਪਰ ਹਾਥੀ ਆਪਣੀ ਚਾਲ ਨਾਲ ਨਿਰਵਿਘਨ ਚਲਦਾ ਰਹਿੰਦਾ ਹੈ। ਇਵੇਂ ਹੀ 1984 ਦੇ ਕਤਲੇ-ਆਮ ਦੇ ਵਿਰੁੱਧ ਸਿੱਖਾਂ ਨੇ ਬਹੁਤ ਹੀਲੇ ਕੀਤੇ, ਵਿਦੇਸ਼ਾਂ ਵਾਲਿਆਂ ਨੇ ਵੀ, ਪੀੜਤ ਪਰਵਾਰਾਂ ਦੀ ਮਦਦ ਕਰਨ ਲਈ ਅਤੇ ਮੁਜਰਮਾਂ ਨੂੰ ਸਜ਼ਾ ਦਿਵਾਉਣ ਲਈ, ਮੁਕੱਦਮਿਆਂ ਦੀ ਪੈਰਵੀ ਲਈ ਦਿਲ ਖੋਲ੍ਹ ਕੇ ਆਰਥਿਕ ਮਦਦ ਕੀਤੀ। (ਕਿਉਂਕਿ ਪਹੁੰਚ ਕਰਨ ਵਾਲਿਆਂ ਦੀ ਇਕੋ ਮੰਗ ਸੀ ਕਿ ਪੈਸਿਆਂ ਦੀ ਲੋੜ ਹੈ, ਅਤੇ ਦੇਣ ਵਾਲਿਆਂ ਲਈ ਵੀ ਇਹੀ ਸੌਖਾ ਸੀ ਕਿ ਘਰ ਬੈਠੇ, ਕੁਝ ਪੈਸੇ ਦੇ ਦਿੱਤੇ। ਜਦ ਕਿ ਹਰ ਬੰਦੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਗੱਲ ਦੀ ਪੂਰੀ ਜਾਣਕਾਰੀ ਰੱਖੇ ਕਿ ਜਿਸ ਕੰਮ ਲਈ ਉਸ ਨੇ ਪੈਸੇ ਦਿੱਤੇ ਹਨ , ਕੀ ਉਹ ਪੈਸੇ ਓਸੇ ਕੰਮ (ਸਮਾਜ ਦੇ ਸੁਧਾਰ) ਤੇ ਹੀ ਲੱਗੇ ਹਨ ? ਕਿਤੇ ਐਸਾ ਤਾਂ ਨਹੀਂ ਕਿ ਉਹ ਪੈਸੇ ਉਲਟਾ ਸਮਾਜ ਵਿਚ ਹੋਰ ਵਿਗਾੜ ਪਾਉਣ ਤੇ ਲੱਗ ਰਹੇ ਹੋਣ ?)

ਪਰ ਦਿਨ-ਦੀਵੀਂ ਵਾਪਰੇ ਇਸ ਕਾਰੇ ਬਾਰੇ ਕੀ ਹੋਇਆ ? ਸਿੱਖ ਭੇਸ ਵਿਚਲੇ ਠੱਗਾਂ ਨੇ ਉਹ ਪੈਸੇ ਆਪ ਹੀ ਡਕਾਰ ਲਏ, ਕਿਸੇ ਵੀ ਲੋੜਵੰਦ ਤੱਕ ਉਸ ਪੈਸੇ ਦੀ ਪਹੁੰਚ ਕਦੇ ਵੀ ਨਹੀਂ ਹੋਈ। ਕੁਝ ਸਿੱਖ ਭੇਸ ਵਿਚਲਿਆਂ ਨੇ, ਇਸ ਕਾਰੇ ਦੇ ਚਸ਼ਮ-ਦੀਦ ਗਵਾਹਾਂ ਨੂੰ ਸਮਝਾ-ਬੁਝਾ ਕੇ, ਪੈਸੇ ਦੀ ਚਮਕ ਵਿਖਾ ਕੇ ਜਾਂ ਡਰਾ-ਧਮਕਾ ਕੇ, ਉਨ੍ਹਾਂ ਦਾ ਮੂੰਹ ਬੰਦ ਕਰਨ ਬਦਲੇ ਮੁਜਰਮਾਂ ਕੋਲੋਂ, ਸਰਕਾਰ ਕੋਲੋਂ ਪੈਸਿਆਂ ਦੇ ਵੱਡੇ ਗੱਫੇ ਲਏ, ਕੁਝ ਨੇ ਇਸ ਕੰਮ ਬਦਲੇ ਵਜ਼ੀਰੀਆਂ ਲਈਆਂ, ਜੋ ਅੱਜ ਵੀ ਉਨ੍ਹਾਂ ਨੂੰ ਮਾਣ ਰਹੇ ਹਨ, ਪਰ ਸਿੱਖਾਂ ਦਾ ਉਹ ਸਵੈਮਾਨ ਕਿੱਥੇ ਗਿਆ, ਜਿਸ ਦੇ ਹੁੰਦਿਆਂ ਇਕ ਘਾਹੀ ਵੀਰ, ਗਲਤੀ ਨਾਲ ਬਾਦਸ਼ਾਹ ਜਹਾਂਗੀਰ ਨੂੰ ਭੇਂਟ ਕੀਤੀ ਘਾਹ ਦੀ ਪੰਡ, (ਗਲਤੀ ਦਾ ਪਤਾ ਲੱਗਣ ਤੇ) ਉਸ ਅੱਗਿਉਂ ਚੁੱਕਣ ਦੀ ਹਿੰਮਤ ਰੱਖਦਾ ਸੀ। ਅੱਜ ਸਭ ਕੁਝ ਸਾਮ੍ਹਣੇ ਵੇਖਦਿਆਂ ਵੀ ਸਿੱਖ, ਕੁਝ ਵੀ ਕਹਿਣ ਦੀ ਹਿੰਮਤ ਕਿਉਂ ਨਹੀਂ ਕਰਦੇ ?

ਸਰਕਾਰ ਨੇ ਸਿੱਖਾਂ ਨੂੰ ਕਮਿਸ਼ਨਾਂ ਦੇ ਚੱਕਰ ਵਿਚ ਅਜਿਹਾ ਪਾਇਆ ਹੈ ਕਿ 26 ਸਾਲ ਵਿਚ 9 ਕਮਿਸ਼ਨ ਬਣੇ ਉਨ੍ਹਾਂ ਦੀਆਂ ਰਿਪੋਟਾਂ ਆਈਆਂ, ਪਰ ਸਰਕਾਰ ਦੀ ਬਦਕਿਸਮਤੀ, ਕਿ ਕਿਸੇ ਇਕ ਕਮਿਸ਼ਨ ਕੋਲੋਂ ਵੀ ਸਰਕਾਰ, ਉਹ ਕੁਝ ਨਾ ਲਿਖਵਾ ਸਕੀ, ਜਿਸ ਆਸਰੇ ਉਹ ਇਸ ਘਿਨਾਉਣੇ ਕਾਰੇ ਤੋਂ ਸਾਫ ਬਰੀ ਹੋ ਜਾਂਦੀ। ਜਿਸ ਕਿਸੇ ਰਿਪੋਰਟ ਵਿਚ, ਕਿਸੇ ਕਮਿਸ਼ਨ ਨੇ ਕੋਈ ਥੋੜ੍ਹੀ ਜਿਹੀ ਵੀ ਸੱਚੀ ਗੱਲ ਲਿਖ ਦਿੱਤੀ, ਉਹੀ ਰਿਪੋਰਟ ਕੂੜਾ-ਦਾਨ ਦੀ ਜ਼ੀਨਤ ਬਣ ਗਈ। ਜੇ ਕੋਈ ਮੁਜਰਮ ਫਸਦਾ ਦਿਸਿਆ, ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ। ਜੇ ਕੋਈ ਮੁਜਰਮ ਬੁਰੀ ਤਰ੍ਹਾਂ ਫਸ ਗਿਆ ਅਤੇ ਹੇਠਲੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾ ਦਿੱਤੀ, ਤਾਂ ਉਪਰਲੀ ਅਦਾਲਤ ਵਿਚੋਂ ਉਸ ਨੂੰ ਸਰਕਾਰੀ ਦਬਾਅ ਨਾਲ ਬਰੀ ਕਰਵਾ ਦਿੱਤਾ ਗਿਆ। ਜੇ ਕਿਸੇ ਦਾ ਇਸ ਨਾਲ ਵੀ ਨਾ ਸਰਿਆ, ਤਾਂ ਉਸ ਨੂੰ ਰਾਸ਼ਟਰ ਪਤੀ ਕੋਲੋਂ ਮੁਆਫੀ ਦੁਆ ਦਿੱਤੀ। ਮੁਕਦੀ ਗੱਲ ਢਾਈ ਲੱਖ ਸਿੱਖਾਂ ਦੇ ਕਤਲ ਉਪਰਾਂਤ, ਕਿਸੇ ਇਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ।

ਦੂਸਰੇ ਪਾਸੇ, ਕਿਸੇ ਸਿੱਖ ਦੀ ਕਿਸੇ ਦੂਸਰੇ ਨਾਲ ਗੱਲ ਕਰਦੇ ਦੀ ਫੋਟੌ ਵੀ ਮਿਲ ਗਈ ਤਾਂ ਉਸ ਨੂੰ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਦੇ ਦਿੱਤੀ। ਜੇ ਕਿਸੇ ਸਿੱਖ ਕੋਲੋਂ ਪੁਲਸ ਨੇ ਤਸ਼ੱਦਦ ਨਾਲ, ਕਿਸੇ ਜੁਰਮ ਦਾ ਇਕਬਾਲ ਕਰਾ ਲਿਆ ਤਾਂ, ਉਸ ਨੂੰ ਫਾਂਸੀ ਦੇਣ ਲਈ, ਇਹੀ ਸਬੂਤ ਕਾਫੀ ਹੈ। ਜੇ ਕਿਸੇ ਸਿੱਖ ਨੇ ਪੁਲਸ ਤਸ਼ੱਦਦ ਨਾਲ ਵੀ ਗੁਨਾਹ ਨਹੀਂ ਕਬੂਲਿਆ ਤਾਂ ਉਸ ਨੂੰ ਗੋਲੀ ਮਾਰ ਕੇ, ਪੁਲਸ ਮਕਾਬਲੇ ਦਾ ਦੋਸ਼ੀ ਬਣਾ ਦਿੱਤਾ।

ਜੇ ਕਿਤੇ ਸਿੱਖਾਂ ਨਾਲ ਵਧੀਕੀਆਂ ਕਾਰਨ, ਕੋਈ ਰੋਸ ਲਹਿਰ ਖੜੀ ਵੀ ਹੋਈ, ਤਾਂ ਸਿੱਖੀ ਭੇਸ ਵਿਚਲੇ ਸਰਕਾਰੀ ਦਲਾਲਾਂ ਨੇ ਪੂਰਾ ਟਿੱਲ ਲਾ ਕੇ, ਉਸ ਰੋਸ ਲਹਿਰ ਦੀ ਅਗਵਾਈ ਸਰਕਾਰੀ ਬਟੇਰਿਆਂ ਦੇ ਹੱਥਾਂ ਵਿਚ ਦੇ ਕੇ ਉਸ ਦੀ ਫੂਕ ਹੀ ਕੱਢ ਦਿੱਤੀ। ਹੁਣ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਵਿਰੱਧ ਉਠੀ ਲਹਿਰ ਦਾ ਵੀ ਇਹੋ ਹਸ਼ਰ ਹੁੰਦਾ ਨਜ਼ਰ ਆ ਰਿਹਾ ਹੈ।

ਅਜਿਹੀ ਹਾਲਤ ਵਿਚ, ਸੁਹਿਰਦ ਸਿੱਖ ਵਿਦਵਾਨਾਂ ਕੋਲ ਇਕੋ ਰਾਹ ਸੀ, ਕਿ ਉਹ ਆਪਸ ਵਿਚ ਜੁੜ-ਬੈਠ ਕੇ, ਇਸ ਮੁਸੀਬਤ ਦਾ ਕੋਈ ਹੱਲ ਲਭਦੇ। ਪਰ ਏਥੇ ਆ ਕੇ ਉਹ ਚੀਜ਼ ਸਾਮ੍ਹਣੇ ਆਈ, ਜਿਸ ਦੀ ਘਾਟ ਪੂਰੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਕਿੱਲੇ, ਜੜ੍ਹ ਨਾਲ ਜੁੜਨ ਦੀ ਲੋੜ ਹੈ। ਆਪਸ ਵਿਚ ਜੁੜ ਬੈਠਣ ਲਈ, ਸਭ ਤੋਂ ਵੱਡੀ ਲੋੜ ਹੁੰਦੀ ਹੈ ਨਿਮਰਤਾ ਦੀ, ਜਿਸ ਆਸਰੇ ਦੂਸਰਿਆਂ ਦੀ ਗੱਲ ਨੂੰ ਤਸੱਲੀ ਨਾਲ ਸੁਣਿਆ ਜਾਵੇ, ਵਿਚਾਰਿਆ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਜੋ ਸੰਯੁਕਤ ਫੈਸਲਾ ਹੋਵੇ, ਉਸ ਤੇ ਅਮਲ ਕੀਤਾ ਜਾਵੇ। ਪਰ ਸਿੱਖ ਵਿਦਵਾਨਾਂ ਵਿਚ ਏਨੀ ਹਉਮੈ ਹੈ ਕਿ ਉਹ ਦੂਸਰੇ ਨਾਲ ਮਿਲ-ਬੈਠ ਕੇ ਵਿਚਾਰਾਂ ਕਰਨ ਨੂੰ ਵੀ ਆਪਣੀ ਹੇਠੀ ਸਮਝਦੇ ਹਨ, ਸਿਰਫ ਆਪਣੀ ਹੀ ਗੱਲ ਮਨਵਾਉਣੀ ਚਾਹੁੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਲਈ ਸਭ ਤੋਂ ਪਹਿਲਾ ਸਬਕ, ਹਉਮੈ ਦੂਰ ਕਰਨ ਦਾ ਹੀ ਦਿੰਦੇ ਹਨ। ਇਹ ਵੀ ਦੱਸਿਆ ਹੈ ਕਿ ਹਉਮੈ ਦੂਰ ਕਰਨ ਦਾ ਇਕੋ ਤਰੀਕਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਪਰ ਜਦ ਅਸੀਂ ਸ਼ਬਦ ਨੂੰ ਸੁਣਨ ਅਤੇ ਸਮਝਣ ਦੀ ਗੱਲ ਹੀ ਨਹੀਂ ਕਰਾਂਗੇ, ਖਾਲੀ ਰੱਟਾ ਲਾਉਣ ਦੀ ਹੀ ਗੱਲ ਹੋਵੇਗੀ, ਮਨ ਵਿਚ ਖਾਲੀ ਚੌਧਰ ਦੀ ਹੀ ਲਾਲਸਾ ਹੋਵੇਗੀ, ਤਾਂ ਸ਼ਬਦ ਦੀ ਵਿਚਾਰ ਵੱਲ, ਮਨ ਕਦ ਜਾਵੇਗਾ ? ਸ਼ਬਦ ਦੀ ਵਿਚਾਰ ਕੀਤੇ ਬਗੈਰ ਹਉਮੈ ਖਤਮ ਨਹੀਂ ਹੋਵੇਗੀ, ਆਪਸ ਵਿਚ ਵਿਚਾਰ-ਵਟਾਂਦਰੇ ਦਾ ਰਾਹ ਕਿਵੇਂ ਖੁਲ੍ਹੇਗਾ ? ਅਜਿਹੀ ਹਾਲਤ ਵਿਚ, ਜਦ ਵੀ ਏਕੇ ਦੀ ਗੱਲ ਹੋਵੇਗੀ ਤਾਂ ਕੀ ਹੋਵੇਗਾ ?

ਇਕੱਠ ਵਿਚ, ਜਿਸ ਵੀ ਧੜੇ ਦਾ ਪਲੜਾ ਭਾਰੀ ਹੋਵੇਗਾ, ਉਸ ਦੇ ਬੰਦੇ, ਆਪਣੇ ਆਗੂ ਨੂੰ ਸਭ ਤੋਂ ਉਪਰ ਸਥਾਪਤ ਕਰਨਾ ਹੀ, ਪੰਥਕ ਏਕੇ ਲਈ ਸ਼ਰਤ ਰੱਖਣਗੇ। ਇਵੇਂ ਹਰ ਇਕੱਠ ਵਿਚ, ਪੰਥ ਦੇ ਭਲੇ ਦੀ ਗੱਲ ਨਾ ਹੋ ਕੇ, ਵਿਅਕਤੀ ਪੂਜਾ ਦੀ ਹੀ ਗੱਲ ਹੋਵੇਗੀ। ਅਜਿਹੀ ਹਾਲਤ ਵਿਚ ਜੇ ਕਿਸੇ ਵੇਲੇ ਪੰਥ ਵਿਚ ਏਕਾ ਹੋ ਵੀ ਜਾਂਦਾ ਹੈ, ਤਾਂ ਉਹ ਕਿੰਨੇ ਦਿਨ ਚੱਲੇਗਾ ?

ਬੰਦਾ ਗਲਤੀ ਦਾ ਪੁਤਲਾ ਹੈ ਅਤੇ ਅੱਜ ਸਿਖੀ ਦੀ ਉਹ ਹਾਲਤ ਹੈ ਕਿ ਕੋਈ ਵੱਡੇ ਤੋਂ ਵੱਡਾ ਸਿੱਖ ਆਗੂ ਵੀ, ਪੰਥ ਦੇ ਸਾਰੇ ਮਸਲ੍ਹਿਆਂ ਬਾਰੇ ਜਾਣੂ ਹੀ ਨਹੀਂ ਹੋ ਸਕਦਾ, ਫਿਰ ਉਹ ਉਨ੍ਹਾਂ ਮਸਲ੍ਹਿਆਂ ਦਾ ਹੱਲ ਕੀ ਕੱਢੇਗਾ ? ਹਰ ਗੁੱਟ ਦੇ ਬੰਦੇ, ਲੀਡਰ ਦੇ ਸਲਾਹਕਾਰ ਘੱਟ, ਉਸ ਦੀ ਨੇੜਤਾ ਹਾਸਲ ਕਰਨ ਦੀ ਚਾਹ ਵਿਚ, ਉਸ ਦੇ ਜੀ-ਹਜ਼ੂਰੀਏ ਜ਼ਿਆਦਾ ਹੁੰਦੇ ਹਨ। ਉਹ ਕਿੰਨਾ ਕੁਝ ਗਲਤ ਵੀ ਪਿਆ ਕਰੇ, ਉਸ ਦੇ ਨਿਕਟ ਵਰਤੀਆਂ ਨੇ ਤਾਂ “ਸਤਿ ਬਚਨ” ਹੀ ਕਹਿਣਾ ਹੈ, ਜੋ ਇਸ ਵੇਲੇ ਸਿੱਖੀ ਲਈ ਮਾਰੂ ਜ਼ਹਰ ਤੋਂ ਘੱਟ ਨਹੀਂ ਹੈ।

ਸਿਰਫ ਇਕ ਤਰੀਕੇ ਨਾਲ ਹੋਇਆ ਏਕਾ ਹੀ ਪੰਥ ਦਾ ਕੁਝ ਸਵਾਰ ਸਕਦਾ ਹੈ, ਅਤੇ ਉਹ ਹੈ ਕਿ ਸਿੱਖ ਵਿਦਵਾਨ ਗੁਰੂ ਦੇ ਕਿੱਲੇ ਨਾਲ ਬੱਝ ਕੇ, ਆਪਣੀ ਹਉਮੈ ਦੂਰ ਕਰਨ, ਚੌਧਰ ਦੀ ਲਾਲਸਾ ਛੱਡਣ। ਆਖਰ ਆਗੂ, ਪੰਥਕ ਵਿਦਵਾਨਾਂ ਵਿਚੋਂ ਹੀ ਛਾਂਟੇ ਜਾਣੇ ਹਨ। ਹਲੀਮੀ ਨਾਲ ਇਕ-ਦੂਜੇ ਦੀ ਗੱਲ ਸੁਣਨ-ਸਮਝਣ ਦੀ ਆਦਤ ਪਾਉਣ। ਇਸ ਤਰ੍ਹਾਂ ਇਕ ਸੰਯੁਕਤ ਟੀਮ ਅਧੀਨ, ਉਨ੍ਹਾਂ ਬੰਦਿਆਂ ਦਾ ਏਕਾ ਹੋਵੇਗਾ, ਜੋ ਨਿੱਜ ਨਾਲੋਂ ਪੰਥ ਨੂੰ ਪਰਮੁੱਖਤਾ ਦੇਣਗੇ। ਇਕ ਦੂਸਰੇ ਦੇ ਦਿਲੋਂ ਭਾਈ ਵਾਲ ਹੋਣਗੇ, ਜੋ ਗੱਲ ਇਕ ਦਿਮਾਗ ਦੇ ਸੋਚਣ ਲਈ ਮਿਥੀ ਜਾ ਰਹੀ ਹੈ, ਉਸ ਬਾਰੇ ਸੈਂਕੜੇ ਹੀ ਦਿਮਾਗ ਸੋਚਣਗੇ। ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।

ਵਿਚਾਰਕਾਂ ਦੀ ਗਿਣਤੀ ਕੁਝ ਵੀ ਹੋ ਸਕਦੀ ਹੈ, ਜੋ ਬੰਦੇ ਕਹਿੰਦੇ ਹਨ ਕਿ ਬਹੁਤੇ ਬੰਦਿਆਂ ਵਿਚ ਫੈਸਲਾ ਨਹੀਂ ਲਿਆ ਜਾ ਸਕਦਾ, ਉਨ੍ਹਾਂ ਨੂੰ ਨਾ ਤਾਂ ਸਿੱਖੀ ਸਿਧਾਂਤਾਂ ਦੀ ਹੀ ਸਮਝ ਹੈ ਤੇ ਨਾ ਹੀ ਸਿੱਖ ਇਤਿਹਾਸ ਦੀ। ਜੇ ਹੁੰਦੀ ਤਾਂ ਉਹ ਅਜਿਹਾ ਨਾ ਕਹਿੰਦੇ।

ਪੰਜਾਬੀ ਦੀ ਇਕ ਕਹਾਵਤ ਹੈ,

ਸੌ ਸਿਆਣੇ ਇਕੋ ਮੱਤ, ਮੂਰਖ ਆਪੋ ਆਪਣੀ।

ਜੇ ਤੁਸੀਂ ਮੂਰਖਾਂ ਨੂੰ ਇਕੱਠੇ ਕਰ ਕੇ ਫੈਸਲਾ ਲੈਣ ਦੀ ਗੱਲ ਕਰੋਗੇ ਤਾਂ ਯਕੀਨਨ ਇਹ ਅਸੰਭਵ ਹੈ। ਜੇ ਤੁਸੀਂ ਸਿਆਣਿਆਂ ਨੂੰ ਇਕੱਠੇ ਕਰ ਕੇ ਫੈਸਲਾ ਲੈਣ ਦੀ ਗੱਲ ਕਰੋਗੇ, ਤਾਂ ਯਕੀਨਨ ਉਸ ਦੇ ਬਹੁਤ ਚੰਗੇ ਸਿੱਟੇ ਨਿਕਲਣਗੇ। ਫੈਸਲਿਆ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਸਵਾਰਥੀ ਵਿਚਾਰ-ਧਾਰਾ ਹੀ ਹੁੰਦਾ ਹੈ, ਨਿੱਜੀ ਸਵਾਰਥ ਨੂੰ ਲਾਂਭੇ ਰੱਖ ਕੇ ਕੀਤਾ ਹਰ ਫੈਸਲਾ, ਆਪਣਾ ਰੰਗ ਵਿਖਾਵੇਗਾ।

ਪਰ ਹੁਣ ਤਾਂ ਮੈਨੂੰ ਵੀ ਯਕੀਨ ਹੁੰਦਾ ਜਾ ਰਿਹਾ ਹੈ ਕਿ ਅਜੇ ਸਿੱਖਾਂ ਦਾ ਹੋਰ ਬਹੁਤ ਬੁਰਾ ਹਾਲ ਹੋਣ ਵਾਲਾ ਹੈ। ਸਿੱਖਾਂ ਨੇ ਹਉਮੈ ਛੱਡਣੀ ਨਹੀਂ, ਭਾਰਤ ਦੀ ਬਹੁਗਿਣਤੀ ਨੇ, ਇਨ੍ਹਾਂ ਦਾ ਕਚੂਮਰ ਕਢਣੋਂ ਹੱਟਣਾ ਨਹੀਂ। ਵਾਰੀ-ਵਾਰੀ ਸਾਰਿਆਂ ਨੇ ਛਿੱਤਰ ਖਾਣੇ ਹੀ ਹਨ। ਦੂਸਰੇ ਸਿੱਖਾਂ ਨੇ ਦੂਰ ਖੜੇ ਹੋ ਕੇ ਵੇਖਦਿਆਂ, ਦਿਲ ਵਿਚ ਖੁਸ਼ ਹੋਣਾ ਹੀ ਹੈ।

ਮੇਰੇ ਇਕ ਨਜ਼ਦੀਕੀ ਨੇ ਮੈਨੂੰ ਇਕ ਗੱਲ ਸੁਣਾਈ ਸੀ ਕਿ “ਘਰ ਦਾ ਮੁਖੀਆ ਆਖਰੀ ਸਾਹਾਂ ਤੇ ਸੀ, ਉਸ ਦੇ ਚਾਰੇ ਪੁਤ੍ਰ ਉਸ ਕੋਲ ਆਏ ਅਤੇ ਕਹਿਣ ਲੱਗੇ, ਬਾਪੂ ਆਖਰੀ ਮੌਕੇ ਸਾਨੂੰ ਕੋਈ ਸਿੱਖ-ਮੱਤ ਦੇਹ। ਬਾਪੂ ਨੇ ਕਿਹਾ, ਪੁਤ੍ਰੋ ਸਿੱਖ ਤਾਂ ਤੁਸੀਂ, ਸਿੱਖ ਦੇ ਘਰ ਜੰਮਣ ਨਾਲ ਹੀ ਅਖਵਾਉਣ ਲਗ ਪਏ ਹੋ। ਮੱਤ ਤੁਹਾਨੂੰ ਆਉਣੀ ਨਹੀਂ, ਮੈਂ ਤਾਂ ਸਾਰੀ ਉਮਰ ਤੁਹਾਨੂੰ ਮੱਤ ਦੇ-ਦੇ ਕੇ ਥੱਕ ਗਿਆ ਹਾਂ। ਤੁਸੀਂ ਮੱਤ ਲੈਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਸ਼ਾਇਦ ਉਹ ਤੁਹਾਡੇ ਤੇ ਤਰਸ ਕਰ ਕੇ ਤੁਹਾਨੂੰ ਕੋਈ ਮੱਤ ਦੇ ਦੇਵੇ, ਪਰ ਮੈਨੂੰ ਤੁਹਾਡੇ ਤੋਂ ਇਹ ਆਸ ਬਿਲਕੁਲ ਨਹੀਂ ਹੈ।

ਅਮਰਜੀਤ ਸਿੰਘ ਚੰਦੀ
ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top