Share on Facebook

Main News Page

ਚੀਕਾਂ

ਬਾਬਾ ਫੌਜਾ ਸਿੰਘ ਇਕ ਦਿਨ ਇੱਕ ਗੁਰਦੁਆਰਾ ਸਾਹਿਬ ਗਿਆ ਉਥੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਚਲ ਰਹੀ ਸੀ। 875 ਪੰਨੇ ਉਪਰ ਭਗਤ ਨਾਮਦੇਵ ਜੀ ਦੇ ਸਬਦ ਉਪਰ ਵਿਚਾਰ ਹੋ ਰਹੀ ਸੀ। ਸ਼ਬਦ ਦਾ ਪ੍ਰਕਰਣ ‘ਪਾਂਡੇ ਤੁਮਰਾ ਰਾਮ ਚੰਦ’ ਵਾਲਾ ਸੀ। ਭਾਈ ਜੀ ਹੁਰਾਂ ਖੂਭ ‘ਰੰਗ ਬੰਨਿਆਂ’ ਖਾਸ ਕਰ ‘ਹਿੰਦੂ ਅੰਨ੍ਹਾਂ ਤੁਰਕੂ ਕਾਣਾ’ ਉਪਰ ਉਨ੍ਹਾਂ ਕਈ ਦਲੀਲਾਂ ਦਿੱਤੀਆਂ ਕਿ ਗੁਰਬਾਣੀ ਹਿੰਦੂ ਨੂੰ ਅੰਨ੍ਹਾਂ ਕਿਉਂ ਕਹਿ ਰਹੀ ਹੈ। ਪਾਂਡਾ ਸ੍ਰੀ ਰਾਮ ਚੰਦਰ ਜੀ ਨੂੰ ਭਗਵਾਨ ਵੀ ਕਹਿ ਰਿਹੈ ਤੇ ਉਸ ਨਾਲ ਡਰਪੋਕ ਕਿਸਮ ਦੀਆਂ ਜਾਂ ਹੋਰ ਊਲ-ਜਲੂਲ ਕਹਾਣੀਆਂ ਵੀ ਜੋੜ ਰਿਹਾ ਹੈ, ਸ਼ਿਵ ਜੀ ਨੂੰ ਭਗਵਾਨ ਵੀ ਕਹਿ ਰਿਹਾ ਪਰ ਕਹਾਣੀਆਂ ਵਿੱਚ ਉਸ ਦਾ ਜਲੂਸ ਵੀ ਕੱਢ ਰਿਹੈ, ਗਾਇਤ੍ਰੀ ਨੂੰ ਪਵਿੱਤਰ ਜਾਣ ਉਸ ਦਾ ਪਾਠ ਵੀ ਕਰਦਾ ਤੇ ਉਸ ਨੂੰ ਗਾਂ ਬਣਾ ਕੇ ਲੋਧੇ ਦਾ ਖੇਤ ਚਰਨ ਦੇ ‘ਜੁਰਮ’ ਵਿੱਚ ਉਸ ਦੀ ਟੰਗ ਵੀ ਤੁੜਾਈ ਫਿਰਦਾ। ਯਾਨੀ ਉਹ ‘ਰੱਬ’ ਦੇ ਬੁੱਤ ਤਾਂ ਘੜਦਾ ਪਰ ਉਨ੍ਹਾਂ ਵਿੱਚ ਜਾਨ ਨਹੀ ਪਾਉਂਦਾ। ਜਾਨ ਵਾਲੀ ਤਾਕਤ ਉਹ ਅਪਣੇ ਕੋਲ ਹੀ ਰੱਖਦਾ ਤੇ ਇਹੀ ਕਾਰਨ ਹੈ ਕਿ ਸਦੀਆਂ ਤੋਂ ਨਿਰਜਿੰਦ ਬੁੱਤ ਦਿਖਾ ਦਿਖਾ ਹੀ ਉਹ ਲੁਕਾਈ ਨੂੰ ਲੁੱਟੀ ਤੇ ਕੁੱਟੀ ਤੁਰਿਆ ਆ ਰਿਹੈ। ਗੱਲ ਕੀ ਭਾਈ ਜੀ ਹੁਰਾਂ ਕਈ ਪੁਰਾਣਕ ਕਹਾਣੀਆਂ ਸੁਣਾ ਮਾਰੀਆਂ ਜਿਸ ਵਿੱਚ ਹਿੰਦੂ ਅਪਣੇ ਭਗਵਾਨਾ ਦਾ ਖੂਭ ਮਖੌਲ ਉਡਾ ਰਿਹਾ ਦਿੱਸਦਾ ਹੈ।

ਇਧਰੋਂ ‘ਵਿਹਲੇ’ ਹੋ ਕੇ ਮੁਕਾਬਲੇ ਵਿੱਚ ਭਾਈ ਜੀ ਹੁਰੀਂ ਗੁਰੂ ਸਾਹਿਬਾਨਾਂ ਦੀ ਉਸਤਤੀ ਦੇ ‘ਰੰਗ ਬੰਨਣੇ’ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬਾਨਾਂ ਦੀਆਂ ਪ੍ਰੈਕਟੀਕਲ ਕੀਤੀਆਂ ਘਾਲਣਾਵਾਂ, ਮਨੁੱਖਤਾ ਲਈ ਕੀਤੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨੂੰ ਛੱਡ ਕਈ ਕਰਾਮਾਤੀ ਊਟ-ਪਟਾਂਗ ਕਹਾਣੀਆਂ ਸੁਣਾ ਮਾਰੀਆਂ ਤੇ ਆਖਰ ਭਾਈ ਜੀ ਤੁਰਦੇ-ਹਫਦੇ, ਡਿੱਗਦੇ-ਢਹਿੰਦੇ, ਸਾਹੋ ਸਾਹੀ ਹੋਏ ਹੇਮਕੁੰਟ ਪਰਤਬ ਤੇ ਜਾ ਚੜ੍ਹੇ! ਉਥੋਂ ‘ਤੱਪ’ ਸਾਧ ਰਹੇ ਦੁਸਟ-ਦਸਨ ਜੀ ਨੂੰ ਨਾਲ ਲਿਆ ਤੇ ਚਲ ਸਿੱਧੇ ਸਚਖੰਡ! ਬੰਦਾ ਜਦੋਂ ਤੁਰ ਹੀ ਪਿਆ ਫਿਰ ਨੇੜੇ-ਤੇੜੇ ਦਾ ਕੀ ਕੰਮ। ਗੱਲ ਕੀ ਭਾਈ ਜੀ ਦੀ ਕਥਾ ਵਿੱਚ ਨਾ ਚਮਕੌਰ ਦੀ ਗੜੀ, ਨਾ ਅਨੰਦਪੁਰ ਦਾ ਕਿਲਾ, ਨਾ ਸਿਰਸਾ ਦੀਆਂ ਛੱਲਾਂ ਮਾਰਦੀਆਂ ਮਾਰੂ ਲਹਿਰਾਂ ਤੇ ਬਾਕੀ ਬੱਚਦਾ ਸਮਾ ਅਕਾਲ ਪੁਰਖ ਨਾਲ ਗੱਲਾਂ-ਬਾਤਾਂ ਕਰਦਿਆਂ ਹੀ ਪੂਰਾ ਕਰਕੇ ਫਤਿਹ ਚਲੋ ਹੋ ਗਈ ‘ਕਥਾ?

ਬਾਬਾ ਫੌਜਾ ਸਿੰਘ ਦੇ ‘ਸੈਂਸਰ’ ਉਸੇ ਸਮੇਂ ਟੀਂ.ਟੀਂ. ਕਰਨ ਲੱਗ ਪਏ ਤੇ ਉਸ ਦੇ ਸਾਹਵੇਂ ਹੇਮਕੁੰਟ ਵਾਲੀ ਕਹਾਣੀ ਦੇ ਨਾਲ ਸੂਰਜ ਪ੍ਰਕਾਸ਼ ਦੀ ਬ੍ਰਹਾਮਣ ਹੇਠ ਵਿੱਛੀ ਹੋਈ ਖੱਲ ਨਿਕਲ ਆਈ ਜਿਸ ਵਿਚੋਂ ‘ਦੁਸ਼ਟ-ਦਮਨ’ ਪੈਦਾ ਹੋਇਆ ਦੱਸਿਆ ਗਿਆ ਹੈ। ਤੇ ਨਾਲ ਹੀ ਅਨੂਪ ਕੌਰ ਦੇ ਕੰਧਾਂ-ਕੋਠੇ ਤੇ ਪੱਗਾਂ ਕਿਸ ਲਾਹ ਕੇ ਵੇਚੀਆਂ? ਬਾਕੀ ਸਾਰਾ ਕੂੜਾ-ਕੱਚਰਾ ਜਿਹੜਾ ਗੁਰੂ ਨਾਲ ਮੜਿਆ ਪਿਆ ਹੈ। ਨਾਲੇ ਬੰਨਣ ਖ੍ਹੋਲਣ ਦੀਆਂ ਸ਼ਰਤਾਂ ਵਾਲੀਆਂ ‘ਦਸਮ-ਗਰੰਥ’ ਦੀਆਂ ਕਹਾਣੀਆਂ। ਬਾਬੇ ਨੂੰ ਇਕ ਦਮ ਜਾਪਿਆ ਕਿ ਐ ਭਗਤ ਨਾਮ ਦੇਵ ਜੀ ਅੱਜ ਤੁਸੀਂ ਸਾਡੇ ਵਿੱਚ ਹੁੰਦੇ ਤਾਂ ਹਿੰਦੂ ਦੇ ਨਾਲ ਨਾਲ ਸਾਨੂੰ ਵੀ ਅੰਨ੍ਹਾ ਕਹਿਣੋ ਕਦੇ ਨਾ ਝਿਝਕਦੇ ਜਿਹੜੇ ਪਾਂਡੇ ਵਾਂਗ ਇਕ ਪਾਸੇ ਤਾਂ ਗੁਰੂ ਨੂੰ ਰੱਬ ਕਹੀ ਜਾਂਦੇ, ਦੂਜੇ ਪਾਸੇ ਉਨ੍ਹਾਂ ਨਾਲ ਗੰਦੀਆਂ ਕਹਾਣੀਆਂ ਜੋੜਦੇ ਭੋਰਾ ਨਹੀਂ ਸ਼ਰਮਾਉਂਦੇ। ਇਹ ਵੀ ਪਾਂਡੇ ਦੇ ਭਗਵਾਨਾ ਵਾਂਗ ਗੁਰੂ ਨੂੰ ਅਜਿਹਾ ਹੀ ਬੁੱਤ ਘੜਨਾ ਚਾਹੁੰਦੇ ਜਿਸ ਵਿੱਚ ਜਾਨ ਕੋਈ ਨਾ ਹੋਵੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੇ ਪੰਡਿਆਂ ਤੇ ਬਾਬਿਆਂ ਕੱਚੀਆਂ ਕਹਾਣੀਆਂ ਸੁਣਾ ਸੁਣਾ ਇਤਿਹਾਸ ਦੀ ਜਾਨ ਕੱਢ ਛੱਡੀ ਹੈ।

ਕੁਝ ਚਿਰ ਪਹਿਲਾਂ ਦੀ ਹੀ ਗੱਲ ਹੈ ਕਿ ਬਾਬੇ ਫੌਜਾ ਸਿੰਘ ਨੇ ਸ੍ਰੀ ਸ਼ਿਵ ਪੁਰਾਣ ਦੇ ਹਵਾਲੇ ਨਾਲ ਸ਼ਿਵ ਜੀ ਦੀ ਪਹਿਲੀ ਪਤਨੀ ਸਤੀ ਦੇ ਬੈਰਾਗ ਵਾਲੀ ਕਾਹਣੀ ਲਿੱਖ ਮਾਰੀ ਜਿਸ ਵਿਚ ‘ਭਗਵਨ’ ਨੰਗ ਧੜੰਗੇ ਰਿਸ਼ੀਆਂ ਦੇ ਆਸ਼ਰਮ ਵਿੱਚ ਜਾ ਵੜੇ ਸਨ ਆਦਿ ਤਾਂ ਇੱਕ ਹਿੰਦੂ ਭਰਾ ਦੀ ਬੜੀ ਸਖਤ ਈ-ਮੇਲ ਆਈ ਕਿ ਉਸ ਨੇ ਉਸ ਦੀਆਂ ਭਾਵਨਾਵਾਂ ਦਾ ਮਖੌਲ ਉਡਾਇਆ ਹੈ। ਬਾਬੇ ਨੇ ਦੱਸਿਆ ਕਿ ਭਰਾ ਤੇਰੀਆਂ ਭਾਵਨਾਵਾਂ ਦਾ ਮਖੌਲ ਮੈਂ ਨਹੀਂ ਤੇਰੇ ਆਪਣੇ ਹੀ ਪਾਂਡੇ ਨੇ ਉਡਾਇਆ ਹੈ, ਜਿਸ ਇਹ ਕਹਾਣੀ ਲਿਖੀ ਹੈ ਮੈਂ ਤਾਂ ਇੰਨ-ਬਿੰਨ ਕਹੀ ਹੀ ਹੈ, ਮੇਰਾ ਦੱਸ ਕੀ ਕਸੂਰ ਹੈ। ਬਾਬੇ ਨੇ ਦੇਖਿਆ ਕਿ ਉਹ ਲਾਲੋ ਲਾਲ ਹੋਣ ਦੇ ਬਾਵਜੂਦ ਵੀ ਬੇਬੱਸ ਹੋ ਕੇ ਰਹਿ ਗਿਆ, ਕਿਉਂਕਿ ਇਹ ਕਹਾਣੀ ਉਸ ਦੇ ਅਪਣੇ ਹੀ ਗ੍ਰੰਥ ਦੀ ਸੀ ਕਿਵੇਂ ਮੁੱਕਰੇ?

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਕੱਲ ਨੂੰ ਜਦ ਗੁਰੂ ਸਾਹਿਬਾਨਾਂ ਪ੍ਰਤੀ ਕੋਈ ਘਟੀਆ ਸਵਾਲ ਜੇ ਪਾਂਡੇ ਨੇ ਉਠਾਉਂਣਾ ਹੋਇਆ ਤਾਂ ਸਿੱਖ ਕੀ ਕਰ ਲੈਣਗੇ, ਜਦ ਕਿ ਉਹ ਖੁਦ ਤਾਂ ਉਸ ਗ੍ਰੰਥ ਨੂੰ ਕਿੱਲ੍ਹ ਕਿਲ੍ਹ ਕੇ ਪ੍ਰਮਾਣਤਾ ਦੇ ਰਹੇ ਹਨ ਕਿ ਲੋਕੋ ਦੇਖੋ! ਇਹ ਜਲੂਸ ਸਾਡਾ ਹੀ ਹੈ ਜਿਹੜਾ ਅਸੀਂ ਅਪਣੇ ਹੱਥੀ ਕੱਢ ਰਹੇ ਹਾਂ। ਪੂਰਨ ਸਿਉਂ ਨੇ ਜਦ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਿਹਾ ਸੀ, ਉਸ ਗਲਤ ਕੀ ਕਿਹਾ ਸੀ। ਉਸ ਇਹ ਸਿਪਾਹੀ ਬਣਾਉਣ ਵਾਲੇ ‘ਦਸਮ-ਗਰੰਥ’ ਨੂੰ ਹੀ ‘ਕੋਟ’ ਕੀਤਾ ਸੀ। ਜੇ ਹਿੰਦੂ ਸ੍ਰੀ ਗੁਰੂ ਗੋਬਿਦ ਸਿੰਘ ਜੀ ਨੂੰ ਕਾਲਕਾ ਭਗਤ ਜਾਂ ਦੇਵੀ ਪੂਜ ਕਹਿ ਰਹੇ ਤਾਂ ਉਹ ਗਲਤ ਕੀ ਕਹਿ ਰਹੇ ਸਾਡੇ ਹਿੱਕ ਨਾਲ ਲਾਈ ਫਿਰਦੇ ਗ੍ਰੰਥਾਂ ਨੂੰ ਹੀ ਕੋਟ ਕਰ ਰਹੇ। ਅਸੀਂ ਤਾਂ ਖੁਦ ਸੰਘ ਪਾੜ ਪਾੜ ਕਹਿ ਰਹੇ ਹਾਂ ‘ਗੁਰ ਸਿਮਰ ਮਨਾਈ ਕਾਲਕਾ’ ਦੂਜੇ ਤੇ ਕਾਹਦਾ ਗਿਲਾ ਬਈ।

ਬਾਬੇ ਨੂੰ ਜਾਪਿਆ ਇਹ ਭਾਈ ਕਥਾ ਨਹੀਂ ਕਰ ਰਿਹਾ, ਬਲਕਿ ਉਸ ਨਵੇਂ ਬਣੇ ਸਾਧ ਵਾਂਗ ਬੱਤੀਆਂ ਬੰਦ ਕਰਕੇ ਚੀਕਾਂ ਮਾਰ ਰਿਹੈ, ਜਿਸਨੂੰ ਟੀ.ਵੀ ਤੇ ਵੇਖ ਇੱਕ ਬੱਚਾ ਅਪਣੀ ਦਾਦੀ ਮਾਂ ਨੂੰ ਪੁੱਛਦਾ, ਦਾਦੀ ਮਾਂ ਇਹ ਭਾਈ ‘ਸਿਮਰਨ’ ਕਰਦਾ ਚੀਕਾਂ ਜਿਹੀਆਂ ਕਿਉਂ ਮਾਰਦਾ? ਇਸ ਨੂੰ ਕੋਈ ਤਕਲੀਫ ਹੈ, ਇਹ ਕੋਈ ਡਾਕਟਰ ਕਿਉਂ ਨਹੀਂ ਵੇਖਦਾ? ਦਾਦੀ ਕਹਿੰਦੀ ਪੁੱਤਰ ਇਸ ਦਾ ਕਸੂਰ ਨਹੀਂ, ਜਦੋਂ ਦਾ ਇਸ ਨੂੰ ਕੁੱਤੇ ਵੱਡਿਆ ਇਹ ਉਦੋਂ ਦਾ ਹੀ ਇੰਝ ਹੀ ਚੀਕਾਂ ਮਾਰਦਾ ਇਹ ਡਾਕਟਰ ਦੇ ਦੇਖਣ ਦਾ ਨਹੀਂ ਅਜਿਹੀ ਬੀਮਾਰੀ ਦਾ ਕੋਈ ਇਲਾਜ ਹੈ ਹੀ ਨਹੀਂ।

ਬਾਬੇ ਨੂੰ ਲੱਗਦਾ ਸਾਡੇ ਬਹੁਤੇ ਪ੍ਰਚਾਰਕਾਂ ਜਾਂ ਬਾਬਿਆਂ ਨੂੰ ਵੀ ਕਿਸੇ ਅਜਿਹੇ ਹੀ ਕੁੱਤੇ ਵੱਡਿਆ ਹੈ, ਜਿਹੜੇ ਸੱਚਾਈ ਤੋਂ ਅੱਖਾਂ ਮੀਚੀ ਹਨੇਰੇ ਵਿੱਚ ਚੀਕਾਂ ਮਾਰੀ ਜਾਂਦਿਆਂ ਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ, ਕਿ ਉਹ ਸਟੇਜ ਤੇ ਬੋਲ ਕੀ ਰਹੇ ਹਨ ਜਦ ਕਿ ਕਿਸੇ ਨੂੰ ਅੰਨਾਂ ਕਹਿਣ ਵਾਲੇ ਖੁਦ ਕੰਧਾਂ ਵਿੱਚ ਵੱਜਦੇ ਫਿਰਦੇ ਹਨ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top