Share on Facebook

Main News Page

ਪੰਜਾਬ 'ਚ ਸਿੱਖਾਂ ਦੀ ਗਿਣਤੀ ਘੱਟ ਰਹੀ ਏ - ਦੇਹਧਾਰੀ ਗੁਰੂਆਂ ਨੂੰ ਮੰਨਣ ਵਾਲੇ ਸਿੱਖ ਨਹੀਂ

ਕੁਝ ਸਮਾਂ ਹੋਇਐ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਇਕ ਫੈਸਲਾ ਆਇਆ ਸੀ, ਜਿਸ ਵਿਚ ਹਾਈਕੋਰਟ ਦੇ ਵਿਦਵਾਨ ਜੱਜਾਂ ਦੇ ਇਕ ਬੈਂਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੇਸ਼ ਕੀਤੀ ਗਈ ਇਹ ਦਲੀਲ, ਕਿ ਨਿਰੰਕਾਰੀ, ਸੌਦਾ ਸਾਧ ਦੇ ਪੈਰੋਕਾਰ, ਰਾਧਾ ਸੁਆਮੀ, ਨਾਮਧਾਰੀ ਆਦਿ, ਜੋ ਦੇਹਧਾਰੀ ਗੁਰੂਆਂ ਪੁਰ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਨੂੰ ਸਿੱਖ ਸਵੀਕਾਰ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਇਨ੍ਹਾਂ ਨੂੰ ਮਰਦਮਸ਼ੁਮਾਰੀ ਵਿਚ ਸਿੱਖ ਅਬਾਦੀ ਦੇ ਵਿਖਾਏ ਗਏ ਅੰਕੜਿਆਂ ਵਿਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਸਿੱਖਾਂ ਦੀ ਬਾਕੀ ਜੋ ਗਿਣਤੀ ਰਹਿ ਜਾਂਦੀ ਹੈ, ਉਸ ਅਨੁਸਾਰ ਪੰਜਾਬ ਵਿਚ ਸਿੱਖ ਘੱਟ-ਗਿਣਤੀ ਵਿੱਚ ਹਨ, ਨੂੰ ਰੱਦ ਕਰਦਿਆਂ ਇਹ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ, ਕਿ ਪੰਜਾਬ ਵਿਚ ਸਿੱਖ ਘੱਟ-ਗਿਣਤੀ ਵਿਚ ਹਨ। ਇਨ੍ਹਾਂ ਵਿਦਵਾਨ ਜੱਜਾਂ ਨੇ ਇਹ ਫੈਸਲਾ ਦਿੰਦਿਆਂ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੇਸ਼ ਕੀਤੀ ਗਈ ਦਲੀਲ ਨੂੰ ਮੰਨ ਲਿਆ ਜਾਵੇ ਤਾਂ ਉਸੇ ਦਲੀਲ ਅਨੁਸਾਰ ਹਿੰਦੂ ਵੀ ਘੱਟ-ਗਿਣਤੀ ਵਿਚ ਹੋ ਜਾਣਗੇ ਕਿਉਂਕਿ ਉਹ ਵੀ ਵੱਖ-ਵੱਖ ਫਿਰਕਿਆਂ ਵਿਚ ਵੰਡੇ ਹੋਏ ਹਨ।

ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਉਪ੍ਰੋਕਤ ਫੈਸਲੇ ਵਿਰੁਧ ਸੁਪ੍ਰੀਮ ਕੋਰਟ ਵਿੱਚ ਅਪੀਲ ਕਰਦਿਆਂ ਅਦਾਲਤ ਨੂੰ ਦਸਿਆ ਗਿਆ ਕਿ ਪੰਜਾਬ ਵਿੱਚ ਕੇਵਲ ਉਹੀ ਸਿੱਖ ਹਨ, ਜਿਨ੍ਹਾਂ ਦੇ ਨਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਤਿਆਰ ਕੀਤੀਆਂ ਗਈਆਂ ਹੋਈਆਂ ਮਤਦਾਤਾ-ਸੂਚੀਆਂ ਵਿੱਚ ਮਤਦਾਤਾ ਵਜੋਂ ਦਰਜ ਹਨ। ਇਸ ਅਨੁਸਾਰ ਪੰਜਾਬ ਵਿੱਚ ਸਿੱਖ ਘਟ-ਗਿਣਤੀ ਵਿੱਚ ਹਨ। ਮਿਲੀ ਜਾਣਕਾਰੀ ਅਨੁਸਾਰ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਅਦਾਲਤ ਵਿੱਚ ਚਲਦੇ ਵੱਖ-ਵੱਖ ਮਾਮਲਿਆਂ ਵਿੱਚ ਸਿੱਖ ਦੀ ਪ੍ਰੀਭਾਸ਼ਾ ਕਈ ਵਾਰ ਬਦਲ-ਬਦਲ ਕੇ ਪੇਸ਼ ਕੀਤੀ ਹੈ। ਜੋ ਕਿ ਇੱਕ ਵੱਖਰੇ ਮਜ਼ਮੂਨ ਦਾ ਵਿਸ਼ਾ ਹਨ। ਇਸ ਮਜ਼ਮੂਨ ਵਿੱਚ ਕੇਵਲ ਉਸ ਪ੍ਰੀਭਾਸ਼ਾ ਬਾਰੇ ਚਰਚਾ ਕੀਤੀ ਜਾ ਰਹੀ ਹੈ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਹੈ ਅਤੇ ਜਿਸਦੇ ਆਧਾਰ ਤੇ ਅਦਾਲਤ ਨੇ ਸ਼੍ਰੋਮਣੀ ਕਮੇਟੀ ਦੇ ਵਿਰੁਧ ਫੈਸਲਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿੱਤੇ ਗਏ ਉਪ੍ਰੋਕਤ ਫੈਸਲੇ ਤੇ ਟਿੱਪਣੀ ਕਰਦਿਆਂ ਇਕ ਸੱਜਣ ਨੇ ਕਿਹਾ ਕਿ ਜੇ ਕਾਨੂੰਨੀ ਦ੍ਰਿਸ਼ਟੀ ਤੋਂ ਵੇਖਿਆ ਜਾਏ ਤਾਂ ਇਹ ਫੈਸਲਾ ਠੀਕ ਹੋ ਸਕਦਾ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੋ ਦਲੀਲ ਅਦਾਲਤ ਸਾਹਮਣੇ ਪੇਸ਼ ਕੀਤੀ ਗਈ ਹੈ, ਉਸ ਵਿਚ ਕੋਈ ਦਮ ਨਹੀਂ। ਇਸਦਾ ਕਾਰਣ ਉਨ੍ਹਾਂ ਦੱਸਿਆ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਈ ਸਿੱਖ ਸੰਸਥਾਵਾਂ ਦੇਹਧਾਰੀ ਗੁਰੂਆਂ ਪ੍ਰਤੀ ਵਿਸ਼ਵਾਸ ਰੱਖਣ ਵਾਲਿਆਂ ਨੂੰ ਸਿੱਖ ਮੰਨਣ ਤੋਂ ਇਨਕਾਰੀ ਹਨ, ਫਿਰ ਵੀ ਜੇ ਕੋਈ ਸਿੱਖੀ-ਸਰੂਪ ਵਿਚ, ਅਰਥਾਤ ਕੇਸਾਧਾਰੀ ਵਿਅਕਤੀ ਉਨ੍ਹਾਂ ਦੇ ਸਾਹਮਣੇ ਆ ਜਾਏ ਤਾਂ ਉਹ ਉਸਨੂੰ ਸਿੱਖ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੀਆਂ।

ਇਸ ਸੱਜਣ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਦਾਲਤ ਦੇ ਸਾਹਮਣੇ ਇਹ ਦਲੀਲ ਪੇਸ਼ ਕੀਤੀ ਜਾਂਦੀ ਕਿ ਕੇਵਲ ਕੇਸਾਧਾਰੀਆਂ ਨੂੰ ਹੀ ਸਿੱਖ ਸਵੀਕਾਰ ਕੀਤਾ ਜਾ ਸਕਦਾ ਹੈ। ਗ਼ੈਰ-ਕੇਸਾਧਾਰੀ ਜਿਨ੍ਹਾਂ ਵਿਚੋਂ ਸਿੱਖੀ ਨਾਲੋਂ ਟੁੱਟ ਕੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਗਏ ਹੋਏ ਵੀ ਸ਼ਾਮਲ ਹਨ, ਸਿੱਖ ਨਹੀਂ ਹਨ। ਇਸ ਗਲ ਦੀ ਪੁਸ਼ਟੀ ਵਿਚ ਮੀਡੀਆ ਵਿਚ ਛਪ ਰਹੀਆਂ ਉਹ ਖਬਰਾਂ ਅਦਾਲਤ ਦੇ ਸਾਹਮਣੇ ਪੇਸ਼ ਕੀਤੀਆਂ ਜਾ ਸਕਦੀਆਂ ਸਨ, ਜਿਨ੍ਹਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ 80% ਸਿੱਖ ਨੌਜਵਾਨ ਸਿੱਖੀ-ਵਿਰਸੇ ਨਾਲੋਂ ਟੁੱਟ, ਸਿੱਖੀ-ਸਰੂਪ ਤਿਆਗ ਪਤਿਤ ਹੋ ਗਿਆ ਹੋਇਆ ਹੈ। ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚਲੀ ਸਿੱਖ ਅਬਾਦੀ ਦੇ ਅੰਕੜੇ, ਜੋ ਪੇਸ਼ ਕੀਤੇ ਗਏ ਹੋਏ ਹਨ, ਉਨ੍ਹਾਂ ਵਿਚੋਂ ਇਹ 80% ਹਿੱਸਾ ਨਿਕਲ ਗਿਆ ਹੋਇਆ ਹੈ, ਜਿਸ ਕਾਰਣ ਹੁਣ ਪੰਜਾਬ ਵਿਚ ਸਿੱਖ ਇਕ ਛੋਟੀ ਜਿਹੀ ਘੱਟ-ਗਿਣਤੀ ਫਿਰਕੇ ਵਜੋਂ ਹੀ ਰਹਿ ਗਏ ਹੋਏ ਹਨ। ਇਹੀ ਨਹੀਂ ਸਿੱਖ ਨੌਜਵਾਨ ਵਿਦੇਸ਼ਾਂ ਵਲ ਭਜ ਰਹੇ ਹਨ ਤੇ ਬਿਹਾਰੀ (ਪ੍ਰਵਾਸੀ) ਮਜ਼ਦੂਰਾਂ ਦੀ ਆਮਦ ਲਗਾਤਾਰ ਵਧੱਦੀ ਜਾ ਰਹੀ ਹੈ, ਜਿਸ ਕਾਰਣ ਸਿੱਖਾਂ ਦੀ ਗਿਣਤੀ ਘਟਣੀ ਸੁਭਾਵਕ ਹੈ। ਇਸ ਸੱਜਣ ਵਲੋਂ ਇਹ ਆਖ, ਦਾਅਵਾ ਕੀਤਾ ਗਿਆ ਕਿ ਉਸ ਅਨੁਸਾਰ ਹਾਈਕੋਰਟ ਦੇ ਵਿਦਵਾਨ ਜੱਜਾਂ ਲਈ, ਸ਼ਾਇਦ ਇਸ ਦਲੀਲ ਨੂੰ ਰੱਦ ਕਰਨਾ ਸੰਭਵ ਨਾ ਹੁੰਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਸਿੱਖ ਦੀ ਪਹਿਚਾਣ ਕੇਸਾਧਾਰੀ ਹੋਣਾ ਹੀ ਹੈ। ਇਸ ਪਹਿਚਾਣ ਦੇ ਅਧਾਰ ਤੇ ਹੀ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੇ ਸਹਿਜਧਾਰੀ ਸਿੱਖਾਂ ਨੂੰ ਸਿੱਖ ਸਵੀਕਾਰ ਕਰਨ ਤੋਂ ਇਨਕਾਰ ਦਿੱਤਾ ਹੋਇਆ ਹੈ। ਜੇ ਸਹਿਜਧਾਰੀ ਸਿੱਖ ਨਹੀਂ ਤਾਂ ਉਹ ਵਿਅਕਤੀ ਕਿਵੇਂ ਸਿੱਖ ਮੰਨੇ ਜਾ ਸਕਦੇ ਹਨ, ਜੋ ਸਿੱਖੀ-ਸਰੂਪ ਨੂੰ ਤਿਆਗ ਗਏ ਹੋਏ ਹਨ। ਇਹ ਗੱਲ ਉਸ ਸੱਜਣ ਨੇ ਭਾਵੇਂ ਵਿਅੰਗ ਕਰਦਿਆਂ ਹੀ ਆਖੀ, ਪਰ ਇਸ ਗੱਲ ਵਿਚ ਜੋ ਸੱਚਾਈ ਛੁਪੀ ਹੋਈ ਹੈ, ਉਸਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਖ ਆਗੂ, ਸਿੱਖੀ ਦੇ ਪ੍ਰਚਾਰਕ, ਧਾਰਮਿਕ ਸਟੇਜਾਂ ਤੇ ਸਿੱਖ ਨੌਜਵਾਨਾਂ ਦੇ ਪਤਿਤ ਹੋਣ ਤੇ ਅੱਥਰੂ ਵਹਾਉਂਦੇ ਹਨ ਅਤੇ ਇਸਨੂੰ ਠੱਲ੍ਹ ਪਾਉਣ ਲਈ ਅਣਥੱਕ ਜਤਨ ਕਰਨ ਦੇ ਦਾਅਵੇ ਵੀ ਕਰਦੇ ਹਨ, ਫਿਰ ਵੀ ਇਸ ਪਾਸੇ ਸਿੱਖ ਨੌਜਵਾਨਾਂ ਦਾ ਜੋ ਰੁਝਾਨ ਵੱਧਦਾ ਜਾ ਰਿਹਾ ਹੈ, ਉਸਨੂੰ ਠੱਲ੍ਹ ਪੈਣ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ। ਆਖਿਰ ਕਿਉਂ?

ਕੁਝ ਦਿਨ ਹੋਏ ਮੁਬੰਈ ਤੋਂ ਇਕ ਸੱਜਣ ਸ. ਕੇਵਲ ਸਿੰਘ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਤੁਸੀਂ ਸਿੱਖ-ਧਰਮ ਅਤੇ ਰਾਜਨੀਤੀ ਬਾਰੇ ਬਹੁਤ ਹੀ ਬੇਬਾਕੀ ਨਾਲ ਚਰਚਾ ਕਰਦੇ ਰਹਿੰਦੇ ਹੋ। ਕਦੇ ਇਸ ਪਾਸੇ ਵੀ ਧਿਆਨ ਦਿੱਤਾ ਜੇ ਕਿ ਸਿੱਖ ਆਗੂਆਂ ਵਲੋਂ ਸਿੱਖ ਨੌਜਵਾਨਾਂ ਦੇ ਪਤਿਤ ਹੋਣ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਇਸ ਰੁਝਾਨ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀ? ਨੌਜਵਾਨਾਂ ਵਿਚ ਵੱਧ ਰਿਹਾ ਪਤਿਤਪੁਣਾ, ਸਿੱਖੀ ਦੇ ਭਵਿੱਖ ਲਈ ਬਹੁਤ ਹੀ ਮਾੜਾ ਅਤੇ ਖਤਰਨਾਕ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਇਸਦੇ ਲਈ ਨੌਜਵਾਨਾਂ ਨਾਲੋਂ ਵਧੇਰੇ ਸਾਡਾ ਆਪਣਾ ਅਤੇ ਸਾਡੇ ਆਗੂਆਂ ਦਾ ਕਸੂਰ ਹੈ। ਸ. ਕੇਵਲ ਸਿੰਘ ਦੀ ਇਹ ਗੱਲ ਉਨ੍ਹਾਂ ਦੀਆਂ ਦਿਲ ਦੀਆਂ ਡੂੰਘਿਆਈਆਂ ਦੇ ਦਰਦ ਵਿਚੋਂ ਨਿਕਲੀ ਆਵਾਜ਼ ਜਾਪਦੀ ਹੈ। ਜੇ ਗੰਭੀਰਤਾ ਨਾਲ ਸੋਚਿਆ ਤਾਂ ਸਿੱਖਾਂ ਦੇ ਆਗੂ ਸਿੱਖ ਨੌਜਵਾਨਾਂ ਵਿਚ ਪਤਿਤ ਹੋਣ ਦੇ ਵੱਧ ਰਹੇ ਰੁਝਾਨ ਲਈ ਧਰਮ-ਪ੍ਰਚਾਰ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਅਤੇ ਇਸ ਘਾਟ ਨੂੰ ਦੂਰ ਕਰਨ ਲਈ ਉਹ ਵੱਡੇ ਪੈਮਾਨੇ ਤੇ ਕੀਰਤਨ ਦਰਬਾਰਾਂ, ਗੁਰਮਤਿ ਸਮਾਗਮਾਂ, ਗੋਸ਼ਟੀਆਂ, ਕਾਨਫ੍ਰੰਸਾਂ ਆਦਿ ਦੇ ਆਯੋਜਨ ਦੀਆਂ ਲੜੀਆਂ ਵੀ ਅਰੰਭ ਕਰ ਦਿੰਦੇ ਹਨ। ਇਹ ਸਭ-ਕੁਝ ਇਉਂ ਜਾਪਦਾ ਹੈ, ਜਿਵੇਂ ਦਰੱਖਤਾਂ ਦੇ ਪੱਤਿਆਂ ਤੋਂ ਮਿੱਟੀ ਝਾੜਨ ਤੇ ਟਹਿਣੀਆਂ ਨੂੰ ਪਾਣੀ ਦੇਣ ਦਾ ਕੰਮ ਤਾਂ ਕੀਤਾ ਜਾ ਰਿਹਾ ਹੈ, ਪਰ ਸੁੱਕਦੀ ਜਾ ਰਹੀ ਜੜ੍ਹ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ।

ਪਿਛੋਕੜ ਵੱਲ ਝਾਤ ਮਾਰਦਿਆਂ, ਉਹ ਸਮਾਂ ਸਾਹਮਣੇ ਆ ਜਾਂਦਾ ਹੈ, ਜਦੋਂ ਦਾਦੀਆਂ-ਨਾਨੀਆਂ ਅਤੇ ਮਾਵਾਂ ਬੱਚਿਆਂ ਨੂੰ ਗੋਦ ਵਿਚ ਬਿਠਾ ਜਾਂ ਉਨ੍ਹਾਂ ਦੇ ਸਿਰ ਆਪਣੀ ਗੋਦ ਵਿਚ ਰੱਖ, ਪਲੋਸਦੀਆਂ ਸਨ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਤ ਛੋਟੀਆਂ-ਛੋਟੀਆਂ ਸਾਖੀਆਂ ਸੁਣਾਇਆ ਕਰਦੀਆਂ ਸਨ। ਜਦੋਂ ਬੱਚੇ ਕੁਝ ਵੱਡੇ ਹੋਣ ਲੱਗਦੇ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਂ, ਸਾਹਿਬਜ਼ਾਦਿਆਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਦੀਆਂ ਸਾਖੀਆਂ ਅਜਿਹੇ ਢੰਗ ਨਾਲ ਸੁਣਾਉਂਦੀਆਂ, ਜਿਸ ਨਾਲ ਇਨ੍ਹਾਂ ਸਾਖੀਆਂ ਦਾ ਦਰਦ ਉਨ੍ਹਾਂ ਦੇ ਦਿਲਾਂ ਦੀਆਂ ਡੂੰਘਾਈਆਂ ਤੱਕ ਨੂੰ ਜਾ ਛੋਹੰਦਾ।

ਖਾਲਸਾ ਸਕੂਲਾਂ ਵਿਚ ਵਿਸ਼ੇਸ਼ ਰੂਪ ਵਿੱਚ ਧਾਰਮਕ ਪੀਰੀਅਡ ਹੁੰਦੇ ਸਨ। ਦੂਜੇ ਮਜ਼ਮੂਨਾਂ ਨਾਲ ਧਾਰਮਕ ਪ੍ਰਖਿਆ ਵਿੱਚ ਵੀ ਪਾਸ ਹੋਣਾ ਲਾਜ਼ਮੀ ਹੁੰਦਾ ਸੀ। ਇਸਤੋਂ ਇਲਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸਕੂਲਾਂ-ਕਾਲਜਾਂ ਵਿਚ ਗੁਰਮਤਿ ਕੈਂਪ ਲਾਏ ਜਾਂਦੇ, ਜਿਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਜੀਵਨ, ਸਾਹਿਬਜ਼ਾਦਿਆਂ ਅਤੇ ਹੋਰ ਸਿੱਖਾਂ ਵਲੋਂ ਧਰਮ ਅਤੇ ਸਿੱਖੀ-ਸਰੂਪ ਦੀ ਰੱਖਿਆ ਲਈ ਦਿੱਤੀਆਂ ਗਈਆਂ ਸ਼ਹਾਦਤਾਂ ਦ੍ਰਿੜ ਕਰਵਾਈਆਂ ਜਾਂਦੀਆਂ। ਪ੍ਰੀਖਿਆ ਲਈ ਜਾਂਦੀ ਤੇ ਪ੍ਰਭਾਵਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਤ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਅਤੇ ਪਿੱਛੇ ਰਹੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਕੀਤੀ ਜਾਂਦੀ। ਅੱਜ ਸਥਿਤੀ ਕੀ ਹੈ? ਪਰਿਵਾਰ ਬਿਖਰਦੇ ਜਾ ਰਹੇ ਹਨ। ਦਾਦੀਆਂ-ਨਾਨੀਆਂ ਵਿਸਰਦੀਆਂ ਹੀ ਜਾ ਰਹੀਆਂ ਹਨ ਅਤੇ ਮਾਵਾਂ ਕੋਲ ਨੌਕਰੀਆਂ ਅਤੇ ਕਿੱਟੀ-ਪਾਰਟੀਆਂ ਆਦਿ ਦੇ ਰੁਝੇਵਿਆਂ ਤੋਂ ਹੀ ਫੁਰਸਤ ਨਹੀਂ। ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜੀ ਰਖਣ ਲਈ ਉਹ ਸਮਾਂ ਕਿੱਥੋਂ ਲਿਆਉਣ? ਜਿਨ੍ਹਾਂ ਪਰਿਵਾਰਾਂ ਵਿਚ ਅਜੇ ਵੀ ਦਾਦੀਆਂ-ਨਾਨੀਆਂ ਦਾ ਸਨਮਾਨ ਕਾਇਮ ਹੈ, ਉਹ ਦੋਹਤਿਆਂ-ਦੋਹਤੀਆਂ, ਪੋਤੇ-ਪੋਤੀਆਂ ਨੂੰ ਧਾਰਮਕ ਤੇ ਇਤਿਹਾਸਕ ਸਾਖੀਆਂ ਨਹੀਂ ਸੁਣਾ ਸਕਦੀਆਂ, ਕਿਉਂਕਿ ਬੱਚਿਆਂ ਦੇ ਮਾਤਾ-ਪਿਤਾ ਇਹ ਸਮਝਦੇ ਹਨ ਕਿ ਧਾਰਮਕ ਅਤੇ ਇਤਿਹਾਸਕ ਸਾਖੀਆਂ ਅੱਜ ਦੇ ਵਿਗਿਆਨਕ ਯੁਗ ਵਿੱਚ ਬਚਿਆਂ ਦੇ ਦਿਮਾਗ਼ੀ ਵਿਕਾਸ ਵਿਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਦੀ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਸੋਚ ਨੂੰ ਖੂੰਢਿਆਂ ਕਰ ਦਿੰਦੀਆਂ ਹਨ। ਇਨ੍ਹਾਂ ਹਾਲਾਤ ਨੇ ਦਾਦੀਆਂ ਤੇ ਨਾਨੀਆਂ ਦੀ ਸੋਚ ਨੂੰ ਵੀ ਬਦਲ ਦਿੱਤਾ ਹੈ। ਉਨ੍ਹਾਂ ਵਿਚ ਵੀ ਧਾਰਮਿਕਤਾ ਪ੍ਰਤੀ ਕੋਈ ਬਹੁਤੀ ਲਗਨ ਨਹੀਂ ਰਹਿ ਗਈ ਹੋਈ। ਪੂਜਾ-ਪਾਠ ਉਹ ਕਰਦੀਆਂ ਜ਼ਰੂਰ ਹਨ, ਪਰ ਉਨ੍ਹਾਂ ਨੂੰ ਸਿੱਖ-ਇਤਿਹਾਸ ਪੜ੍ਹਨ ਤੇ ਸੁਣਨ ਵਿੱਚ ਬਹੁਤੀ ਦਿਲਚਸਪੀ ਨਹੀਂ ਰਹਿ ਗਈ ਹੋਈ। ਜੋ ਇਤਿਹਾਸ ਪੜ੍ਹਦੀਆਂ ਤੇ ਸੁਣਦੀਆਂ ਹਨ, ਉਨ੍ਹਾਂ ਵਿਚ ਅੱਗੇ ਬੱਚਿਆਂ ਨੂੰ ਸੁਣਾਉਣ ਦੀ ਇੱਛਾ ਨਹੀਂ ਬਚ ਰਹੀ, ਕਿਉਂਕਿ ਜਦੋਂ ਉਹ ਸੁਣਾਉਣ ਲਗਦੀਆਂ ਹਨ ਤਾਂ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਟੋਕ ਦਿੰਦੇ ਹਨ।

ਜਿਥੋਂ ਤੱਕ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਗੱਲ ਹੈ, ਉਸਦੇ ਆਗੂਆਂ ਵਿਚ ਵੀ ਧਰਮ-ਪ੍ਰਚਾਰ ਵੱਲ ਧਿਆਨ ਦੇਣ ਅਤੇ ਸਿੱਖ ਵਿਦਿਆਰਥੀਆਂ ਨੂੰ ਸਿੱਖ-ਵਿਰਸੇ ਨਾਲ ਜੋੜਨ ਪ੍ਰਤੀ ਕੋਈ ਬਹੁਤੀ ਰੁਚੀ ਨਹੀਂ ਰਹਿ ਗਈ ਹੋਈ। ਹੁਣ ਤਾਂ ਉਨ੍ਹਾਂ ਦਾ ਨਿਸ਼ਾਨਾ ਫੈਡਰੇਸ਼ਨ ਨੂੰ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਲਈ ਪੌੜੀ ਵਜੋਂ ਵਰਤਣਾ ਹੀ ਰਹਿ ਗਿਆ ਹੋਇਆ ਹੈ। ਫਲਸਰੂਪ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ 'ਤੇ ਕਈ ਦੁਕਾਨਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਤੇ ‘ਪ੍ਰਾਈਵੇਟ ਲਿਮਿਟਿਡ ਕੰਪਨੀ' ਹੋਣ ਦੇ ਬੋਰਡ ਲਗ ਗਏ ਹੋਏ ਹਨ। ਚਿੱਟ-ਦਾੜ੍ਹੀਏ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਅਹੁਦੇਦਾਰ ਬਣੀ ਉਨ੍ਹਾਂ ਨੂੰ ਚਿੱਚੜੀ ਵਾਂਗ ਚਿੰਬੜੇ ਹੋਏ ਹਨ। ਖਾਲਸਾ ਸਕੂਲ ਪਬਲਿਕ ਸਕੂਲਾਂ ਦਾ ਰੂਪ ਧਾਰਣ ਕਰ ਗਏ ਹਨ, ਜਿਨ੍ਹਾਂ ਵਿਚ ਧਾਰਮਕ ਸਿੱਖਿਆ ਦੇਣ ਦੀ ਬਜਾਏ ਬੱਚਿਆਂ ਨੂੰ ਸਮਾਜ ਵਿਚ ਆਪਣਾ ਸਟੇਟਸ ਕਾਇਮ ਰੱਖਣ ਦੀ ਸਿੱਖਿਆ ਵਧੇਰੇ ਦਿੱਤੀ ਜਾਂਦੀ ਹੈ। ਨਾ ਪ੍ਰਬੰਧਕਾਂ ਅਤੇ ਨਾ ਹੀ ਸਟਾਫ ਵਿਚ ਐਸੇ ਰੋਲ ਮਾਡਲ ਨਜ਼ਰ ਆਉਂਦੇ ਹਨ, ਜਿਨ੍ਹਾਂ ਤੋਂ ਬੱਚੇ ਪ੍ਰੇਰਨਾ ਲੈ ਕੇ ਸਿੱਖੀ ਪ੍ਰਤੀ ਦ੍ਰਿੜਤਾ ਅਪਨਾ ਸਕਣ। ਕੀਰਤਨ ਅਤੇ ਭਾਸ਼ਣ ਮੁਕਾਬਲੇ ਕਰਵਾ ਕੇ ਇਹ ਅਹਿਸਾਸ ਜ਼ਰੂਰ ਕਰਵਾਇਆ ਜਾਂਦਾ ਹੈ ਕਿ ਪਬਲਿਕ ਸਕੂਲ ਧਾਰਮਕ ਸਿੱਖਿਆ ਪ੍ਰਤੀ ਸਮਰਪਿਤ ਹਨ, ਪਰ ਸ਼ਾਇਦ ਹੀ ਕਦੀ ਇਨ੍ਹਾਂ ਪਬਲਿਕ ਸਕੂਲਾਂ ਵਲੋਂ ਆਪਣੀਆਂ ਕਲਾਸਾਂ ਦੀ ਧਾਰਮਕ ਪ੍ਰੀਖਿਆ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੋਵੇ। ਧਾਰਮਿਕ ਸਿਲੇਬਸ ਬਾਰੇ ਜਾਣਕਾਰੀ ਦੇਣ ਦੀ ਗੱਲ ਤਾਂ ਬਹੁਤ ਦੂਰ ਰਹਿ ਜਾਂਦੀ ਹੈ।

ਅਤੇ ਅੰਤ ਵਿਚ : ਪੱਤਿਆਂ ਤੋਂ ਮਿੱਟੀ ਝਾੜਨ ਅਤੇ ਟਹਿਣੀਆਂ ਨੂੰ ਪਾਣੀ ਦੇਣ ਵਿਚ ਪੂਰੀ ਸ਼ਕਤੀ ਝੌਂਕੀ ਜਾ ਰਹੀ ਹੈ ਪਰ ਜੋ ਜੜ੍ਹ ਸੁੱਕਦੀ ਜਾ ਰਹੀ ਹੈ, ਉਸ ਵੱਲ ਕੋਈ ਵੀ ਧਿਆਨ ਨਹੀਂ ਦੇਣਾ ਚਾਹੁੰਦਾ, ਜਾਂ ਫਿਰ ਕਿਸੇ ਨੂੰ ਪਤਾ ਹੀ ਨਹੀਂ ਜੇ ਪੌਦੇ ਨੂੰ ਬਚਾਉਣਾ ਹੁੰਦਾ ਹੈ ਤਾਂ ਉਸ ਦੀਆਂ ਜੜ੍ਹਾਂ ਵੱਲ ਧਿਆਨ ਦੇਣਾ ਪੈਂਦਾ ਹੈ, ਗੋਡੀ ਕਰਨੀ ਪੈਂਦੀ ਹੈ ਅਤੇ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਖਾਧ ਦੇਣ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ। ਜੇ ਇਹ ਸਭ ਕੁਝ ਨਹੀਂ ਕੀਤਾ ਜਾਂਦਾ ਤਾਂ ਪੇੜ-ਪੌਦੇ ਸੁੱਕ ਹੀ ਜਾਣਗੇ।

ਇਸੇ ਤਰ੍ਹਾਂ ਜੇ ਸਿੱਖ ਬੱਚਿਆਂ ਦੀ ਪਨੀਰੀ ਦੇ ਰੂਪ ਵਿਚ ਹੀ ਸੰਭਾਲ ਕਰਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਫਿਰ ਉਨ੍ਹਾਂ ਦੇ ਜਵਾਨੀ ਵਿਚ ਪੈਰ ਧਰਨ 'ਤੇ ਭਟਕ ਕੇ ਸਿੱਖੀ ਵਿਰਸੇ ਨਾਲੋਂ ਟੁੱਟਣ ਅਤੇ ਪਤਿਤ ਹੋਣ ਵੱਲ ਵੱਧਣ ਵਾਲੇ ਰੁਝਾਨ ਨੂੰ ਕਿਵੇਂ ਠੱਲ੍ਹ ਪਾਈ ਜਾ ਸਕੇਗੀ?

ਜਸਵੰਤ ਸਿੰਘ "ਅਜੀਤ"


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top