Share on Facebook

Main News Page

ਮੌਲੀਆਂ, ਧਾਗੇ, ਕਬਰਾਂ ਅਤੇ ਭੋਰੇ

ਵੀਕਐਂਡ ਦਾ ਦਿਨ ਸੀ ਸਾਡੇ ਬੇਸਮਿੰਟ ਵਾਲੀ ਉਪਰ ਲਾਂਡਰੀ ਕਰਨ ਆਈ ਤਾਂ ਉਹ ਬਿਨਾਂ ਅਖਬਾਰ-ਰੇਡੀਓ ਤਾਜੀ ਖ਼ਬਰ ਦਿੰਦੀ ਕਹਿਣ ਲੱਗੀ, ਕਿ ਕੱਲ ਮੇਰੇ ਨਾਲ ਬੜੀ ਬੁਰੀ ਵਾਪਰੀ। ਕੰਮ ਤੇ ਜਦ ਮੈਂ ‘ਲੰਚ’ ਕਰਨ ਲਗੀ ਤਾਂ ਮੇਰੀ ਰੋਟੀ ਵਿਚੋਂ ਇਕ 9 ਗੰਢਾਂ ਵਾਲੀ ਰੰਗ ਬਰੰਗੀ ਮੌਲੀ ਨਿਕਲੀ, ਜਿਸ ਦੇ 4-4 ਉਂਗਲਾਂ ਛੱਡ ਕੇ ਗੰਢਾਂ ਦਿੱਤੀਆਂ ਹੋਈਆਂ ਸਨ। ਬੇਸ਼ਕ ਉਹ ਕਹਿ ਰਹੀ ਸੀ ਕਿ ਮੈਂ ਨਹੀਂ ਡਰਦੀ ਅਜਿਹੇ ਜਾਦੂ-ਟੂੰਣਿਆਂ ਤੋਂ ਪਰ ਉਸ ਦੇ ਹੀ ਦੱਸਣ ਮੁਤਾਬਕ ਉਸ ਨੇ ਉਹ ਰੋਟੀ ਨਹੀਂ ਖਾਧੀ।

ਉਹ ਜਿਸ ਬੇਕਰੀ ਵਿੱਚ ਕੰਮ ਕਰਦੀ ਹੈ, ਉਥੇ ਨ੍ਹਾਨ ਬਣਦੇ ਹਨ। ਇੱਕ ਵਾਰੀ ਇੱਕ ਨ੍ਹਾਨ ਵਿੱਚੋਂ ਪੂਰੀ ਦੀ ਪੂਰੀ ਇੰਝ ਦੀ ਮੌਲੀ ਨਿਕਲ ਆਈ। ਹੋਇਆ ਇੰਝ ਕਿ ਸਾਰੀਆਂ ਪੰਜਾਬੀ ਬੀਬੀਆਂ ਉਥੇ ਕੰਮ ਕਰਦੀਆਂ ਹਨ, ਤੇ ਕਰੀਬਨ ਹਰੇਕ ਦੂਜੀ ਦੇ ਹੱਥ ਨਾਲ ਅਜਿਹੀਆਂ ਗੰਢਾਂ ਵਾਲੀ ਮੌਲੀ ਜਿਹੀ ਬੰਨੀ ਹੁੰਦੀ ਹੈ, ਤੇ ਉਹ ਮੌਲੀ ਖੁਲ੍ਹ ਕੇ ਕਿਤੇ ਨ੍ਹਾਨ ਵਾਲੇ ਆਟੇ ਵਿੱਚ ਦੀ ਹੁੰਦੀ ਹੋਈ, ਨ੍ਹਾਨ ਦੇ ਵਿਚੇ ਹੀ ਪੱਕ ਗਈ। ਜਦ ਮਾਲਕਾਂ ਨੂੰ ਪਤਾ ਚਲਿਆ, ਤਾਂ ਉਨ੍ਹੀ ਸਾਰੀਆਂ ਬੀਬੀਆਂ ਦੇ ਗੁੱਟਾਂ ਨਾਲ ਬੱਧੀਆਂ ਹੋਈਆਂ ਮੌਲੀਆਂ ਖੁਲਵਾ ਦਿੱਤੀਆਂ, ਜਿਸ ਦਾ ਬੀਬੀਆਂ ਨੇ ਬੜਾ ਬੁਰਾ ਮਨਾਇਆ, ਪਰ ਮਾਲਕਾਂ ਕਹਿ ਦਿੱਤਾ ਕਿ ਜਿਹੜੀ ਨਹੀਂ ਲਾਹ ਸਕਦੀ ਕੱਲ ਤੋਂ ਕੰਮ ਤੇ ਨਾ ਆਵੇ! ਉਨ੍ਹਾਂ ਗੁੱਟਾਂ ਨਾਲੋਂ ਤਾਂ ਲਾਹ ਦਿੱਤੀਆਂ, ਪਰ ਇਨ੍ਹਾਂ ਬੱਧੀਆਂ ਹੋਈਆਂ ‘ਰੱਖਾਂ’ ਨੂੰ ਪਰਸ ਵਿੱਚ ਲਿਆਉਂਣਾ ਉਹ ਕਦੇ ਨਹੀਂ ਭੁੱਲੀਆਂ। ਬਿੱਲਕੁਲ ਉਵੇਂ ਜਿਵੇਂ ਕਬੱਡੀ ਵਾਲੇ ਭਲਵਾਨ ਗੁੱਟ ਬੱਧੇ ਤਵੀਤ ਤੁੜਵਾ ਕੇ ਕੱਛੇ ਵਿੱਚ ੜੁੰਗ ਲੈਂਦੇ ਹਨ, ਮਤਾਂ ਤਵੀਤਾਂ ਬਿਨਾਂ ਮੈਚ ਹਾਰ ਜਾਈਏ।

ਮੇਰੇ ਪਹਿਲੇ ਘਰ ਦਾ ਇੱਕ ਗੁਆਢੀ ਹੁੰਦਾ ਸੀ, ਉਹ ਚੰਗਾ ਪੜਿਆ ਲਿਖਿਆ ਅਤੇ ਕੰਪਿਊਟਰ ਇੰਨਜੀਨੀਅਰ ਸੀ। ਉਹ ਸਾਰਾ ਪਰਿਵਾਰ ਨਾਨਕਸਰੀਆਂ ਦਾ ਚੇਲਾ ਸੀ ਤੇ ਹੈ, ਉਨ੍ਹਾਂ ਦੇ ਘਰੋਂ ਵਾਰੀ ਦਾ ਪ੍ਰਸ਼ਾਦਾ ਵੀ ਪੱਕ ਕੇ ਡੇਰੇ ਜਾਂਦਾ ਸੀ। ਇੱਕ ਵਾਰੀ ਮੈਂ ਸਵੇਰੇ ਸਵੇਰੇ ਬਾਹਰ ਨਿਕਲਿਆ ਤਾਂ ਉਹ ਬੜਾ ਪ੍ਰੇਸ਼ਾਨ ਘਰ ਦੇ ਸਾਹਵੇਂ ਲੱਗੇ ਦਰੱਖਤ ਦੇ ਦੁਆਲੇ ਘੁੰਮੀ ਜਾਵੇ। ਮੈਂ ਕਾਰਨ ਪੁੱਛਿਆ ਤਾਂ ਉਸ ਨੇ ਰੁੱਖ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਅਜੀ ਆਹ ਦੇਖੋ ਸਾਡੇ ਲੋਕਾਂ ਦੇ ਕੰਮ ਕੋਈ ਸਵੇਰੇ ਸਵੇਰੇ ਹੀ ‘ਚੰਨ ਚਾਹੜ’ ਗਿਆ ਹੈ। ਚੰਨ ਕੀ ਸੀ ਕਿਸੇ ਨਾਰੀਅਲ ਉਪਰ ਸੰਧੂਰ ਜਿਹਾ ਭੁੱਕ ਕੇ, ਉਪਰ ਮੌਲੀ ਬੱਧੀ ਹੋਈ ਸੀ ਅਤੇ ਮਹਾਂ ਦੀ ਦਾਲ ਦਾ ਖਲਾਰਾ ਜਿਹਾ ਪਾਇਆ ਹੋਇਆ ਸੀ ਜਿਸ ਤੋਂ ਉਹ ਡਰੀ ਜਾ ਰਿਹਾ ਸੀ।

ਪਰ ਇਸ ਨਾਲ ਕੀ ਫਰਕ ਪੈਂਦਾ? ਮੌਲੀ ਤੁਸੀਂ ਪਾਠਾਂ ਵੇਲੇ ਘੜੇ ਨਾਲ ਬੰਨਦੇਂ, ਦਾਲ ਆਪਾਂ ਰੋਜ ਖਾਈਦੀ, ਨਾਰੀਅਲ ਵੀ ਕਰੀਬਨ ਵਰਤੀਦਾ ਮਸਲਾ ਸੰਧੂਰ ਦਾ ਹੀ ਹੈ ਇਹ ਪੂੰਝ ਸੁੱਟ। ਮੈਂ ਹੱਸਦਿਆਂ ਕਿਹਾ।
ਹੱਦ ਹੋ ਗਈ ਭਾਅਜੀ ਇਸ ਨਾਲ ਕੁਝ ਵੀ ਹੋ ਸਕਦਾ ਹੈ ਫਰਕ ਕਿਉਂ ਨਹੀਂ ਪੈਂਦਾ। ਜਿਹੜੀਆਂ ਚੀਜਾਂ ਆਪਾਂ ਉਂਝ ਵਰਤਦੇਂ ਉਹ ਹੋਰ ਗੱਲ ਹੇੈ ਇਹ ਕਿਸੇ ਦਾ ਕੀਤਾ ਹੋਇਆ ਕੁੱਝ।

ਚਲ ਜੇ ਫਰਕ ਪੈਂਦਾ ਤਾਂ ਤੂੰ ਡਰ ਨਾ ਇਹ ਫਰਕ ਮੈਂ ਪਾ ਲੈਂਦਾ। ਆਖਰ ਗੁਆਂਢੀ ਕਿਸ ਮਰਜ ਦੀ ਦਵਾ ਜੇ ਕੰਮ ਨਾ ਆਇਆ। ਮੈਂ ਦਾਲ ਜਿਹੀ ਨੂੰ ਠੁੱਡ ਮਾਰ ਕੇ ਰੋਹੜ ਦਿੱਤੀ ਉਹ ਕਿਸੇ ਕੰਮ ਨਹੀਂ ਸੀ ਪਹਿਲਾਂ ਹੀ ਖਿਲਰੀ ਪਈ ਸੀ ਤੇ ਨਾਰੀਅਲ ਝਾੜ ਕੇ ਕੋਲੇ ਰੱਖ ਲਿਆ। ਉਹ ਮੇਰੇ ਵਲ ਇੰਝ ਦੇਖ ਰਿਹਾ ਸੀ ਕਿ ਜਿਵੇਂ ਮੈਂ ਕਿਤੇ ਰੱਖੇ ਹੋਏ ਬੰਬ ਨੂੰ ਹੱਥ ਲੈ ਲਿਆ ਹੋਵੇ।

ਇਸ ਦਾ ਕੀ ਕਰੇਂਗਾ? ਉਸ ਨੂੰ ਹਾਲੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਇੰਨੀ ਵੱਡੀ ਮੇਰੀ ‘ਸਾੜਸਤੀ’ ਚੁੱਕ ਇਸ ਆਪਣੇ ਗਲ ਪਾ ਲਈ ਹੈ।

ਅੱਜ ਗੁੜ ਵਾਲੇ ਚੌਲ ਬਣਾਵਾਂਗੇ ਤੇ ਇਸ ਨੂੰ ਵੱਡ ਕੇ ਸੁਟਾਂਗੇ ਵਿੱਚ। ਖਾਏਂਗਾ?

ਹੈਂਅਅ? ਉਸ ਦੀ ਹੈਂਅ ਤੋਂ ਉਸ ਦੀ ਵਿਚਾਰਗੀ ਸਮਝ ਆ ਰਹੀ ਸੀ। ਮੈਂ ਹੈਰਾਨ ਇਸ ਗੱਲੇ ਸੀ ਕਿ ਜੀਹਨਾਂ ਨੂੰ ਇਹ ਖੀਰ-ਪੂੜੇ ਖਵਾਉਂਦੇ ਉਨ੍ਹਾਂ ਦਿੱਤਾ ਕੀ ਇਸ ਪਰਿਵਾਰ ਨੂੰ ਰੂੰਗੇ ‘ਚ? ਡਰ? ਉਹ ਵੀ ਇਕ ਧਾਗੇ, ਦਾਲ ਤੇ ਨਾਰੀਅਲ ਤੋਂ? ਸਾਧਾਂ ਦੇ ਸੰਗੀ ਕਹਿੰਦੇ ਨੇ ਸਾਧ-ਸੰਤ ਜਮਾ ਤੋਂ ਬਚਾ ਲੈਂਦੇ ਨੇ ਪਰ ਇਥੇ ਤਾਂ ਧਾਗੇ-ਨਾਰੀਅਲ ਤੋਂ ਨਹੀਂ ਬਚਾ ਪਾਏ ਜਮ ਤਾਂ ਚਲੋ ਹਾਲੇ ਦੂਰ ਨੇ।

ਸਿੱਖ ਦੀ ਪ੍ਰਭਾਸ਼ਾ ਹੀ ਬਦਲ ਗਈ ਹੈ। ਇਥੇ ਤਾਂ ਉਹ ਗੱਲ ਹੋਈ ਕਿਸੇ ਬਾਹਰੋਂ ਆਵਾਜ ਦਿੱਤੀ ਜਵਾਬ ਆਇਆ ਕੌਣ ਏ? ਅਖੇ ਸ਼ੇਰ ਸਿੰਘ ਆਂ! ਲੰਘ ਆ। ਨਹੀਂ ਅਖੇ ਕੁੱਤੇ ਤੋਂ ਡਰ ਲੱਗਦਾ। ਹੁਣ ਕੀ ਕਹੇ ਕੋਈ ਕਿ ਨਾਂ ਸ਼ੇਰ ਸਿੰਘ ਤੇ ਡਰੀ ਕੁੱਤੇ ਤੋਂ ਕੀ ਬਿੱਲੀ ਤੋਂ ਵੀ ਜਾਂਦਾ ਹੈ। ਕਿੰਨੇ ਲੋਕ ਨੇ ਜਿਹੜੇ ਬਿੱਲੀ ਦੇ ਰਾਹ ਕੱਟਣ ਤੇ ਰਾਹ ਨਹੀਂ ਬਦਲਦੇ ਜਾਂ ਨਿੱਛ ਆਈ ਤੋਂ ਵਾਪਸ ਨਹੀਂ ਮੁੜਦੇ?

ਮੈਨੂੰ ਯਾਦ ਏ ਪੰਜਾਬ ਗਾਰਡੀਆਨ ਵਿਚ ਇੱਕ ਵਾਰੀ ਮਾਸ਼ਟਰਾਂ-ਅਜਮੇਰੀਆਂ ਨੂੰ ਜਦ ਅਸੀਂ ਚੈਲਿੰਜ ਕੀਤਾ ਤਾਂ ਕੁਝ ਲੋਕ ਅਗੇ ਆਏ, ਜਿਹੜੇ ਲੁੱਟ ਹੋਏ ਪੈਸਿਆਂ ਦੀਆਂ ਰਸੀਦਾਂ ਵੀ ਲਈ ਫਿਰਦੇ ਸਨ। ਇੱਕ ਕਾਫੀ ਉਮਰ ਦੇ ਵਿਅਕਤੀ ਨੂੰ ਮਾਸ਼ਟਰ ਅਮਰ ਕੋਲੇ ਫਸਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਗੱਲ ਇੰਝ ਹੋਈ, ਕਿ ਮੇਰੇ ਛੋਟੇ ਮੁੰਡੇ ਦੀ ਘਰਵਾਲੀ ਰੁਸ ਕੇ ਵੱਡੇ ਦੀ ਘਰਵਾਲੀ ਨਾਲ ਰਲਗੀ, ਜਾਂ ਉਸ ਚੁੱਕ ਚੁੱਕਾ ਦਿੱਤਾ ਤਾਂ ਅਸੀਂ ਮਾਸ਼ਟਰ ਅਮਰ ਕੋਲੋਂ ਉਪਾ ਪੁੱਛੇ ਤਾਂ ਉਸ ਉਪਾ ਦੇ ਨਾਂ ਤੇ 1500 ਮੁੱਛ ਲਿਆ, ਜਿਹੜਾ ਉਨ੍ਹੀਂ ਵੈਸਟਨ-ਯੂਨੀਅਨ ਰਾਹੀਂ ਭੇਜਿਆ ਸੀ। ਨਾ ਕੁਝ ਹੋਣਾ ਸੀ ਨਾ ਹੋਇਆ ਨਾਂ ਨਹੁੰ ਆਈ ਤੇ, ਆਖਰ ਅਖਬਾਰ ਪੜ੍ਹਕੇ ਉਸ ਮੈਨੂੰ ਫੋਨ ਕਰ ਲਿਆ, ਜਿਸ ਦੀ ਖ਼ਬਰ ਲਾਉਣ ਤੇ ਮਾਸ਼ਟਰ ਨੇ ਵਕੀਲ ਦੀ ਚਿੱਠੀ ਭੇਜ ਦਿੱਤੀ, ਜਿਸ ਦਾ ਜਵਾਬ ਮੈਂ ਅਖ਼ਬਾਰ ਰਾਹੀਂ ਹੀ ਦਿੱਤਾ, ਕਿ ਲੋਕਾਂ ਨੂੰ ਫੂਕਾਂ ਮਾਰ ਕੇ ਉਡਾਉਂਣ ਵਾਲੇ ਖੁਦ ਵਕੀਲਾਂ ਤੋਂ ‘ਫੁੰਕਾਰੇ’ ਮਰਵਾ ਰਹੇ ਨੇ ਠੱਗ ਕਿਤੇ ਥਾਂ ਦੇ।

ਖੈਰ ਉਸ ਭਾਈ ਤੇ ਮੈਂ ਨਿੱਜੀ ਤੌਰ ਤੇ ਸਮਾਂ ਲਾਇਆ ਤਾਂ ਉਹ ਮੰਨ ਵੀ ਗਿਆ, ਕਿ ਇਹ ਸਭ ਪਖੰਡ ਹੀ ਸੀ, ਪਰ ਕੁਝ ਸਮੇਂ ਬਾਅਦ ਫਿਰ ਉਸ ਦਾ ਫੋਨ ਆ ਗਿਆ। ਇਸ ਵਾਰੀ ਉਹ ਖੁਸ਼ ਸੀ ਤੇ ਦੱਸ ਰਿਹਾ ਸੀ ਕਿ ਉਸ ਦੀ ਨੂੰਹ ਘਰੇ ਆ ਗਈ ਹੈ। ਪਰ ਘਰੇ ਆਉਣ ਦਾ ਕਾਰਨ ਸੁਣ ਕੇ ਮੈਂ ਹੈਰਾਨ ਰਹਿ ਗਿਆ, ਕਿ ਇਹ ਉਹੀ ਬੰਦਾ ਹੈ? ਅਖੇ ਬਾਈ ਜੀ! ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ, ਵੈਸੇ ਕੁੱਝ ‘ਕਰਾਮਾਤਾਂ’ ਹੁੰਦੀਆਂ ਹਨ। ਮਾਸ਼ਟਰ ਤੋਂ ਉਪਰਾਮ ਹੋ ਕੇ ਮੈਂ ‘ਪੀਰ’ ਸਿੱਧੂ ਸ਼ਾਹ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗਾ ਕੁੱਝ ਕਰਨ ਦੀ ਲੋੜ ਨਹੀਂ, ਨਿੰਬੂ ਲੈ ਕੇ ਘਰ ਦੇ ਪਿੱਛਵਾੜੇ ਦੱਬ ਦੇਹ ਜਿਉਂ ਜਿਉਂ ਨਿੰਬੂ ਦੀ ਖਟਾਸ ਮਰੇਗੀ, ਤੇਰੀ ਨੂੰਹ ਘਰੇ ਆ ਜਾਏਗੀ। ਤੇ ਸੱਚਮੁਚ ਤੀਜੇ ਕੁ ਦਿਨ ਨੂੰਹ ਮੇਰੀ ਦਾ ਫੋਨ ਆ ਗਿਆ ਤੇ ਹਫਤੇ ਤੱਕ ਉਹ ਮੰਨ ਕੇ ਘਰੇ ਆ ਗਈ। ਉਸ ਦਾ ਮੱਤਲਬ ਸੀ ਕਿ ਸਿੱਧੂ ਸ਼ਾਹ ਦੇ ਨਿੰਬੂ ਨੇ ਨੂੰਹ ਉਸ ਦੀ ਘਰੇ ਮੋੜ ਲਿਆਂਦੀ।

ਉਸ ਦੀ ਕਹਾਣੀ ਸੁਣ ਕੇ ਮੈਨੂੰ ਇੱਕ ਵਾਰ ‘ਪੈੱਟ ਵੈਲਿਉ’ ਸਟੋਰ ਉਪਰ ਮਾਰਿਆ ਗੇੜਾ ਯਾਦ ਆ ਗਿਆ। ਬੜੇ ਸੁਹਣੇ ਪੋਲੜ ਜਿਹੇ, ਲੋਗੜ ਜਿਹੇ ਪੱਪੀ, ਬਿੱਲੀਆਂ, ਸਹੇ, ਚੂਹੇ ਤੇ ਕਈ ਕੁੱਝ ਉਨ੍ਹੀ ਛੋਟੇ ਛੋਟੇ ਪਿੰਜਰਿਆਂ ਵਿੱਚ ਬੰਦ ਕੀਤਾ ਹੋਇਆ ਸੀ। ਉਹ ਬਿਨਾਂ ਕਿਸੇ ਹਰਕਤ ਘੂਕ ਸੁੱਤੇ ਪਏ ਐਵੇਂ ਜਿਵੇਂ ਜਿੰਦਗੀ ਦੀਆਂ ਘੜੀਆਂ ਗਿਣ ਰਹੇ ਸਨ। ਕੋਈ ਹਰਕਤ ਨਹੀਂ, ਕੋਈ ਚੰਚਲਤਾ ਨਹੀਂ, ਕੋਈ ਜਿਵੇਂ ਜਿੰਦ ਜਾਨ ਜਿਹੀ ਹੀ ਨਹੀਂ ਹੁੰਦੀ। ਬੱਚਿਆਂ ਦੀ ਆਦਤ ਹੁੰਦੀ ਅਜਿਹੇ ਲੋਗੜ ਜਿਹੇ ਲੱਗਦੇ ਜੀਵਾਂ ਨੂੰ ਛੇੜ ਕੇ ਸਵਾਦ ਲੈਣਾ, ਉਨ੍ਹਾਂ ਬਥੇਰਾ ਹਿੱਲਜੁਲ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਐਵੇਂ ਅਮਲੀਆਂ ਜਿਹਿਆਂ ਵਾਂਗ ਅੱਖਾਂ ਖ੍ਹੋਲਣ ਤੇ ਬੰਦ, ਬੱਚੇ ਫਿਰ ਛੇੜਨ ਪਰ ਫਿਰ ਬੰਦ। ਯਾਨੀ ਚਿਰਾਂ ਤੋਂ ਛੋਟੇ ਪਿੰਜਿਰਿਆਂ ਵਿੱਚ ਬੰਦ ਰਹਿ ਰਹਿ ਉਨ੍ਹਾਂ ਦੀਆਂ ਕੁਦਰਤੀਂ ਹਰਕਤਾਂ ਅਤੇ ਆਜਾਦ ਟਪੂਸੀਆਂ ਜਵਾਬ ਦੇ ਗਈਆਂ ਸਨ, ਉਨ੍ਹਾਂ ਦੀ ਕੁਦਰਤੀ ਚੰਚਲਤਾ ਗੁਆਚ ਗਈ ਸੀ। ਇਹੀ ਖਰਗੋਸ਼ ਗਰਮੀਆਂ ਸਮੇਂ ਜਦ ਮੈਂ ਅਪਣੇ ਪਿਛਲੇ ਯਾਰਡ ਵਿੱਚ ਮੇਰੀਆਂ ਬੀਜੀਆਂ ਗਾਜਰਾਂ ਤੇ ਪਾਲਕ ਖਾ ਕੇ ਟਪੂਸੀਆਂ ਮਾਰਦੇ ਦੌੜਦੇ ਦੇਖਦਾ ਹਾਂ ਯਕੀਨ ਨਹੀਂ ਆਉਂਦਾ। ਇਹ ਮੁਰਦੇ ਜਿਹੇ ਜਾਪਦੇ ਉਨ੍ਹਾਂ ਹੀ ਖਰਗੋਸ਼ਾਂ ਦੀ ਨਸਲ ਚੋਂ ਹਨ!

ਕਬਰਾਂ, ਮੜੀਆਂ ਤੇ ਭੋਰਿਆਂ ਦੀਆਂ ਜੁੱਤੀਆਂ ਅਗੇ ਸਿਰ ਝੁਕਾਉਂਦਾ ਫਿਰਦਾ ਸਿੱਖ ਦੇਖ ਕੇ ਹੈਰਾਨੀ ਨਹੀਂ ਹੁੰਦੀ ਕਿ ਇਹ ਦਿੱਲੀਆਂ-ਖੈਬਰਾਂ ਨੂੰ ਅਪਣੇ ਘੋੜਿਆਂ ਦੇ ਸੁੰਮਾ ਹੇਠ ਰੋਲਣ ਵਾਲੇ ਖਾਲਸੇ ਦੀ ਹੀ ਉਮਤ ਹੈ?
ਸਿੱਖ ਦੀ ਮਾਨਸਿਕਤਾ ਨੂੰ ਕਰੀਬਨ 100 ਸਾਲ ਤੋਂ ਉਪਰ ਹੋ ਚੁੱਕਿਆ, ਜਦ ਤੋਂ ਇਸ ਨੂੰ ਡੇਰਿਆਂ ਦੇ ‘ਪੈੱਟ-ਸਟੋਰ’ ਪਿੰਜਰਿਆਂ ਵਿੱਚ ਘੇਰ ਕੇ ਬੰਦ ਕਰ ਦਿੱਤਾ ਗਿਆ ਹੈ। ਲੰਮਾ ਸਮਾਂ ਛੋਟੀਆਂ ਛੋਟੀਆਂ ਵਲਗਣਾ ਵਿੱਚ ਰਹਿਣ ਕਾਰਨ ਖਾਲਸੇ ਦੀਆਂ ਅਦੁੱਤੀ ਚੜ੍ਹਤਾਂ ਦੀ ਤੋਰ ਇਹ ਭੁੱਲ ਹੀ ਗਿਆ ਹੈ। ਗੁਰੂ ਦੀਆਂ ਕਿਸੇ ਵੀ ਭਰਮ ਤੋਂ ਡਰ ਰਹਿਤ ਹੋ ਕੇ ਵਿਚਰਨ ਦੀਆਂ ਦਿੱਤੀਆਂ ਬਖਸ਼ਸ਼ਾਂ ਕਮਲਾ ਭੋਰਿਆਂ ਦੀਆਂ ਜੁੱਤੀਆਂ ਵਿੱਚ ਗੁਆ ਬੈਠਾ ਹੈ ਤੇ ਹੁਣ ਧਾਗਿਆਂ ਤੋਂ ਡਰੀ ਜਾਂਦਾ ਹੈ, ਕਦੇ ਬਿੱਲੀ ਤੋਂ ਰਾਹ ਬਦਲ ਜਾਂਦਾ ਹੈ, ਕਦੇ ਨਿਰਜਿੰਦ ਨਾਰੀਅਲ-ਸਧੂੰਰ ਤੋਂ ਡਰੀ ਜਾਂਦਾ ਹੈ। ਡਰਦਾ ਕੌਣ ਹੈ? ਕਮਜੋਰ ਜਾਂ ਬੀਮਾਰ! ਬੀਮਾਰ ਕਿਉਂ ਹੋ ਗਿਆ ਕਿਉਂਕਿ ਇਸ ਨੇ ਗੁਰੂ ਦੀ ਦਿੱਤੀ ਦਵਾਈ ਛੱਡ ਕੇ ਡੇਰਿਆਂ ਦੀ ਸਵਾਹ ਖੇਹ ਫੱਕਣੀ ਸ਼ੁਰੂ ਕਰ ਦਿੱਤੀ, ਬੀਮਾਰ ਡਾਕਟਰ ਲੱਭ ਲਏ। ਉਨ੍ਹਾਂ ਵਿੱਚ ਤੇ ਆਪ ਕੋਈ ਹਰਕਤ ਨਹੀਂ ਉਹ ਕਿਸੇ ਨੂੰ ਹਰਕਤ ਕੀ ਦੇਣਗੇ। ਚਲਦੇ ਸਾਹ ਵਾਲਾ ਹੀ ਦੂਜੇ ਦਾ ਸਾਹ ਦੇਖੇਗਾ ਜੀਹਨਾਂ ਦੇ ਅਪਣੇ ਹੀ ਸਾਹ ਸੂਤੇ ਰਹੇ ਜੀਹਨਾ ਨੂੰ ਆਪ ਨੂੰ ਹੀ ਪ੍ਰੇਤ ਦਿੱਸਦੇ ਰਹੇ ਉਹ ਕਿਸੇ ਦੇ ਗਲੋਂ ਪ੍ਰੇਤ ਕਿਥੋਂ ਲਾਹ ਦੇਵੇਗਾ। ਜਿਹੜੇ ਖੁਦ ਸ੍ਰੀ ਗੁਰੂ ਜੀ ਦੇ ਹਜੂਰ ਲਿਆ ਕੇ ਮੌਲੀਆਂ ਬੰਨੀ ਫਿਰਦੇ ਹਨ ਉਹ ਲੋਕਾਂ ਦੀਆਂ 4-4 9-9 ਗੰਢਾਂ ਵਾਲੀਆਂ ਮੌਲੀਆਂ ਕਿਥੋਂ ਖੁਲਵਾ ਦੇਣਗੇ।

ਹਰੇਕ ‘ਭ੍ਰਹਮਗਿਆਨੀ’ ਦੇ ਗਰੰਥ ਵਿਚੋਂ ਤੁਹਾਨੂੰ ਕੋਈ ਨਾ ਕੋਈ ਭੂਤ-ਪ੍ਰੇਤ ਚੁੜੇਲ ਲੱਭ ਜਾਵੇਗੀ ਤਾਂ ਹੁਣ ਅਗੇ ਬਾਕੀ ਲੋਕਾਂ ਦਾ ਕੀ ਕਸੂਰ।

ਭਾਈ ਰਣਧੀਰ ਸਿੰਘ ਹੋਰਾਂ ਕੋਲੋਂ ਇਕ ਹਵੇਲੀ ਵਿੱਚ ਪ੍ਰੇਤਾਂ ਨੇ ਪ੍ਰਸ਼ਾਦ ਖਾ ਕੇ ਅਪਣਾ ਪਾਰ ਉਤਾਰਾ ਕਰਵਾਇਆ ਤੇ ਬਕਾਇਦਾ ਭਾਈ ਸਾਹਿਬ ਦਾ ਬਣਾਇਆ ਕੜਾਹ ਪ੍ਰਸ਼ਾਦ ਛੱਕ ਕੇ ਧੁਰ ‘ਸੱਚਖੰਡ’ ਗਏ? ਯਾਨੀ ਭਾਈ ਸਾਹਬ ਆਪ ਛੱਡ ਕੇ ਆਏ..?।

‘ਬਾਬਾ’ ਈਸਰ ਸਿੰਘ ਰਾੜੇਵਾਲਿਆਂ ਨੇ ਇੱਕ ਪ੍ਰੇਤ ਦਾ ‘ਉਧਾਰ’ ਕੀਤਾ ਉਹ ਪ੍ਰੇਤ ਤੇ ਬਕਾਇਦਾ ਅਪਣੀ ਇੰਟਰਵਿਊ ਵੀ ਦੇ ਕੇ ਗਿਆ, ਜਿਸ ਦੀ ‘ਕੈਸਿਟ’ ਕਰੀਬਨ ਹਰੇਕ ਘਰ ਵਿੱਚ ਘੁੰਮੀ ਜਿਸ ਵਿੱਚ ਉਹ ਹਾ,ਹਾ,ਹਾ,ਹਾ ਕਰਦਾ ਬਾਬਾ ਜੀ ਵਲੋਂ ਕੀਤੇ ਪਾਰ ਉਤਾਰੇ ਦੀ ਪ੍ਰੇਤ ਕਥਾ ਦੱਸ ਰਿਹਾ ਹੈ ਜਾਂ ਕਿ ‘ਬਾਬਾ ਜੀ’ ਨੇ ‘ਸੱਚਖੰਡ’ ਵਿਚੋਂ ਭੇਜ ਕੇ ਸ਼ਾਇਦ ਕਥਾ ਦੱਸਣ ਲਈ ਕੁਝ ਸਮੇ ਦੀ ‘ਬਰੇਕ’ ਦਿੱਤੀ ਹੋਈ ਸੀ!

ਬਾਬਾ ਨੰਦ ਸਿੰਘ ਨੇ ਇੱਕ ਸਾਬਣ ਬਣਾਉਂਣ ਵਾਲੇ ਦੀ ਭੱਠੀ ਹੇਠੋਂ ਦੱਸ ਕੇ ਤਬੀਤ ਕਢਾਏ ਤਾਂ ਉਸ ਦਾ ਕਾਰੋਬਾਰ ਠੀਕ ਚਲਿਆ ਨਹੀਂ ਤਾਂ ਦੱਬੇ ਹੋਏ ਤਬੀਤਾਂ ਉਸ ਦਾ ਜੀਉਣਾ ਦੁੱਭਰ ਕੀਤਾ ਪਿਆ ਸੀ। ਬਾਬਾ ਈਸਰ ਸਿੰਘ ਨਾਨਕਸਰ ਨੇ ਜੀਤਾ ਸਿਓ ਨਾਂ ਦੇ ਬੰਦੇ ਨੂੰ ਬਕਾਇਦਾ ਭੂਤਾਂ-ਪ੍ਰੇਤਾਂ ਦਾ ਮਹਿਕਮਾ ਦਿੱਤਾ ਹੋਇਆ ਸੀ, ਤੇ ਉਹ ਆਏ ਲੋਕਾਂ ਦੇ ਭੂਤ ਕੱਢਦਾ ਸੀ। ਨਾਨਕਸਰੀਆਂ ਦਾ ਹੀ ਬਉਲੀ ਵਾਲਾ ‘ਸੰਤ’ ਸਰੂਪ ਸਿੰਘ ਹਾਲੇ ਤੱਕ ਭੂਤ ਕੱਢਦਾ ਹੈ।

ਬਾਬਾ ਗੁਰਬਚਨ ਸਿੰਘ ਜੀ ਖੈਰ ‘ਤ੍ਰੈਕਾਲ ਦਰਸ਼ੀ’ ਸਨ ਉਨ੍ਹਾਂ ਨੂੰ ਪਤਾ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਵਾਂ ਕਿਉਂ ਉਚਾਰੀਆਂ। ਉਨ੍ਹਾਂ ਮੁਤਾਬਕ ਲਾਵਾਂ ਦਾ ਪਾਠ ਉਚਾਰਨ ਤੋਂ ਪਹਿਲਾਂ ਭੂਤਾਂ ਹਰੇਕ ਥੈਂ ਭੰਗੜੇ ਪਾਉਂਦੀਆਂ ਫਿਰਦੀਆਂ ਸਨ, ਯਾਨੀ ਧਰਤੀ ਤੇ ਬੰਦੇ-ਬੰਦੀਆਂ ਘੱਟ ਕੇ ਭੂਤਾਂ-ਪ੍ਰੇਤ ਜਿਆਦਾ ਪਰ ਲਾਵਾਂ ਉਚਾਰਨ ਨਾਲ ਭੂਤਾਂ ਘੱਟ ਗਈਆਂ। ਜਦ ਕਿ ਲਾਵਾਂ ਵਿੱਚ ਭੂਤਾਂ-ਪ੍ਰੇਤਾਂ ਦਾ ਨਾਮ ਤੱਕ ਨਹੀਂ। ਯਾਨੀ ਹਰੇਕ ‘ਮਹਾਂਪੁਰਖ’ ਨੂੰ ਕੋਈ ਨਾ ਕੋਈ ਪ੍ਰੇਤ ਦਿੱਸਿਆ ਹੋਇਆ ਨਜਰ ਆ ਰਿਹਾ ਹੈ।

ਪੰਜਾਬ ਦੀ ਧਰਤੀ ਤੇ ਥਾਂ ਥਾਂ ਕਬਰਾਂ ਕਿਉਂ ਉੱਗ ਰਹੀਆਂ ਹਨ, ਇਹ ਕਿਤੇ ਰਾਤੋ ਰਾਤ ਨਹੀਂ ਉੱਗੀਆਂ। ਇਹ ਪਹਿਲਾਂ ਲੋਕਾਂ ਦੀ ਮਾਨਸਿਤਕਾ ਵਿੱਚ ਪੈਦਾ ਹੋਈਆਂ ਫਿਰ ਬਾਹਰੀ ਰੂਮ ਦਿੱਸਣ ਲੱਗਾ ਇਨ੍ਹਾਂ ਦਾ। ਓਸ ਧਰਤੀ ਤੇ ਜਿਸਦਾ ਚੱਪਾ ਚੱਪਾ ਖਾਲਸੇ ਨੇ ਅਪਣੇ ਲਹੂ ਨਾਲ ਰੰਗਿਆ ਪਿਆ ਹੈ, ਤੇ ਜਿਹੜਾ ਕੇਵਲ ਤੇ ਕੇਵਲ ਗੁਰਾਂ ਦੇ ਨਾਂ ਵੱਸਦਾ ਸੀ, ਉਹ ਹੁਣ ਕਬਰਸਤਾਨ ਬਣਦਾ ਜਾ ਰਿਹੈ। ਹਰੇਕ ਮੋੜ ਤੇ ਕਿਸੇ ਨਾ ਕਿਸੇ ਨੰਗ ਜਿਹੇ ‘ਪੀਰ’ ਦੀ ਕਬਰ ਦਿੱਸੇਗੀ ਤੁਹਾਨੂੰ ਜਿਥੇ ਦਿਨੇ ਸਿੱਖ ਮੱਥੇ ਟੇਕਦੇ ਹਨ, ਰਾਤ ਨੂੰ ਕੁੱਤੇ ਮੂਤਦੇ ਹਨ ਤੇ ਨਾਲੇ ਆਪਸ ਵਿੱਚ ਹੱਸਦੇ ਨੇ ‘ਪੀਰ’ ਦੀ ਵਿਚਾਰਗੀ ਉੱਤੇ ਵੀ ਸਿੱਖ ਦੀ ਬੀਮਾਰ ਮਾਨਸਿਕਤਾ ਉਤੇ ਵੀ। ਜਿੰਨਾ ਚਿਰ ਮੈਨੂੰ ਪ੍ਰੇਤ ਦਿਸਣਗੇ, ਭੂਤਾਂ ਚਿੰਬੜਨਗੀਆਂ ਉਨ੍ਹਾਂ ਚਿਰ ਮੈਨੂੰ ਉਨ੍ਹਾਂ ਦਾ ਉਪਾਅ ਕਰਨ ਲਈ ‘ਪੀਰ’ ਵੀ ਚਾਹੀਦੇ ਨੇ ਤੇ ਉਨ੍ਹਾਂ ‘ਪੀਰਾਂ’ ਦੀ ਪੂਜਾ ਲਈ ਕਬਰਾਂ ਵੀ ਚਾਹੀਦੀਆਂ ਹਨ। ਤੇ ਯਕੀਨਨ ਤੁਹਾਡੇ ਡੇਰੇਦਾਰਾਂ ਗੁਰਬਾਣੀ ਵਿੱਚ ਕਹੇ ਗਏ ਅਲਸੀ ਪ੍ਰੇਤਾਂ ਵਲੋਂ ਧਿਆਨ ਹਟਾ ਕੇ, ਨਕਲੀ ਪ੍ਰੇਤਾਂ ਦੇ ਉਧਾਰ ਕਰਨ ਦੀਆਂ ਮਸਾਲੇਦਾਰ ਕਹਾਣੀਆਂ ਸੁਣਾ ਸੁਣਾ ਪੂਰੀ ਕੌਮ ਨੂੰ ਪ੍ਰੇਤਾਂ ਚਿੰਬੇੜ ਦਿੱਤੀਆਂ ਹਨ। ਹੁਣ ਇਨ੍ਹਾਂ ਤੋਂ ਬੱਚਣ ਲਈ ਕਦੇ ਤਵੀਤ ਬੰਨੀ ਫਿਰਦੇ ਹਨ, ਕਦੇ ਮੌਲੀਆਂ ਪਾਈ ਫਿਰਦੇ ਹਨ, ਤੇ ਕਦੇ ਨਜਰਾਂ ਉਤਾਰਦੇ ਫਿਰਦੇ ਗੁਰੂ ਲਿਵ ਨਾਲੋਂ ਟੁੱਟ ਕਬਰਾਂ ਦੇ ਪੁਜਾਰੀ ਬਣਦੇ ਜਾ ਰਹੇ ਹਨ, ਜਾਂ ਰਹਿੰਦੇ ਭੋਰਿਆਂ ਦੀਆਂ ਜੁੱਤੀਆਂ ਅਗੇ ਜਾ ਲੰਮੇ ਪਏ ਹਨ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top