![]() |
Share on Facebook | |
|
ਮੰਗਣ ਬਾਰੇ ਗੁਰਬਾਣੀ ਦਾ ਉਪਦੇਸ਼
ਰੱਬੀ ਭਗਤਾਂ ਅਤੇ ਗੁਰੂਆਂ ਨੇ ਸਾਨੂੰ ਹੱਥੀਂ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ (ਪ੍ਰਭੂ ਨੂੰ ਸਦਾ ਯਾਦ ਰੱਖਣ) ਦਾ ਉਪਦੇਸ਼ ਦਿੱਤਾ ਹੈ। ਹੱਥੀਂ ਕਿਰਤ ਕਰਨ ਵਾਲਾ ਕਦੇ ਦੁਨਿਆਵੀ ਮੰਗਤਾ ਨਹੀਂ ਹੋ ਸਕਦਾ ਅਤੇ ਦਰ-ਦਰ ਤੇ ਜਾ ਕੇ ਭੀਖ ਵੀ ਨਹੀਂ ਮੰਗਦਾ ਸਗੋਂ ਆਪਣੀ ਕਿਰਤ ਕਮਾਈ ਚੋਂ ਲੋੜਵੰਦਾਂ ਨੂੰ ਵੰਡਦਾ ਹੋਇਆ, ਪ੍ਰਭੂ ਨੂੰ ਯਾਦ ਕਰਦਾ, ਇਹ ਹੀ ਕਹਿੰਦਾ ਹੈ ਕਿ- ਏਹਿ ਭਿ ਦਾਤਿ ਤੇਰੀ ਦਾਤਾਰ॥(5) ਉਹ ਪ੍ਰਭੂ ਦੇ ਦਰ ਤੋਂ ਬੰਦਗੀ ਦੀ ਖੈਰ ਮੰਗਦਾ ਹੈ। ਜਦੋਂ ਉਸ ਦੇ ਹਿਰਦੇ ਘਰ ਵਿੱਚ ਰੱਬ ਜੀ ਆਪ ਹੀ ਆ ਜਾਂਦੇ ਹਨ ਤਾਂ ਸਾਰੀਆਂ ਰਹਿਮਤਾਂ ਵੀ ਨਾਲ ਹੀ ਆ ਜਾਂਦੀਆਂ ਹਨ। ਗੁਰੂ ਦਾ ਸਿੱਖ ਕਿੰਨਾਂ ਭੀ ਕੰਗਾਲ ਕਿਉਂ ਨਾਂ ਹੋ ਜਾਵੇ ਪਰ ਹੱਥ ਵਿੱਚ ਠੂਠਾ ਲੈ ਕੇ ਦਰ-ਦਰ ਤੇ ਨਹੀਂ ਮੰਗਦਾ। ਦੁਨੀਆਂ ਵਿੱਚ ਲੱਖਾਂ ਹੀ ਮੰਗਤੇ ਮਿਲ ਜਾਣਗੇ ਪਰ ਗੁਰੂ ਦਾ ਸਿੱਖ ਮੰਗਤਾ ਨਹੀਂ ਮਿਲੇਗਾ। ਹਾਂ ਜੇ ਕਿਤੇ ਕਰੋੜਾਂ ਚੋਂ ਕੋਈ ਮਿਲ ਵੀ ਜਾਏ ਤਾਂ ਉਹ ਭੇਖੀ ਸਿੱਖ ਹੋ ਸਕਦਾ ਹੈ। ਥਾਂ-ਥਾਂ ਤੇ ਮੰਗਣ ਵਾਲੇ ਨੂੰ ਕਦੇ ਮਾਨ ਨਹੀਂ ਮਿਲਦਾ- ਲੋਕੁ ਧਿਕਾਰੁ ਕਹੈ ਮੰਗਤ ਜਨ, ਮਾਂਗਤੁ ਮਾਨੁ ਨ ਪਾਇਆ॥(878) ਚਲੋ ਜੇ ਮੰਗਤਾ ਕਿਸੇ ਸਰਦੇ-ਪੁਜਦੇ ਕੋਲ ਚਲੇ ਜਾਵੇ ਤਾਂ ਕੁਝ ਖੈਰ ਮਿਲ ਸਕਦੀ ਹੈ ਪਰ ਜੇ ਮੰਗਤਿਆਂ ਕੋਲੋਂ ਹੀ ਮੰਗਦਾ ਫਿਰੇ ਤਾਂ ਖੁਆਰੀ ਬਿਨਾਂ ਉਸ ਦੇ ਪੱਲੇ ਕੱਖ ਨਹੀਂ ਪੈਂਦਾ। ਇਵੇਂ ਹੀ ਧਰਮ ਦੀ ਦੁਨੀਆਂ ਵਿੱਚ, ਜਾਚਕ ਨੇ “ਦਾਤੇ” ਕੋਲੋਂ ਮੰਗਣਾ ਹੈ ਕਿਉਂਕਿ- ਦਦਾ ਦਾਤਾ ਏਕੁ ਹੈ ਸਭ ਕੋ ਦੇਵਣਹਾਰੁ॥ ਦੇਂਦੇ ਤੋਟਿ ਨ ਆਵਈ ਅਗਣਤ ਭਰੇ ਭੰਡਾਰ॥ (257) ਇੱਥੇ ਤਾਂ ਕੰਮ ਹੀ ਉਲਟਾ ਹੋਇਆ ਪਿਆ ਹੈ ਜਿਵੇਂ ਵੱਡੇ-ਵੱਡੇ ਭੇਖਾਰੀਆਂ ਨੇ ਭੀਖ ਨੂੰ ਕਿੱਤਾ ਹੀ ਬਣਾ ਲਿਆ ਹੈ, ਆਪਣੇ ਥੱਲੇ ਅੱਗੇ ਬਹੁਤ ਸਾਰੇ ਮੰਗਤੇ ਰੱਖ ਕੇ ਉਨ੍ਹਾਂ ਨੂੰ ਅੱਗੇ ਇਲਾਕਾ ਵੰਡ ਦਿੱਤਾ ਜਾਂਦਾ ਹੈ। ਉਸ ਸੀਮਾਂ ਵਿੱਚ ਉਹ ਮੰਗਦੇ ਰਹਿੰਦੇ ਹਨ। ਸਿੱਖ ਨੂੰ ਵੀ ਗੁਰੂ ਦਾ ਹੁਕਮ ਹੈ ਕਿ ਰੱਬ ਤੋਂ ਹੀ ਮੰਗਣਾ ਹੈ ਅਤੇ ਹੋਰ ਕਿਸੇ ਐਰੇ- ਗੈਰੇ ਦੀ ਟੇਕ ਨਹੀਂ ਰੱਖਣੀ-ਧਰ ਜੀਅਰੇ ਇਕ ਟੇਕ ਤੂੰ ਲਾਹੇ ਬਿਡਾਨੀ ਆਸ॥ (257) ਅਜੋਕੇ ਬਹੁਤੇ ਡੇਰੇਦਾਰ ਅਤੇ ਆਗੂ ਵੱਡੇ ਮੰਗਤੇ ਹਨ ਜੋ ਕਦੇ ਹੱਥੀਂ ਕਿਰਤ ਤਾਂ ਕਰਦੇ ਨਹੀਂ ਸਗੋਂ ਹਰ ਵੇਲੇ ਧਰਮ ਦੇ ਨਾਂ ਤੇ ਲੋਕਾਂ ਤੋਂ ਮੰਗਦੇ ਰਹਿੰਦੇ ਹਨ- ਘਰਿ ਘਰਿ ਮਾਗਹਿ ਭੀਖਿਆ ਜਾਇ॥ (954) ਉਨ੍ਹਾਂ ਨੂੰ ਘਰ-ਘਰ ਮੰਗਦਿਆਂ ਨੂੰ ਸ਼ਰਮ ਵੀ ਨਹੀਂ ਆਉਂਦੀ, ਉਨ੍ਹਾਂ ਦਾ ਐਸਾ ਜੀਵਨ ਅਤੇ ਭੇਖ ਧ੍ਰਿਗ ਹੈ ਭਾਵ ਲੱਖ ਲਾਹਨਤ ਹੈ- ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਨ ਧਿਗੁ ਵੇਸੁ॥ (550) ਜੋ ਆਪਣੇ ਆਪ ਨੂੰ ਧਾਰਮਿਕ ਆਗੂ ਗੁਰੂ-ਪੀਰ ਕਹਾਉਂਦਾ ਅਤੇ ਮੰਗਦਾ ਫਿਰਦਾ ਹੈ ਅਜਿਹੇ ਭੇਖਧਾਰੀ ਅਤੇ ਅਡੰਬਰੀ ਦੇ ਕਦੇ ਵੀ ਪੈਰੀਂ ਹੱਥ ਨਹੀਂ ਲਾਉਣਾ ਚਾਹੀਦਾ- ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ (1245) ਅਜੋਕਾ ਅਗਿਆਨੀ ਅਤੇ ਭੇਖਧਾਰੀ ਸਿੱਖ ਵੀ ਅਕਾਲ ਪੁਰਖ ਅਤੇ ਗੁਰੂ ਦੀ ਟੇਕ ਛੱਡ ਕੇ, ਸੰਪ੍ਰਦਾਈ ਡੇਰੇਦਾਰਾਂ ਦੇ ਦਰ ਤੇ ਭਟਕਦਾ ਅਤੇ ਦੁਨਿਆਵੀ ਮੰਗਤਿਆਂ (ਭੇਖੀ ਸਾਧਾਂ-ਸੰਤਾਂ) ਤੋਂ ਦਾਤਾਂ ਮੰਗਦਾ ਫਿਰਦਾ ਹੈ। ਜਿਵੇਂ ਬੀਜ ਬੀਜੀਏ ਤੇ ਉੱਗਦਾ ਅਤੇ ਫਲਦਾ-ਫੁਲਦਾ ਹੈ, ਇਵੇਂ ਹੀ ਉੱਦਮ ਕਰਕੇ ਕਿਰਤ ਕਰਨੀ ਫਲਦੀ-ਫੁਲਦੀ ਹੈ ਅਤੇ ਜਣੇ-ਖਣੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਗੁਰਬਾਣੀ ਅਨੁਸਾਰ ਸਿੱਖ ਨੇ ਰੱਬ ਕੋਲੋਂ ਰੱਬੀ ਦਾਤਾਂ ਹੀ ਮੰਗਣੀਆਂ ਹਨ ਨਾਂ ਕਿ “ਦਾਤੇ” ਨੂੰ ਛੱਡ ਡੇਰੇਦਾਰ ਮੰਗਤਿਆਂ ਕੋਲੋਂ ਹੀ ਮੰਗੀ ਜਾਣਾ ਹੈ। ਡੇਰਿਆਂ ਤੇ ਜਾਣ ਵਾਲੇ ਸਿੱਖ ਕਦੋਂ ਸਮਝਣਗੇ ਕਿ ਸਿੱਖ ਨੂੰ ਤਾਂ ਹੁਕਮ ਗੁਰੂ ਦਰ ਤੇ ਜਾਣ ਦਾ ਹੈ ਨਾਂ ਕਿ ਕਿਸੇ ਡੇਰੇ ਤੇ ਜਾ ਕੇ ਵੇਹਲੜ ਸਾਧਾਂ ਨੂੰ ਆਪਣੀ ਖੂਨ ਪਸੀਨੇ ਦੀ ਕਮਾਈ ਲੁਟੌਣ ਦਾ? ਸਿੱਖੋ! ਜੇ ਮੰਗਣਾ ਹੈ ਤਾਂ ਗੁਰੂ ਦਾਤੇ ਪ੍ਰਮੇਸ਼ਰ ਨੂੰ ਮੰਗ ਲਉ, ਨਾਲੇ ਪੁੰਨ ਨਾਲੇ ਫਲੀਆਂ ਆਪੇ ਮਿਲ ਜਾਣਗੀਆਂ। ਦੁਨਿਆਵੀ ਪਦਾਰਥ ਤਾਂ ਪਰਛਾਵੇ ਵਾਂਗ ਹਨ ਜਿਧਰ ਜਾਈਏ ਪਰਛਾਵਾਂ ਆਪੇ ਪਿੱਛੇ-ਪਿੱਛੇ ਆਈ ਜਾਂਦਾ ਹੈ। ਸਿੱਖ ਨੂੰ ਅਰਦਾਸ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਜਿਨ੍ਹਾਂ ਚੀਜਾਂ ਨੂੰ ਗੁਰਬਾਣੀ ਮਨ੍ਹਾਂ ਕਰਦੀ ਹੈ ਨਹੀਂ ਮੰਗਣੀਆਂ ਚਾਹੀਦੀਆਂ। ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਮੰਗਦਾ ਸਗੋਂ ਹਰ ਵੇਲੇ ਭਲਾ ਹੀ ਮੰਗਦਾ ਹੈ-ਨਾਨਕ ਨਾਲ ਚੜ੍ਹਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ॥ (ਅਰਦਾਸ) ਅਜੋਕੇ ਸਿੱਖ ਨੁੰ ਕਦੋਂ ਸਮਝ ਆਏਗੀ ਕਿ ਗੁਰੂ ਨੇ ਡੇਰੇ ਨਹੀਂ ਸੀ ਸਾਜੇ ਗੁਰੂ-ਪੰਥ ਸਾਜਿਆ ਸੀ? ਉਸੇ ਪੰਥਕ ਰਾਹ ਤੇ ਹੀ ਚਲਣਾ ਹੈ ਨਾਂ ਕਿ ਡੇਰਿਆਂ ਦੀਆਂ ਪਗ-ਡੰਡੀਆਂ ਤੇ ਹੀ ਘੁੰਮਣ-ਘੇਰੀਆਂ ਖਾਈ ਜਾਣੀਆਂ ਹਨ। ਗੁਰੂ-ਮਾਰਗ ਦੀ ਸੰਪੂਰਨ ਡਾਇਰੈਕਸ਼ਨ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਹੈ, ਇਸ ਨੂੰ ਫਾਲੋ ਕਰਾਂਗੇ ਤੇ ਮੰਜ਼ਲ ਤੇ ਪਹੁੰਚ ਜਾਵਾਂਗੇ ਨਹੀਂ ਤਾਂ ਡੇਰਿਆਂ ਰੂਪ ਪਗ-ਡੰਡੀਆਂ ਵਿੱਚ ਹੀ ਭੀਖ ਮੰਗਦੇ ਅਟਕੇ ਰਹਾਂਗੇ। ਅਸੀਂ ਪ੍ਰਭੂ ਦਰ ਦੇ ਹੀ ਭੇਖਾਰੀ ਹਾਂ ਅਤੇ ਉਸੇ ਦੇ ਦਰ ਤੋਂ ਹੀ ਮੰਗਣਾ ਹੈ- ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾਂ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (958) ਸੋ ਗੁਰੂ ਪਿਆਰਿਓ ਮੰਗਣ ਦਾ ਵੱਲ ਵੀ ਗੁਰੂ ਤੋਂ ਹੀ ਸਿੱਖੋ, ਗੁਰੂ ਸਾਡਾ ਗਿਆਨ ਦਾਤਾ ਹੈ। ਅਵਤਾਰ ਸਿੰਘ ਮਿਸ਼ਨਰੀ (5104325827) |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|