Share on Facebook

Main News Page

ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ, ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਦਾ ਵੀ ਕੋਈ ਹਕ ਨਹੀਂ

ਗੁਰੂ ਗ੍ਰੰਥ ਨੂੰ ਮੰਨਣ ਵਾਲਾ ਹੀ ਇਕ ਸਿੱਖ ਹੈ। ਇਕ ਸਿੱਖ ਹੋਣ ਦੀ ਪਰਿਭਾਸ਼ਾ ਵੀ ਇਹ ਹੀ ਹੈ, ਤੇ ਸਿੱਖ ਹੋਣ ਦਾ ਸਬੂਤ ਵੀ ਇਹ ਹੀ ਹੈ, ਕੇ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਅਪਣਾਂ ਗੁਰੂ ਮਣਦਾ ਹੈ, ਉਹ ਹੀ ਸਿੱਖ ਹੈ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਾ ਬੇਮੁਖ ਬੰਦਾ, ਜੋ ਅਪਣੇ ਗੁਰੂ ਤੇ ਹੀ ਸ਼ਕ ਕਰਦਾ ਹੈ, ਉਹ ਗੁ੍ਰ ਦਾ ਇਕ ਸੱਚਾ ਇਕ ਸਿੱਖ ਕਿਵੇਂ ਹੋ ਸਕਦਾ ਹੈ, ਤੇ ਜਿਸਤੇ ਸਵਾਲੀਆ ਨਿਸ਼ਾਨ ਲਗਾ ਹੋਵੇ, ਉਹ ਉਸ ਦਾ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ?

ਅੱਜ ਅਪਣੀ ਵਿਦਵਤਾ ਦਾ ਝੰਡਾ ਗਡਣ ਲਈ ਬੇਤਾਬ "ਕੱਠਮੁੱਲੇ ਵਿਦਵਾਨ" ਅਪਣੇ ਗੁਰੂ ਦੀ ਪ੍ਰਮਾਣਿਕਤਾ ਤੇ ਹੀ "ਥੀਸਿਸ" ਲਿਖੀ ਜਾ ਰਹੇ ਨੇ। ਅਪਣੇ ਹੀ ਗੁਰੂ ਨੂੰ ਸਰੇ ਬਾਜਾਰ ਖੜਾ ਕਰਕੇ ਸਾਰੀ ਦੁਨਿਆ ਨੂੰ ਤਮਾਸ਼ਾ ਦਿਖਾ ਰਹੇ ਨੇ ਤੇ ਪੂਰੀ ਕੌਮ ਨੂੰ ਵੀ ਤਮਾਸ਼ਾ ਬਣਾਂ ਰਹੇ ਨੇ। ਜਿਸ ਨੂੰ ਅਪਣੇ ਗੁਰੂ ਦੀ ਪ੍ਰਮਾਣਿਕਤਾ ਬਾਰੇ ਕੋਈ ਸ਼ਕ ਹੈ, ਉਹ ਉਸ ਨੂੰ ਅਪਣਾ ਗੁਰੂ ਮੰਨੇ ਜਾਂ ਨਾਂ ਮਨੇ , ਇਸ ਵਿਚ ਕਿਸੇ ਨੂੰ ਕੋਈ ਇਤਰਾਜ ਨਹੀ, ਲੇਕਿਨ ਅਪਣੀ "ਅਖੌਤੀ ਵਿਦਵਤਾ" ਦਾ ਪਾਟਿਆ ਤੇ ਬੇਸੁਰਾ ਢੋਲ ਵਜਾ ਵਜਾ ਕੇ ਦੂਜੇ ਸਿੱਖ ਦੀ ਧਾਰਮਿਕ ਆਸਥਾ ਤੇ ਸੱਟ ਮਾਰਨ ਦਾ ਦੁੱਸਾਹਸ ਵੀ ਨਾਂ ਕਰੇ।

ਡਾ. ਇਕਬਾਲ ਸਿੰਘ ਢਿਲੋਂ ਤੇ ਉਸ ਦੇ ਪਿਛੇ ਖੜੇ ਪੰਜ ਸੱਤ ਕਾਮਰੇਡਾਂ ਦੀ ਨਾਸਤਿਕ ਵਿਚਾਰ ਧਾਰਾ ਵਾਲੀ ਜੁੰਡਲੀ, ਉਸ ਨੂੰ ਸਿੱਖਾਂ ਦੇ ਧਾਰਮਿਕ ਅਦਾਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਬਾਰੇ "ਕੂੜ ਗਿਆਨ" ਦਾ ਉਹ ਬਦਬੂਦਾਰ ਖਾਣਾਂ ਪਰੋਸ ਰਹੇ ਨੇ, ਜੋ ਪੰਥ ਦਰਦੀਆਂ ਨੂੰ ਪੱਚ ਨਹੀਂ ਰਿਹਾ। ਗੁਰੂ ਦੇ ਸਿਰਜੇ ਅਕਾਲ ਤਖਤ ਦੇ ਸਿਧਾਂਤ ਨੂੰ ਉਹ "ਨਕਲੀ" "ਅਖੌਤੀ", "ਅੱਡਾ", "ਇਕ ਥੜਾ" ਤੇ "ਗੁਰੂ ਦੀ ਬਣਾਈ ਰਿਹਾਇਸ਼ ਗਾਹ" ਵਰਗੇ ਤੁੱਛ ਤੇ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕਰਕੇ, ਇਸ ਤੋਂ ਸਿੱਖਾਂ ਨੂੰ "ਖਹਿੜਾ ਛੁੜਾ ਲੈਣ ਦੇ ਹਲੂਣੇ" ਦੇ ਰਹੇ ਨੇ। ਇਸ ਤੋਂ ਬਾਅਦ ਜੋਗਿੰਦਰ ਸਿੰਘ ਸਪੋਕਸਮੈਨ ਵੀ ਉਸ ਕਤਾਰ ਵਿਚ ਖੜਾ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਬਾਰੇ ਅੰਟ ਸ਼ੰਟ ਵਿਦਵਤਾ ਦੀ ਜੁਗਾਲੀ ਕਰਨ ਲਗਾ ਹੈ। ਉਸ ਦੀ 20.07.2011 ਦੀ ਸੰਪਾਦਕੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਦਿਲ ਹੀ ਵਲੂੰਧਰ ਕੇ ਲੈ ਗਈ, ਜਦੋਂ ਉਸ ਨੇ ਅਪਣੀ ਇਸ ਸੰਪਾਦਕੀ ਵਿਚ ਇਹ ਕਹਿ ਦਿਤਾ ਕੇ -

‘ਬੇਸ਼ੱਕ ਕਰਤਾਰਪੁਰੀ ਬੀੜ , ਜੋ ਅਸਲ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਅਰਥਾਤ ਘੱਟੋ- ਘੱਟ ਛੇਵੀਂ ਨਕਲ ਹੈ, ਨੂੰ ਭਾਈ ਜੋਧ ਸਿੰਘ ਵਰਗੇ ਵਿਦਵਾਨਾਂ ਜਮ੍ਹਾਂ ਸਿਆਸਤਦਾਨਾਂ ਦੀ ਗਵਾਹੀ ਪਵਾ ਪਾ ਕੇ, ਪ੍ਰਮਾਣੀਕ ਮੰਨ ਲਿਆ ਗਿਆ ਹੈ ਪਰ ਕੋਈ ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ। ਡਾ: ਗੁਰਸ਼ਰਨਜੀਤ ਸਿੰਘ ਨੇ ਆਪਣੀ ਪੁਸਤਕ ਵਿੱਚ ਇਨ੍ਹਾਂ ਵਿਦਵਾਨਾਂ ਦੇ ਵੀਚਾਰ ਇੱਕ ਥਾਂ ਇਕੱਠੇ ਕਰ ਦਿੱਤੇ ਹਨ।

ਦੂਜੀ ਪ੍ਰਕਾਰ ਦੀ ਸੋਚ ਵਾਲੇ ਅਰਥਾਤ ਪੁਰਾਤਨ ਵਾਦੀਏ ਇਹੀ ਕਹੀ ਜਾਂਦੇ ਹਨ ਕਿ ਅੱਖਰ ਲਗ ਮਾਤਰ, ਜੋ ਉਨ੍ਹਾਂ ਨੇ ਅੰਤਿਮ ਮੰਨ ਲਏ ਹਨ ਉਨ੍ਹਾਂ ਵਿੱਚ ਕੋਈ ਘਾਟਾ ਵਾਧਾ ਨਹੀ ਹੋ ਸਕਦਾ। ਅਜਿਹਾ ਕਹਿਣ ਲੱਗਿਆਂ ਉਹ ਇਹ ਭੁੱਲ ਜਾਂਦੇ ਹਨ ਕਿ ਅੱਖਰ ਲਗ ਮਾਤਰ ਕੇਵਲ ਇੱਕ ਲਿਫ਼ਾਫ਼ੇ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ। ਸਿਆਣੇ ਲੋਕ ਲਿਫ਼ਾਫ਼ੇ ਵਿੱਚ ਪਏ ਸੌਦੇ ਨੂੰ ਲੈ ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ।…..ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ।

ਗੁਰੂ ਗ੍ਰੰਥ ਸਾਹਿਬ ਜੋ ਸਿੱਖਾਂ ਦੇ ਸਤਕਾਰਤ ਗੁਰੂ ਹਨ ਤੇ ਜਿਸਨੂੰ "ਚਵਰ ਤਖਤ ਦੇ ਮਾਲਿਕ" ਕਹਿ ਕੇ ਸਿੱਖ ਸਤਕਾਰਦੇ ਹਨ ਕੀ ਉਸ ਨੂੰ "ਲਿਫਾਫਾ " ਕਹਿ ਕੇ ਸੰਬੋਧਿਤ ਕਰਨਾ, ਇੱਕ "ਸਿੱਖ" ਲਈ ਬਰਦਾਸ਼ਤ ਦੇ ਕਬਿਲ ਹੋ ਸਕਦਾ ਹੈ? ਇਹ "ਕੱਠਮੁੱਲੇ ਵਿਦਵਾਨ" ਕਿਸੇ "ਆਮ ਕਿਤਾਬ" ਬਾਰੇ ਗਲ ਕਰ ਰਹੇ ਨੇ ਕੇ ਸਿੱਖਾਂ ਦੀ ਹੋਂਦ ਦੇ ਇਕੋ ਇਕ ਕਾਰਣ ( ਜਿਸ ਨੂੰ ਮੰਨਣ ਦੇ ਕਰਕੇ ਹੀ ਇਕ ਮਨੁਖ ਸਿੱਖ ਅਖਵਾਂਉਦਾ ਹੈ) ਉਨਾਂ ਦੇ ਸਤਕਾਰਤ "ਸ਼ਬਦ ਗੁਰੂ" ਗੁਰੂ ਗ੍ਰੰਥ ਸਾਹਿਬ ਬਾਰੇ ਗਲ ਕਰ ਰਹੇ ਨੇ।

ਬੜੇ ਦੁਖ ਤੇ ਹੈਰਾਨਗੀ ਵਾਲੀ ਗਲ ਇਹ ਹੈ ਕੇ ਅਪਣੇ ਆਪ ਨੂੰ ਬਹੁਤ ਜਾਗਰੂਕ ਤੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਤੇ ਨਿਤ ਉਸ ਅਖਬਾਰ ਅਤੇ ਇਕ ਖਾਸ ਵੇਬਸਾਈਟ ਵਿਚ ਅਪਣੀਾਂ ਫੋਟੂਆ ਤੇ ਲੇਖ ਛਪਵਾ ਕੇ ਸੁਰਖੀਆਂ ਵਿਚ ਰਹਿਣ ਵਾਲੇ ਕੁਝ ਸਿੱਖ, ਇਨਾਂ " ਆਪਹੁਦਰੇ ਵਿਦਵਾਨਾਂ" ਦੀਆ ਐਸੀਆਂ ਹਰਕਤਾਂ ਨੂੰ , ਅਪਣੇ ਗੁਰੂ ਦੀ ਜਨਤਕ ਤੌਰ ਲਾਹੀ ਜਾ ਰਹੀ ਪੱਤ ਨੂੰ , ਮੂਕ ਦਰਸ਼ਕ ਬਣ ਕੇ ਵੇਖੀ ਜਾ ਰਹੇ ਨੇ। ਹੁਣ ਉਨਾਂ ਨੂੰ "ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋ ਰਹੀ ਬੇਪਤੀ ਦਿਖਾਈ ਕਿਉ ਨਹੀਂ ਦੇ ਰਹੀ? ਜੋ ਉਨਾਂ ਨੂੰ ਅਖੌਤੀ ਦਸਮ ਗ੍ਰੰਥ ਦੇ "ਹਨੇਰੇ" ਨਾਲ ਦਿਖਾਈ ਦੇਂਦੀ ਹੈ। ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਕੂੜ ਕਿਤਾਬ ਦਾ ਵਿਰੋਧ ਕਿਸ ਲਈ ਸ਼ੁਰੂ ਕੀਤਾ ਸੀ? ਸਿਰਫ ਇਸੇ ਲਈ ਨਾਂ, ਕੇ ਉਸ ਦੇ ਪ੍ਰਕਾਸ਼(ਹਨੇਰੇ) ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੁੰਦਾ ਹੈ ਤੇ ਇਹ ਗ੍ਰੰਥ "ਸ਼ਬਦ ਗੁਰੂ" ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤੇ ਸਿੱਖੀ ਸਿਧਾਂਤਾਂ ਨੂੰ ਸੱਟ ਵਜਦੀ ਹੈ। ਜੇ ਉਨ੍ਹਾਂ ਨੂੰ "ਸ਼ਬਦ ਗੁਰੂ " ਦੇ ਮੌਜੂਦਾ ਸਰੂਪ ਤੇ ਹੀ ਸ਼ਕ ਹੈ, ਅਤੇ ਉਸ ਦੇ ਮੌਜੂਦਾ ਸਰੂਪ ਨੂੰ ਹੀ ਉਹ ਗੁਰੂ ਨਹੀਂ ਮੰਨਦੇ, ਤੇ ਫੇਰ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਿਉਂ? ਮੂਕ ਤੇ ਚੁਪ ਰਹਿਣ ਦਾ ਸਿੱਧਾ ਮਤਲਬ ਇਹ ਹੁੰਦਾ ਹੈ, ਕਿ ਮੂਕ ਰਹਿਣ ਵਾਲਾ ਬੰਦਾ, ਉਸ ਗਲ ਦਾ ਸਮਰਥਕ ਹੈ, ਜੋ ਅਗਲਾ ਕਹਿ ਰਿਹਾ ਹੈ। ਇਨਾਂ ਜਾਗਰੂਕ ਧਿਰਾਂ ਦੀ ਇਸ ਚੁੱਪ ਨੂੰ ਵੇਖ ਕੇ ਤੇ ਇਹ ਲਗਦਾ ਹੈ ਕੇ ਇਹ ਗੁਰਮਤਿ ਦਾ ਦਮ ਭਰਨ ਵਾਲੇ ਇਨ੍ਹਾਂ ਸਿੱਖਾਂ ਦਾ ਅਖੋਤੀ ਦਸਮ ਗ੍ਰੰਥ ਬਾਰੇ ਵਿਰੋਧ ਕਰਨਾ ਇਕ ਢਕੋਸਲਾ ਮਾਤਰ ਹੈ, ਹੋਰ ਕੁਝ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਿਕਾਰ ਨਹੀਂ ਤੇ ਫੇਰ ਦਸਮ ਗ੍ਰੰਥ ਦਾ ਵਿਰੋਧ ਕਿਉ?

ਅੱਜ ਸਿੱਖ ਕੌਮ ਦਾ ਜਾਗਰੂਕ ਅਖਵਾਉਣ ਵਾਲਾ ਤਬਕਾ ਜਾਂ ਤੇ ਸੌਂ ਗਇਆ ਹੈ, ਜਾਂ ਝੂਠੀ ਖੁਸ਼ਾਮਦ ਦੀ ਰਾਹ ਤੇ ਤੁਰ ਪਿਆ ਹੈ। ਚੌਧਰ ਤੇ ਧਿਰਵਾਦੀ ਪਰੰਪਰਾ ਵਿਚ ਪੈ ਕੇ, ਸੱਚ ਦੀ ਗਲ ਦਾ ਸਮਰਥਨ ਤੇ ਝੂਠ ਦੀ ਗਲ ਦਾ ਵਿਰੋਧ ਕਰਨਾ ਤੇ ਉੱਕਾ ਹੀ ਭੁਲ ਚੁਕਾ ਹੈ। ਅੱਜ ਜੇ ਮੁਸਲਮਾਨਾਂ ਦੇ ਕਿਸੇ ਪੀਰ ਪੈਗੰਬਰ ਦੇ ਬਾਰੇ ਕੋਈ ਕਿੰਤੂ ਕਰੇ, ਤੇ ਉਹ ਫੌਰਨ ਉਸ ਬੰਦੇ ਦਾ ਸਮਾਜਿਕ ਤੇ ਧਾਰਮਿਕ ਬਾਈਕਾਟ ਕਰ ਦੇਂਦੇ ਹਨ ਤੇ ਉਸ ਦਾ ਉਹ ਹਸ਼ਰ ਹੁੰਦਾ ਹੈ, ਜੋ ਮੁਸਲਮਾਨ ਹੋਣ ਦੇ ਬਾਵਜੂਦ ਤਸਲੀਮਾਂ ਨਸਰੀਨ ਤੇ ਸਲਮਾਨ ਰੁਸ਼ਦੀ ਦਾ ਹੋ ਰਿਹਾ ਹੈ। ਤਸਲੀਮਾਂ ਨਸਰੀਨ ਤੇ ਸਲਮਾਨ ਰੁਸ਼ਦੀ ਜੋ ਦੋਵੇਂ ਮੁਸਲਮਾਨ ਹਨ ਤੇ ਅਪਣੇ ਦੇਸ਼ ਵਿਚ ਵੜਨ ਦੀ ਹਿਮੰਤ ਨਹੀਂ ਕਰ ਸਕਦੇ। ਖਾਨਾਂ ਬਦੋਸ਼ਾ ਵਾਲਾ ਜੀਵਨ ਬਸਰ ਕਰ ਰਹੇ ਨੇ। ਇਕ ਅਸੀ ਹਾਂ ਕੇ ਐਸੇ ਸਿੱਖ ਅਖਵਾਉਣ ਵਾਲੇ ਲੋਕਾਂ ਕੋਲੋਂ "ਗਿਆਨ ਤੇ ਖੋਜ" ਦੇ ਬਹਾਨੇ ਅਪਣੇ ਗੁਰੂ ਦੀ ਹੀ ਬੇਇਜੱਤੀ ਕਰਵਾ ਕੇ ਉਸ ਬੰਦੇ ਦੀ ਪਿਠ ਤੇ ਖੜੇ ਹੋ ਜਾਂਦੇ ਹਾਂ, ਤੇ ਸੱਚ ਦੀ ਗਲ ਕਰਨ ਵਾਲੇ ਨੂੰ ਅਪਮਾਨਿਤ ਕਰਨ ਵੇਲੇ ਝੱਟ ਵੀ ਨਹੀਂ ਲਾਉਦੇ। ਸਾਡੀ ਕੌਮ ਦੇ ਨਿਘਾਰ ਵਿਚ ਇਹ ਜਾਗਰੂਕ ਤਬਕਾ ਹੀ ਸਭ ਤੋਂ ਵੱਧ ਜਿੰਮੇਵਾਰ ਸਾਬਿਤ ਹੋ ਰਿਹਾ ਹੈ, ਜਦਕਿ ਕੌਮ ਵਿਚ ਚੇਤਨਾਂ ਲਿਆਉਣ ਵਿੱਚ ਸਭਤੋਂ ਵੱਧ ਯੋਗਦਾਨ ਇਸ ਤਬਕੇ ਦਾ ਹੁੰਦਾ ਹੈ। ਇਕ ਗਲ ਇਥੇ ਸਾਫ ਤੌਰ ਤੇ ਕਹਿ ਦੇਣਾ ਚਾਂਹੁੰਦਾ ਹਾਂ, ਕਿ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ, ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਦਾ ਭੀ ਕੋਈ ਹੱਕ ਨਹੀਂ ਹੈ। ਇਨ੍ਹਾਂ ਦੇ ਮੂੰਹ ਤੋਂ ਹੁਣ ਅਖੋਤੀ ਦਸਮ ਗ੍ਰੰਥ ਦੇ ਵਿਰੋਧ ਦੀਆਂ ਗੱਲਾਂ ਹੁਣ ਕੁਝ ਜਚਦੀਆਂ ਨਹੀਂ ਹਨ। ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਗੁਰੂ ਨਹੀਂ ਮੰਨਦੇ, ਫੇਰ ਕੋਈ ਦੂਜਾ ਗ੍ਰੰਥ ਜਾ ਕਿਤਾਬ ਉਸ ਦੇ ਸਿਧਾਂਤ ਨਾਲ ਮੇਲ ਖਾਂਦੀ ਹੋਵੇ ਜਾਂ ਨਾਂ ਮੇਲ ਖਾਂਦੀ ਹੋਵੇ ,ਉਨਾਂ ਨੂੰ ਕੀ ਫਰਕ ਪੈਂਦਾ ਹੈ?

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top