Share on Facebook

Main News Page

ਆਜ਼ਾਦੀ ਦਿਵਸ ਦੀ ਮੁਬਾਰਕ ਨਹੀਂ

ਕਹਿਣ ਨੂੰ ਤਾਂ ਆਜ਼ਾਦੀ ਦਿਵਸ ਹੈ, ਪਰ ਮੇਰਾ ਮਨ ਇਸ ਦਿਨ ਤੇ ਕਿਸੇ ਭਾਰਤੀ ਨੂੰ ਮੁਬਾਰਕ ਕਹਿਣ ਨੂੰ ਨਹੀਂ ਕਰਦਾ।

ਕਿਉਂ ਤੁਸੀਂ ਵੀ ਮੇਰੇ ਵਾਂਗ ਆਪਣੇ ਅੰਦਰ ਝਾਤੀ ਮਾਰਕੇ ਵੇਖੋ ਕਿ ਕੀ ਆਜ਼ਾਦੀ ਦਿਵਸ ਦਾ ਅਰਥ ਇਹ ਹੀ ਹੈ ਕਿ ਇਕ ਦੇਸ਼ ਦਾ ਝੰਡਾ ਲਹਿਰਾ ਦੇਵੋ,ਉਸਨੂੰ ਸਲਾਮੀ ਦੇ ਦੇਵੋ। ਜਿਨਾ ਨੇ ਆਜ਼ਾਦੀ ਹਾਸਲ ਕਰਨ ਲਈ ਆਪਣੀਆਂ ਜਾਨਾਂ ਵਾਰੀਆਂ ਹਨ , ਉਨਾ ਤੇ ਭਾਸ਼ਣ ਝਾੜ ਦੇਵੋ, ਬੱਸ ਇਹ ਹੈ ਆਜ਼ਾਦੀ ਦਿਵਸ? 65 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆਂ ਨੂੰ, ਅੰਗਰੇਜ਼ਾਂ ਨੂੰ ਕੱਢਕੇ ਇਸ ਦੇਸ਼ ਦੇ ਵਾਰਸ ਬਣਨ ਵਾਲੇ ਲੀਡਰਾਂ ਨੇ ਸਾਨੂੰ ਅੱਜ ਤੱਕ ਕੀ ਦਿੱਤਾ? ਦੇਸ਼ ਲਈ ਮਰ ਮਿਟਣ ਵਾਲਿਆਂ ਨੇ ਜੋ ਸੁਪਨੇ ਸੰਜੋਏ ਸਨ ਕੀ ਉਹ ਪੂਰੇ ਹੋਏ ਨੇ? ਇਸ ਆਜ਼ਾਦੀ ਨੇ ਸਾਨੂੰ ਦਿੱਤੀ, ਭੁੱਖਮਰੀ, ਬੇਈਮਾਨੀ,ਭ੍ਰਿਸ਼ਟਾਚਾਰ, ਨਸ਼ੇ, ਗੁਰਬਤ, ਬੇਰੁਜ਼ਗਾਰੀ। ਹਰ ਆਜ਼ਾਦੀ ਦਿਵਸ ਤੇ ਸਾਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ , ਸ਼ਹੀਦਾਂ ਦੇ ਬੁੱਤਾਂ ਦੇ ਗਲ ਹਾਰ ਪਾਏ ਜਾਂਦੇ ਹਨ ਪਰ ਉਨਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਪ ਗੱਲ ਨਹੀਂ ਕਰਦੇ। ਇਨਾ ਰਾਜ ਕਰਨ ਵਾਲੇ ਦੇਸ਼ ਭਗਤਾਂ ਨੇ ਆਪ ਦੇਸ਼ ਦੇ ਲੋਕਾਂ ਦਾ ਖੂਨ ਪੀ ਪੀ ਕੇ ਵਿਦੇਸ਼ੀ ਬੈਂਕਾਂ ਭਰ ਦਿੱਤੀਆਂ ਅਤੇ ਆਮ ਆਦਮੀ ਪੈਸੇ ਪੈਸੇ ਨੂੰ ਤਰਸ ਰਿਹਾ ਹੈ। ਦੇਸ਼ ਦਾ ਸਾਰਾ ਧੰਨ ਮੁੱਠੀ ਭਰ ਲੋਕਾਂ ਦੇ ਕਬਜ਼ੇ ਵਿਚ ਹੈ। ਇਸ ਧੰਨ ਨਾਲ ਆਪ ਸਵਰਗ ਦਾ ਜੀਵਨ ਜੀ ਰਹੇ ਹਨ ਅਤੇ ਦੇਸ਼ ਦੇ 33 ਪ੍ਰਤੀਸ਼ਤ ਲੋਕ ਭੁੱਖੇ ਅੰਬਰ ਦੀ ਛੱਤ ਥੱਲੇ ਸੌਂਦੇ ਹਨ। ਦੇਸ਼ ਦੀ ਜਵਾਨੀ ਰੁਜ਼ਗਾਰ ਦੀ ਭਾਲ ਵਿਚ ਉਨਾ ਹੀ ਅੰਗਰੇਜ਼ਾਂ ਦੇ ਦੇਸ਼ਾਂ ਨੂੰ ਦੌੜ ਰਹੀ ਹੈ, ਜਿਨਾ ਨੂੰ ਅਸੀਂ ਮਾੜੇ ਸਮਝਕੇ ਦੇਸ਼ ਤੋਂ ਬਾਹਰ ਕੱਢਿਆ ਸੀ ਪਰ ਮੇਰਾ ਵਿਚਾਰ ਹੈ ਕਿ ਜੇ ਅੰਗਰੇਜ਼ ਇਥੇ ਰਹਿੰਦੇ ਤਾਂ ਅੱਜ ਸਾਨੂੰ ਉਨਾ ਦੇ ਦੇਸ਼ਾਂ ਵਿਚ ਜਾਕੇ ਕੰਮ ਕਰਨ ਦੀ ਲੋੜ ਨਾ ਪੈਂਦੀ,ਕਿਉਂ ਕਿ ਉਨਾ ਨੇ ਇੱਥੇ ਹੀ ਰੁਜ਼ਗਾਰ ਦ ਮੌਕੇ ਪੈਦਾ ਕਰ ਦੇਣੇ ਸਨ।

ਇੱਥੇ ਕਿਸੇ ਦੇ ਹੱਕ ਮਹਿਫੂਜ਼ ਨਹੀਂ,ਤਕੜਾ ਮਾੜੇ ਨੂੰ ਜੀਉਣ ਨਹੀਂ ਦਿੰਦਾ। ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ। ਸਿੱਖਾਂ ਲਈ ਕਾਨੂੰਨ ਹੋਰ ਹੈ। ਮੁਸਲਮਾਨਾ ਲਈ ਹੋਰ ਅਤੇ ਹਿੰਦੂਆਂ ਲਈ ਹੋਰ। ਜੇ ਸਿੱਖ ਜ਼ਜ਼ਬਾਤ ਵਿਚ ਕਿਸੇ ਨੂੰ ਕਤਲ ਕਰ ਦੇਵੇ ਤਾਂ ਉਸ ਲਈ ਫਾਂਸੀ ਜੇ ਹਿੰਦੂ ਸਿੱਖਾਂ ਦਾ ਸ਼ਿਕਾਰ ਕਰਨ ਤਾਂ ਉਨਾ ਨੂੰ ਅਹੁਦੇਦਾਰੀਆਂ ਬਖਸ਼ੀਆਂ ਜਾਂਦੀਆਂ ਹਨ । ਪਰ ਵਿਦੇਸ਼ਾਂ ਵਿਚ ਜਾਕੇ ਤੁਸੀਂ ਵੀ ਉਨਾ ਲੋਕਾਂ ਦੇ ਬਰਾਬਰ ਆਜ਼ਾਦੀ ਦਾ ਨਿੱਘ ਮਾਣਦੇ ਹੋ। ਤੁਹਾਡੇ ਨਾਲ ਉਹ ਲੋਕ ਕੋਂਈ ਭਿੰਨ ਭੇਦ ਨਹੀਂ ਕਰਦੇ । ਪਰ ਇੱਥੇ ਸੱਚ ਦੀ ਪੁੱਛ ਨਹੀਂ ਝੂਠ ਦਾ ਪਸਾਰਾ ਹੈ। ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ। ਡੰਡੇ ਨਾਲ ਰਾਜ ਚਲਾਇਆ ਜਾਂਦਾ ਹੈ,ਪਰ ਦੁਨੀਆਂ ਦੀਆਂ ਨਜ਼ਰਾਂ ਵਿਚ ਕਹਿਣ ਨੂੰ ਲੋਕ ਤੰਤਰ ਹੈ।

ਕੀ ਤੁਸੀਂ ਅਜੇ ਵੀ ਕਹਿ ਸਕਦੇ ਓ ਕਿ ਅਸੀਂ ਆਜ਼ਾਦ ਹਾਂ? ਨਹੀਂ ਅਸੀਂ ਆਜ਼ਾਦ ਨਹੀਂ,ਇਸ ਆਜ਼ਾਦੀ ਦੀ ਪ੍ਰਾਪਤੀ ਲਈ ਸਾਡੇ ਸ਼ਹੀਦਾਂ ਦਾ ਡੁਲਿਆ ਖੂਨ ਅਜਾਈਂ ਹੀ ਗਿਆ ਹੈ। ਸਾਨੂੰ ਇਸ ਗੱਲ ਤੇ ਪਸ਼ਚਾਤਾਪ ਕਰਨਾ ਚਾਹੀਦਾ ਹੈ ਅਤੇ ਇਸ ਦਿਨ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਦੇਸ਼ ਦੇ ਰਾਜ ਭਾਗ ਤੋਂ ਚੋਰਾਂ,ਲੁਟੇਰਿਆਂ ਦੀ ਜੁੰਡਲੀ ਨੂੰ ਲਾਂਭੇ ਕਰਕੇ ਇੱਥੇ ਉਹੋ ਜਿਹੀ ਅਸਲੀ ਆਜ਼ਾਦੀ ਲਿਆਈਏ ਜਿਸਦਾ ਸੁਪਨਾ ਸ: ਭਗਤ ਸਿੰਘ ਨੇ ਅਤੇ ਉਨਾ ਵਰਗੇ ਹੋਰ ਸ਼ਹੀਦਾਂ ਨੇ ਲਿਆ ਸੀ। ਨਹੀਂ ਤਾਂ ਸ਼ਹੀਦਾਂ ਦੀਆਂ ਰੂਹਾਂ ਸਾਡੀ ਢੀਠਤਾਈ ਤੇ ਲਾਹਨਤਾਂ ਪਾਉਣਗੀਆਂ ਅਤੇ ਸੋਚੋ ਕਿ ਅਸੀਂ ਅਗਲੀਆਂ ਪੀੜੀਆਂ ਨੂੰ ਕੀ ਦੇ ਕੇ ਜਾ ਰਹੇ ਹਾਂ। ਕਿਤ। ਅਜਿਹਾ ਨਾ ਹੋਵੇ ਕਿ ਉਨਾ ਨੂੰ ਅਸਲ ਆਜ਼ਾਦੀ ਲਈ ਫੇਰ ਆਪਣੇ ਪੁਰਖਿਆਂ ਦੇ ਰਾਹ ਪੈਣਾ ਪਵੇ।

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top