Share on Facebook

Main News Page

ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ!

ਦੁਨੀਆਂ ਵਿਚ ਬਹੁਤ ਸਾਰੇ ਰਹਿਬਰ, ਸਿਆਣੇ ਹੋਏ ਹਨ। ਹਰ ਕਿਸੇ ਨੇ ਆਪਣੀ ਪਹੁੰਚ ਮੁਤਾਬਕ, ਇਸ ਸਮਾਜ ਨੂੰ ਸੁਧਾਰਨ ਦਾ ਉਪਰਾਲਾ ਕੀਤਾ ਹੈ। ਪਰ ਅਸਲੀਅਤ ਵਿਚ ਹਰ ਕਿਸੇ ਨੇ ਸਮਾਜ ਨੂੰ ਸੁਧਾਰਨ ਦੇ ਨਾਂ ਤੇ ਵਿਗਾੜਿਆ ਹੀ ਹੈ। ਹਰ ਕਿਸੇ ਨੇ ਸਮਾਜ ਦੇ ਸੁਧਾਰ ਲਈ ਆਪਣੀ ਅਕਲ ਮੁਤਾਬਕ ਕੁਝ ਨਿਯਮ ਬਣਾਏ, ਆਪਣੇ ਨਜ਼ਦੀਕੀ ਲੋਕਾਂ ਵਿਚ ਪਰਚਾਰਿਆ ਕਿ, ਜੇ ਤੁਸੀਂ ਸਮਾਜ ਵਿਚਲੀਆਂ ਬੁਰਾਈਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਜੁੜੋ, ਮੇਰੇ ਕਹੇ ਅਨੁਸਾਰ ਚੱਲੋ। ਜਿਸ ਦੇ ਸਿੱਟੇ ਵਜੋਂ ਇਕ ਅਜਿਹਾ ਟੋਲਾ ਬਣ ਗਿਆ, ਜਿਸ ਨੂੰ ਆਪਣੇ ਮੈਂਬਰਾਂ ਤੋਂ ਇਲਾਵਾ, ਬਾਕੀ ਸਾਰੇ ਲੋਕ ਦੁਸ਼ਮਣਾਂ ਦੀ ਕਤਾਰ ਵਿਚ ਖੜੇ ਨਜ਼ਰ ਆਏ। ਨਤੀਜੇ ਵਜੋਂ ਉਨ੍ਹਾਂ ਨਜ਼ਰ ਆਉਂਦੇ ਦੁਸ਼ਮਣਾਂ ਤੋਂ ਸੁਰਕਸ਼ਾ ਦੇ ਨਾਮ ਤੇ, ਉਨ੍ਹਾਂ ਤੇ ਜ਼ੁਲਮ ਕਰਨਾ ਹੀ, ਇਸ ਟੋਲੇ ਦਾ ਮਕਸਦ ਬਣ ਕੇ ਰਹਿ ਗਿਆ। ਬੰਦੇ ਦੇ ਸਮਾਜਿਕ ਪ੍ਰਾਣੀ (ਇੰਸਾਨ) ਬਣਨ ਦੇ ਸ਼ੁਰੂਆਤੀ ਦੌਰ ਵਿਚ, ਇਕ ਮਾਂ ਆਪਣੇ ਟੋਲੇ ਦੀ ਮੁਖੀਆ ਹੁੰਦੀ ਸੀ। ਗਿਣਤੀ ਵਧਣ ਦੇ ਨਾਲ, ਉਸ ਟੋਲੇ ਵਿਚੋਂ ਹੀ ਕੋਈ ਹੋਰ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਇਕ ਵੱਖ ਟੋਲਾ ਬਣਾ ਲੈਂਦੀ ਸੀ। ਉਸ ਦੇ ਜੀਵਨ ਤਕ ਤਾਂ, ਦੋਹਾਂ ਟੋਲਿਆਂ ਵਿਚ ਆਪਸੀ ਚੰਗੇ ਸਬੰਧ ਬਣੇ ਰਹਿੰਦੇ ਸਨ, ਪਰ ਉਸ ਦੇ ਮਰਨ ਮਗਰੋਂ ਹੌਲੀ ਹੌਲੀ ਦੂਰੀਆਂ ਬਣਦੀਆਂ ਜਾਂਦੀਆਂ।

ਹਰ ਟੋਲਾ ਆਪਣੇ ਲਈ ਜ਼ਮੀਨ ਦਾ ਇਕ ਟੁਕੜਾ ਚੁਣ ਕੇ , ਉਸ ਨੂੰ ਆਪਣਾ ਟਿਕਾਣਾ (ਪਿੰਡ) ਬਣਾ ਲੈਂਦਾ।ਹੌਲੀ ਜੌਲੀ ਟੋਲਿਆਂ ਦੀ ਗਿਣਤੀ ਵਧਣ ਨਾਲ ,ਚੰਗੀ ਜ਼ਮੀਨ ਦੀ ਭਾਲ ਔਖੀ ਹੁੰਦੀ ਗਈ ,ਆਪਸੀ ਟਕਰਾਅ ਸ਼ੁਰੂ ਹੋ ਗਏ ।ਹਰ ਟੋਲੇ ਵਿਚ ਆਪਣੀ ਸੁਰਕਸ਼ਾ ਲਈ , ਕੁਝ ਤਕੜੇ ਜਵਾਨਾਂ ਨੂੰ ਚੁਣ ਕੇ ,ਉਨ੍ਹਾਂ ਦੇ ਜ਼ਿੱਮੇ ਸੁਰਕਸ਼ਾ ਦਾ ਕੰਮ ਲਗਾ ਦਿੱਤਾ ।ਇਸ ਤੋਂ ਹੀ ਸ਼ੁਰੂ ਹੁੰਦਾ ਹੈ ,ਸਮਾਜ ਦੇ ਵਿਕਾਸ ਦਾ ਕੰਮ ,ਸਮਾਜ ਦੇ ਵਿਨਾਸ਼ ਦਾ ਕੰਮ।ਏਥੋਂ ਹੀ ਸ਼ੁਰੂ ਹੋਈ ਪੁਰਸ਼ ਪ੍ਰਧਾਨ ਸਮਾਜ ਦੀ ਸਿਰਜਣਾ ,ਇਸ ਦੌਰ ਵਿਚ ਹੀ ਸ਼ੁਰੂ ਹੋਇਆ ਦੂਸਰੇ ਟੋਲਿਆਂ ਦੀਆਂ ਵਸਤਾਂ ਖੋਹਣ ਦਾ ਕੰਮ ।ਜਿਸ ਵਿਚੋਂ ਜਨਮ ਲਿਆ ,ਦੂਸਰੇ ਟੋਲਿਆਂ ਦੀਆਂ ਔਰਤਾਂ ਨੂੰ ਖੋਹ ਕੇ ਲਿਆਉਣ ਦਾ ਕੰਮ , ਦੂਸਰੇ ਟੋਲਿਆਂ ਦੇ ਬੰਦਿਆਂ ਨੂੰ ਗੁਲਾਮ ਬਨਾਉਣ ਦਾ ਕੰਮ ,ਜੋ ਗੁਲਾਮੀ ਕਬੂਲ ਨਾ ਕਰਦਾ ,ਉਸ ਨੂੰ ਮਾਰ ਦੇਣ ਦਾ ਕੰਮ।ਪਰਮਾਤਮਾ ਵਲੋਂ ਦਿੱਤੇ ਸਾਧਨਾਂ ਤੇ ਕਬਜ਼ਾ ਕਰਨ ਦਾ ਕੰਮ ,ਸੁਰਕਸ਼ਾ ਟੋਲਿਆਂ ਵਿਚਲਾ ਸਿਰ-ਕੱਢ ਬੰਦਾ ਪਹਿਲਾਂ ਮੁਖੀ ਬਣਿਆ ,ਫਿਰ ਜਗੀਰਦਾਰ ਅਤੇ ਫਿਰ ਰਾਜਾ ਅਤੇ ਬਾਦਸ਼ਾਹ ਬਣ ਗਿਆ ।ਇਸ ਵਿਚੋਂ ਹੀ ਪੈਦਾ ਹੋਇਆ ,ਕਮਜ਼ੋਰ ਪਰ ਸ਼ਾਤ੍ਰ ਬੰਦਿਆਂ ਵਲੋਂ ਗੁੱਟ ਬਣਾ ਕੇ ਸੱਤਾ ਤੇ ਕਬਜ਼ਾ ਕਰਨ ਦੀਆਂ ਚਾਲਾਂ ਦਾ ਚੱਕਰ ।ਏਸੇ ਆਧਾਰ ਤੇ ਹੀ ਅੱਜ ਦੇ ਮੁਲਕ ਅਤੇ ਉਨ੍ਹਾਂ ਵਿਚ ਚਤੁਰ ਚਾਲਾਕ ਲੋਕਾਂ ਵਲੋਂ ,ਆਪਣੀ ਸਹੂਲਤ ਨੂੰ ਮੁੱਖ ਰੱਖ ਕੇ ਬਣਾਈਆਂ ਰਾਜ ਪੱਧਤੀਆਂ ।ਉਨ੍ਹਾਂ ਵਲੋਂ ਸਥਾਪਤ ਕੀਤੇ ਲੁੱਟ ਦੇ ਢੰਗ ਹੀ ,ਅੱਜ ਦੇ ਆਤੰਕ-ਵਾਦ ਦੇ ਜਨਮ-ਦਾਤਾ ਬਣੇ ।

ਹਜ਼ਾਰਾਂ ,ਲੱਖਾਂ ਸਾਲ ਇਹੀ ਕਰਮ ਚਲਦਾ ਰਿਹਾ ,ਟੋਲਿਆਂ ਤੋਂ ਕਬੀਲੇ , ਕਬੀਲਿਆਂ ਤੋਂ ਕੌਮਾਂ ਬਣਦੀਆਂ ਗਈਆਂ ।ਬੰਦੇ ਆਪਣੇ ਕਬੀਲੇ,ਆਪਣੀ ਕੌਮ ਵਲੋਂ ਸਿਰਜੇ ਨਿਯਮ-ਕਾਨੂਨਾਂ ਨੂੰ ਮਾਨਤਾ ਦਿੰਦੇ ,ਪਰਮਾਤਮਾ ਵਲੋਂ ਸਿਰਜੇ ਨਿਯਮ-ਕਾਨੂਨਾਂ ਨੂੰ ਤਲਾਂਜਲੀ ਦੇ ਕੇ ਉਨ੍ਹਾਂ ਤੋਂ ਦੂਰ ਹੁੰਦੇ ਗਏ ।ਸਮਾਜ ਦੇ ਵਿਕਾਸ ਦੇ ਨਾਂ ਤੇ ,ਆਪਣੀ ਤ੍ਰਿਸ਼ਨਾ ,ਆਪਣੇ ਲਾਲਚ ਅਧੀਨ ,ਕੁਦਰਤ ਦਾ ਵੱਧ ਤੋਂ ਵੱਧ ਨੁਕਸਾਨ ਹੁੰਦਾ ਰਿਹਾ।ਮਨੁੱਖ ਦੀ ਜਨਮ-ਦਾਤੀ ,ਮਨੁੱਖਤਾ ਦੀ ਮਾਂ ਨਾ ਰਹਿ ਕੇ ,ਮਰਦਾਂ ਦੀ ਗੁਲਾਮ , ਲੁੱਟ-ਖੋਹ ਦੀ ਚੀਜ਼ ,ਕਾਮ ਪੂਰਤੀ ਦਾ ਸਾਧਨ ਮਾਤ੍ਰ ਬਣ ਕੇ ਰਹਿ ਗਈ ।ਜਿਸ ਨੂੰ ਵੇਚਿਆ ਅਤੇ ਖਰੀਦਿਆ ਜਾਣ ਲੱਗਾ ,ਦਾਨ ਵਿਚ ਦਿੱਤਾ ਅਤੇ ਲਿਆ ਜਾਣ ਲੱਗਾ ,ਦੂਸਰੇ ਕੋਲੋਂ ਖੋਹਿਆ ਅਤੇ ਆਪਣਾ ਗੁਲਾਮ ਬਣਾ ਕੇ ਰੱਖਿਆ ਜਾਣ ਲੱਗਾ ।ਇਤਿਹਾਸ ਗਵਾਹ ਹੈ ਕਿ ਰਾਜਿਆਂ ਦੇ ਜਨਾਨ-ਖਾਨਿਆਂ ਵਿਚ ,ਸੈਂਕੜੇ ਔਰਤਾਂ ,ਭੇਡ-ਬੱਕਰਆਂ ਵਰਗੀ ਜ਼ਿੰਦਗੀ ਬਤੀਤ ਕਰਦੀਆਂ ਰਹੀਆਂ ਹਨ । ਉਨ੍ਹਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ,ਇਨਸਾਨ ਦੀ ਜਣਨੀ ਹੋਣ ਤੇ ਵੀ ,ਸਰੀਰਕ ਪੱਖੋਂ ਕਮਜ਼ੋਰ ਸੀ।ਉਹ ਜਵਾਨ ਬੰਦੇ ,ਜੋ ਸਮਾਜ ਦੀ ਉਸਾਰੀ ਵਿਚ ਚੰਗਾ ਯੋਗ-ਦਾਨ ਪਾ ਸਕਦੇ ਸਨ ,ਚਾਲਬਾਜ਼ ਬੰਦਿਆਂ ਵਲੋਂ ਰਲ ਕੇ ਬਣਾਏ ਟੋਲਿਆਂ ਦੇ ਗੁਲਾਮ ਬਣ ਕੇ ,ਉਨ੍ਹਾਂ ਦੀ ਇੱਛਾ ਅਨੁਸਾਰ ,ਕੁਦਰਤ ਦਾ ਘਾਣ ਕਰਨ ਲੱਗੇ ।ਜੋ ਜ਼ਰਾ ਅਣਖੀ ਸਨ ,ਉਨ੍ਹਾਂ ਨੂੰ ਟੋਲਿਆਂ ਵਲੋਂ ਮਾਰ ਕੇ ,ਸਮਾਜ ਨੂੰ ਨਿਪੁੰਸਕਾਂ ਦੀ ਭੀੜ ਮਾਤ੍ਰ ਬਣਾ ਦਿੱਤਾ ਗਿਆ ।ਚਾਤ੍ਰ-ਚਾਲਬਾਜ਼ ਲੋਕ ਆਮ ਜਨਤਾ ਨੂੰ ਲੁੱਟਦੇ ਅਤੇ ਕੁੱਟਦੇ ਰਹੇ।

ਆਮ ਆਦਮੀ ਨੂੰ ਦੁਖੀ ਅਤੇ ਗਰੀਬੀ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ ਗਿਆ ।ਜ਼ਰਾ ਸੋਚੋ ਉਸ ਸਮਾਜ ਦੀ ਹਾਲਤ ਬਾਰੇ ,ਜਿਸ ਵਿਚ ਇੰਸਾਨ ਦੀ ਜਣਨੀ ,ਸ਼ਰੇ-ਬਾਜ਼ਾਰ ਨੀਲਾਮ ਕਰ ਕੇ ਵੇਚੀ ਜਾਂਦੀ ਹੋਵੇ ।ਦਾਨ ਦੇ ਨਾਂ ਤੇ ਮੰਦਰਾਂ ਦੇ ਪੁਜਾਰੀਆਂ ਦੀ ਹਵਸ ਪੂਰਤੀ ਲਈ ਅਰਪਿਤ ਕੀਤੀ ਜਾਂਦੀ ਹੋਵੇ । ਇਕ ਇੰਸਾਨ ਨੂੰ , ਪਿੰਡ ਦੀ ਗਲੀ ਵਿਚੋਂ ਲੰਘਣ ਲਈ , ਆਪਣੇ ਪਿੱਛੇ ਝਾੜੂ ਬੰਨ੍ਹ ਕੇ ਚੱਲਣ ਲਈ ਮਜਬੂਰ ਕਰ ਦਿੱਤਾ ਜਾਵੇ ,ਤਾਂ ਜੋ ਉਸ ਦੀ ਪੈੜ ਮਿਟਦੀ ਰਹੇ .ਉਸ ਦੇ ਪੈਰਾਂ ਦੀ ਪੈੜ ਵਿਚਲੀ ਮਿੱਟੀ ਦੇ ਸੰਪਰਕ ਵਿਚ ਆ ਕੇ , ਕਿਸੇ ਬ੍ਰਾਹਮਣ ਦਾ ਪੈਰ , ਉਸ ਪੂਰੇ ਬ੍ਰਾਹਮਣ ਨੂੰ ਹੀ ਅਪਵਿਤ੍ਰ ਨਾ ਕਰ ਦੇਵੇ । ਉਹ ਇੰਸਾਨ ਗਲੀ ਵਿਚੋਂ ਲੰਘਦਾ ਹੋਇਆ , ਕੋਈ ਨਾ ਕੌਈ ਬਰਤਨ ਖੜਕਾਂਦਾ ਜਾਵੇ , ਤਾਂ ਜੋ ਬ੍ਰਾਹਮਣ ਸੁਚੇਤ ਹੋ ਕੇ , ਉਸ ਦੇ ਪਰਛਾਵੇਂ ਤੋਂ ਬਚ ਕੇ ਅਪਵਿਤ੍ਰ ਹੋਣੋਂ ਬਚ ਸਕੇ । (ਅੱਜ ਦੇ ਬਹੁਤੇ , ਖੱਬੀ-ਖਾਨ ਕਹਾਉਂਦੇ ਸਿੱਖ , ਉਨ੍ਹਾਂ ਦੀ ਔਲ਼ਾਦ ਹੀ ਹਨ , ਜਿਨ੍ਹਾਂ ਨੂੰ ਸਦੀਆਂ ਤਕ ਏਸੇ ਤਰ੍ਹਾਂ ਸ਼ਰੇਆਮ ਜ਼ਲੀਲ ਕੀਤਾ ਜਾਂਦਾ ਰਿਹਾ ਸੀ )

ਅਜਿਹੀ ਹਾਲਤ ਵਿਚ ਦੁਨੀਆਂ ਦੇ ਉਸ ਇਕੋ-ਇਕ ਮਹਾਨ ਚਿੰਤਕ , ਪਰਮਾਤਮਾ ਦੇ ਭਗਤ , ਕੁਦਰਤ ਅਤੇ ਇੰਸਾਨੀਅਤ ਦੇ ਪੁਜਾਰੀ ਦਾ ਆਗਮਨ (ਜਨਮ) ਹੋਇਆ , ਜਿਸ ਨੇ 30 ਸਾਲ ਕਰੀਬ , ਇਸ ਸਮਾਜ ਨੂੰ , ਉਸ ਵਿਚ ਪਈਆਂ ਵੰਡੀਆਂ ਨੂੰ , ਘੋਖਿਆ-ਪਰਖਿਆ ,ਇਸਤ੍ਰੀ ਜਾਤੀ ਅਤੇ ਨੀਚ ਕਹੇ ਜਾਂਦੇ , ਮਜਬੂਰ ਇੰਸਾਨਾਂ ਦੇ ਦਰਦ ਨੂੰ ਮਹਿਸੂਸ ਕੀਤਾ।ਅਤੇ ਫਿਰ ਇੰਸਾਨੀਅਤ ਦੀ ਭਲਾਈ ਲਈ , ਆਪਣੇ ਪਰਿਵਾਰ ਦਾ ਮੋਹ ਤਿਆਗ ਕੇ , ਇਕ ਅਜਿਹੇ ਬੰਦੇ ਨੂੰ ਨਾਲ ਲੈ ਕੇ , (ਜਿਸ ਨੂੰ ਸਮਾਜ ਵਿਚ ਮਹਾਂ ਨੀਚ ਕਿਹਾ ਜਾਂਦਾ ਸੀ )ਸਮਾਜ ਵਿਚਲੇ , ਦੁਨੀਆਂ ਵਿਚਲੇ ਲੁੱਟ ਦੇ ਜਾਲ ਨੂੰ ਤੋੜਨ ਲਈ ,ਬੰਦਿਆਂ ਵਲੋਂ ਬੰਦਿਆਂ ਨੂੰ ਲੁੱਟਣ ਲਈ ਬਣਾਏ ਕਾਨੂਨਾਂ ਨੂੰ ਖਤਮ ਕਰ ਕੇ ,ਪਰਮਾਤਮਾ ਵਲੋਂ ਬਣਾਏ , ਸਭ ਲਈ ਸਮਾਨ-ਇੰਸਾਫ ਵਾਲੇ ਇਕੋ-ਇਕ ਕਾਨੂਨ ਨੂੰ ਲਾਗੂ ਕਰਵਾਉਣ ਲਈ , ਕਲਪਿਤ ਦੇਵੀ-ਦੇਵਤਿਆਂ , ਅਵਤਾਰਾਂ , ਅਤੇ ਬੰਦਿਆਂ ਦੀ ਪੂਜਾ ਦੀ ਆੜ ਵਿਚ ਹੁੰਦੀ ਸਮਾਜ ਦੀ ਦੁਰਗਤੀ ਨੂੰ ਰੋਕ ਕੇ , ਇਕ ਪਰਮਾਤਮਾ ਨਾਲ ਜੋੜ ਕੇ (ਜਿਸ ਲਈ ਕੋਈ ਪਰਾਇਆ ਨਹੀਂ , ਜਿਸ ਨੂੰ ਕਿਸੇ ਨਾਲ ਵੈਰ ਨਹੀਂ , ਜੋ ਸਭ ਤੋਂ ਵੱਡਾ ਅਤੇ ਸਭ ਕੰਮ ਕਰਨ ਵਾਲਾ ਹੈ ,ਜਿਸ ਦੇ ਬਣਾਏ ਨਿਯਮ-ਕਾਨੂਨ ਸਭ ਵੱਡੇ-ਛੋਟਿਆਂ , ਚਤੁਰ ਅਤੇ ਭੋਲੇ ਬੰਦਿਆਂ ,ਇਸਤ੍ਰਆਂ ਅਤੇ ਬੱਚਿਆਂ ਲਈ ਇਕ-ਸਮਾਨ ਹਨ)ਇਸ ਹਜ਼ਾਰਾਂ , ਲੱਖਾਂ ਸਾਲਾਂ ਤੋਂ ਚਲ ਰਹੀ ਗਲਤ ਪ੍ਰੰਪਰਾ ਨੂੰ ਸਿੱਧਾ ਗੇੜਾ ਦੇ ਕੇ, ਸਹੀ ਰਾਸਤੇ ਤੇ ਲਿਆਉਣ ਲਈ ਘਰੋਂ ਚੱਲ ਪਿਆ । ਕੈਸਾ ਹੋਵੇਗਾ ਉਹ ਬੰਦਾ ?ਕਲਪਨਾ ਕਰਨੀ ਵੀ ਮੁਸ਼ਕਿਲ ਹੈ ।ਅਤੇ ਉਹ ਬੰਦਾ ਕੈਸਾ ਹੋਵੇਗਾ ? ਜਿਸ ਨੂੰ ਉਹ ਭਾਈ (ਭਰਾ) ਬਣਾ ਕੇ ਨਾਲ ਲੈ ਕੇ ਚਲਿਆ ।

ਜਿਸ ਨੇ ਆਪਣੀ ਜ਼ਿੰਦਗੀ ਦੇ ਪੰਜਾਹ ਸਾਲ ਕਰੀਬ ,ਭਾਈ ਕਹਿਣ ਵਾਲੇ ਦੇ ਲੇਖੇ ਲਗਾ ਦਿੱਤੇ , ਬਿਖੜੇ ਪੈਂਡਿਆਂ , ਜੰਗਲਾਂ ਬੀਆ-ਬਾਨਾਂ ,ਪਹਾੜਾਂ ਅਤੇ ਖਤਰ ਨਾਕ ਸਥਾਨਾਂ , ਵਿਰੋਧੀ ਗੁੱਟਾਂ ਦੇ ਗੜ੍ਹਾਂ ਵਿਚ ਵੀ ਉਸ ਦਾ ਸਾਥ ਨਹੀਂ ਛੱਡਿਆ । ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ , ਏਥੋਂ ਤਕ ਕਿ ਪਰਤ ਕੇ ਘਰ ਵੀ ਨਹੀਂ ਅਪੜ ਸਕਿਆ ।ਕਿਉਂਕਿ ਕੰਮ ਬਹੁਤ ਵੱਡਾ ਅਤੇ ਅੱਤ ਦਰਜੇ ਦਾ ਮੁਸ਼ਕਿਲ ਸੀ , ਇਸ ਲਈ ਬਾਬੇ
ਨਾਨਕ ਨੇ ਉਸ ਨੂੰ ਦਸ ਪੜਾਵਾਂ ਵਿਚ ਵੰਡ ਕੇ , ਦਬੇ-ਕੁਚਲੇ ਲੋਕਾਂ ਨੂੰ , ਬੀਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ , ਫਰਜ਼ਾਂ ਪ੍ਰਤੀ ਜਾਗਰੂਕ ਕਰਨ , ਆਤਮਕ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਲਈ , ਪਰਮਾਤਮਾ ਅਤੇ ਦੁਨੀਆਂ ਦੇ ਸਾਰੇ ਬੰਦਿਆਂ ਨਾਲ ਸਾਂਝ , ਰਿਸ਼ਤੇਦਾਰੀ ਬਾਰੇ ਸਮਝਾਉਣ ਲਈ , ਜ਼ਿੰਦਗੀ ਦੀ ਹਰ ਔਕੜ ਵਿਚ , ਇਕ ਦੂਸਰੇ ਦਾ ਸਾਥ ਨਿਭਾਉਂਦਿਆਂ , ਮਿਲ-ਜੁਲ ਕੇ ਮੁਕਾਬਲਾ ਕਰਨ ਦੀ ਜਾਚ ਦੱਸਣ ਦੀ ਵਿਵਹਾਰਿਕ ਸਿਖਿਆ ਦੇਣ ਲਈ 230 ਸਾਲ ਕਰੀਬ ਲਗਾ ਦਿੱਤੇ । ਫਿਰ ਕਿਤੇ ਜਾ ਕੇ ਅੱਜ ਦਾ ਸਿੱਖ ਹੋਂਦ ਵਿਚ ਆਇਆ ।

ਦੂਸਰੇ ਧਰਮਾਂ ਵਾਙ ਬਾਬੇ ਨਾਨਕ ਨੇ ਸਮਾਜ ਵਿਚ ਹੋਰ ਵੰਡੀਆਂ ਪਾਉਣ ਵਾਲੇ ,ਆਪਣੇ ਕੋਈ ਨਿਯਮ ਕਾਨੂਨ ਨਹੀਂ ਬਣਾਏ , ਇਹ ਨਹੀਂ ਕਿਹਾ ਕਿ ਮੇਰੇ ਨਾਲ ਜੁੜੋ ।ਬਲਕਿ ਇਹ ਉਪਦੇਸ਼ ਦਿੱਤਾ ਕਿ ਉਸ ਸਭ ਕੁਝ ਕਰਨ ਦੇ ਸਮਰੱਥ , ਜਿਸ ਦਾ ਆਪਣਾ ਰੂਪ ਹੀ ਇਹ ਸੰਸਾਰ ਹੈ , ਇਸ ਵਿਚਲੀ ਹਰ ਚੀਜ਼ ਹੈ , ਉਸ ਨਾਲ ਜੁੜੋ , ਉਸ ਨਾਲ ਪਿਆਰ ਪਾਉ , ਉਸ ਦੀ ਰਜ਼ਾ , ਉਸ ਦੇ ਹੁਕਮ , ਉਸ ਦੇ ਨਿਯਮ ਕਾਨੂਨਾਂ ਦੀ ਪਾਲਣਾ ਕਰੋ । ਇਹ ਵੇਖਦਿਆਂ ਕਿ ਜਿਵੇਂ ਦੂਸਰੇ ਧਰਮਾਂ ਦੇ ਲੋਕ , ਜਿਨ੍ਹਾਂ ਨੇ ਉਸ ਇਕ ਦੀ ਹੀ ਗੱਲ ਕੀਤੀ ,ਪਰ ਉਸ ਇਕ ਬਾਰੇ ਕੋਈ ਸਪੱਸ਼ਟ ਸੇਧ ਨਹੀਂ ਦੇ ਸਕੇ , ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਪੈਰੋਕਾਰ , ਉਸ ਇਕ ਦੀ ਥਾਂ , ਉਨ੍ਹਾਂ ਬੰਦਿਆਂ ਦੇ ਹੀ ਪੁਜਾਰੀ ਬਣ ਕੇ ਰਹਿ ਗਏ । ਕਿਤੇ ਸਿੱਖ ਵੀ ਭਟਕ ਕੇ ,ਮੇਰੇ ਹੀ ਪੁਜਾਰੀ ਨਾ ਬਣ ਜਾਣ ,ਬਾਬੇ ਨਾਨਕ ਨੇ ਆਪਣੇ ਫਲਸਫੇ ਨੂੰ ਪੂਰੇ ਵਿਸਤਾਰ ਸਹਿਤ ਲਿਖ ਕੇ , ਸਿੱਖਾਂ ਨੂੰ ਉਸ ਤੋਂ ਹੀ ਸੇਧ ਲੈਣ ਦੀ ਪਰੇਰਨਾ ਅਤੇ ਤਾੜਨਾ ਕਰਦੇ ,ਆਪਣਾ ਕੰਮ ਖਤਮ ਕਰਦੇ ਇਸ ਸੰਸਾਰ ਵਿਚਲਾ ਆਪਣਾ ਸਫਰ ਖਤਮ ਕੀਤਾ।

ਜਦ ਤਕ ਬਾਬੇ ਨਾਨਕ ਵਲੋਂ ਬਖਸ਼ੇ ਫਲਸਫੇ ਨੂੰ ਆਪਣਾ ਗੁਰੁ ਮੰਨ ਕੇ ਉਸ ਦੇ ਹੀ ਸਿੱਖ ਬਣ ਕੇ , ਉਸ ਤੋਂ ਹੀ ਹੀ ਸੇਧ ਲੈਂਦੇ ਆਪਣਾ ਜੀਵਨ ਬਤੀਤ ਕਰਦੇ ਰਹੇ ਤਦ ਤਕ ਸਿੱਖ ਕਿਸੇ ਔਕੜ ਤੋਂ ਨਹੀਂ ਘਬਰਾਏ , ਪਰਮਾਤਮਾ ਵਲੋਂ ਬਖਸ਼ੀ ਫਤਿਹ , ਉਨ੍ਹਾਂ ਦੇ ਪੈਰ ਚੁੰਮਦੀ ਰਹੀ । ਜਦ ਸਿੱਖ ਗੁਰੂ ਦੀ ਸਿਖਿਆ ਨਾਲੋਂ ਆਪਣੀ ਅਕਲ ਨੂੰ ਮਾਨਤਾ ਦਿੰਦਿਆਂ , ਜ਼ਾਲਮ ਦੁਸ਼ਮਣਾਂ ਕੋਲੋਂ ਹੀ ਜਗੀਰਾਂ ਲੈਣਾ ਸ਼ੁਰੂ ਹੋ ਗਏ , ਫਿਰ ਲਾਲਚ ਵਿਚ ਫਸੇ ਸਿੱਖ ਅਜਿਹਾ ਨਿਘਾਰ ਵੱਲ ਚੱਲੇ ਕਿ ਅੱਜ ਤਕ ਸੰਭਲ ਨਹੀਂ ਸਕੇ । ਨਿਰੰਤਰ ਨਿਘਾਰ ਵੱਲ ਹੀ ਵੱਧ ਰਹੇ ਹਨ . ਅਤੇ ਤਦ ਤੱਕ ਵਧਦੇ ਹੀ ਰਹਿਣਗੇ , ਜਦ ਤੱਕ ਉਹ ਬਾਬਾ ਨਾਨਕ ਦੇ ਫਲਸਫੇ ਨੂੰ ਮੁੜ ਗੁਰੂ ਮੰਨ ਕੇ ਉਸ ਦੇ ਸਿੱਖ ਨਹੀਂ ਬਣ ਜਾਂਦੇ । ਕਹਣ ਨੂੰ ਤਾਂ ਅੱਜ ਵੀ ਸਿੱਖ ਉਸ ਫਲਸਫੇ ਵਾਲੇ ਗ੍ਰੰਥ ਨੂੰ ਆਪਣਾ ਗੁਰੂ ਹੀ ਕਹੀ ਜਾਂਦੇ ਹਨ , ਮੱਥੇ ਟੇਕੀ ਜਾਂਦੇ ਹਨ ,ਪਰ ਅਸਲੀਅਤ ਸਭ ਜਾਣਦੇ ਹਨ । (ਉਸ ਬਾਰੇ ਕੁਝ ਕਹਿਣਾ , ਸਮਾ ਬਰਬਾਦ ਕਰਨਾ ਹੀ ਹੋਵੇਗਾ ) ਉਸ ਵਿਚ ਕੀ ਲਿਖਿਆ ਹੋਇਆ ਹੈ ? ਉਸ ਦਾ ਮਤਲਬ ਕੀ ਹੈ ? ਉਸ ਅਨੁਸਾਰ ਜੀਵਨ ਕਿਵੇਂ ਢਾਲਣਾ ਹੈ ? ਇਹ ਕੋਈ ਜਾਨਣਾ ਨਹੀਂ ਚਾਹੁੰਦਾ ।

ਉਲਟਾ ਸਿੱਖ ਆਪਣੀ ਤੁੱਛ ਬੁੱਧੀ ਅਨੁਸਾਰ ਆਪਣੇ ਗੁਰੂ ਦੀ ਪੜਚੋਲ ਕਰਨ ਵਿਚ ਲੱਗੇ ਹੋਏ ਹਨ ਕਿ , ਗੁਰੂ ਅੱਗੇ ਕੀਤੀਆਂ ਅਣਗਿਣਤ ਅਰਦਾਸਾਂ , ਹਰ ਰੋਜ਼ ਕੀਤੇ ਜਾਂਦੇ ਹਜ਼ਾਰਾਂ ਕੀਰਤਨ ਦਰਬਾਰ , ਮਹਾਨ ਸਮਾਗਮ , ਹਰ ਰੋਜ਼ ਹੁੰਦੇ ਹਜ਼ਾਰਾਂ ਸੰਪਟ ਪਾਠ ,ਅਖੰਡ ਪਾਠ , ਸਹਿਜ ਪਾਠ । ਹਰ ਰੋਜ਼ ਹੁੰਦੇ ਸੁਖਮਣੀ ਸਾਹਬ ਦੇ ਲੱਖਾਂ ਪਾਠ , ਹਰ ਰੋਜ਼ ਘੰਟਿਆਂ ਬੱਧੀ ਹੁੰਦੇ ਜਾਪ , ਨਿਕਲਦੇ ਜਲੂਸ (ਨਗਰ ਕੀਰਤਨ) , ਰੈਣ ਸਬਾਈ ਕੀਰਤਨ ,ਅਟੁੱਟ ਚਲਦੇ ਲੰਗਰ , ਗੁਰੂ ਨੂੰ ਭੇਂਟ ਹੁੰਦਾ ਰੋਜ਼ ਦਾ ਕ੍ਰੋੜਾਂ ਰੁਪਈਆ । ਇਹ ਸਾਰਾ ਕੁਝ ਨਿਹਫਲ ਕਿਉਂ ਜਾ ਰਿਹਾ ਹੈ ? ਕਿਤੇ ਸਾਡਾ ਗੁਰੂ ਹੀ ਨਕਲੀ ਜਾਂ ਜਾਅਲੀ ਤਾਂ ਨਹੀਂ ? ( ਅਸੀਂ ਸਵੈ-ਪੜਚੋਲ ਕਰ ਕੇ ਤਾਂ ਰਾਜ਼ੀ ਹੀ ਨਹੀਂ ਹਾਂ , ਕਰੀਏ ਵੀ ਕਿਸ ਆਧਾਰ ਤੇ ? ਸਾਨੂੰ ਗੁਰੂ ਦੀ ਸਿਖਿਆ ਬਾਰੇ ਤਾਂ ਕੁਝ ਪਤਾ ਹੀ ਨਹੀਂ । ਉਸ ਬਾਰੇ ਤਾਂ ਸਾਨੂੰ ਜੋ ਕੁਝ ਵੀ ਪੁਜਾਰੀ ਲਾਣਾ ਦੱਸੇਗਾ , ਉਹੀ ਤਾਂ ਗੁਰੂ ਦੀ ਸਿਖਿਆ ਹੋਵੇਗੀ । ਗੁਰੂ ਦੀ ਪੂਜਾ ਦੀ ਜੋ ਵਿਧੀ ਸਾਨੂੰ ਪੁਜਾਰੀ ਦੱਸਦਾ ਹੈ , ਅਸੀਂ ਆਪਣਾ ਪੂਰਾ ਟਿੱਲ ਲਾ ਕੇ ,ਉਸ ਵਿਧੀ ਦੀ ਪਾਲਣਾ ਕਰਦੇ ਹਾਂ ।)

ਹੁਣ ਤਾਂ ਰੋਜ਼ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ , ਜਿਵੇਂ ਇਕ ਮਹਾਂ-ਪੁਰਸ਼ (ਹਰੀ ਪ੍ਰਸ਼ਾਦ ਰੰਧਾਵਾ) ਨੇ ਇਕ ਗੱਲ ਦੱਸੀ ਹੈ , ਕਿ ਸਾਡੇ ਮਹਾਂ-ਪੁਰਸ਼ ਇਕ ਵਾਰ ਅੰਮ੍ਰਿਤ ਛਕਾ ਰਹੇ ਸਨ , ਬੂਹਾ ਖੁਲ੍ਹਾ ਰਹ ਗਿਆ , ਇਕ ਕੁੱਤਾ ਅੰਦਰ ਆ ਵੜਿਆ ।ਬਹੁਤ ਕੋਸ਼ਿਸ਼ ਕਰਨ ਤੇ ਵੀ ਉਹ ਕੁੱਤਾ ਬਾਹਰ ਨਾ ਕੱਢਿਆ ਜਾ ਸਕਿਆ , ਤਾਂ ਮਹਾਂ ਪੁਰਸ਼ਾਂ ਨੇ (ਆਪਣੀ ਦਿੱਭ-ਦ੍ਰਿਸ਼ਟੀ ਨਾਲ ਵੇਖ ਕੇ) ਕਿਹਾ “ ਰਹਣ ਦਿਉ , ਇਹ ਵੀ ਕੋਈ ਵਿਛੁੜੀ ਹੋਈ ਰੂਹ ਹੈ , ਅੰਮ੍ਰਿਤ ਛਕਣਾ ਚਾਹੁੰਦੀ ਹੈ , ਇਸ ਨੂੰ ਵੀ ਅੰਮ੍ਰਿਤ ਛਕਾਵੋ ” ਅਤੇ ਉਸ ਕੁੱਤੇ ਨੂੰ ਵੀ ਅੰਮ੍ਰਿਤ ਛਕਾ ਦਿੱਤਾ ਗਿਆ ।ਭਲਾ ਅਜਿਹੇ ਬ੍ਰਹਮ-ਗਿਆਨੀਆਂ ਦੀ ਗੱਲ ਮੋੜ ਕੇ ਅਸੀਂ , ਪਰਮਾਤਮਾ ਦੇ ਭਗਤਾਂ ਦੀ ਅਵੱਗਿਆ ਕਿਵੇਂ ਕਰ ਸਕਦੇ ਹਾਂ ? ਹੁਣ ਤਾਂ ਸੋਚਣ ਵਾਲੀ ਗੱਲ ਹੈ ਕਿ ਉਸ ਕੁੱਤੇ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ ? ਮਹਾਂ-ਕੁੱਤਾ ਜਾਂ ਕੁੱਤਾ ਮਹਾਂ-ਪੁਰਸ਼ ।ਅਜਿਹੇ ਸੰਤ-ਮਹਾਂਪੁਰਸ਼ਾਂ , ਬ੍ਰਹਮ-ਗਿਆਨੀਆਂ ਤੋਂ ਜਾਨ ਛੁਡਾ ਕੇ , ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਗੁਰੂ ਮੰਨ ਕੇ , ਉਸ ਤੋਂ ਹੀ ਸਿਖਿਆ ਲੈ ਕੇ , ਉਸ ਅਨੁਸਾਰ ਜੀਵਨ ਢਾਲਣ ਨਾਲ , ਕਰਮ-ਕਾਂਡਾਂ ਤੋਂ ਬਾਹਰ ਨਿੱਕਲ ਕੇ ਹੀ , ਨਿਘਾਰ ਵੱਲ ਜਾ ਰਹੀ ਸਿੱਖੀ ਅਤੇ ਬਰਬਾਦੀ ਦੇ ਕਗਾਰ ਤੇ ਖੜੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਸਿੱਖਾਂ ਸਾਮ੍ਹਣੇ ਹੋਰ ਕੋਈ ਰਾਹ ਨਹੀਂ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top