Share on Facebook

Main News Page

ਗੁਰਬਾਣੀ, ਵਿਆਖਿਆਂਵਾਂ ਅਤੇ ਗੁਰੂ ਨਿਰਣੈ

ਗੁਰਬਾਣੀ ਦੀ ਵਿਆਖਿਆ ਗੁਰਬਾਣੀ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਉੱਚਾਰੀ, ਕਲਮਬੱਧ ਕੀਤੀ ਅਤੇ ਪ੍ਰਚਾਰੀ। ਉਨ੍ਹਾਂ ਦੇ ਪ੍ਰਚਾਰ ਦਾ ਢੰਗ ਵਿੱਲਖਣ ਸੀ।ਲੋਕਾਈ ਨਾਲ ਆਮ ਬੋਲਚਾਲ ਵੀ ਹੁੰਦੀ ਹੀ ਸੀ। ਮੁਖਾਰਬਿੰਦ ਤੋਂ ਨਿਕਲਿਆ ਹਰ ਲਫ਼ਜ਼ ਅਤੇ ਵਿਵਹਾਰਕ ਜੀਵਨ ਦੀ ਰਾਹ ਤੇ ਉੱਠਿਆ ਹਰ ਕਦਮ ਗੁਰਬਾਣੀ ਦੀ ਵਿਆਖਿਆ ਹੀ ਸੀ। ਇਹ ਵੀ ਇਕ ਸੱਚਾਈ ਹੀ ਹੈ ਕਿ ਗੁਰਬਾਣੀ ਦੇ ਪ੍ਰਚਾਰ ਵਿੱਚ ਸਮਸਤ ਜੀਵਨ ਨੂੰ ਨਿਛਾਵਰ ਕਰ ਦੇਂਣ ਵਾਲੇ ਗੁਰੂਆਂ ਨੇ ਬਾਣੀ ਦੇ ਭਾਵ ਅਰਥਾਂ ਦਾ ਆਪ ਇਕ ਟੀਕਾ (Translation) ਨਹੀਂ ਕੀਤਾ। ਇਸ ਦਾ ਇਕ ਕਾਰਨ ਸੀ।ਉਹ ਇਹ ਕਿ ‘ਮੂਲ’ ਦੀ ਵਿਆਖਿਆ ‘ਮੂਲ’ ਦੇ ਬਰਾਬਰ ਜਾਂ ਹਮਮਨਸਬ ਨਹੀਂ ਹੁੰਦੀ। ਇਸ ਨੂੰ ਬੜੇ ਸੰਖੇਪ ਵਿਚ ਕਹਿ ਲਈਏ ਤਾਂ ਇਹ ਕਿ ‘ਸ਼ਬਦ’ ਵਿਚ ਨਹਿਤ ਰੱਬੀ ਗਿਆਨ ਦਾ ਅੰਤਰੀਵ ਭਾਵ ‘ਸਦੀਵੀਂ ਅਵਸਥਾਵਾਂ’ ਨਾਲ ਜੁੜਦਾ ਹੈ ਇਸ ਲਈ ਗੁਰੂ ਉਸ ਦੀ ਵਿਆਖਿਆ ਦਾ ਟੀਕਾ ਲਿਖ ਕੇ ‘ਆਪਣੇ ਸ਼ਬਦ’ (ਬਾਣੀ) ਦੇ ਅਸਰ ਨੂੰ ਇਕ ਮੁਕਾਮ ਤਕ ਹੀ ਮਹਦੂਦ ਨਹੀਂ ਸੀ ਕਰ ਸਕਦੇ।

ਜਿੱਥੋਂ ਤਕ ਸਾਡਾ ਸਵਾਲ ਹੈ ਤਾਂ ਗੁਰਬਾਣੀ ਦੀ ਵਿਆਖਿਆ ਰਾਹੀਂ ਹੀ ਗੁਰੂ ਦੇ ਕਹੇ ਤੇ ਵਿਚਾਰ ਹੋ ਸਕਦੀ ਹੈ, ਅਤੇ ਇਸ ਵਿਚ ਕੋਈ ਸ਼ੱਕ ਨਹੀਂ। ਗੁਰਮਤਿ ਪ੍ਰਤੀ ਸਮਰਪਿਤ ਕੁੱਝ ਵਿਦਵਾਨਾਂ ਨੇ ਇਸ ਵਿਸ਼ੇ ਬਾਰੇ ਬਹੁਤ ਸੇਵਾ ਨਿਭਾਈ ਹੈ। ਗੁਰੂ ਦੀ ਤਾਕੀਦ ਅਤੇ ਸਿੱਖ ਦਾ ਫ਼ਰਜ਼ ਹੈ ਕਿ ਉਹ ਗੁਰਮਤਿ ਬਾਰੇ ਵਿਚਾਰ ਕਰਦਾ ਰਹੇ ਪਰ ਇਸ ਤਕਾਜ਼ੇ ਦੇ ਨਾਲ ਕਿ ਵਿਆਖਿਆ ਕਦਾਚਿਤ ‘ਮੂਲ’ ਦੇ ਬਰਾਬਰ ਨਹੀਂ ਹੋ ਸਕਦੀ। ਇਸ ਤੱਥ ਨੂੰ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਹਰ ਚਿੰਤਕ ਨੂੰ ਜ਼ਹਿਨ ਵਿਚ ਰੱਖ ਕੇ ਹੀ ਤੁਰਨਾ ਚਾਹੀਦਾ ਹੈ। ਮੂਲ ਨਾਲ ਜੂੜਿਆ ਹੋਈਆ ਸੱਚ, ਮਨੱਖੀ ਵਿਆਖਿਆ, ਵਿਚ ਕਈ ਥਾਂ ਗੁਆਚਿਆ ਰਹਿੰਦਾ ਹੈ। ਫ਼ਿਰ ਜੇਕਰ ਅਸੀਂ ਮਨੱਖੀ ਸਮਝ ਦਿਆਂ ਮਹਦੂਦ ਹੱਦਾਂ ਨੂੰ ਤਸਲੀਮ ਕਰਦੇ ਹਾਂ ਤਾਂ, ਸੁਭਾਵਕ ਤੌਰ ‘ਤੇ ਇਹ ਵੀ ਮੰਨ ਕੇ ਤੁਰਨਾ ਪਵੇਗਾ ਕਿ ਗੁਰਬਾਣੀ ਸਿਧਾਂਤਾਂ ਪ੍ਰਤੀ ਸਾਡੀ ਸਮਝ ਵੀ ਮਹਦੂਦ ਹੈ। ਸਾਡੀ ਸਮਝ ਤੋਂ ਨਿਕਲੀ ਵਿਆਖਿਆ ਕਈ ਥਾਂ ਗੁਰਬਾਣੀ ਦੇ ਸਿਧਾਂਤਾਂ ਦੇ ਨੇੜੇ ਅਤੇ ਕਈ ਥਾਂ ਦੂਰ ਵੀ ਹੋ ਸਕਦੀ ਹੈ। ਮੁੱਕਮੱਲ ਤਾਂ ਕਦਾਚਿੱਤ ਨਹੀਂ! ਗੁਰਬਾਣੀ ‘ਨਿਰੋਲ’ ਹੈ ਅਤੇ ਵਿਆਖਿਆਵਾਂ ਰਾਹੀਂ ਨਿਰੋਲ ਬਾਰੇ ਸਾਡੀ ਸਮਝ ਨਿਰੋਲ ਨਹੀਂ ਕਹੀ ਜਾ ਸਕਦੀ। ਗੁਰਬਾਣੀ ਸਿਧਾਂਤਾਂ ਪ੍ਰਤੀ ਸਮਝ ਵਿਚ ਕਿੱਧਰੇ ਨਾ ਕਿੱਧਰੇ ਕਈ ਥਾਂ ਸਾਡੀ ਸਮਝ ਦਾ ਰੱਲਾਅ ਪਿਆ ਰਹਿੰਦਾ ਹੈ। ਬਾਣੀ ਪ੍ਰਤੀ ਮਨੁੱਖੀ ਸਮਝ ਵਿਚ ‘ਨਿਰੋਲਤਾ’ ਦਾ ਦਾਵਾ ਇਕ ਪ੍ਰਕਾਰ ਦੀ ਅਥਕਥਨੀ ਹੀ ਕਹੀ ਜਾ ਸਕਦੀ ਹੈ।

ਕਿਸੇ ਨੁੱਕਤੇ ਬਾਰੇ ਸਹੀ ਸਿਧਾਂਤਕ ਸਮਝ ਵੱਡਮੁੱਲੀ ਹੁੰਦੀ ਹੈ ਅਤੇ ਨਾਲ ਹੀ ਕਿਸੇ ਨੁਕਤੇ ਬਾਰੇ ਗਲਤ ਸਿਧਾਂਤਕ ਸਮਝ ਬੜੀ ‘ਮਹਿੰਗੀ’ (ਛੋਸਟਲੇ) ਵੀ ਸਾਬਤ ਹੋ ਸਕਦੀ ਹੈ। ‘ਵੱਡਮੁੱਲੀ ਗਲ’ ਅਤੇ ‘ਮਹਿੰਗੀ ਪੈ ਜਾਣ ਵਾਲੀ ਗਲ’ ਵਿਚ ਅੰਤਰ ਹੁੰਦਾ ਹੈ। ਸੰਵੇਦਨਸ਼ੀਲ ਮੁੱਦਿਆਂ ਬਾਰੇ ਵਿਚਾਰ ਕਰਦੇ ਇਨ੍ਹਾਂ ਵਾਸਤਵਿਕਤਾਵਾਂ ਵੱਲ ਧਿਆਨ ਦੇਣਾ ਜ਼ਰੂਰੀ ਬਣਦਾ ਹੈ।

ਗੁਰੂਆਂ ਨੇ ਆਪਣੇ ਜੀਵਨ ਦੇ ਮਾਰਫ਼ਤ ਬਾਣੀ ਅਨੁਸਾਰ ਕਈ ਕੰਮਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਕਈ ਵਿਲੱਖਣ ਨਿਰਨੇ ਲਏ।ਐਸੇ ਨਿਰਨੇ ਵੀ ਜੋ ਕਿ ਗੁਰਬਾਣੀ ਪ੍ਰਤੀ ਮਨੁੱਖੀ ਸਮਝ ਅਨੁਸਾਰ ਕਿਸੇ ਨੂੰ ਵਾਜਬ ਨਹੀਂ ਪ੍ਰਤੀਤ ਹੁੰਦੇ। ਅਸੀਂ ਆਪਣੀ ਮਹਦੂਦ ਸਮਝ ਕਾਰਨ, ਕਈ ਵਾਰ, ਕਿਸੇ ਵਿਲੱਖਣ ਨਿਰਨੇ ਬਾਰੇ ਸ਼ੰਕਾ ਗ੍ਰਸਤ ਹੋ ਉਸ ਨੂੰ ਗੁਰੂ ਦਾ ਨਿਰਨਾ ਨਾ ਸਮਝਦੇ ਹੋਏ ਕਿਸੇ ਦੀ ਚਾਲ ਜਾਂ ਪੁਰਾਤਨ ਸਿੱਖਾਂ ਦੀ ਨਾਸਮਝੀ ਸਮਝ ਲੈਂਦੇ ਹਾਂ ਜੋ ਕਿ ਠੀਕ ਨਹੀਂ। ਜੇਕਰ, ਜਿਵੇਂ ਕਿ ੳਪਰ ਵਿਚਾਰ ਆਏ ਹਾਂ, ਸਾਨੂੰ ਬਾਣੀ ਅਤੇ ਉਸਦੇ ਅਰਥਾਂ ਦਾ ਸੰਪੁਰਣ ਬੋਧ ਹੀ ਨਹੀਂ, ਤਾਂ ਗੁਰੂਆਂ ਦੇ ਨਿਰਨਿਆਂ ਨੂੰ ਆਪਣੀ ਸਮਝ ਦੀ ਚੁਨੌਤੀ ਸਨਮੁੱਖ ਖੜਾ ਕਰ ਦੇਣਾ ਕਿਸ ਕਿਸਮ ਦਾ ਤਰਕ ਹੈ ਅਤੇ ਕਿਸ ਕਿਸਮ ਦੀ ਸਿਆਣਪ?

ਜਾਂ ਤਾਂ ਕੋਈ ਸੱਜਣ ਇਹ ਐਲਾਨ ਕਰ ਦੇਵੇ ਕਿ ਉਸ ਨੂੰ ਸੰਪੁਰਣ ਬਾਣੀ ਵਿਚ ਨਹਿਤ ਗੁਰਮਤਿ ਦੀ ਸੰਪੁਰਣ ਸਮਝ ਹੈ ਤਾਂ ਠੀਕ! ਨਹੀਂ ਤਾਂ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਗੁਰੂਆਂ ਦੇ ਕੁੱਝ ਨਿਰਨੇ ਗੁਰਮਤਿ ਹੀ ਸੀ, ਕਿਉਂਕਿ ਉਹੀ ਗੁਰਮਤਿ ਦੀ ਚਰਮ ਸੀਮਾ ਦੇ ਅੰਤਿਮ ਗਿਆਤਾ ਸਨ। ਸਾਡੇ ਲਈ ਤਾਂ ਗੁਰੂ ਦਾ ਗਿਆਨ ਸੀਮਾਬੱਧ ਨਹੀਂ। ਇਸ ਵਾਸਤਵਿਕਤਾ ਦੇ ਤਹਿਤ ਹੀ ਗੁਰਬਾਣੀ ਅਤੇ ਗੁਰੂ ਨਿਰਨਿਆਂ ਬਾਰੇ ਵਿਚਾਰ ਲਾਹੇਵੰਦ ਹੋ ਸਕਦੀ ਹੈ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top