Share on Facebook

Main News Page

‘ਕਿਸੇ ਦੀ ਮਤਿ ਗੁਰੂਆਂ ਨਾਲੋਂ ਜ਼ਿਆਦਾ ਨਹੀਂ’

* ਕੇਵਲ ਲਿਖਣ ਦੀ ਔਪਚਾਰਿਕਤਾ ਨਹੀਂ, ਮੰਨਿਏ ਵੀ

ਗੁਰੂ ਨੇ ਸਿੱਖ ਨੂੰ ਬਾਣੀ ਵਿਚਾਰ ਦੀ ਤਾਕੀਦ ਕੀਤੀ ਹੈ ਜਿਸ ਦੇ ਸਕਦੇ ਬਾਣੀ ਫ਼ਲਸਫ਼ੇ ਬਾਰੇ ਵਿਚਾਰਾਂ ਰਾਹੀਂ ਅਸੀਂ ਬਹੁਤ ਕੁੱਝ ਜਾਣਿਆ ਵੀ ਹੈ। ਇਸ ਵਿਚ ਸੰਦੇਹ ਨਹੀਂ ਕਿ ਕਈਂ ਥਾਂ ਵਿਦਵਾਨ ਸੱਜਣਾ ਨੇ ਸਲਾਹੁਣ ਯੋਗ ਜਤਨ ਵੀ ਕੀਤੇ ਹਨ। ਪਰ ਫ਼ਿਰ ਵੀ ਕਿਸ ਦੀ ਮਤਿ ਗੁਰੂਆਂ ਨਾਲੋਂ ਜ਼ਿਆਦਾ ਹੈ? ਇਹ ਸਵਾਲ ਚਾਹੇ ਇਕ ਮਨਮਤਿਆ ਸਾਧ ਪੁੱਛੇ ਜਾਂ ਫ਼ਿਰ ਕੋਈ ਜਾਗਰੂਕ ਜਵਾਬ ਇੱਕੋ ਹੀ ਹੈ-ਸਾਡੇ ਵਿਚੋਂ ਕਿਸੇ ਦੀ ਵੀ ਨਹੀਂ!!! ਸਾਧ ਦੇ ਪੁੱਛਣ ਨਾਲ ਇਸ ਸਵਾਲ ਦਾ ਜਵਾਬ ਨਹੀਂ ਬਦਲ ਸਕਦਾ। ਹਾਂ ਕੋਈ ਇਸ ਤਰਕ ਦੀ ਵਰਤੋਂ ਗਲਤ ਕਰਦਾ ਹੋਵੇ ਤਾਂ ਗਲ ਵੱਖਰੀ ਹੈ। ਆਉ ਜ਼ਰਾ ਹੋਰ ਵਿਚਾਰ ਲਈਏ!

ਚਿੰਤਨ-ਪੜਚੋਲ ਸ਼ਕਤੀ, ਜਿਸ ਨੂੰ ਵਰਤਣ ਦਾ ਹੱਕ ਸਭ ਨੂੰ ਹੈ, ਇਕ ਰੱਬੀ ਦੇਂਣ ਹੈ! ਜਿਵੇਂ ਕਿ ਦੋ ਅੱਖਾਂ, ਦੋ ਕੰਨ ਅਤੇ ਇਕ ਜੀਭ! ਅੱਖਾਂ ਨਾਲ ਦੇਖਣ ਦਾ,ਕੰਨਾ ਨਾਲ ਸੁਣਨ ਦਾ ਅਤੇ ਜੀਭ ਨਾਲ ਬੋਲਣ ਦਾ ਹੱਕ ਸਭ ਨੂੰ ਹੈ! ਪਰ ਗੁਰੂ ਨਾਨਕ ਨੇ ਇਸ ਹੱਕ ਦੀ ਵਰਤੋਂ ਬਾਰੇ ਕੁੱਝ ਪਾਬੰਦਿਆਂ ਵੀ ਆਯਤ ਕੀਤੀਆਂ ਹਨ। ਪਰਾਇਆ ਰੂਪ ਨਾ ਦੇਖਣ ਦੀ, ਕੁੜ ਨਾ ਸੁਣਨ/ਮੰਨਣ ਦੀ ਅਤੇ ਝੂਠ ਨਾ ਬੋਲਣ ਦੀ ਪਾਬੰਦੀ! ਧਿਆਨ ਨਾਲ ਵੇਖੀਏ ਤਾਂ ਇਹ ਅਨੁਸ਼ਾਸਨ ਹੈ ਜੋ ਗੁਰੂ ਨਾਨਕ ਨੇ ਸੱਚਾ ਮਨੁੱਖ ਹੋਂਣ ਲਈ ਲਾਗੂ ਕੀਤਾ ਹੈ। ਫ਼ਿਰ ਗੁਰਮਤਿ ਬਾਰੇ ਚਿੰਤਨ ਅਤੇ ਪੜਚੋਲ ਕਿਵੇਂ ਬਿਨਾ ਅਨੁਸ਼ਾਸਨ ਦੇ ਹੋ ਸਕਦੀ ਹੈ? ਨਿਰਸੰਦੇਹ ਬਿਲਕੁਲ ਨਹੀਂ। ਅਨੁਸ਼ਾਸਨ ਚਿੰਤਨ-ਪੜਚੋਲ ਦੀ ਮੰਗ ਹੈ ਪਾਬੰਦੀ ਨਹੀਂ! ਹੱਥਾਂ ਦੀ ਵਰਤੋਂ ਦੇ ਹੱਕ ਦਾ ਅਰਥ ਇਹ ਨਹੀਂ ਬਣਦਾ ਕਿ ਕੋਈ ਹੱਥਾਂ ਨਾਲ ਕਿਸੇ ਦਾ ਗਲਾ ਦਬਾ ਦੇਵੇ!

ਅਗਰ ਕਿਸੇ ਜਾਗਰੂਕ ਬੰਦੇ ਜਾਂ ਸੰਸਥਾ ਨੂੰ ਇਕ ਛੋਟਾ ਜਿਹਾ ਸਵਾਲ ਕੀਤਾ ਜਾਏ ਕਿ, ਕੀ ਤੁਸੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨੂੰ ਉਸ ਦੀ ਸੰਮਪੁਰਣਤਾ ਵਿਚ ਸਮਝ ਚੁੱਕੇ ਹੋ? ਤਾਂ ਉਨ੍ਹਾ ਦਾ ਜਵਾਬ ਹੋਵੇਗਾ ਕਿ ਜੀ ਨਹੀਂ ਅੱਜੇ ਬਹੁਤ ਕੁੱਝ ਸਮਝਣਾ-ਸਿੱਖਣਾ ਬਾਕੀ ਹੈ! ਤੇ ਨਾਲ ਹੀ ਅਗਰ ਇਹ ਪੁੱਛ ਲਿਆ ਜਾਏ ਕਿ ਕੀ ਗੁਰੂ ਆਪਣੇ ਸ਼ਬਦ ਗਿਆਨ ਦੇ ਸੰਮਪੁਰਣ ਗਿਆਤਾ ਸਨ ਕਿ ਨਹੀਂ? ਤਾਂ ਜਵਾਬ ਹੋਵੇਗਾ ਕਿ ਜੀ ਹਾਂ ਉਹ ਸਨ ਹੀ! ਤਾਂ ਇਸ ਦਾ ਸਿੱਧਾ ਜਿਹਾ ਅਤੇ ਦਲੀਲ ਯੁੱਕਤ ਨਿਸ਼ਕਰਸ਼ ਇਹ ਹੀ ਨਿਕਲੇਗਾ ਕਿ ਗੁਰੂ ਸਾਡੇ ਨਾਲੋਂ ਜ਼ਿਆਦਾ ਜਾਣਦੇ ਸਨ ਅਤੇ ਸਾਡੇ ਨਾਲੋਂ ਚੰਗੇ ਨਿਰਨੇ ਲੇਂਦੇ ਸਨ। ਅਸੀਂ ਬਹੁਤ ਜਾਣਦੇ ਵੀ ਹਾਂ ਪਰ ਕੁੱਝ ਐਸੇ ਨਿਰਨੇ ਵੀ ਹਨ ਜਿਨ੍ਹਾਂ ਨੂੰ ਅਸੀਂ ‘ਪੁਰੀ ਤਰਾਂ’ ਬਿਆਨ ਵੀ ਨਹੀਂ ਕਰ ਸਕਦੇ ਅਤੇ ਆਖਰਕਾਰ ਇਹੀ ਕਹਿ ਸਕਦੇ ਹਾਂ ਕਿ ਅਸੀਂ ਇਸ ਨੂੰ ਮੰਨਦੇ ਹਾਂ ਕਿਉਂਕਿ ਇਹ ਗੁਰੂਆਂ ਦੇ ਨਿਰਨੇ ਸੀ। ਇੱਥੇ ਕੇਵਲ ਸਮਰਪਣ ਕੰਮ ਕਰਦਾ ਹੈ। ਜਿਹੜਾ ਜਾਗਰੂਕ ਇਸ ਸੱਚਾਈ ਤੋਂ ਮੁਨਕਰ ਹੋਵੇ ਉਸ ਨੂੰ ਅੱਜੇ ਜਾਗਣ ਵਿਚ ਦੇਰ ਲਗ ਸਕਦੀ ਹੈ।

ਵੈਸੇ ਕੋਈ ਵੀ ਜਾਗਰੂਕ ਇਹ ਦਾਵਾ ਨਹੀਂ ਕਰਦਾ ਕਿ ਉਹ ਗੁਰੂਆਂ ਨਾਲੋਂ ਜ਼ਿਆਦਾ ਜਾਣਦਾ ਹੈ, ਸ਼ਬਦ ਗੁਰੂ ਨੂੰ ਸੰਮਪੁਰਣ ਸਮਝ ਸਕਦਾ ਹੈ। ਕੁੱਝ ਥਾਈਂ ਤ੍ਰਾਸਦੀ ਕੇਵਲ ਇੰਨੀ ਕੁ ਹੈ ਕਿ ਜੋ ਇਹ ਕਹਿੰਦਾ-ਲਿਖਦਾ ਹੈ ਕਿ ਉਹ ਸਾਰੀਆਂ ਗਲਾਂ ਬਾਰੇ ਨਹੀਂ ਜਾਣਦਾ, ਉਹ ਇਹ ਨਹੀਂ ਦੱਸਦਾ ਕਿ ਉਹ ਕਿਹੜੀਆਂ ਗਲਾਂ ਬਾਰੇ ਨਹੀਂ ਜਾਣਦਾ?

ਚਿੰਤਨ ਅਤੇ ਪੜਚੋਲ ਲਾਜ਼ਮੀ ਹੁੰਦੀ ਹੈ ਪਰ ਇਸ ਦੀ ਦੁਰਵਰਤੋਂ ਦਾ ਲਾਈਸੇਂਸ ਨਾ ਤਾਂ ਕਿਸੇ ਸਾਧ ਕੋਲ ਹੋਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਜਾਗਰੂਕ ਧਿਰ ਕੋਲ।ਜਿੱਥੋਂ ਤਕ ‘ਆਮ ਸਿੱਖ’ ਦਾ ਸਵਾਲ ਹੈ ਤਾਂ ‘ਉਸ’ ਨੂੰ ਕੁੱਝ ਜਾਗਰੂਕ ਧਿਰ ‘ਸਿਧਾਂਤਕ ਕਸਵਟੀ’ ਵਿਚ ਕੱਸਕੇ ‘ਸਿੱਖ’ ਮੰਨਣ ਜਾਂ ਪਰਿਭਾਸ਼ਤ ਕਰਨ ਤਕ ਨੂੰ ਹੀ ਤਿਆਰ ਨਹੀਂ।

ਖ਼ੈਰ, ਅੱਜ ਦੇ ਚਿੰਤਨ ਦੀ ਸਮੱਸਿਆ ਸ਼ਬਦਾਂ ਦੇ ਭਾਵਅਰਥਾਂ ਨੂੰ ਲੇ ਕੇ ਨਹੀਂ ਬਲਕਿ ਗੁਰੂਆਂ, ਗੁਰੂਆਂ ਦੇ ਕੀਤੇ ਕੰਮਾਂ ਦੇ ਸਤਿਕਾਰ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਖੜੇ ਕਰਨ ਨਾਲ ਜੂੜੀ ਹੈ।

ਫ਼ਿਲਹਾਲ ਆਉ ਜ਼ਰਾ ਕੁੱਝ ਗੁਰੂ ਨਿਰਨਿਆਂ ਦਾ ਹੀ ਜ਼ਿਕਰ ਕਰੀਏ:

ਗੁਰੂ ਨਾਨਕ ਜੀ ਤੋਂ ਚੋਥੇ ਗੁਰੂ ਤਕ, ਬਾਣੀ ਨੂੰ ‘ਇਕ ਗ੍ਰੰਥ’ ਸਵਰੂਪ ਵਿਚ ਨਹੀਂ ਲਿੱਖਿਆ ਗਿਆ।ਪਰ ਪੰਚਮ ਗੁਰੂ ਨੇ ਸਾਰੀ ਬਾਣੀ ਨੂੰ ਇਕ ਥਾਂ ਗ੍ਰੰਥ ਸਵਰੂਪ ਵਿਚ ਦਰਜ਼ ਕੀਤਾ ਅਤੇ ਉਸ ਵਿਚ ਕੁੱਝ ਭਗਤ/ਭੱਟਾਂ ਦੀ ਬਾਣੀ ਵੀ ਦਰਜ ਕੀਤੀ। ਨਾਲ ਹੀ ਉਸਦਾ ਦਰਬਾਰ ਸਾਹਿਬ ਪ੍ਰਕਾਸ਼ ਵੀ ਕੀਤਾ। ਅਸੀਂ ਇਹ ਜਾਣਦੇ ਹਾਂ।

ਖ਼ੈਰ, ਇਕ ਚਿੰਤਕ-ਪੜਚੋਲੀਏ ਨੇ ਸਵਾਲ ਕੀਤਾ ਕਿ ਬਾਣੀ ਤਾਂ ਕੇਵਲ ਗੁਰੂਆਂ ਦੀ ਹੀ ਹੋਣੀਂ ਚਾਹੀਦੀ ਸੀ। ਭਗਤਾਂ ਦੀ ਬਾਣੀ ਦੀ ਕੀ ਲੋੜ ਸੀ?

ਦੂਜੇ ਚਿੱਤਕ-ਪੜਚੋਲੀਏ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬਾਨ ਨੇ ਹੀ ਆਪਣੇ ਹਮ ਖ਼ਿਆਲੀ ਸੱਜਣਾ ਦੀ ਬਾਣੀ ਨੂੰ ਗ੍ਰੰਥ ਵਿਚ ਸਥਾਨ ਦਿੱਤਾ ਸੀ।

ਪਹਿਲਾ ਪੜਚੋਲੀਆ ਕਹਿਣ ਲੱਗਾ ਕਿ ਜੇਕਰ ਗੁਰੂ ਸਾਹਿਬਾਨ ਰੱਬੀ ਖ਼ਿਆਲ ਕਲਮਬੱਧ ਕਰਕੇ ਪ੍ਰਚਾਰ ਹੀ ਰਹੇ ਸਨ ਤਾਂ ਫ਼ਿਰ ਆਪਣੇ ਹੀ ਖਿਆਲਾਂ ਦੇ ਦੁਹਰਾਵ ਨੂੰ ਦੂਬਾਰਾ ਦਰਜ ਕਰਨ ਦੀ ਕੀ ਲੋੜ ਸੀ? ਭਲਾ ਉਨ੍ਹਾਂ ਦੀ ਆਪਣੀ ਬਾਣੀ ਵਿਚ ਕੋਈ ਕਮੀ ਸੀ? ਕਿ ਪਹਿਲਾਂ ਪ੍ਰਚਾਰ ਅਧੂਰਾ ਹੁੰਦਾ ਸੀ?ਗੁਰੂ ਨਾਨਕ ਦੀ ਬਾਣੀ ਕਾਫ਼ੀ ਨਹੀਂ ਸੀ?

ਦੂਜੇ ਪੜਚੋਲੀਏ ਨੇ ਦੂਸਰੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਭਾਈ ਸਾਹਿਬ ਇਹ ਤਾਂ ਗੁਰੂ ਬੇਹਤਰ ਜਾਂਣਦੇ ਸੀ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਕੀ ਕਾਫ਼ੀ ਸੀ ਅਤੇ ਕੀ ਨਾਕਾਫ਼ੀ! ਇਸ ਲਈ ਇਸ ਬਾਬਤ ਸਾਨੂੰ ਗੁਰੂ ਦੇ ਨਿਰਨੇ ਨੂੰ ਹੀ ਸਵੀਕਾਰ ਕਰਕੇ ਤੁਰਨਾ ਚਾਹੀਦਾ ਹੈ।

ਹੁਣ ਪਹਿਲਾ ਪੜਚੋਲੀਆ ਬੋਲਿਆ ਕਿ ਅੱਛਾ ਇਹ ਦੱਸੇ ਕਿ ਭੱਟਾਂ ਦੀ ਕੀ ਲੋੜ ਸੀ? ਕਿ ਗੁਰੂਆਂ ਅਤੇ ਭਗਤਾਂ ਦੀ ਬਾਣੀ ਵਿੱਚ ਕੋਈ ਕਮੀ ਸੀ ਜਿਸ ਨੂੰ ਭੱਟ ਬਾਣੀ ਰਾਹੀਂ ਪੁਰਾ ਕੀਤਾ ਗਿਆ? ਭੱਟਾਂ ਦੇ ਸ਼ਬਦਾਂ ਰਾਹੀਂ ਗੁਰੂਆਂ ਨੇ ਆਪਣੀ ਤਾਰੀਫ਼ ਕਿਉਂ ਅਤੇ ਕਿਵੇਂ ਦਰਜ ਕਰਵਾ ਲਈ?

ਦੂਜਾ ਪੜਚੋਲੀਆ ਬੋਲਿਆ ਕਿ ਭਾਈ ਸਾਹਿਬ ਇਹ ਵੀ ਤਾਂ ਗੁਰੂਆਂ ਦਾ ਨਿਰਨਾ ਸੀ ਕਿ ਭੱਟਾਂ ਦੀ ਬਾਣੀ ਗ੍ਰੰਥ ਵਿਚ ਸ਼ਾਮਲ ਕੀਤੀ ਗਈ। ਆਪ ਜੀ ਇਸ ਤਰ੍ਹਾਂ ਦਾ ਚਿੰਤਨ ਨਾ ਕਰਿਆ ਕਰੋ ਜਿਸ ਦੀ ਆਪ ਜੀ ਨੂੰ ਸਮਝ ਨਾ ਹੋਵੇ! ਆਪ ਜੀ ਨੂੰ ਬਾਣੀ ਦੀ ਪੂਰੀ ਸਮਝ ਨਹੀਂ।

ਪਹਿਲਾ ਪੜਚੋਲੀਆ ਫ਼ਿਰ ਪੁੱਛਣ ਲੱਗਾ ਕਿ ਭਾਈ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਬਿਨ੍ਹਾਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਉਸਾਰੇ।ਫ਼ਿਰ ਬਾਦ ਦੇ ਗੁਰੂਆਂ ਨੂੰ ਸਰੋਵਰ ਯੁਕਤ ਦਰਬਾਰ ਸਾਹਿਬ ਵਰਗਾ ਇਕ ਕੇਂਦਰ ਅਤੇ ਅਕਾਲ ਤਖ਼ਤ ਉਸਾਰਣ ਦੀ ਕੀ ਲੋੜ ਸੀ? ਕੀ ਪ੍ਰਚਾਰ ਕਰਨਾ ਗੁਰੂ ਨਾਨਕ ਜੀ ਨੂੰ ਨਹੀਂ ਸੀ ਆਉਂਦਾ? ਫ਼ਿਰ ਇਹ ਖੰਡੇ ਬਾਟੇ ਦੀ ਪਾਹੂਲ ਕਿੱਥੋਂ ਆ ਗਈ? ਫ਼ਿਰ ਨਾਲ ਇਹ ਇਹ ‘ਸਿੰਘ’ ਅਤੇ ‘ਕੌਰ’ ਸ਼ਬਦਾਂ ਦੀ ਵਰਤੋਂ ਕਿੱਥੋਂ ਵਾੜ ਲਈ ਗਈ? ਕੀ ਪਹਿਲਾਂ ਸਿੱਖ ਬਿਨਾਂ ‘ਸਿੰਘ’ ਅਤੇ ‘ਕੌਰ’ ਦੇ ਸਿੱਖ ਨਹੀਂ ਸੀ ਹੁੰਦੇ? ਜੋ ਗੁਰੂ ਨਾਨਕ ਨੇ ਨਹੀਂ ਕੀਤਾ ਉਹ ਬਾਦ ਵਿਚ ਕਿਉਂ ਕੀਤਾ ਗਿਆ? ਫ਼ਿਰ ਜੇ ਕਰ ਸ਼ਬਦ ਗੁਰੂ ਸੀ ਤਾਂ ਉਦੋਂ ਹੀ ਗੁਰੂ ਨਾਨਕ ਨੇ ਪੋਥੀ ਨੂੰ ਹੀ ‘ਸ਼ਬਦ ਗੁਰੂ ਪੋਥੀ’ ਜਾਂ ‘ਗੁਰੂ ਪੋਥੀ ਸਾਹਿਬ’ ਕਿਉਂ ਨਹੀਂ ਕਹਿਆ?

ਦੂਜੇ ਪੜਚੋਲੀਏ ਨੇ ਜਵਾਬ ਦਿੱਤਾ ਕਿ ਭਾਈ ਜੀ ਇੰਝ ਦੀ ਪੜਚੋਲ ਨਾ ਕਰਿਆ ਕਰੋ ਕਿਉਂਕਿ ਇਹ ਕੰਮ ਗੁਰੂਆਂ ਨੇ ਕੀਤੇ ਸੀ, ਇਸ ਲਈ ਇਨ੍ਹਾਂ ਨੂੰ ‘ਪਹਿਲਾਂ’ ਜਾਂ ‘ਬਾਦ’ ਦੇ ਚੱਕਰ ਵਿਚ ਫ਼ਸਾ ਕੇ ਨਾ ਵੇਖਿਆ ਕਰੋ! ਅਸੀਂ ਅਧਿਆਤਮ ਦੀ ਗਲ ਕਰ ਰਹੇ ਹਾਂ ਨਾ ਕਿ ‘ਹਿਸਾਬ’ ਦੀ, ਅਤੇ ਅਧਿਆਤਮ ਵਿਚ ਹਰ ਗਲ ਦਾ ਜਵਾਬ 2+2= 4 ਵਰਗਾ ਨਹੀਂ ਹੋ ਸਕਦਾ। ਗੁਰੂਆਂ ਦੀ ਸੋਚ ਅਤੇ ਗਿਆਨ ਸਾਡੇ ਸਮਰੱਥ ਨਾਲੋਂ ਬਾਹਰ ਤਾਂ ਹੈ ਹੀ! ਇਸ ਲਈ ਭਾਈ ਮੇਰੇ, ਚਿੰਤਨ-ਪੜਚੋਲ ਬਹੁਤ ਜ਼ਰੂਰੀ ਹੈ ਪਰ ਇਸ ਵਿਚ ‘ਅਤਿ’ ਨਹੀਂ ਹੋਣੀਂ ਚਾਹੀਦੀ। ਭਾਈ ਜੀ, ਕਿੱਧਰੇ ਕਿਸੇ ਜਗ੍ਹਾ ਤਾਂ ਸਵੀਕਾਰ ਕਰੋ ਕਿ ਕੁੱਝ ਨਿਰਨੇ ਗੁਰੂਆਂ ਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਕਬੂਲ ਕਰਦੇ ਤੁਰਨਾ ਹੈ। ਪੜਚੋਲਿਆਂ ਦਾ ਇਹ ਸੰਵਾਦ ਸਮਾਪਤ ਹੋਈਆ

ਐਸੇ ਸਵਾਲਿਆ ਪੜਚੋਲਿਐ ਨੂੰ ਆਖ਼ਿਰਕਾਰ ਕੋਈ ਕੀ ਜਵਾਬ ਦੇਵੇ?

ਹੁਣ ਇਹ ਗਲ ਵੀ ਬਿਲਕੁਲ ਵਿਚਾਰਣ ਯੋਗ ਹੈ ਕਿ ਕੋਈ ਸਾਧ, ਸਾਧਾਂ ਦੀ ਮਹਿਮਾ ਦਾ ਗਾਯਨ ਕਰਦਾ ਆਪਣੇ ਅਗਿਆਨ ਨੂੰ ਗੁਰੂ ਦਾ ਨਿਰਨਾ ਕਹੇ ਤਾਂ ਉਸਦਾ ਚਿੰਤਨ-ਪੜਚੋਲ ਗਲਤ ਸਾਬਤ ਹੋਵੇਗੀ। ਨਾਲ ਹੀ ਜੇਕਰ ਕੋਈ ਵੀ ਜਾਗਰੂਕ ਧਿਰ ਚਿੰਤਨ ਅਤੇ ਪੜਚੋਲ ਦੇ ਨਾਮ ਤੇ ਗੁਰੂਆਂ ਦੇ ਕੀਤੇ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਬਾਣੀ ਸਵਰੂਪ ਬਾਰੇ ਸ਼ੰਕੇ ਖੜੇ ਕਰੇ, ਤਾਂ ਐਸੇ ਚਿੰਤਨ/ਸਹਿਯੋਗ ਨੂੰ ਵੀ ਸਾਧ ਦੇ ਚਿੰਤਨ ਵਰਗਾ ਹੀ ਸਮੱਝਿਆ ਜਾਵੇਗਾ ਕਿਉਂਕਿ ਦੋਵੇਂ ਚਿੰਤਨ ਆਪਣੀ-ਆਪਣੀ ਜਗ੍ਹਾ ਗਲਤ ਹਨ ਅਤੇ ਨਿੰਦਨੀਯ ਹਨ ਜਿਨ੍ਹਾਂ ਦਾ ਵਿਰੋਧ ਵੀ ਚਿੰਤਨ ਅਤੇ ਪੜਚੋਲ ਰਾਹੀਂ ਹੀ ਹੋਣਾ ਚਾਹੀਦਾ ਹੈ ਅਤੇ ਹੁੰਦਾ ਵੀ ਹੈ। ਜੇਕਰ ਚਿੰਤਨ ਵਿਚ ਗੁਰੂਆਂ ਦੇ ਕੀਤੇ ਕੁੱਝ ਕੰਮਾਂ ਬਾਰੇ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਅਨੁਸ਼ਾਸਨ ਨਹੀਂ ਤਾਂ ਐਸਾ ਚਿੰਤਨ ਅਨੁਸ਼ਾਸਨਹੀਨ ਚਿੰਤਨ ਹੀ ਕਿਹਾ ਜਾਵੇਗਾ। ਜੇ ਕਰ ਗਲਤ ਚਿੰਤਨ-ਪੜਚੋਲ ਦੀ ਅਜ਼ਾਦੀ ਹੈ ਤਾਂ ਐਸੇ ਚਿੰਤਨ ਦੇ ਵਿਰੋਧ ਦਾ ਚਿੰਤਨ ਪਾਬੰਦ ਕਿਵੇਂ ਹੋ ਜਾਏ?

ਖੋਜ, ਚਿੰਤਨ ਅਤੇ ਪੜਚੋਲ ਗੁਰਮਤਿ ਹੈ। ਪਰ ਉਹ ਚਿੰਤਨ, ਜਿਹੜਾ ਕਿ ‘ਗੁਰਮਤਿ ਚਿੰਤਨ’ ਦੇ ਮੂਲ ਅਧਾਰਾਂ (ਗੁਰੂ ਸਾਹਿਬਾਨ, ਉਨਾਂ ਦੇ ਕੀਤੇ ਕੰਮਾਂ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ) ਤੇ, ਚਿੰਤਨ ਦੇ ਹੱਕ ਦੀ ਆੜ ਲੇ, ਕਿੰਤੂ ਕਰਦਾ ਹੋਵੇ ਜਾਂ ਕੀਤੇ ਜਾ ਰਹੇ ਕਿੰਤੂਆਂ ਦਾ ਸਮਰਥਨ ਕਰੇ, ਚਿੰਤਨ ਨਹੀਂ ਅਨੁਸ਼ਾਸਨਹੀਨਤਾ ਹੈ। ਗੁਰੂਆਂ ਦੇ ਕੁੱਝ ਨਿਰਨਿਆਂ ਨੂੰ ਇਸ ਦਲੀਲ ਤੇ ਚੁਨੌਤੀ ਨਹੀਂ ਦਿੱਤੀ ਜਾ ਸਕਦੀ ਕੋਈ ਸਾਧ ਵੀ ਕਈ ਥਾਂ ਗੁਰੂਆਂ ਦੇ ‘ਕਥਿਤ’ ਨਿਰਨਿਆਂ ਦਾ ਤਰਕ ਇਸਤੇਮਾਲ ਕਰਦਾ ਹੈ। ਅਗਿਆਨਿਆਂ ਵਲੋਂ ਕਿਸੇ ਗਲਤ ਕੰਮ ਨੂੰ ਗੁਰੂ ਦਾ ਨਿਰਨਾ ਕਹਿਣਾ ਅਤੇ ਕਿਸੇ ਜਾਗਰੂਕ ਵਲੋਂ ਗੁਰੂਆਂ ਦੇ ਸਹੀ ਨਿਰਨੇ ਨੂੰ ਆਪਣੀ ਮਤਿ ਦੀ ਚੁਨੌਤੀ ਰਾਹੀਂ ਨੱਕਾਰਨਾ, ਬਰਾਬਰ ਦਿਆਂ ਗਲਤਿਆਂ ਹਨ। ਜਾਗਰੂਕ ਹੋਣ ਦੇ ਨਾਤੇ, ਜਾਗਰੂਕਾਂ ਸਿਰ ਤਾਂ ਕਿਸੇ ਸਾਧ ਨਾਲੋਂ ਜਿਆਦਾ ਹੀ ਜ਼ਿੰਮੇਦਾਰੀ ਬਣਦੀ ਹੈ।

ਕੀ ਕੋਈ ਐਸਾ ਜਾਗਰੂਕ ਹੈ ਜੋ ਇਹ ਸਾਬਤ/ਦਾਵਾ ਕਰ ਸਕੇ ਕਿ ਉਸ ਦੀ ਮਤਿ ਗੁਰੂਆਂ ਨਾਲੋਂ ਜ਼ਿਆਦਾ ਕੰਮ ਕਰਦੀ ਹੈ? ਕਿ ਕੋਈ ਐਸਾ ਜਾਗਰੂਕ ਹੈ ਜੋ ਇਹ ਸਾਬਤ/ਦਾਵਾ ਕਰ ਸਕੇ ਕਿ ਉਸ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਸੰਪੁਰਣ ਗਿਆਨ ਹੈ? ਕਿਸੇ ਸਾਧ ਵਲੋਂ, ਆੜ ਵਜੋਂ, ਵਰਤੇ ਜਾਣ ਵਾਲੇ ਇਹੀ ਦੋ ਸਵਾਲ, ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਨਹੀਂ ਬਦਲ ਸਕਦੇ।ਇਹ ਸੱਚਾਈ ਕਦੇ ਨਹੀਂ ਬਦਲ ਸਕਦੀ ਕਿ ਗੁਰੂ ਸਾਡੇ ਨਾਲੋਂ ਜ਼ਿਆਦਾ ਜਾਣਦੇ ਸਨ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗਿਆਨ ਦੀ ਸਾਨੂੰ ਸੰਪੁਰਣ ਸਮਝ ਨਹੀਂ।

ਜੇਕਰ ਅਸੀਂ ਸਾਰਾ ਕੁੱਝ ਸੰਪੁਰਣ ਤੋਰ ਤੇ ਨਹੀਂ ਜਾਣਦੇ, ਤਾਂ ਉਨ੍ਹਾਂ ਗਲਾਂ ਬਾਰੇ, ਜਿਨ੍ਹਾਂ ਬਾਰੇ ਸਾਡੀ ਜਾਂ ਸਵਾਲ ਖੜੇ ਕਰਨ ਵਾਲੇ ਗੁਰਮਤਿ ਪਿਆਰੇ ਦੀ ਅਲਪ ਮਤਿ ਕੰਮ ਨਹੀਂ ਕਰਦੀ, ਸਾਨੂੰ ਗੁਰੂ ਦੇ ਨਿਰਨੇ ਨੂੰ ਅਧਾਰ ਮੰਨ ਕੇ ਹੀ ਤੁਰਨਾ ਪਵੇਗਾ।

ਕਿਉਂ? ਇਸ ਸ਼ਬਦ ਦੀ ਵਾਜਬ ਵਰਤੋਂ ਤੋਂ ਹੀ ਸਹੀ ਚਿੰਤਨ-ਪੜਚੋਲ ਦਾ ਕੰਮ ਆਰੰਭ ਹੁੰਦਾ ਹੈ, ਲੇਕਿਨ ਬੇਵਜਾਹ ਕਿਉਂ? ਕਿਉਂ? ਕਿਉਂ? ਦੀ ਰੱਟ ਕਈਂ ਥਾਂ, ਗੁਰੂਆਂ ਦੇ ਕੀਤੇ ਨਿਰਨਿਆਂ ਨੂੰ ਮੰਨ ਲੇਂਣ ਤੇ ਹੀ ਮੁੱਕ ਸਕਦੀ ਹੈ।ਗੁਰਮਤਿ ਪਿਆਰੇ ਜਾਗਰੂਕਾਂ ਨੂੰ ਇਨ੍ਹਾਂ ਤਾਂ ਸਮਝਣਾ ਚਾਹੀਦਾ ਹੈ।

ਸਿੱਖੀ ਦੇ ਮੂਲਭੂਤ ਅਧਾਰਾਂ, ਗੁਰੂ ਸਾਹਿਬਾਨ, ਗੁਰੂ ਨਿਰਣੇ (ਦਰਬਾਰ ਸਾਹਿਬ ਕੰਮਪਲੈਕਸ ਦੀ ਉਸਾਰੀ ਸਮੇਤ ਕਈ ਹੋਰ ਕੰਮ) ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਬਾਰੇ ਸ਼ੰਕਾਵਾਂ ਦਾ ਭਾਵ ਉੱਤਪੰਨ ਕਰਦੇ ਚਿੰਤਨ-ਪੜਚੋਲ ਕਰਨਾ ਜਾਂ ਉਸ ਨੂੰ ਉੱਤਸਾਹਿਤ ਕਰਨਾ ਠੀਕ ਨਹੀਂ। ਜੇਕਰ ਇਸ ਨੂੰ ਸਵੈ ਜਿੰਮੇਦਾਰੀ ਦੇ ਭਾਵ ਨਾਲ ਬੰਦ ਨਾ ਕੀਤਾ ਗਿਆ ਤਾਂ ਆਮ ਸਿੱਖ ਵਾਜਬ ਪਰਿਵਰਤਨ ਪ੍ਰਕ੍ਰਿਆ ਦਾ ਵੀ ਹਿੱਸਾ ਨਹੀਂ ਬਣੇਗਾ। ਉਹ ਸਾਡੀਆਂ ਚੰਗੀਆਂ ਗਲਾਂ ਨੂੰ ਵੀ ਤਰਿਸਕਾਰ ਦੇਵੇਗਾ। ਹੋਰ ਕੁੱਝ ਹੋਵੇ ਜਾਂ ਨਾ ਹੋਵੇ ਇਕ ਗਲ ਪੱਕੀ ਹੈ ਕਿ ਮੂਲਭੂਤ ਅਧਾਰਾਂ ਤੇ ਆਪੱਤਿਜਨਕ ਕਿੰਤੂ ਕਰਨ ਵਲਿਆਂ ਨੂੰ ਆਮ ਸਿੱਖ ਦਾ ਸਮਰਥਨ ਨਹੀਂ ਮਿਲੇਗਾ।

ਆਮ ਸਿੱਖ ਨੂੰ ਮੂਲਭੂਤ ਅਧਾਰਾਂ ਦੇ ਸਤਿਕਾਰ ਦੀ ਆੜ ਵਿਚ ਮੁਰਖ ਤਾਂ ਬਣਾਇਆ ਜਾ ਸਕਦਾ ਹੈ ਪਰ ਮੂਲਭੂਤ ਅਧਾਰਾਂ ਦਾ ਨਿਰਾਦਰ ਕਰਕੇ ਉਸ ਨੂੰ ਸਿਆਣਾ ਬਨਾਉਂਣਾ ਨਾਮੂਮਕਿਨ ਹੈ! ਇਸ ਲਈ ‘ਸੁਧਾਰ ਦੇ ਵਿਕਾਸ’ ਦੀ ਜੁਗਤ ਵੀ ਗੁਰੂਆਂ ਦੇ ਸਤਿਕਾਰ ਵਿਚ ਹੀ ਹੈ ਨਾ ਕਿ ਉਨ੍ਹਾਂ ਦੇ ਸਤਿਕਾਰ ਨੂੰ ਨੀਵਾਂ ਦਿਖਾਉਂਣ ਦਾ ਅਭਾਸ ਦਿੰਦੇ ਚਿੰਤਨ ਵਿਚ। ਕਿਸੇ ਨੂੰ ਸ਼ੱਕ ਹੋਵੇ ਤਾਂ ਇਤਹਾਸ ਪੜ ਕੇ ਵੇਖ ਲਵੇ!

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top