Share on Facebook

Main News Page

ਮਾਨ ! ਸਿੱਖ ਕੌਮ ਦੀ ਸ਼ਾਨ !!
ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਦਾ ਮੁਲਾਂਕਣ

1984 ਵਿਚ ਭਾਰਤ ਸਰਕਾਰ ਵੱਲੋਂ ਕੀਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਭਾਈ ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਮਹਾਨ ਸਮਝੀ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਨ ਸਾਹਿਬ ਦੀ ਕੁਰਬਾਨੀ ਤਾਂ ਹੈ ਪਰ ਕਿੰਨੀ ਕੁ ਮਹਾਨ ਹੈ, ਇਸ ‘ਤੇ ਵਿਚਾਰ ਹੋਣੀ ਚਾਹੀਦੀ ਹੈ। ਜਿਹੜੇ ਸਿੱਖ ਸੰਘਰਸ਼ ਵਿਚ ਸ਼ਹੀਦੀਆਂ ਪਾ ਗਏ, ਉਨ੍ਹਾਂ ਦੀ ਕੁਰਬਾਨੀ ਤਾਂ ਮਹਾਨ ਹੈ ਹੀ ਅਤੇ ਉਹ ਗੁਰੂ ਮਹਾਰਾਜ ਦੇ ਸਭ ਤੋਂ ਸਤਿਕਾਰੇ ਸਿੱਖ ਹਨ ਪਰ ਜਿਹੜੇ ਬਚ ਗਏ ਜਾਂ ਸ਼ਹੀਦ ਨਹੀਂ ਹੋਏ ਜਾਂ ਹੋ ਨਹੀਂ ਸਕੇ, ਉਨ੍ਹਾਂ ਬਾਰੇ ਜ਼ਰਾ ਗੱਲ ਸ਼ੁਰੂ ਕਰਦੇ ਹਾਂ।

ਦਰਬਾਰ ਸਾਹਿਬ ਦੇ ਹਮਲੇ ਵੇਲੇ ਮਾਨ ਸਾਹਿਬ ਮਹਾਰਾਸ਼ਟਰ ਵਿਚ ਸੈਂਟਰਲ ਇੰਡਸਟਰੀਅਲ ਫੋਰਸ ਵਿਚ ਕਮਾਂਡੈਂਟ ਸਨ। ਹਮਲੇ ਦੇ ਰੋਸ ਵਜੋਂ ਇਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਸ ਵੇਲੇ ਕਈ ਸਿੱਖਾਂ ਨੇ ਆਪਣੇ ਅਹੁਦੇ ਤਿਆਗੇ, ਕਿਸੇ ਨੇ ਐਵਾਰਡ ਮੋੜੇ ਅਤੇ ਬਹੁਤੇ ਜੋ ਨੌਜਵਾਨ ਸਨ ਸਿੱਖ ਸੰਘਰਸ਼ ਵਿਚ ਕੁੱਦ ਪਏ। ਉਸ ਵੇਲੇ ਮਾਨ ਸਾਹਿਬ ਤੋਂ ਇਲਾਵਾ ਹਰਿੰਦਰ ਸਿੰਘ ਖਾਲਸਾ, ਜੋ ਨਾਰਵੇ ਵਿਚ ਅੰਬੈਸਡਰ ਸੀ, ਅਤੇ ਗੁਰਤੇਜ ਸਿੰਘ ਆਈ ਏ ਐਸ ਨੇ ਵੀ ਨੌਕਰੀਆਂ ਤੋਂ ਅਸਤੀਫ਼ੇ ਦਿੱਤੇ। ਹਰਿੰਦਰ ਸਿੰਘ ਨਾਰਵੇ ਅਤੇ ਗੁਰਤੇਜ ਸਿੰਘ ਦੀ ਨੌਕਰੀ ਮਾਨ ਸਾਹਿਬ ਨਾਲੋਂ ਛੋਟੀ ਨਹੀਂ, ਦੋ ਰੱਤੀਆਂ ਵੱਡੀ ਹੀ ਸੀ। ਹਰਿੰਦਰ ਸਿੰਘ ਨਾਰਵੇ ਨੇ ਉਸ ਤੋਂ ਬਾਅਦ ਹੋਟਲਾਂ ਵਿਚ ਭਾਂਡੇ ਮਾਂਜ ਕੇ ਗੁਜ਼ਾਰਾ ਕੀਤਾ ਅਤੇ ਗੁਰਤੇਜ ਸਿੰਘ ਘਰੋਂ ਚੰਗਾ ਹੋਣ ਕਰਕੇ ਆਪਣੇ ਹਿਸਾਬ ਨਾਲ ਸਿੱਖ ਪੰਥ ਦੀ ਸੇਵਾ ਕਰਦਾ ਰਿਹਾ। ਮਾਨ ਸਾਹਿਬ ਉਸ ਵੇਲੇ ਤਕਰੀਬਨ 50 ਸਾਲ ਦੇ ਸਨ ਤੇ 58 ਸਾਲ ‘ਤੇ ਨੌਕਰੀ ਤੋਂ ਰਿਟਾਇਰਮੈਂਟ ਮਿਲ ਜਾਂਦੀ ਹੈ। ਸੋ 8 ਸਾਲ ਦੀ ਨੌਕਰੀ ਛੱਡੀ ਗਈ। ਪਰ ਉਹ ਸਿੰਘ ਕਿਸੇ ਵੀ ਗਿਣਤੀ ਵਿਚ ਨਹੀਂ ਆਉਂਦੇ ਜਾਂ ਉਨ੍ਹਾਂ ਦੀ ਕੁਰਬਾਨੀ ਹੀ ਨਹੀਂ ਗਿਣੀ ਜਾਂਦੀ ਜਿਨ੍ਹਾਂ ਨੇ ਹਾਲੇ ਜਿੰਦਗੀ ਵਿਚ ਅਜਿਹੀਆਂ ਨੌਕਰੀਆਂ ਸ਼ੁਰੂ ਕਰਨੀਆਂ ਸਨ। ਉਹ ਜਾਂ ਤਾਂ ਜਿੰਦਗੀ ਦੇਖੇ ਬਿਨਾਂ ਹੀ ਸ਼ਹੀਦ ਹੋ ਗਏ, ਜਿਹੜੇ ਬਚ ਗਏ ਉਹ ਅੱਜ ਤੱਕ ਆਰਥਿਕ ਮੰਦਹਾਲੀ ਵਿਚ ਜੀਵਨ ਗੁਜ਼ਾਰ ਰਹੇ ਹਨ ਜਾਂ ਜੇਲ੍ਹਾਂ ਵਿਚ ਬੈਠੇ ਹਨ।

ਉਸ ਤੋਂ ਬਾਅਦ ਮਾਨ ਸਾਹਿਬ ਦੀ ਕੁਰਬਾਨੀ ਇਹ ਹੈ ਕਿ ਉਹ 5 ਸਾਲ ਜੇਲ੍ਹ ਰਹੇ ਤੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਜੇਲ੍ਹ ਦੇ ਸਾਲ ਤਾਂ ਠੀਕ ਹਨ ਪਰ ਤਸ਼ੱਦਦ ਵਾਲੀ ਗੱਲ ਬਹੁਤ ਵਧਾਈ ਚੜ੍ਹਾਈ ਹੈ। ਮਾਨ ਸਾਹਿਬ ‘ਤੇ ਜਿਸਮਾਨੀ ਤਸ਼ੱਦਦ ਜੇ ਕੋਈ ਹੋਇਆ ਤਾਂ ਉਹ ਨਾਂਹ ਦੇ ਬਰਾਬਰ ਸੀ। ਜਿਨਾਂ ਤਸ਼ੱਦਦ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹੋਇਆ, ਉਸ ਬਾਰੇ ਆਪਾਂ ਸਾਰੇ ਜਾਣਦੇ ਹਾਂ। ਕਿਸੇ ਵੀ ਖਾੜਕੂ ਦਾ ਪਰਿਵਾਰ ਨਹੀਂ ਬਚਿਆ ਜਿਸ ‘ਤੇ ਜ਼ੁਲਮ ਨਾ ਹੋਇਆ ਹੋਵੇ। ਪਰ ਮਾਨ ਸਾਹਿਬ ਦੱਸਣ ਕਿ ਇਨ੍ਹਾਂ ਦੇ ਕਿਹੜੇ ਪਰਿਵਾਰ ਦੇ ਮੈਂਬਰ ‘ਤੇ ਤਸ਼ੱਦਦ ਹੋਇਆ ਹੈ? ਇਨ੍ਹਾਂ ਦੇ ਨੌਜਵਾਨ ਲੜਕੇ ਨੂੰ ਕਦੇ ਕਿਸੇ ਵੀ ਥਾਣੇ ਵਿਚ ਪੁੱਛਗਿੱਛ ਲਈ ਵੀ ਸੱਦਿਆ ਹੈ?

ਜਿੱਥੋਂ ਤੱਕ ਜੇਲ੍ਹ ਦੀ ਕਹਾਣੀ ਹੈ। ਮੈਂ ਸਿਰਫ਼ ਕੁਝ ਕੁ ਸਿੰਘਾਂ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਭਾਈ ਲਾਲ ਸਿੰਘ 19 ਸਾਲ ਜੇਲ੍ਹ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 16 ਸਾਲ, ਦਯਾ ਸਿੰਘ ਲਹੌਰੀਆ 15 ਜਾਂ 16 ਸਾਲ, ਭਾਈ ਦਲਜੀਤ ਸਿੰਘ ਬਿੱਟੂ 13 ਸਾਲ, ਭਾਈ ਕੁਲਬੀਰ ਸਿੰਘ ਬੜਾਪਿੰਡ 11 ਸਾਲ, ਭਾਈ ਹਰਪਾਲ ਸਿੰਘ ਚੀਮਾ 11 ਸਾਲ। ਇਸ ਤਰ੍ਹਾਂ ਕਈ ਹੋਰ ਹੋਣਗੇ ਮੈਨੂੰ ਯਾਦ ਨਹੀਂ। ਮਾਨ ਸਾਹਿਬ ਤਾਂ 1989 ਵਿਚ ਘਰ ਆ ਗਏ ਪਰ ਇਹ ਸਾਰੇ ਪਹਿਲਾਂ 10-11 ਸਾਲ ਭਗੌੜੇ ਤੇ ਹੁਣ ਜੇਲ੍ਹਾਂ ਵਿਚ। ਇਕ ਦੋ ਹੀ ਹਨ ਜੋ ਪਿਛਲੇ ਦੋ ਤਿੰਨ ਸਾਲ ਤੋਂ ਘਰ ਰਹਿ ਰਹੇ ਹਨ ਤੇ ਉਹ ਵੀ ਮੰਦਹਾਲੀ ਵਿਚ। ਇਨ੍ਹਾਂ ਨੇ ਤਾਂ ਕਦੇ ਵੀ ਆਪਣੀ ਕੁਰਬਾਨੀ ਦਾ ਰਾਗ ਨਹੀਂ ਅਲਾਪਿਆ। ਮਾਨ ਸਾਹਿਬ ਦੀ ਕੁਰਬਾਨੀ ਇਨ੍ਹਾਂ ਤੋਂ ਵੱਖਰੀ ਜਾਂ ਵੱਡੀ ਕਿਵੇਂ ਹੋ ਗਈ?

ਅਮੀਰਜ਼ਾਦਾ ਹੋਣ ਕਰਕੇ ਮਾਨ ਸਾਹਿਬ ਨੇ ਜੇਲ੍ਹ ਤੋਂ ਛੁਟਕਾਰਾ ਪਾਉਣ ਲਈ ਬਿਹਾਰ ਵਿਚ ਜੇਠਮਲਾਨੀ ਵਰਗੇ ਵਕੀਲ ਕੀਤੇ। ਪਰ ਇਨ੍ਹਾਂ ਦੇ ਨਾਲ ਨੇਪਾਲ ਬਾਰਡਰ ਤੋਂ ਫੜੇ ਬੰਦਿਆਂ ਲਈ ਵੀ ਭਾਈ ਸਾਹਿਬ (ਮਾਨ) ਨੇ ਵਕੀਲ ਨਹੀਂ ਕਰਕੇ ਦਿੱਤਾ। ਉਨ੍ਹਾਂ ਨੇ ਆਪਣੇ ਵਕੀਲ ਆਪਣੇ ਪੈਸੇ ‘ਤੇ ਕੀਤੇ। ਮਾਨ ਸਾਹਿਬ ਭਾਰਤ ਸਰਕਾਰ ਅੱਗੇ ਗੋਡੇ ਟੇਕ ਕੇ ਬਾਹਰ ਆਏ, ਬਕਾਇਦਾ ਰਾਸ਼ਟਰਪਤੀ ਤੇ ਚੀਫ਼ ਜਸਟਿਸ ਨੂੰ ਲਿਖਤੀ ਭਰੋਸਾ ਦੇ ਕੇ। ਇਧਰ ਗਰੀਬ ਸਿੱਖਾਂ ਦੀ ਕੁਰਬਾਨੀ ਦੇ ਜਲਵੇ ਦੇਖੋ। ਸੁੱਖਾ-ਜਿੰਦਾ ਹੱਸਦੇ ਗੱਜਦੇ ਹੋਏ ਭਾਰਤ ਸਰਕਾਰ ਨੂੰ ਵੰਗਾਰ ਕੇ ਸ਼ਹੀਦੀਆਂ ਪਾ ਗਏ। ਅੱਜ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਉਦਾਹਰਣ ਸਾਡੇ ਸਾਹਮਣੇ ਹੈ। ਗੋਡੇ ਟੇਕਣ ਵਾਲੇ ਦੀ ਕੁਰਬਾਨੀ ਨੂੰ ਕੁਰਬਾਨੀ ਕਿਵੇਂ ਕਹੀਏ?

ਜੁਝਾਰੂ ਸੰਘਰਸ਼ ਵਿਚ ਜੁਝਾਰੂਆਂ ਦੇ ਪਰਿਵਾਰਾਂ ਦੇ ਪਰਿਵਾਰ ਰੁੜ੍ਹ ਗਏ, ਘਰਾਂ ਵਿਚ ਅੱਗ ਬਾਲਣ ਵਾਲਾ ਨਾ ਰਿਹਾ। ਮਾਨ ਸਾਹਿਬ ਦੇ ਘਰ ਦਾ ਉਜਾੜਾ ਹੋਇਆ? ਕੋਈ ਸ਼ਹੀਦ? ਕਿਸੇ ‘ਤੇ ਤਸ਼ੱਦਦ? ਕੋਈ ਜੇਲ੍ਹ ਜਾਂ ਥਾਣੇ ਗਿਆ? ਨਹੀਂ! ਸਭ ਅੱਛਾ ਹੈ। ਮੇਰੇ ਆਲੇ ਦੁਆਲੇ ਹੀ ਕੁਝ ਪਰਿਵਾਰਾਂ ਦੀਆ ਉਦਾਹਰਣਾਂ ਦੇ ਕੇ ਆਪਣੀ ਗੱਲ ਸਮੇਟਣ ਦੀ ਕੋਸ਼ਿਸ਼ ਕਰਾਂਗਾ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਹਾਈਜੈਕਰ ਭਾਈ ਗਜਿੰਦਰ ਸਿੰਘ ਦਾ ਨਾਂ ਅਕਸਰ ਆਪਣੀਆਂ ਸਪੀਚਾਂ ਵਿਚ ਲੈਂਦੇ ਰਹੇ ਸਨ। ਭਾਈ ਗਜਿੰਦਰ ਸਿੰਘ ਨੇ 1981 ਵਿਚ ਜਹਾਜ਼ ਅਗਵਾ ਕੀਤਾ ਜਦੋਂ ਇਨ੍ਹਾਂ ਦੀ ਬੱਚੀ ਸਿਰਫ਼ 3 ਮਹੀਨੇ ਦੀ ਸੀ। ਪਤਨੀ ਤੇ ਬੱਚੀ ਨੂੰ ਪੰਜਾਬ ਛੱਡਣਾ ਪਿਆ ਤੇ ਇਹ ਮਾਵਾਂ ਧੀਆਂ ਉਸ ਤੋਂ ਬਾਅਦ ਪਹਿਲੀ ਵਾਰ ਭਾਈ ਸਾਹਿਬ ਨੂੰ ਪਾਕਿਸਤਾਨ ਜੇਲ੍ਹ ਵਿੱਚ ਮਿਲੀਆਂ। ਭਾਈ ਸਾਹਿਬ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਪਾਕਿਸਤਾਨ ਵੀ ਛੱਡਣਾ ਪੈ ਗਿਆ। ਅੱਜ ਤੱਕ ਪਰਿਵਾਰ ਦੇ ਤਿੰਨੇ ਜੀਅ ਇਕੱਠੇ ਨਹੀਂ ਰਹਿ ਸਕੇ ਅਤੇ ਨਾ ਪੰਜਾਬ ਵਾਪਿਸ ਜਾ ਸਕੇ, ਘਰੋਂ ਨਿਕਲਿਆਂ ਨੂੰ 26 ਸਾਲ ਹੋ ਗਏ ਹਨ। ਮਾਵਾਂ ਧੀਆਂ ਨੇ ਸਤਿਕਾਰਪੂਰਵਕ ਜੀਵਨ ਬੜਾ ਔਖਾ ਕੱਟਿਆ, ਖਾਸ ਕਰ ਕੇ ਆਰਥਿਕ ਤੌਰ ‘ਤੇ। ਉਨ੍ਹਾਂ ਦੀ ਧਰਮ ਪਤਨੀ ਅਕਸਰ ਬਿਮਾਰ ਰਹਿੰਦੇ ਹਨ। ਪਿੱਛੇ ਜਿਹੇ ਉਨ੍ਹਾਂ ਪਤੀ ਪਤਨੀ ਨੇ ਇਕੱਠੇ ਰਹਿਣ ਦਾ ਮਨ ਬਣਾਇਆ ਪਰ ਭਾਈ ਗਜਿੰਦਰ ਸਿੰਘ ਉਨ੍ਹਾਂ ਦੇ ਇਲਾਜ ਦੇ ਪੈਸੇ ਦੇਣ ਦੀ ਵੀ ਸਮਰੱਥਾ ਨਹੀਂ ਰੱਖਦੇ। ਇਸ ਲਈ ਸਿਰਫ਼ ਇਲਾਜ ਲਈ ਉਹ ਜਰਮਨ ਰਹਿ ਰਹੀ ਹੈ ਕਿਉਂਕਿ ਮੈਡੀਕਲ ਮੁਫ਼ਤ ਹੈ। ਬੱਚੀ ਇੰਗਲੈਂਡ ਤੇ ਸਾਰਾ ਟੱਬਰ ਅਲੱਗ ਅਲੱਗ ਤੇ ਇਕੱਠੇ ਹੋਣ ਦੀ ਕੋਈ ਉਮੀਦ ਨਹੀਂ। ਪਰ ਉਸ ਨੇ ਕੌਮ ਤੋਂ ਆਪਣੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਮੰਗਿਆ ਜਾਂ ਵੱਟਿਆ ਤੇ ਨਾ ਉਹਦੇ ਲਈ ਕੋਈ ਨਾਅਰੇ ਬਣੇ ਹਨ, ‘ਗਜਿੰਦਰ ਸਿੰਘ ਮਹਾਨ ਹੈ, ਸਿੱਖੀ ਕੌਮ ਦੀ ਸ਼ਾਨ ਹੈ’। ਇਹ ਨਾਅਰੇ ਇਕ ਮਾਨ ਲਈ ਹੀ ਰਾਖਵੇਂ ਕਿਉਂ ਹਨ? ਇਸ ਕਰਕੇ ਕਿ ਉਹ ਧਨਾਡ ਹੈ, ਜਗੀਰੂ ਸਰਦਾਰ ਹੈ, ਭਾਰਤ ਸਰਕਾਰ ਦੇ ਉਚੇ ਅਹੁਦੇ ‘ਤੇ ਰਿਹਾ ਹੈ? ਸਿੱਖੀ ਵਿਚ ਗਰੀਬ ਹੋਣਾ ਸਰਾਪ ਕਦੋਂ ਦਾ ਬਣ ਗਿਆ ਹੈ?

(ਇਸੇ ਗਜਿੰਦਰ ਸਿੰਘ ਦੀ ਪਤਨੀ ਨੇ ਅਮਰੀਕਾ ਵਿੱਚ ਪੁਲਿਟੀਕਲ ਅਸਾਇਲਮ ਲਈ ਅਪੀਲ ਕੀਤੀ ਸੀ ਤੇ ਮਾਨ ਸਾਹਿਬ ਨੇ ਉਸ ਨੂੰ ਚਿੱਠੀ ਵੀ ਨਹੀਂ ਦਿੱਤੀ ਸੀ। ਇਸ ਬਾਰੇ ਅਗਲੇ ਲੇਖਾਂ ਵਿੱਚ ਵਿਸਥਾਰ ਨਾਲ ਦੱਸਾਂਗਾ)

ਦੂਜੀ ਉਦਾਹਰਣ ਬਾਪੂ ਬਲਬੀਰ ਸਿੰਘ ਸੰਧੂ ਦੀ ਹੈ ਜਿਨ੍ਹਾਂ ਦਾ ਇਕੋ ਇਕ ਬੇਟਾ ਸੀ। ਪਹਿਲਾਂ ਬਾਪੂ ਨੇ ਕੌਮ ਦੀ ਬਥੇਰੀ ਸੇਵਾ ਕੀਤੀ ਤੇ ਫਿਰ ਆਪਣਾ ਪੁੱਤ ਪਾਕਿਸਤਾਨ ਟ੍ਰੇਨਿੰਗ ਲਈ ਬੁਲਾਇਆ ਜਦੋਂ ਉਸ ਦੀ ਉਮਰ ਸਿਰਫ਼ 16-17 ਸਾਲ ਦੀ ਸੀ। ਦਸਵੇਂ ਪਾਤਿਸ਼ਾਹ ਦਾ ਇਤਿਹਾਸ ਦੁਹਰਾਇਆ ਬਾਪੂ ਨੇ। ਆਪਦਾ ਪੁੱਤ ਆਪਣੇ ਹੱਥੀਂ ਟ੍ਰੇਂਡ ਕੀਤਾ ਤੇ ਬਾਰਡਰ ਲੰਘਾ ਕੇ ਪੰਥ ਦੀ ਸੇਵਾ ਲਈ ਪੰਜਾਬ ਭੇਜਿਆ। ਦੋਨੋਂ ਪਿਓ ਪੁੱਤ ਹੁਣ ਇਸ ਦੁਨੀਆ ‘ਤੇ ਨਹੀਂ, ਮਾਤਾ ਦਾ ਕੋਈ ਅਤਾ-ਪਤਾ ਨਹੀਂ। ਕੌਮ ਨੂੰ ਇਸ ਬਾਪੂ ਬਾਰੇ ਕਿੰਨਾ ਕੁ ਪਤਾ ਹੈ? ਦੂਜਾ ਬਾਪੂ (ਮਾਨ) ਜੋ ਕੌਮ ਦੀ ਧੌਣ ‘ਤੇ ਗੋਡਾ ਰੱਖੀ ਬੈਠਾ ਹੈ, ਆਪਦਾ ਪੁੱਤ ਅਮਰੀਕਾ ਪੜ੍ਹਨ ਭੇਜ ਕੇ ਖਾੜਕੂਵਾਦ ਦੇ ਸੇਕ ਤੋਂ ਬਚਾ ਕੇ ਰੱਖਿਆ, ਅਜੇ ਵੀ ਕੁਰਬਾਨੀ ਮਹਾਨ ਇਕੱਲੇ ਮਾਨ ਦੀ?

ਭਾਈ ਸਤਵੰਤ ਸਿੰਘ (ਇੰਦਰਾ ਕਤਲ) ਦੀ ਮੰਗਣੀ ਹੋਈ, ਜਿਸ ਬੀਬੀ ਨਾਲ ਹੋਈ ਸੀ, ਉਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਅਖੀਰ ਕੈਂਸਰ ਨਾਲ ਮੌਤ ਹੋ ਗਈ। ਉਹਦੀ ਕੁਰਬਾਨੀ ਕਿਹੜੇ ਪਾਸਿਓਂ ਘੱਟ ਜਾਂ ਛੋਟੀ ਹੈ? ਆਪਣੇ ਵਿਚੋ ਹੀ ਭਾਈ ਹਰਪਾਲ ਸਿੰਘ ਚੀਮਾ ਦੀ ਮਿਸਾਲ ਦੇਖ ਲਵੋ। ਕਿੰਨੇ ਸਾਲ ਗੁਜ਼ਰ ਗਏ, ਸਾਰੇ ਟੱਬਰ ਨੇ ਇਕੱਠੇ ਬੈਠ ਕੇ ਖਾਣਾ ਖਾ ਕੇ ਨਹੀਂ ਦੇਖਿਆ। ਸਾਰਾ ਟੱਬਰ ਖੇਰੂੰ ਖੇਰੂੰ ਹੋ ਕੇ ਰਹਿ ਗਿਆ ਹੈ। ਵੱਡੀ ਬੱਚੀ ਪੰਜਾਬ ਸੀ, ਆਪ ਅਮਰੀਕਾ ਦੀ ਜੇਲ੍ਹ ਵਿਚ ਨਰਕ ਭੋਗਦਾ ਰਿਹਾ ਅਤੇ ਧਰਮ ਪਤਨੀ ਤੇ 3-4 ਸਾਲ ਦਾ ਜੁਆਕ ਬਾਹਰ ਹਰ ਰੋਜ਼ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਸੀ। ਗੁਰਤੇਜ ਸਿੰਘ ਉਲੰਪੀਅਨ 1984 ਵਿੱਚ ਅਮਰੀਕਾ ਆਇਆ ਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਇੱਥੇ ਪ੍ਰੈਸ ਕਾਨਫਰੰਸ ਕਰਕੇ ਭਾਰਤ ਦਾ ਚਿਹਰਾ ਨੰਗਾ ਕੀਤਾ ਅਤੇ ਵਾਪਿਸ ਪੰਜਾਬ ਨਹੀ ਗਿਆ। ਇਹ ਹੁਣ ਨੂੰ ਡੀ ਆਈ ਜੀ ਹੁੰਦਾ (ਜਿਹੜਾ ਅਹੁਦਾ ਮਾਨ ਨੇ ਛੱਡਿਆ ਸੀ)। 25 ਸਾਲ ਦੀ ਉਮਰ ਵਿੱਚ ਆਪਨਾ ਸਾਰਾ ਖੇਡ ਜੀਵਨ ਛੱਡਿਆ ਤੇ ਅਮਰੀਕਾ ‘ਚ ਟਰੱਕ ਚਲਾ ਕੇ ਗੁਜ਼ਾਰਾ ਕੀਤਾ। 19 ਸਾਲ ਆਪਦੇ ਮਾ-ਪਿਉ ਨਹੀ ਦੇਖੇ। ਹਰ ਸਾਲ 700 ਤੋਂ ਉਪਰ IAS, IPS ਬਣਦੇ ਹਨ ਤੇ ਉਲੰਪੀਅਨ ਉੰਗਲਾਂ ਤੇ ਗਿਣੇ ਜਾਂਦੇ ਹਨ। ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਦਯਾ ਸਿੰਘ ਲਹੌਰੀਆ, ਭਾਈ ਲਾਲ ਸਿੰਘ, ਭਾਈ ਦਲਜੀਤ ਸਿੰਘ ਤੇ ਅਨੇਕਾਂ ਸੈਂਕੜੇ ਨਹੀਂ ਹਜ਼ਾਰਾਂ ਸਿੰਘਾਂ ਦੀ ਕੁਰਬਾਨੀ ਦੇ ਮੁਕਾਬਲੇ (ਮੇਰੇ ਵਿਚਾਰ ਅਨੁਸਾਰ) ਮਾਨ ਸਾਹਿਬ ਦੀ ਕੁਰਬਾਨੀ ਤਾਂ ਪਾਸਕੂ ਵੀ ਨਹੀਂ। ਪਰ ਫਿਰ ਵੀ ‘ਮਾਨ ਕੌਮ ਦੀ ਸ਼ਾਨ’!

ਆਖ਼ਰੀ ਗੱਲ ਮੈਂ ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਵੀਰਾਂ ਨਾਲ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੇ ਸੰਘਰਸ਼ ਵਿਚ ਯੋਗਦਾਨ ਪਾਇਆ ਹੈ ਤੇ ਫਿਰ ਕਿਵੇਂ ਨਾ ਕਿਵੇਂ ਬਚਦੇ ਬਚਾਉਂਦੇ ਵਿਦੇਸ਼ਾਂ ਵਿਚ ਪਹੁੰਚੇ। ਇਹ ਗੱਲ ਪੱਲੇ ਬੰਨ੍ਹ ਲਓ ਕਿ ਮਾਨ ਸਾਹਿਬ ਦੀ ਕੁਰਬਾਨੀ ਤੁਹਾਡੇ ਨਾਲੋਂ ਵੱਧ ਨਹੀਂ । ਬੜੀ ਹੈਰਾਨੀ ਹੁੰਦੀ ਹੈ ਕਿ ਤੁਸੀਂ ਹੀ ਕਹਿੰਦੇ ਰਹਿੰਦੇ ਹੋ ਕਿ ‘ਮਾਨ ਸਾਹਿਬ ਨੇ ਕੌਮ ਲਈ ਕੁਰਬਾਨੀ ਕੀਤੀ ਹੈ, ਇਹ ਬਹਾਦਰ ਜਰਨੈਲ ਹੈ, ਵਗੈਰਾ ਵਗੈਰਾ। ਪਹਿਲਾਂ ਤੁਸੀਂ ਪੰਜਾਬ ਵਿਚ ਸੇਵਾ ਕੀਤੀ ਤੇ ਆਪਣੇ ਘਰ ਬਾਰ ਉਜੜਦੇ ਦੇਖੇ। ਕਈਆਂ ਦੇ ਮਾਂ-ਪਿਓ, ਭੈਣ ਭਰਾ ਪੁਲਿਸ ਨੇ ਮਾਰ ਦਿੱਤੇ ਜਾਂ ਜਿਉਣ ਜੋਗੇ ਨਹੀਂ ਛੱਡੇ। ਤੁਸੀਂ ਇਥੇ ਆਏ ਤੇ ਇਮਾਨਦਾਰੀ ਦੀ ਜ਼ਿੰਦਗੀ ਜਿਊਣ ਲਈ ਗੈਸ ਸਟੇਸ਼ਨਾਂ, ਟੈਕਸੀਆਂ ਤੇ ਟਰੱਕ ਚਲਾਏ ਤੇ ਫਿਰ ਪਿੱਛੇ ਚੱਲ ਰਹੇ ਸੰਘਰਸ਼ ਵਿਚ ਪੈਸਾ ਭੇਜਿਆ। ਇੰਨੇ ਨੂੰ ਪਰਿਵਾਰ ਆ ਗਏ, ਉਹ ਮਜ਼ਬੂਰੀਆਂ ਪੈ ਗਈਆਂ। ਅਪਾਰਟਮੈਂਟਾਂ ਵਿਚ ਰਹਿ ਕੇ ਮਸਾਂ ਹੀ ਗੁਜ਼ਾਰਾ ਕੀਤਾ ਤੇ ਕਈਆਂ ਦੇ ਜੁਆਕ ਵੀ ਹੱਥਾਂ ਵਿਚ ਨਾ ਰਹੇ। ਹਰ ਦਿਨ ਔਕੜ ਭਰਿਆ ਤੇ ਸਟਰੈਸ ਵਾਲਾ ਜੀਵਨ ਪਰ ਫਿਰ ਵੀ ਮਾਨ ਸਾਹਿਬ ਵਰਗਿਆਂ ਨੂੰ ਆਪਣੇ ਬੱਚਿਆਂ ਦੇ ਹੱਕ ਦੇ ਪੈਸੇ ਵਿਚੋਂ ਇਨ੍ਹਾਂ ਨੂੰ ਕੱਢ ਕੇ ਦਿੱਤਾ ਤੇ ਸੀ ਵੀ ਨਹੀਂ ਕੀਤੀ। ਪਰ ਇਹ ਭਾਈ ਸਾਹਿਬ ਨੂੰ ਪੁੱਛੋ ਆਪਣੇ ਘਰੋਂ ਅੱਜ ਤੱਕ ਪੰਥ ਲਈ ਕਿੰਨੇ ਪੈਸੇ ਲਾਏ ਨੇ?

ਮੈਂ ਇੱਥੇ ਇਹ ਗੱਲ ਸ਼ਪਸ਼ਟ ਕਰ ਦਿਆਂ ਕਿ ਮਾਨ ਸਾਹਿਬ ਦੀ ਕੁਰਬਾਨੀ ਜਰੂਰ ਹੈ, ਪਰ ਮਾਨ ਸਾਹਿਬ ਤੋ ਵੱਧ ਕੁਰਬਾਨੀ ਵਾਲੇ ਸਿੰਘ ਅੱਜ ਵੀ ਜੂਝ ਰਹੇ ਹਨ ਤੇ ਮਾਨ ਸਹਿਬ ਨੇ ਨਿੱਜੀ ਖੁੰਦਕਾਂ ਵਿਚੋਂ ਸਿੱਖਾਂ ਵਿੱਚ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੀ ਕੋਈ ਕਸਰ ਨਹੀ ਛੱਡੀ। ਭਾਰਤ ਸਰਕਾਰ ਨੇ ਵੀ ਇਹੀ ਕੀਤਾ ਹੈ। ਸਿਤਮਜ਼ਰੀਫ਼ੀ ਦੇਖੋ, ਅਸਲ ਕੁਰਬਾਨੀਆਂ ਵਾਲੇ ‘ਕੈਟ’ ਤੇ ਜੇਲਾਂ੍ਹ ‘ਚ ਪਰ ਅਜੇ ਵੀ “ਮਾਨ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ”!

ਜ਼ਰੂਰੀ ਨੋਟ:
ਮੈਂ ਇਸ ਲੇਖ ਵਿਚ ਸਿੱਖ ਸੰਘਰਸ਼ ਵਿੱਚ ਕੁੱਦੇ ਨੌਜਵਾਨ ਯੋਧਿਆਂ ਦੇ ਪਰਿਵਾਰਾਂ ਦੀ ਹੱਡਬੀਤੀ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਹਨ। ਪਰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀਰਾਂ ਭੈਣਾਂ ਨੂੰ ਕਿਸੇ ਪਰਿਵਾਰ ਦੀ ਕਹਾਣੀ ਦਾ ਪਤਾ ਹੈ, ਉਹ ਅਖ਼ਬਾਰ ਨੂੰ ਜ਼ਰੂਰ ਭੇਜਣ ਤਾਂ ਜੋ ਇਤਿਹਾਸਕ ਤੱਥ ਇਕੱਠੇ ਹੋ ਸਕਣ।

ਮੈਂ ਇਥੇ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮਾਨ ਸਾਹਿਬ ਦੀ ਕੁਰਬਾਨੀ ਜ਼ਰੂਰ ਹੈ ਪਰ ਇੰਨੀ ਨਹੀਂ ਜਿੰਨੀ ਦਾ ਹੱਕ ਜਤਾਉਂਦੇ ਹਨ। ਜਿੰਨੀ ਕੁਰਬਾਨੀ ਕੀਤੀ ਸੀ ਉਸ ਤੋਂ ਵੱਧ ਮੁੱਲ ਵੱਟ ਚੁੱਕੇ ਹਨ ਜਾਂ ਕਹਿ ਲਉ ਕੌਮ ਨੇ ਉਸ ਤੌਂ ਕਈ ਗੁਣਾਂ ਵੱਧ ਸਤਿਕਾਰ ਦਿੱਤਾ ਹੈ। ਮੈਂ ਆਪਣੇ ਲੇਖਾਂ ਵਿੱਚ ਸਿਰਫ਼ ਸਿੱਖਾਂ ਨੂੰ ਕੁੱਝ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਸੱਚ ਸਾਹਮਣੇ ਆ ਸਕੇ । ਪਰ ਮੇਰੇ ਤੇ ਹਰ ਤਰਾਂ ਦਾ ਦਬਾਅ ਪਾਇਆ ਜਾ ਰਿਹੈ ਕਿ ਮੈਂ ਮਾਨ ਸਾਹਿਬ ਬਾਰੇ ਲਿਖਣਾ ਬੰਦ ਕਰ ਦਿਆਂ। ਪਰ ਮੈਂ ਬਿਨਾ ਕਿਸੇ ਈਰਖਾ ਦੇ ਪੰਥ ਲਈ ਮੇਰੀ ਸਮਝ ਅਨੁਸਾਰ ਜੋ ਠੀਕ ਬਣਦਾ ਹੈ ਕਰ ਰਿਹਾ ਹਾਂ।

ਜਸਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top