Share on Facebook

Main News Page

ਸਿੱਖਾਂ ਦਾ "ਛੇਵਾਂ ਤਖ਼ਤ" ਸਿਰਜਿਆ ਜਾ ਚੁਕਾ ਹੈ

ਅਕਾਲ ਤਖਤ ਕੋਈ ਇਮਾਰਤ ਜਾਂ ਬਿਲਡਿੰਗ ਨਹੀਂ।" ਅਕਾਲ ਤਖਤ " ਗੁਰੂ ਦਾ ਸਿਰਜਿਆ ਇਕ "ਸਿਧਾਂਤ" ਹੈ, ਜੋ ਕੌਮ ਤੇ ਪੰਥ ਦੀ ਅਡਰੀ ਪਹਿਚਾਨ, ਸਵੈਮਾਨ ਤੇ ਪ੍ਰਭੂਸੱਤਾ ਦਾ ਸੂਚਕ ਹੈ। ਗੁਰੂ ਨੇ "ਅਕਾਲ ਦੇ ਇਸ ਤਖਤ" ਨੂੰ ਅਕਾਲਪੁਰਖ ਦੇ ਸਿਧਾਂਤਾਂ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਿਰਜਿਆ ਸੀ, ਨਾਂ ਕੇ ਕਿਸੇ ਸਿਆਸੀ ਸੁਲਤਾਨ ਜਾਂ ਰਾਜੇ ਦੇ ਰੂਪ ਵਿਚ ਇਸ ਤੇ ਬਹਿ ਕੇ ਕੋਈ ਰਾਜਸੀ ਬਾਗਡੋਰ ਸੰਭਾਲਣ ਲਈ ਇਸ ਨੂੰ ਸਿਰਜਿਆ ਸੀ। ਬਿਲਡਿੰਗਾਂ ਤੇ ਈਮਾਰਤਾਂ ਵਕਤ ਦੇ ਨਾਲ ਫਨਾਂ ਹੁੰਦੀਆਂ ਤੇ ਵਕਤ ਨਾਲ ਉਸਾਰੀਆਂ ਜਾਂਦੀਆ ਨੇ, ਲੇਕਿਨ ਗੁਰੂ ਦਾ ਸਿਧਾਂਤ "ਯੂਨੀਵਰਸਲ ਟ੍ਰੁਥ" (ਸਦੀਵੀ ਸੱਚ) ਹੂਦਾ ਹੈ, ਉਹ ਨਾਂ ਕਦੀ ਨਸ਼ਟ ਹੁੰਦਾ ਹੈ ਤੇ ਨਾਂ ਕਦੀ ਬਦਲਦਾ ਹੈ। ਪੰਥ ਦੀ ਇਕ ਅਡਰੀ ਹੋਂਦ ਦਾ ਸੂਚਕ ਅਕਾਲ ਤਖਤ, ਗੁਰੂ ਦਾ ਇਹ ਸੰਦੇਸ਼ ਦੇਂਦਾ ਸੀ, ਕੇ ਕੌਮ ਦੇ ਮਸਲਿਆਂ ਤੇ ਧਾਰਮਿਕ ਫੈਸਲਿਆਂ ਨੂੰ ਜਾਰੀ ਕਰਨ ਦਾ ਇਹ ਇਕ ਕੇਂਦਰ ਹੋਵੇਗਾ। ਜੋ ਵੀ ਪੰਥਿਕ ਫੈਸਲੇ ਇਥੋਂ ਲਏ ਜਾਣਗੇ ਉਹ ਗੁਰੂ ਦੇ ਸਿਧਾਂਤ ਤੋਂ ਬਾਹਰ ਨਹੀਂ ਹੋਣਗੇ। ਜਦੋਂ ਤਕ ਗੁਰੂ ਸਾਹਿਬ ਆਪ ਉਥੇ ਦੇਹ ਰੂਪ ਵਿਚ ਵਿਰਾਜਮਾਨ ਰਹੇ, ਉਹ ਗੁਰੂ ਸਿਧਾਂਤਾਂ ਤੇ ਆਪ ਪਹਿਰਾ ਦੇਂਦੇ ਰਹੇ। ਗੁਰੂ ਦੇ ਦੇਹ ਰੂਪ ਤੋਂ ਬਾਦ , ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗੁਰਮਤਿ ਤੇ ਪਹਿਰਾ ਦੇਣ ਲਈ ਤੇ ਉਥੋਂ ਨਿਕਲਨ ਵਾਲੇ ਹਰ ਪੰਥਿਕ ਫੈਸਲੇ ਦੀ ਦੇਖ ਰੇਖ ਲਈ ਗੁਰੂ ਦੀ ਥਾਂ "ਸਰਬਤ ਖਾਲਸਾ" ਨੇ ਲੈ ਲਈ। ਉਸ ਵੇਲੇ ਤਕ ਵੀ ਪੰਜ ਸਿੰਘਾਂ ਦੀ ਮਰਜੀ ਜਾਂ ਹੁਕਮਨਾਮਾਂ ਕੋਈ ਅਹਿਮਿਯਤ ਨਹੀਂ ਸੀ ਰਖਦਾ ਜਦੋਂ ਤਕ "ਸਰਬਤ ਖਾਲਸਾ" ਉਸ ਨੂੰ ਪਰਵਾਣਗੀ ਨਾਂ ਦੇ ਦੇਵੇ। "ਸਰਬਤ ਖਾਲਸਾ" ਦੀ ਪਰਵਾਣਗੀ ਹੀ ਇਕ ਐਸਾ "ਅੰਕੁਸ਼" ਸੀ, ਜੋ ਕਿਸੇ ਵੀ ਪੰਥਿਕ ਫੈਸਲੇ ਉਤੇ ਕਿਸੇ ਨਿਜੀ ਸੋਚ ਜਾ ਸਿਆਸੀ ਸਵਾਰਥ ਨੂੰ ਹਾਵੀ ਹੋਣ ਤੋਂ ਰੋਕਦਾ ਸੀ। ਇਹ ਫੈਸਲੇ ਪੰਥ ਦੀ ਭਲਾਈ ਲਈ ਤੇ ਚੰਗੀ ਸੋਚ ਦੇ ਇਰਾਦੇ ਨਾਲ ਜਾਰੀ ਹੁੰਦੇ ਰਹੇ। ਖਾਲਸਾ ਰਾਜ ਦੇ ਸੰਸਥਾਪਕ, ਜੱਸਾ ਸਿੰਘ ਆਲਹੂਵਾਲਿਆ ਦੇ ਵੇਲੇ ਤਕ ਅਕਾਲ ਤਖਤ ਦਾ ਰੁਤਬਾ ਤੇ ਸਰਵਉੱਚਤਾ ਵਿਚ ਵਾਧਾ ਹੀ ਹੁੰਦਾ ਰਿਹਾ। ਤੇ ਹਰ ਸਿੱਖ "ਸਰਬਤ ਖਾਲਸਾ" ਦੀ ਮੌਜੂਦਗੀ ਵਿਚ ਲਏ ਗਏ ਫੈਸਲਿਆਂ ਨੂੰ "ਗੁਰੂ ਦੇ ਫੈਸਲੇ" ਦੇ ਤੁਲ ਸਤਕਾਰ ਕਰ ਕੇ ਸਿਰ ਨਿਵਾਂਦਾ ਤੇ ਉਸ ਤੇ ਕਿੰਤੂ ਕਰਨ ਤੋਂ ਗੁਰੇਜ ਕਰਦਾ ਰਿਹਾ।

ਸਿਆਸੀ ਤੇ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਦੀ ਅਕਾਲ ਤਖਤ ਪ੍ਰਤੀ ਸਤਕਾਰ ਤੇ ਸੰਨਮਾਨ ਦੀ ਇਸ "ਪੰਥਿਕ ਤਾਕਤ" ਨੂੰ ਭਲੀ ਭਾਂਤਿ ਸਮਝ ਲਿਆ ਸੀ, ਕੇ ਅਕਾਲ ਤਖਤ ਪ੍ਰਤੀ ਇਕ ਸਿੱਖ ਦਾ ਇਹ "ਰੁਹਾਨੀ ਸਿਧਾਂਤ", ਜੋ ਸਿੱਖਾਂ ਨੂੰ ਗੁਰੂ ਦੀ ਦੇਣ ਹੈ, ਇਨਾਂ ਨੂੰ ਕਦੀ ਵੀ ਕਮਜੋਰ ਨਹੀਂ ਹੋਣ ਦੇਵੇਗਾ। ਜੇ ਸਿੱਖ ਕਮਜੋਰ ਨਾਂ ਹੋਇਆ ਤੇ ਉਹ ਸਾਡੇ ਆਖੇ ਕਿਵੇ ਲਗੇਗਾ ਤੇ ਅਸੀ ਉਸ ਨੂੰ ਕਿਵੇ ਵਰਗਲਾ ਕੇ ਦਿਸ਼ਾ ਹੀਣ ਕਰਾਂਗੇ। ਇਨਾਂ ਸਿੱਖ ਵਿਰੋਧੀ ਤਾਕਤਾਂ ਤੇ ਸਿਆਸੀ ਦੁਕਾਨਾਂ ਚਲਾਉਣ ਵਾਲਿਆ ਨੇ ਸਿੱਖਾਂ ਦੀ ਇਸ ਤਾਕਤ ਨੂੰ ਕਮਜੋਰੀ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਤੇਜ ਕਰ ਦਿਤੀਆਂ। ਨਿਰਮਲੇ ਮਹੰਤਾਂ ਤੇ ਮੀਣਿਆਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਅਨਮਤਿ ਦੀ ਮਰਿਯਾਦਾ, ਮੂਰਤੀਆਂ, ਤੇ ਪੂਜਾ ਆਦਿਕ ਸ਼ੁਰੂ ਕਰਵਾ ਦਿਤੀ, ਸਿੱਖ ਇਤਿਹਾਸ ਤੇ ਹੋਰ ਹਸਤ ਲਿਖਿਤ ਗ੍ਰੰਥਾ ਨੂੰ ਵਿਕ੍ਰਤ ਕਰਨਾਂ ਤੇ ਨਸ਼ਟ ਕਰਨਾਂ ਸ਼ੁਰੂ ਕਰ ਦਿਤਾ। ਲੇਕਿਨ ਸਿੱਖ ਹੱਲੀ ਵੀ ਅਕਾਲ ਤਖਤ ਦੇ ਹੁਕਮਾਂ ਨੂੰ ਗੁਰੂ ਦਾ ਹੁਕਮ ਮਨਣ ਤੋ ਪਿਛੇ ਨਹੀਂ ਹਟਿਆ। ਇਸ ਤਾਕਤ ਕਰ ਕੇ ਹੀ 1903 ਦੀ ਸਿੰਘ ਸਭਾ ਲਹਿਰ ਪੰਥ ਨੂੰ ਮੁੜ ਸੁਰਜੀਤ ਕਰਨ ਵਿਚ ਕਾਮਯਾਬ ਰਹੀ। ਸਿੱਖ ਨੂੰ"ਅਕਾਲ ਤਖਤ" ਤੋਂ ਤੋੜਿਆ ਨਹੀਂ ਜਾ ਸਕਿਆ।

ਅਕਾਲ ਤਖਤ ਪ੍ਰਤੀ ਇਕ ਸਿੱਖ ਦੀ ਧਾਰਮਿਕ ਆਸਥਾ ਤੇ ਉਸ ਤੋਂ ਜਾਰੀ ਕੌਮੀ ਫੈਸਲਿਆ ਦੇ ਪ੍ਰਭਾਵ ਨੂ ਘੱਟ ਕਰਨ ਲਈ ਸਿੱਖ ਵਿਰੋਧੀ ਬ੍ਰਾਹਮਣਵਾਦੀ ਤਾਕਤਾਂ ਤੇ ਸਿਆਸਤ ਦੇ ਭੁਖੇ ਆਗੂ, ਪਾਗਲ ਕੁਤਿਆਂ ਵਾਂਗ, ਪੰਥ ਦੇ ਵੇੜ੍ਹੇ ਵਿਚ ਅਪਣਾਂ ਆਂਤਕ ਫੈਲਾਣ ਲਗ ਪਏ । ਇਕ ਤਖਤ ਤੋਂ ਚਾਰ ਤਖਤ ਹੋਰ ਬਣਾਂ ਦਿਤੇ ਗਏ। ਸਿੱਖ ਦਾ ਸਤਕਾਰ ; 'ਅਕਾਲ ਤਖਤ" ਦੇ ਪ੍ਰਤੀ ਫਿਰ ਵੀ ਘਟ ਨਹੀਂ ਹੋਇਆ, ਤਾਂ ਨਵੇਂ ਤਖਤਾਂ ਤੇ ਮਰਿਯਾਦਾ ਹੀ ਵਖਰੀ ਚਲਾ ਦਿਤੀ ਗਈ। ਗੁਰੂ ਸਿਧਾਂਤ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੋ ਕਰਮਕਾਂਡ ਗੈਰ ਸਿਧਾਂਤਕ ਸਨ ਉਨ੍ਹਾਂ ਨੂੰ ਹੀ, ਉਨ੍ਹਾਂ ਨਵੇਂ ਤਖਤਾਂ ਦੀ ਮਰਿਯਾਦਾ ਬਣਾਂ ਦਿਤਾ ਗਇਆ। ਜਿਨਾਂ ਵਿਚ ਚੰਦਨ ਦੇ ਤਿਲਕ ਲਾਉਣਾਂ। ਦੀਵੇ ਜੋਤਾਂ ਬਾਲ ਕੇ ਆਰਤੀ ਕਰਨੀ ,ਸ਼ਸ਼ਤਰਾਂ ਦੀ ਪੂਜਾ ਕਰਨਾਂ , ਉਨ੍ਹਾਂ ਨੂੰ ਪ੍ਰਸਾਦ ਦਾ ਭੋਗ ਲਾਉਣਾਂ, ਹਿੰਦੂ ਮੰਦਰਾਂ ਵਾਂਗ ਘੰਟੀਆਂ ਵਜਾ ਵਜਾ ਕੇ ਪੂਜਾ ਕਰਨੀ, ਬਕਰੇ ਦੀ ਬਲੀ ਦੇ ਕੇ ਉਸ ਦੇ ਖੂਨ ਦਾ ਤਿਲਕ ਲਾਉਣਾਂ ,ਅਨਮਤਿ ਦੇ ਤਿਉਹਾਰ , ਹੋਲੀ, ਦਸਹਿਰਾ ਦਿਵਾਲੀ ਤੇ ਵਿਸ਼ੇਸ਼ ਰੋਸ਼ਨੀ ਦੇ ਪੁਰਬ ਮਨਾਂਉਣੇ।ਸਿੱਖਾਂ ਦੀ ਸ਼ਰਧਾ ਇਸ ਸਾਜਿਸ਼ ਨੂੰ ਸਮਝ ਨਹੀਂ ਸਕੀ ਤੇ ਉਨ੍ਹਾਂ ਨੇ ਇਸ ਨੂੰ ਵੀ ਸਿੱਖ ਧਰਮ ਦਾ ਹੀ ਇਕ ਹਿੱਸਾ ਸਮਝ ਕੇ ਮਾਨਤਾ ਦੇ ਦਿਤੀ। ਕਈ ਮੰਨਘੜੰਤ ਸਾਖੀਆਂ ਬਣਾਂ ਕੇ ਕੌਮ ਨੂੰ ਇਨਾਂ ਨਾਲ ਜੋੜ ਦਿਤਾ ਗਇਆ । ਰਹੀ ਸਹੀ ਕਸਰ ਬ੍ਰਾਹਮਣ ਦੀ ਥੋਪੀ ਗਈ "ਵਿਕ੍ਰਮੀ ਜੰਤਰੀ" ਨੇ ਪੂਰੀ ਕਰ ਦਿਤੀ । ਬ੍ਰਾਹਮਣ ਦੀ ਬਣਾਈ ਵਿਕ੍ਰਮੀ ਜੰਤਰੀ ਨੇ ਕੌਮ ਨੂੰ ਸੰਗ੍ਰਾਂਦ, ਪੂਰਨਮਾਸੀ ਮਸਿਆ ਤੇ ਮਾਘੀ ਵਰਗੇ ਦਿਹਾੜੀਆਂ ਨਾਲ ਸਦੀਵੀ ਤੌਰ ਤੇ ਜੋੜ ਦਿਤਾ। ਸਿੱਖੀ ਵਿਚ ਇਨਾਂ ਪੰਥ ਵਿਰੋਧੀ ਤਾਕਤਾਂ ਦੀ ਘੁਸਪੈਠ ਵੀ ਬਹੁਤ ਵਡੇ ਪੱਧਰ ਤੇ ਸ਼ੁਰੂ ਹੋ ਚੁਕੀ ਸੀ ਜੋ ਪੰਥ ਦੇ ਅਹਿਮ ਫੈਸਲਿਆ ਨੂੰ ਜਾਂ ਤੇ ਲਾਗੂ ਨਹੀਂ ਸੀ ਹੋਣ ਦੇਂਦੇ, ਜਾਂ ਉਸ ਦਾ ਵਿਕ੍ਰਤ ਤੇ ਸਮਝੌਤਾਵਾਦੀ ਰੂਪ ਹੀ ਲਾਗੂ ਹੋ ਪਾਂਦਾ ਸੀ। ਸਿੱਖ ਰਹਿਤ ਮਰਿਯਾਦਾ ਦੇ ਖਰੜੇ ਵਿਚ ਅਖੌਤੀ ਦਸਮ ਗ੍ਰੰਥ ਦਾ ਇਕ ਬਹੁਤ ਵਡਾ ਹਿੱਸਾ ਸ਼ਾਮਿਲ ਕਰ ਦਿਤਾ ਜਾਂਣਾਂ, ਭਾਈ ਕਾਨ੍ਹ ਸਿੰਘ ਨਾਭਾ ਦੀ ਥਾਂ ਤੇ ਭਾਈ ਵੀਰ ਸਿੰਘ ਵਰਗੇ ਸਾਧਾਰਣ ਲਿਖਾਰੀ ਨੂੰ ਪ੍ਰਮੋਟ ਕਰਨਾਂ ਤੇ ਉਸ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਉਸ ਦੇ ਅਜਾਇਬ ਘਰ ਦਰਬਾਰ ਸਾਹਿਬ ਕਾਂਮਪਲੇਕਸ ਵਿਚ ਬਣਾਂ ਦਿਤੇ ਗਏ (ਭਾਵੇ 1984 ਦੇ ਸ਼ਹੀਦਾਂ ਦੀ ਸਮਾਰਕ ਬਣਵਾਉਣ ਦੇ ਨਾਮ ਤੇ ਸ੍ਰੋਮਣੀ ਕਮੇਟੀ ਨੂੰ ਦੰਦਨਾਂ ਪੈ ਜਾਂਦੀਆਂ ਨੇ), ਗਿਆਨੀ ਦਿਤ ਸਿੰਘ ਵਰਗੇ ਕੌਮ ਦੇ ਮਹਾਨ ਸਿੱਖ ਨੂੰ ਪੰਥ ਤੋਂ ਛੇਕ ਦੇਣਾਂ, ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਨਾਂ ਹੋਣ ਦੇਂਣਾਂ ਇਹ ਪੰਥ ਵਿਰੋਧੀ ਤਾਕਤਾਂ ਦੀ ਬਹੁਤ ਵਡੀ ਕਾਮਯਾਬੀ ਤੇ ਪੰਥ ਦੀ ਬਹੁਤ ਵੱਡੀ ਹਾਰ ਦੇ ਰੂਪ ਵਿਚ ਸਾਡੇ ਸਾਮ੍ਹਣੇ ਆਈ। ਸਿੱਖ ਵਿਰੋਧੀ ਬ੍ਰਾਹਮਣਵਾਦੀ ਤਾਕਤਾਂ ਦਾ ਕੌਮ ਨੂੰ ਪਤਨ ਵਲ ਲੈ ਜਾਣ ਦਾ ਸਫਰ ਹਾਲੀ ਤਾਂ ਸ਼ੁਰੂ ਹੀ ਹੋਇਆ ਸੀ।

ਸਿੱਖਾਂ ਦੇ ਧਰਮਿਕ ਅਦਾਰਿਆਂ, ਸ੍ਰੋਮਣੀ ਕਮੇਟੀ, ਦਰਬਾਰ ਸਾਹਿਬ ਦਾ ਪ੍ਰਬੰਧ ਅਤੇ ਤਖਤਾਂ ਦੀ ਮਰਿਯਾਦਾ ਨੂੰ ਅਪਣੇ ਕਬਜੇ ਵਿਚ ਲੈਣ ਦੀ ਬਾਗਡੋਰ ਆਰ. ਐਸ.ਐਸ ਵਰਗੀਆ ਸਿੱਖ ਵਿਰੋਧੀ ਤਾਕਤਾ ਨੇ ਅਪਣੇ ਅਹੁਦੇਦਾਰਾਂ ਨੂੰ ਸੌਪ ਦਿਤੀ ਸੀ। ਉਨ੍ਹਾਂ ਦੀ ਇਸ ਮੁਹਿਮ ਨੂੰ ਕੁਝ ਵੇਲੇ ਲਈ ਥੋੜੀ ਢਾਅ ਜਰੂਰ ਲਗੀ, ਜਦੋਂ ਧਰਮ ਯੁੱਧ ਮੋਰਚਾ, ਜਰਨੈਲ ਸਿੰਘ ਭਿੰਡਰਵਾਲਿਆਂ ਦੇ ਹਥ ਵਿਚ ਆਇਆ। ਲੇਕਿਨ 1985 ਤੋਂ ਬਾਦ ਤੇ ਕੌਮ ਇਨੀ ਕਮਜੋਰ ਤੇ ਦਿਸ਼ਾ ਹੀਨ ਹੋ ਗਈ ਕੇ ਉਸ ਤੋਂ ਬਾਦ ਕਮਜੋਰੀ ਦਾ ਇਹ ਸਿਲਸਿਲਾ ਅਜ ਤਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਕੌਮ ਦੇ ਸਭ ਤੋ ਵਡੇ ਨਿਘਾਰ ਦਾ ਵਕਤ , ਮੌਜੂਦਾ ਵਕਤ ਹੈ।

ਕੌਮ ਦੀ ਬੇੜੀ ਦੇ ਗੱਦਾਰ ਮੱਲਾਹ ਹੀ ਬੇੜੀ ਨੂੰ ਡੋਬਣ ਲਈ ਤੈਆਰ ਹੋ ਗਏ। 1984 ਦੇ ਨੀਲਾ ਤਾਰਾ ਘਲੂਘਾਰੇ ਵਿਚ ਹੱਥ ਚੁੱਕ ਕੇ, ਅਪਣੀ ਜਾਂਣ ਦੀ ਭੀਖ ਮੰਗਣ ਵਾਲੇ ਕੌਮ ਦੇ ਗੱਦਾਰ ਸਿਆਸੀ ਆਗੂ ਉਸ ਵੇਲੇ ਦੀ ਸਰਕਾਰ ਨਾਲ ਜਾ ਮਿਲੇ। ਇਨਾਂ ਨੇ ਇਹ ਸਮਝ ਲਿਆ ਸੀ ਕੇ ਅਸੀ ਅਪਣੇ ਸਵਾਰਥਾ ਦੀ ਪੂਰਤੀ ਉਸ ਵੇਲੇ ਤਕ ਨਹੀਂ ਕਰ ਸਕਾਂਗੇ ਜਦੋਂ ਤਕ ਅਸੀ ਸਿੱਖੀ ਦੇ ਖੈਰਖੁਆ ਬਣੇ ਰਹਾਂਗੇ। ਕੌਮ ਦੇ ਇਨਾਂ ਗਦਾਰਾਂ ਤੇ ਕੁਰਸੀ ਅਤੇ ਦੌਲਤ ਦੇ ਭੁਖਿਆ ਨੇ ਅਪਣੀ ਸਿਆਸਤ ਨੂੰ ਇਕ "ਪ੍ਰਾਈਵੇਟ ਲਿਮਿਟੇਡ ਕੰਪਨੀ " ਵਾਂਗੂ ਚਲਾਉਣ ਲਈ "ਕਾਰਪੋਰੇਟ ਸਿਆਸਤ" ਦਾ ਐਲਾਨ ਕਰ ਦਿਤਾ, ਜਿਸ ਵਿਚ ਅਪਣੀ ਗੱਦੀ ਬਚਾਉਣ ਲਈ ਦੁਸ਼ਮਣ ਵੀ ਦੋਸਤ ਬਣਾਂ ਲਿਆ ਜਾਂਦਾ ਹੈ। ਬਸ ਇਕੋ ਇਕ ਟੀਚਾ ਹੁੰਦਾ ਹੈ ਅਪਣੀ ਗੱਦੀ ਕਾਇਮ ਰਖਣੀ ਤੇ ਅਪਣੇ ਪਰਿਵਾਰ ਨੂੰ ਉਸ ਗੱਦੀ ਦਾ ਵਾਰਿਸ ਬਣਾਉਣਾਂ। ਇਸ ਲਈ ਭਾਵੇ ਕੋਈ ਅਨੈਤਿਕ ਕੰਮ ਹੀ ਕਿਉ ਨਾਂ ਕਰਨਾਂ ਪਵੇ। ਇਸ "ਕਾਰਪੋਰੇਟ ਸਿਆਸਤ" ਨੂੰ ਚਲਾਉਣ ਲਈ ਸਭਤੋਂ ਪਹਿਲਾਂ ਇਕ ਇਹੋ ਜਹੇ ਭਾਈਵਾਲ ਦੀ ਜਰੂਰਤ ਸੀ ਜਿਸਦੇ ਮੋਂਡੇ ਤੇ ਅਪਣੀ ਕੁਰਸੀ ਦੇ ਪਾਵੇ ਟਿਕੇ ਰਹਿਨ। ਇਨਾਂ ਗੱਦਾਰਾਂ ਨੂੰ ਸਭਤੋਂ ਮੁਫੀਦ ਤੇ ਫਾਇਦੇ ਵਾਲਾ ਭਾਈਵਾਲ ਮਿਲ ਗਇਆ । ਮਿਲ ਕੀ ਗਇਆ? ਉਹ ਭਾਈਵਾਲ ਤੇ ਆਪ ਇਸ ਮੌਕੇ ਦੀ ਉਡੀਕ ਵਿਚ ਤਿਨ ਸਦੀਆ ਤੋਂ ਬੈਠਾ ਉਡੀਕ ਰਿਹਾ ਸੀ, ਕੇ ਕਦੋਂ ਇਹ ਸੁਨਹਿਰੀ ਮੌਕਾ ਹਥ ਲਗੇ। ਸਿੱਖ ਸਿਆਸਤ, ਇਕ ਵੇਸ਼ਿਆ ਵਾਂਗ ਆਰ ਐਸ ਐਸ ਦੇ ਕੋਠੇ ਤੇ ਜਾ ਬੈਠੀ। ਇਹ ਚੰਦਰੇ ਸਿੱਖ ਸਿਆਸਤਦਾਨ ਇਹ ਸੋਚ ਰਹੇ ਸਨ ਕੇ ਸਾਨੂੰ ਇਹ ਭਾਈਵਾਲ ਬਹੁਤ ਸਸਤੇ ਵਿਚ ਮਿਲ ਗਇਆ ਹੈ। ਲੇਕਿਨ ਚਾਣਕਿਆ ਦੇ ਉਨ੍ਹਾਂ ਸ਼ਾਤਿਰ ਚੇਲਿਆਂ ਦਾ ਤੇ ਉਹ ਕੰਮ ਬਣਿਆ ਸੀ ਜੋ ਉਹ 300 ਸਾਲਾਂ ਵਿਚ ਵੀ ਨਹੀਂ ਕਰ ਸਕੇ ਸਨ।

ਸੰਤ ਸਮਾਜ ਨਾਮ ਦੀਆਂ ਖੂੰਬਾ ਰਾਤੋ ਰਾਤ ਉਗ ਗਈਆਂ ਸਨ, ਡੇਰਿਆਂ ਤੇ ਵਿਭਚਾਰੀ ਬਾਬਿਆਂ ਦੀ ਸਾਰੀ ਫਸਲ ਪੰਜਾਬ ਦੀ ਉਪਜਾਉ ਜਮੀਨ ਤੇ ਉਗਾ ਦਿਤੀ ਗਈ ਸੀ । ਇਨਾਂ ਨੂੰ ਇਹ ਜਹਰੀਲੀ ਫਸਲ ਬੋਣ ਲਈ ਮੁਫਤ ਜਮੀਨ ਦਿਤੀ ਗਈ । ਤੇ ਇਨਾਂ ਦੇ ਖਿਲਾਫ ਅਵਾਜ ਉਠਾਉਣ ਵਾਲਿਆਂ ਸਿੱਖਾਂ ਦੇ ਕਤਲ ਤੇ ਜੁਬਾਨ ਬੰਦ ਕਰ ਦਿਤੀ ਗਈ। ਗੋਲੀਆਂ ਤੇ ਤੇਜਾਬ ਪਾ ਕੇ ਐਸੇ ਸਿਖਾਂ ਦਾ ਜੀਵਨ ਖਰਾਬ ਕੀਤਾ ਜਾਂਣ ਲਗਾ। ਨੌਜੁਆਨਾਂ ਦਾ ਇਕ ਵਰਗ ਸਾਬਤ ਸੂਰਤ ਸਿੱਖਾ ਨੂੰ ਵਰਗਲਾ ਕੇ ਉਨ੍ਹਾਂ ਤੋ ਸਿੱਖੀ ਦੀ ਪਛਾਣ ਉਨ੍ਹਾਂ ਦੇ ਕੇਸ਼ ਕਤਲ ਕਰਵਾ ਰਿਹਾ ਸੀ। ਪ੍ਰਵਾਸੀ ਭਾਰਤੀਆਂ ਦੇ ਨਾਮ ਤੇ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ ਪੰਜਾਬ ਵਿਚ ਜਮੀਨਾਂ ਦੇ ਮਾਲਿਕ ਤੇ ਵੋਟਰ ਬਣਾਂਇਆ ਜਾ ਰਿਹਾ ਸੀ।ਸਿਖਾਂ ਦੀ ਨਵੀ ਪੀੜ੍ਹੀ, ਗੁਰੂਮੁਖੀ, ਗੁਰਬਾਣੀ ਤੇ ਗੁਰਮਤਿ, ਇਨਾਂ ਤਿਨਾਂ ਗਗਿਆਂ ਤੋਂ ਮਹਰੂਮ ਕਰ ਦਿਤੀ ਗਈ ਸੀ। ਪੰਜਾਬ ਨੂੰ ਨਸ਼ਿਆਂ ਤੇ ਮਾਦਕ ਪਦਾਰਥਾਂ ਦਾ ਸਭ ਤੋਂ ਵਡਾ ਜਖੀਰਾ ਬਣਾਂ ਦਿਤਾ ਗਇਆ ਸੀ। ਸਿੱਖ ਬਚਿਆਂ ਦੀ ਬਚੀ ਖੁਚੀ ਮਤਿ, ਸਮੈਕ ਤੇ ਸ਼ਰਾਬ ਨੇ ਖੋਹ ਲਈ ਸੀ।ਸਿੱਖਾਂ ਦੀਆ ਬਚੀਆਂ ਇਨਾਂ ਨਸ਼ਿਆ ਵਿਚ ਸੜਕ ਤੇ ਪਈਆਂ ਰੋਜ ਖਬਰਾਂ ਵਿਚ ਵੇਖੀਆ ਜਾਣ ਲਗੀਆਂ ਹਨ।

ਸਭ ਕੁਝ ਉਜੜ ਜਾਣ ਤੋਂ ਬਾਦ ਵੀ ਇਕ ਚੀਜ ਜੋ ਹਲੀ ਵੀ ਨਹੀਂ ਸੀ ਬਦਲੀ ਉਹ ਸੀ "ਅਕਾਲ ਤਖਤ ਦੇ ਹੁਕਮਨਾਮਿਆਂ" ਪ੍ਰਤੀ ਸਿੱਖਾਂ ਦਾ ਸਤਕਾਰ। ਕਿਉਂਕਿ ਉਹ ਗੁਰੂ ਦੀ ਵਿਲਖੰਣ ਸੋਚ ਸ਼ਕਤੀ ਦਾ ਸਿਰਜਿਆ ਸਿਧਾਂਤ ਸੀ ਕੋਈ ਐਰਾ ਗੈਰਾ ਬੰਦੇ ਦਾ ਬਣਾਇਆ ਸਿਧਾਂਤ ਨਹੀਂ ਸੀ। ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੈਰ ਸਿਧਾਂਤਕ ਰੂਪ ਵਿਚ ਪੰਥ ਤੋਂ ਛੇਕਨ ਦਾ ਮਾਮਲਾ ਹੋਵੇ ਜਾਂ ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਨ ਦਾ ਮਾਮਲਾ ਹੋਵੇ ਬਹੁਤ ਸਾਰੇ ਸਿੱਖ ਉਨ੍ਹਾਂ "ਕੂੜਨਾਮਿਆਂ" ਨੂੰ ਹੀ ਗੁਰੂ ਦਾ "ਹੁਕਮਨਾਮਾਂ " ਸਮਝ ਕੇ ਅਸਲਿਅਤ ਤੋ ਬੇਮੁਖ ਹੁੰਦੇ ਰਹੇ। ਜਦ ਕੇ ਇਹ "ਕੂੜਨਾਮੇ "ਪੰਥ ਪ੍ਰਵਾਣਿਤ ਹੈ ਹੀ ਨਹੀਂ ਸਨ। ਅਕਾਲ ਤਖਤ ਦੇ ਲੇਟਰ ਪੇਡ ਤੇ ਇਨਾਂ ਪੁਜਾਰੀਆਂ ਨੇ ਇਕ ਮਾਮੂਲੀ ਪੁਲਿਸ ਅਫਸਰ ਨੂੰ ਪ੍ਰੋਫੈਸਰ ਸਾਹਿਬ ਦੇ ਕੀਰਤਨ ਪ੍ਰੋਗ੍ਰਾਮ ਰੋਕਨ ਲਈ , "ਯੋਰ ਆਨਰ" ਲਿਖ ਕੇ ਅਕਾਲ ਤਖਤ ਦੀ ਪਤ ਰੋਲ ਦਿਤੀ। ਅਕਾਲ ਤਖਤ ਤੇ ਕਾਬਿਜ ਇਹ ਬੁਰਛਾਗਰਦ "ਧਰਮ ਮਾਫੀਏ" ਦਾ ਰੂਪ ਇਖਤਿਆਰ ਕਰ ਚੁਕੇ ਹਨ। ਇਨਾਂ ਕੂੜਨਾਮਿਆਂ ਨੂੰ ਜਾਰੀ ਕਰਨ ਦਾ ਅਧੀਕਾਰ ਕਿਸੇ ਸਰਕਾਰੀ ਪੁਜਾਰੀ ਨੂੰ ਹੈ ਹੀ ਨਹੀਂ ਸੀ। ਕਿਸੇ ਨੂੰ ਪੰਥ ਤੋਂ ਛੇਕ ਦੇਨ ਦੀ ਧਮਕੀ ਦੇਣਾਂ ਜਾਂ ਉਸ ਨੂੰ ਡਰਾ ਕੇ ਉਸ ਦੀ ਜੁਬਾਨ ਬੰਦ ਕਰਨਾਂ ਗੈਰ ਸਿਧਾਂਤਕ ਹੀ ਨਹੀਂ ਗੈਰ ਕਾਨੂਨੀ ਵੀ ਹੈ।ਇਹ ਗੈਰ ਕਾਨੂਨੀ ਤੇ ਗੈਰ ਸਿਧਾਂਤਕ "ਕੂੜਨਾਮੇ" ਕੌਮ ਵਿਚ ਬਹੁਤ ਵਡਾ ਭੰਬਲਭੂਸਾ ਖੜਾ ਕਰ ਗਏ ਤੇ ਕੌਮ ਦੋ ਹਿੱਸਿਆ ਵਿਚ ਵੰਡੀ ਗਈ।

ਇਹ ਸਭ ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਕੀਤਾ ਜਾ ਰਿਹਾ ਸੀ। ਅਕਾਲ ਤਖਤ ਦੇ ਸਿਧਾਂਤ ਦੇ ਸਤਕਾਰ ਤੇ ਉਸ ਦੀ ਵਿਵਸਥਾ ਦੀ ਹੋਂਦ ਨੂੰ ਤਹਿਸ ਨਹਿਸ ਕਰਨ ਲਈ ਬ੍ਰਾਹਮਣਵਾਦੀਆਂ ਦੀ ਇਹ ਇਕ ਬਹੁਤ ਵਡੀ ਚਾਲ ਸੀ ਕੇ ਅਕਾਲ ਤਖਤ ਵਰਗੀ ਸਤਕਾਰਤ ਥਾਂ ਤੋਂ ਐਸੇ "ਹੁਕਮਨਾਮੇ" ਜਾਰੀ ਕਰਵਾਏ ਜਾਂਣ ਕੇ ਸਿੱਖਾਂ ਦੇ ਮਨ ਵਿਚ ਸਦੀਆਂ ਤੋ ਚਲੀ ਆ ਰਹੀ ਆਸਥਾ ਤੇ ਸਤਕਾਰ ਢਹਿ ਢੇਰੀ ਹੋ ਜਾਵੇ। ਗੁਰੂ ਦੇ ਸਿਰਜੇ ਇਸ ਸਿਧਾਂਤ ਅਤੇ ਉਸ ਦੀ ਵਿਵਸਥਾ ਤੋਂ ਹਰ ਸਿੱਖ ਇਨਕਾਰੀ ਹੋ ਜਾਵੇ। ਐਸਾ ਕਰਨ ਲਈ ਉਨ੍ਹਾਂ ਪੰਥ ਵਿਰੋਧੀਆਂ ਨੂੰ ਕੁਝ ਭਾਂੜੇ ਦੇ ਲਾਲਚੀ ਤੇ ਅਹੁਦਿਆ ਦੇ ਭੁਖੇ ਸਿੱਖਾਂ ਦੀ ਜਰੂਰਤ ਸੀ, ਜੋ ਆਰ. ਐਸ.ਐਸ ਨੂੰ ਥਾਂ ਥਾਂ ਤੇ ਮਿਲ ਗਏ। ਬੁਰਛਾਗਰਦ ਪੁਜਾਰੀ ਲਾਂਣਾਂ, ਕਮੇਟੀਆਂ ਤੇ ਗੁਰਦਵਾਰਿਆਂ ਦੇ ਪ੍ਰਧਾਨ, ਟਕਸਾਲੀ, ਡੇਰਿਆਂ ਦੇ ਵਿਭਚਾਰੀ ਬਾਬੇ, ਕਥਾਵਾਚਕ, ਰਾਗੀ, ਪ੍ਰਚਾਰਕ, ਇਤਿਹਾਸਕਾਰ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਅਖੌਤੀ ਲਿਖਾਰੀ ਅਤੇ ਗ੍ਰੰਥੀਆਂ ਦੀ ਪੂਰੀ ਫੌਜ ਹੀ ਉਨ੍ਹਾਂ ਇਕਠੀ ਕਰ ਲਈ। ਤਖਤਾਂ ਤੋਂ ਲੈ ਕੇ ਇਕ ਆਮ ਗੁਰਦਵਾਰੇ ਦੇ ਗ੍ਰੰਥੀ, ਟਕਸਾਲੀ ਤੇ ਡੇਰੇ ਸਾਰੇ ਹੀ ਆਰ.ਐਸ.ਐਸ ਦੇ ਕਬਜੇ ਵਿਚ ਹੋ ਚੁਕੇ ਨੇ। ਜਿਨਾਂ ਥਾਵਾਂ ਤੇ ਇਹੋ ਜਹੇ ਕੇਸਾਧਾਰੀ ਬ੍ਰਾਹਮਣਾਂ ਦੀ ਘਾਟ ਸੀ ਉਥੇ ਇਨਾਂ ਨੇ ਹਜਾਰਾਂ ਦੀ ਗਿਣਤੀ ਵਿਚ ਕੇਸਾਧਾਰੀ ਬਣਾਂ ਕੇ ਕਟੱਰ ਹਿੰਦੂਵਾਦੀ ਪੁਜਾਰੀਆਂ ਦੀ ਘੁਸਪੈਠ ਕਰ ਦਿਤੀ। ਦਲਜੀਤ ਸਿੰਘ ਨਿਰਮਲਾ ਇਸ ਦਾ ਇਕ ਉਦਾਹਰਣ ਹੈ।

ਕੁਝ ਭਾਂੜੇ ਦੇ ਅਖੋਤੀ ਵਿਦਵਾਨਾਂ ਨੇ ਤੇ ਕੌਮ ਨੂੰ ਅਕਾਲ ਤਖਤ ਬਾਰੇ ਇਨਾਂ ਵਰਗਲਾਇਆ ਤੇ ਉਕਸਾਇਆ ਕੇ ਕਾਫੀ ਜਾਗਰੂਕ ਧਿਰਾਂ ਵੀ ਉਨ੍ਹਾਂ ਦੇ ਬਹਿਕਾਵੇ ਵਿਚ ਆਕੇ ਉਸ ਅਖੌਤੀ ਵਿਦਵਾਨ ਨੂੰ "ਪੰਥ ਦਾ ਇਕ ਖੋਜੀ ਵਿਦਵਾਨ " ਹੀ ਸਮਝ ਬੈਠੀਆਂ। ਇਸ ਅਖੌਤੀ ਸਿਰ ਫਿਰੇ ਵਿਦਵਾਨ ਨੇ ਅਕਾਲ ਤਖਤ ਜਹੇ ਮੁਕਦਸ ਗੁਰੂ ਦੇ ਸਿਰਜੇ ਸਿਧਾਂਤ ਨੂੰ "ਨਕਲੀ ਤਖਤ", "ਅਡਾ", "ਅਖੌਤੀ ਤਖਤ", "ਗੁਰੂ ਦੀ ਰਿਹਾਇਸ਼ਗਾਹ" ਇਕ "ਥੜਾ" ਜਹੀ ਸ਼ਬਦਾਵਲੀ ਵਰਤ ਕੇ "ਅਕਾਲ ਤਖਤ" ਤੋਂ ਕੌਮ ਨੂੰ ਪਿਛਾ ਛੁੜਾ ਲੈਣ ਦਾ ਹਲੂਣਾਂ ਅਪਣੇ ਅਖੋਤੀ ਲੇਖਾਂ ਵਿਚ ਦੇਂਦਾ ਰਿਹਾ।

ਸਾਡੀ ਕੌਮ ਦਾ ਜਾਗਰੂਕ ਅਖਵਾਉਣ ਵਾਲਾ ਵਰਗ ਇਨਾਂ ਅਵੇਸਲਾ ਤੇ ਆਲਸੀ ਰਿਹਾ ਹੈ ਕੇ ਉਸ ਨੇ ਕਦੀ ਵੀ ਵੇਲੇ ਨਾਲ ਕਿਸੇ ਵੀ ਗਲਤ ਗਲ ਦਾ ਵਿਰੋਧ ਚੰਗੀ ਤਰ੍ਹਾਂ ਨਹੀਂ ਕੀਤਾ।ਤੇ ਉਸ ਦੇ ਅਗੋ ਆਉਣ ਵਾਲੇ ਖਤਰਨਾਕ ਸਿੱਟਿਆਂ ਨੂੰ ਨਹੀਂ ਪਛਾਣਿਆਂ। ਜਦੋਂ ਉਹ ਰੋਗ ਲਾ ਇਲਾਜ ਹੋ ਗਇਆ ਤਾਂ ਉਸ ਦੀ ਨੀੰਦ ਟੁਟਦੀ ਹੈ। ਅਜ ਤੋਂ 10 -12 ਵਰ੍ਹੇ ਪਹਿਲੇ ਆਰ ਐਸ ਐਸ ਦੇ ਹਥ ਠੋਕੇ ,ਗੁਰੂਆਂ ਨੂੰ ਲਵ ਤੇ ਕੁਸ਼ ਦੀ ਅੰਸ਼ ਕਹਿਨ ਵਾਲੇ ਅਕਾਲ ਤਖਤ ਦੇ ਪੁਜਾਰੀ ਪੂਰਨ ਸਿੰਘ ਦੇ ਵੇਲੇ ਅਕਾਲ ਤਖਤ ਦਾ ਸ਼ਰੀਕ ਇਕ "ਛੇਵਾਂ ਤਖਤ" "ਸਕਤਰੇਤ" ਦੇ ਨਾਮ ਤੇ ਸਿਰਜ ਦਿਤਾ ਗਇਆ। ਇਸ ਤੋਂ ਪਹਿਲਾਂ ਜੋ ਵੀ ਕੌਮੀ ਮਸਲਿਆਂ ਦਾ ਹਲ ਜਾ ਹੁਕਮਨਾਮੇ ਜਾਰੀ ਹੁੰਦੇ ਸਨ ਉਹ ਅਕਾਲ ਤਖਤ ਸਾਹਿਬ ਤੇ ਹੀ ਲਏ ਜਾਂਦੇ ਸਨ। ਲੇਕਿਨ ਗੁਰੂ ਦੀ ਹਜੂਰੀ ਵਿਚ ਝੂਠੇ ਫੇਸਲੇ ਤੇ ਫਤਵੇ ਜਾਰੀ ਕਰਨਾਂ ਹਰ ਬੰਦੇ ਦੇ ਵਸ਼ ਵਿਚ ਨਹੀਂ ਸੀ ਹੁੰਦਾ। ਕਿਉਂਕਿ ਬਹੁਤੇ ਫਤਵੇ ਤੇ ਝੂਠ ਤੇ ਅਧਾਰਿਤ ਹੀ ਹੁੰਦੇ ਸਨ। ਇਸ ਲਈ ਝੂਠਿਆਂ ਦੀ ਜੁੰਡਲੀ ਨੇ "ਸਕਤਰੇਤ" ਨਾਮ ਦਾ ਇਹ "ਛੇਵਾਂ ਤਖਤ", ਅਕਾਲ ਤਖਤ ਤੋਂ ਮਾਤਰ 50 ਗਜ ਦੀ ਦੂਰੀ ਤੇ ਸਿਰਜ ਲਿਆ। ਇਸ "ਸਕਤਰੇਤ" ਵਿਚ ਪੰਥਿਕ ਦੋਸ਼ੀ" ਨੂੰ ਬੁਲਾ ਕੇ ਉਸ ਨੂੰ ਤਨਖਾਹ ਲਾਈ ਜਾਂਦੀ ਹੈ।ਲੇਕਿਨ ਮੁਹਰ ਅਕਾਲ ਤਖਤ ਦੀ ਵਰਤ ਕੇ ਪੇਸ਼ ਅਕਾਲ ਤਖਤ ਤੇ ਹੋਣ ਲਈ ਕਿਹਾ ਜਾਂਦਾ ਹੈ।

ਸਭ ਤੋਂ ਪਹਿਲੇ ਵਿਅਕਤੀ ਪ੍ਰੋਫੈਸਰ ਦਰਸ਼ਨ ਸਿੰਘ ਹੀ ਸਨ, ਜਿਨਾਂ ਨੇ ਇਨਾਂ ਕੇਸਾਧਾਰੀ ਬ੍ਰਾਹਮਣਾਂ ਦੇ ਸਿਰਜੇ ਇਸ "ਛੇਵੇ ਤਖਤ" ਦਾ ਵਿਰੋਧ ਕੀਤਾ ਤੇ ਇਕ ਬਹੁਤ ਵਡੀ ਕੀਮਤ ਚੁਕਾ ਕੇ ਇਸ ਗੈਰ ਸਿਧਾਂਤਕ ਕਾਲ ਕੋਠਰੀ ਦੇ ਵਿਰੋਧ ਵਿਚ ਅਵਾਜ ਬੁਲੰਦ ਕੀਤੀ। ਪ੍ਰੋਫੈਸਰ ਸਾਹਿਬ ਨੂੰ ਅਕਾਲ ਤਖਤ ਤੇ ਹਾਜਿਰ ਹੋਣ ਦਾ ਗੈਰ ਸਿਧਾਂਤਕ ਤੇ ਗੈਰ ਕਾਨੂਨੀ ਨੋਟਿਸ ਅਕਾਲ ਤਖਤ ਦੇ ਲੇਟਰ ਪੇਡ ਤੇ ਜਾਰੀ ਕੀਤਾ ਗਇਆ।ਉਸ ਤੌ ਵੀ ਗੈਰ ਸਿਧਾਂਤਕ ਗਲ ਉਸ ਨੋਟਿਸ ਵਿਚ ਇਹ ਸੀ ਕੇ ਉਨ੍ਹਾਂ ਦੀ ਸੁਣਵਾਈ ਅਤੇ ਪੇਸ਼ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕੀਰਤਨ ਪ੍ਰੋਗਰਾਮਾਂ ਤੇ ਪਾਬੰਦੀ ਲਾ ਦਿਤੀ ਗਈ ਸੀ। ਫੇਰ ਵੀ ਅਕਾਲ ਤਖਤ ਦਾ ਸਨੰਮਾਨ ਕਰਦਿਆ ਪ੍ਰੋਫੈਸਰ ਸਾਹਿਬ ਅਕਾਲ ਤਖਤ ਸਾਹਿਬ ਅਦਬ ਤੇ ਨਿਮਾਣੇਪਣ ਦੇ ਨਾਲ ਹਾਜਿਰ ਹੋਏ ਤੇ ਅਕਾਲ ਤਖਤ ਸਾਹਿਬ ਦੇ ਸਾਮ੍ਹਣੇ ਸੰਗਤ ਵਿਚ ਬੈਠ ਗਏ। ਅਕਾਲ ਤਖਤ ਤੇ ਕਾਬਿਜ ਬੁਰਛਾਗਰਦ ਕੇਸਾਧਾਰੀ ਬ੍ਰਾਹਮਣ ਪੁਜਾਰੀਆਂ ਨੇ ਉਨ੍ਹਾਂ ਨੂੰ "ਛੇਵੇ ਤਖਤ" ਤੇ ਹਾਜਿਰ ਹੋਣ ਲਈ ਕਹਿਆ। ਪ੍ਰੋਫੈਸਰ ਸਾਹਿਬ ਇਹ ਚੰਗੀ ਤਰ੍ਹਾਂ ਮਝਦੇ ਸਨ ਕੇ "ਛੇਵੇ ਤਖਤ" ਤੇ ਹਾਜਿਰ ਨਾਂ ਹੋਣ ਦਾ ਖਮਿਆਜਾ ਬਹੁਤ ਹੀ ਮਾੜਾ ਹੋ ਸਕਦਾ ਹੈ ਲੇਕਿਨ ਸਿਧਾਂਤ ਤੇ ਪਹਿਰਾ ਦੇਣ ਤੇ ਬ੍ਰਾਹਮਣ ਦੇ ਉਲੀਕੇ ਇਸ "ਛੇਵੇ ਤਖਤ " ਦਾ ਵਿਰੋਧ ਕਰਨ ਦਾ ਹੋਰ ਚੰਗਾ ਮੌਖਾ ਕਦੀ ਵੀ ਨਹੀਂ ਸੀ ਮਿਲਣਾਂ। ਉਨ੍ਹਾਂ ਨੇ ਖਮਿਆਜਾ ਭੁਗਤਨਾਂ ਸਹੀ ਸਮਝਿਆ।

ਇਨ੍ਹਾਂ ਬੁਰਛਾਗਰਦਾਂ ਦੇ ਅਗੇ ਮੱਥਾ ਟੇਕਣ ਨਾਲੋਂ, ਪ੍ਰੋਫੈਸਰ ਸਾਹਿਬ ਅਕਾਲ ਤਖਤ ਸਾਹਿਬ ਅਗੇ ਲਗਭਗ ਇਕ ਸਵਾ ਘੰਟਾ ਬੈਠੇ ਰਹੇ। ਇਹ ਪੁਜਾਰੀ ਬ੍ਰਾਹਮਣਾਂ ਦੀ ਜੂੰਡਲੀ ਉਥੇ ਆਈ ਹੀ ਨਹੀਂ। (ਦਾਸ ਉਸ ਵੇਲੇ ਉਥੇ ਹੀ ਮੌਜੂਦ ਸੀ)। ਜਦੋਂ ਪ੍ਰੋਫੈਸਰ ਸਾਹਿਬ ਉਥੋਂ ਇਕ ਸਵਾ ਘੰਟਾ ਬਹਿ ਕੇ ਉਥੋਂ ਚਲੇ ਗਏ ਤੇ ਇਨਾਂ ਬੁਰਛਾਗਰਦਾਂ ਦਾ ਮੁਖੀ ਉਥੇ ਹੀ ਆ ਗਇਆ ਜਿਥੇ ਪਹਿਲਾਂ ਪ੍ਰੋਫੈਸਰ ਸਾਹਿਬ ਇਕ ਸਵਾ ਘੰਟਾ ਬਹਿ ਕੇ ਗਏ ਸੀ, ਤੇ ਐਲਾਨ ਕੀਤਾ ਕੇ "ਦਰਸ਼ਨ ਸਿੰਘ ਰਾਗੀ ਅਕਾਲ ਤਖਤ ਤੇ ਆਇਆ ਹੀ ਨਹੀਂ, ਇਸ ਲਈ ਦਰਸ਼ਨ ਸਿੰਘ ਰਾਗੀ ਨੂੰ ਤਨਖਾਹੀਆ ਕਰਾਰ ਦਿਤਾ ਜਾਂਦਾ ਹੈ"। ਗੁਰਮਤਿ ਸਿਧਾਂਤ ਤੇ ਮਰਿਆਦਾ ਦਾ ਇਹ ਮਖੋਲ ਨਹੀਂ ਤੇ ਹੋਰ ਕੀ ਸੀ। ਕਹਿਣ ਦਾ ਭਾਵ ਇਹ ਹੈ ਕੇ ਅਕਾਲ ਤਖਤ ਤੇ ਕਾਬਿਜ ਇਹ ਕੇਸਾਧਾਰੀ ਬ੍ਰਾਹਮਣ ਆਪ ਸਿੱਖ ਰਹਿਤ ਮਰਿਯਾਦਾ ਤੇ ਗੁਰੂ ਸਿਧਾਂਤਾਂ ਦੀਆਂ ਧੱਜਿਆ ਉਡਾ ਰਹੇ ਨੇ ਤੇ ਦੂਜਿਆਂ ਨੂੰ ਪੰਥ ਦੋਖੀ ਕਰਾਰ ਦੇ ਰਹੇ ਨੇ। ਜਿਹੜੇ ਤਖਤ ਅਤੇ ਸੰਤ ਸਮਾਜ ਆਪ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹਨ ਤੇ ਉਸ ਦਾ ਅਪਮਾਨ ਕਰਦੇ ਹੋਣ, ਉਹ ਹਜਾਰਾਂ ਮੀਲ ਦੂਰ ਇਸ "ਛੇਵੇ ਤਖਤ" ਤੇ ਆਕੇ ਦਸਤਖਤ ਕਰਦੇ ਹਨ। ਕੀ ਕੋਈ ਮੁਜਰਿਮ, ਜੱਜ ਦੀ ਕੁਰਸੀ ਤੇ ਬਹਿ ਕੇ ਫੈਸਲੇ ਕਰ ਸਕਦਾ ਹੈ।

ਖਾਲਸਾ ਜੀ ਕੌਮ ਦਾ "ਛੇਵਾਂ ਤਖਤ" ਸਿਰਜ ਦਿਤਾ ਗਇਆ ਹੈ, ਜੇ ਵਕਤ ਰਹਿੰਦੇ ਇਸ ਕੇਸਾਧਾਰੀ ਬੁਰਛਾਗਰਦ ਬ੍ਰਾਹਮਣਾਂ ਦੇ ਬਣਾਏ "ਛੇਵੇਂ ਤਖਤ" ਦਾ ਵਿਰੋਧ ਨਾਂ ਕੀਤਾ ਗਇਆ ਤੇ ਇਕ ਦਿਨ ਉਹ ਵੀ ਪੁਰਾਤਨ ਮਰਿਯਾਦਾ ਬਣ ਜਾਂਣਾਂ ਹੈ। ਉਹ ਦਿਨ ਦੂਰ ਨਹੀਂ ਜਦੋਂ ਸਾਡੀ ਨਵੀ ਪੀੜ੍ਹੀ ਅਰਦਾਸ ਵਿਚ ਪੰਜ ਤਖਤਾਂ ਦੀ ਥਾ ਇਹ ਪੜ੍ਹੇਗੀ। "ਸਰਬਤ ਗੁਰਦਵਾਰਿਆਂ, ਛੇ ਤਖਤਾਂ ਦਾ ਧਿਆਨ ਕਰਕੇ......"। ਕੌਮ ਦੇ ਵਿਦਵਾਨੋਂ ਤੇ ਲਿਖਾਰੀ ਵਿਦਵਾਨੋਂ! ਆਪ ਜੀ ਹੁਣ ਉਸ ਅਖੌਤੀ ਵਿਦਵਾਨ ਕੋਲੋਂ ਇਹ ਕਿਉ ਨਹੀਂ ਪੁਛਦੇ ਜੋ "ਅਸਲੀ ਤਖਤ" ਨੂੰ "ਨਕਲੀ ਤਖਤ" ਏਲਾਨ ਕੇ ਕੌਮ ਨੂੰ ਉਸ ਤੋਂ ਪਿਛਾ ਛੁੜਾ ਲੈਣ ਦੀ ਕੁਮੱਤਿ ਦੇ ਰਿਹਾ ਹੈ। ਜੇ ਉਸ ਵਿਚ ਜਰਾ ਵੀ ਪੰਥ ਦਰਦ ਤੇ ਜਮੀਰ ਬਚੀ ਹੈ ਤੇ ਉਹ ਇਸ ਨਕਲੀ "ਛੇਵੇ ਤਖਤ" ਤੋਂ ਪਿਛਾ ਛੁੜਾ ਲੈਣ ਬਾਰੇ ਕੌਮ ਨੂੰ ਕੋਈ ਜੁਗਤਿ ਦਸੇ।

ਸਾਡਾ ਤੇ ਦੁਖਾਂਤ ਹੀ ਇਹ ਹੈ ਕੇ ਅਸੀ ਸੱਚੇ ਨੂੰ ਝੂਠਾ ਕਹਿਨ ਵੇਲੇ ਤੇ ਝੂਠੇ ਨੂੰ ਸਤਕਾਰਨ ਵੇਲੇ ਝੱਟ ਵੀ ਸਮਾਂ ਨਹੀਂ ਲਾਂਉਦੇ। ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਰਨਾਂ ਭਰਾਵਾਂ ਨੇ ਜੋ ਸਿੱਖ ਕਾਨਫਰੇਂਸ ਸਦੀ ਸੀ ਉਸ ਦੇ ਸਦੇ ਲਈ ਹਰਵਿੰਦਰ ਸਰਨਾਂ ਕਾਨਪੁਰ ਆਇਆ ਸੀ, ਤੇ ਉਸ ਨੇ ਮੰਚ ਤੇ ਇਹ ਕਹਿਆ ਕੇ "ਪ੍ਰੋਫੈਸਰ ਸਾਹਿਬ ਅਪਨੇ ਅਹਿਮ ਕਰਕੇ "ਸਕਤਰੇਤ" ਵਿਚ ਹਾਜਿਰ ਨਹੀਂ ਹੋਏ। ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ ਦੇ ਮੁਖੀ ਬਰਜਿੰਦਰ ਸਿੰਘ ਲਖਨਊ ਨੇ ਇਸੇ ਮੰਚ ਤੇ ਕਹਿਆ ਕੇ "ਸਾਰੇ ਫੈਸਲੇ ਸਕਤਰੇਤ ਵਿਚ ਹੀ ਹੁੰਦੇ ਆਏ ਹਨ।" ਬਹੁਤ ਅਫਸੋਸ ਹੈ ਕੇ ਇਹ ਹਨ ਸਾਡੇ ਕੌਮ ਦੇ ਆਗੂ, ਜੋ ਅਸਲੀਅਤ ਨੂੰ ਜਾਂਣਦੇ ਹੋਏ ਵੀ ਝੂਠ ਬੋਲਣ ਵੇਲੇ ਜਰਾ ਵੀ ਪਰਹੇਜ ਨਹੀਂ ਕਰਦੇ। ਦਾਸ ਨੇ ਉਸ ਵੇਲੇ ਖੜੇ ਹੋ ਕੇ ਉਨ੍ਹਾਂ ਦੇ ਬਿਆਨ ਦਾ ਪੁਰਜੋਰ ਵਿਰੋਧ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ ਦੇ ਬਰਜਿੰਦਰ ਸਿੰਘ ਨੂੰ ਬੋਲਦਿਆ ਬੋਲਦਿਆ ਬਹਿਨਾਂ ਪੈ ਗਇਆ ਸੀ। ਇਹ ਤੇ ਇਤਿਹਾਸ ਤੇ ਪੰਥ ਦੇ ਵਿਦਵਾਨ ਹੀ ਤੈ ਕਰਨਗੇ ਕੇ ਕੇਸਾਧਾਰੀ ਬ੍ਰਾਹਮਣਾਂ ਦੇ ਸਿਰਜੇ ਇਸ "ਛੇਵੇਂ ਤਖਤ" ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਪਣੇ ਅਹਿਮ ਨੂੰ ਪ੍ਰਮੁਖਤਾ ਦਿਤੀ ਸੀ ਕੇ ਇਕ ਬਹੁਤ ਵਡੀ ਕੀਮਤ ਚੁਕਾ ਕੇ ਕੌਮ ਨੂੰ ਇਹੋ ਜਹੇ ਗੈਰ ਸਿਧਾਂਤਕ ਮੁਦਿਆਂ ਦਾ ਪੁਰਜੋਰ ਵਿਰੋਧ ਕਰਨ ਦਾ ਇਕ ਸੰਦੇਸ਼ ਤੇ ਹਲੂਣਾਂ ਦਿਤਾ ਸੀ।

ਇੰਦਰ ਜੀਤ ਸਿੰਘ, ਕਾਨਪੁਰ

ਨੋਟ: ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਦੇ "ਅਕਾਲ ਤਖਤ ਦੇ ਸਿਧਾਂਤ" ਬਾਰੇ ਵੀਚਾਰ ਕੀ ਹਨ, ਗੁਰਬਾਣੀ ਦੀ ਰੌਸ਼ਨੀ ਵਿਚ, ਇਹ ਸੁਨਣ ਲਈ ਵੀਡੀਉ ਜਰੂਰ ਦੇਖਣ ਦੀ ਕਿਰਪਾਲਤਾ ਕਰਨੀ ਜੀ। ਇਹ ਕੀਰਤਨ ਉਨ੍ਹਾਂ ਨੇ ਅਜ ਤੋਂ 6- 7 ਸਾਲ ਪਹਿਲਾਂ ਕਾਨਪੁਰ ਵਿਚ ਕੀਤੇ ਸਨ, ਜੋ ਕੁਝ ਉਸ ਵੇਲੇ ਉਨ੍ਹਾਂ ਕਹਿਆ, ਅਜੋਕੇ ਸਮੇਂ ਵਿਚ ਵੀ ਉਹ ਸੱਚ ਸਾਬਿਤ ਹੋ ਰਿਹਾ ਹੈ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top