Share on Facebook

Main News Page

ਗੁਰੂ ਅੰਗਦ ਸਾਹਿਬ ਜੇ ਇਸ ਉੱਚੀ ਜ਼ਿੰਮੇਵਾਰੀ ਵਾਸਤੇ ਚੁਣੇ ਗਏ ਹਨ ਤਾਂ ਕੀ ਸਿਰਫ਼ ਸੇਵਾ ਦੀ ਬਦੌਲਤ?

ਬਹੁਤ ਮੁਸ਼ੱਕਤ ਕਰਨ ਦੇ ਬਾਵਜੂਦ ਭਾਈ ਲਹਿਣਾ ਜੀ ਨੂੰ ਕਿਧਰੇ ਸੁਆਲ-ਜੁਆਬ ਕਰਦੇ ਮੈਂ ਨਹੀਂ ਪੜ੍ਹਿਆ। ਕਵਿਤਾ ਦੀਆਂ ਬਾਰੀਕੀਆਂ, ਰਾਗ ਦੀ ਸੂਖ਼ਮਤਾ ਬਾਰੇ ਕਦੋਂ ਸਿੱਖਿਆ ਲਈ ਕੋਈ ਲਿਖਤ ਨਹੀਂ ਮਿਲਦੀ। ਦਰਸ਼ਨ ਕਰਨ ਆਈ ਸੰਗਤ ਦੇ ਸੁਆਲਾਂ ਦੇ ਕਦੀ ਜੁਆਬ ਦਿੱਤੇ ਹੋਣ, ਕੋਈ ਲਿਖਤ ਨਹੀਂ ਲੱਭਦੀ। ਗੁਰਬਾਣੀ ਦੀਆਂ ਬਾਰੀਕੀਆਂ ਨੂੰ ਕਦੋਂ ਸਮਝਿਆ, ਸਾਰਾ ਇਤਿਹਾਸ ਖ਼ਾਮੋਸ਼ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਲਈ ਕੋਈ ਸਿੱਖਿਆ ਦੇਣ ਦਾ ਵੱਖਰਾ ਪ੍ਰਬੰਧ ਕੀਤਾ ਹੋਇਆ ਹੋਵੇ, ਅਜਿਹਾ ਕਿਧਰੇ ਜ਼ਿਕਰ ਨਹੀਂ ਮਿਲਦਾ। ਜੋ ਕੁੱਝ ਪੜ੍ਹਨ-ਸੁਣਨ ਨੂੰ ਮਿਲਦਾ ਹੈ, ਉਹ ਹੈ ”ਸੇਵਾ”। ਲਗਾਤਾਰ ਬਗ਼ੈਰ ਰੁਕੇ , ਬਿਨਾਂ ਦਿਨ-ਰਾਤ ਦਾ ਭਰਮ ਕੀਤੇ, ਬਿਨਾਂ ਦੁੱਖ-ਭੁੱਖ ਦੀ ਪ੍ਰਵਾਹ ਕੀਤੇ, ਹਰ ਵਕਤ ਸੇਵਾ ਲਈ ਹਾਜ਼ਰ ਰਹੇ। ਸੇਵਾ ਹੀ ਸਭ ਤੋਂ ਸ਼੍ਰੋਮਣੀ ਹੈ, ਅੱਖਾਂ ਬੰਦ ਕਰ ਕੇ ਸੇਵਾ ਕਰਦੇ ਜਾਓ। ਪੁਸਤਕਾਂ ਵਿੱਚ ਸਿੱਖ ਲੇਖਾਰੀ (ਅਤੇ ਬੁਲਾਰੇ) ਜਦੋਂ ਸੇਵਾ ਦੇ ਗੁਣ ਲਿਖਣ ਲਗਦੇ ਹਨ ਤਾਂ ਆਮ ਵਿਅਕਤੀ ਘਰ ਦੇ ਸਾਰੇ ਕੰਮ ਛੱਡ ਕੇ, ਗੁਰਦਵਾਰਿਆਂ ਵਿੱਚ ਝਾੜੂ-ਪੋਚਾ ਲਾਉਣ ਲਗਦਾ ਹੈ। ਬਰਤਣ ਮਾਂਜਦਾ ਹੈ, ਦਾਲਾਂ-ਸਬਜ਼ੀਆਂ ਤੇ ਪ੍ਰਸ਼ਾਦੇ ਬੜੇ ਉਤਸ਼ਾਹ ਨਾਲ ਬਣਾਉਂਦਾ ਅਤੇ ਵਰਤਾਉਂਦਾ ਹੈ। ਘਰੇਲੂ ਜ਼ਿੰਮੇਵਾਰੀਆਂ ਸਭ ਤਿਆਗ ਕੇ, ਸੇਵਾ ਕਰਦਿਆਂ ਹਾਲੋਂ ਬੇਹਾਲ ਹੋ ਜਾਂਦਾ ਹੈ। ਉਸ ਨੂੰ ਇਹ ਦੱਸਣ ਵਾਲਾ ਕੋਈ ਨਹੀਂ ਕਿ ਆਪਣੇ ਪ੍ਰਵਾਰ ਦੀ ਸੇਵਾ ਭੀ ਉਤਨੀ ਹੀ ”ਫਲਦਾਇਕ” ਹੈ, ਜਿੰਨੀ ਗੁਰਦਵਾਰੇ ਦੀ। ਆਂਢ-ਗੁਆਂਢ ਵਿੱਚ ਕਈ ਲੋੜਵੰਦ ਹੋ ਸਕਦੇ ਹਨ, ਉਨ੍ਹਾਂ ਦੀ ਸੇਵਾ ਭੀ ਉਤਨੀ ਹੀ ਲਾਭਕਾਰੀ ਹੈ। ਸੇਵਾ ਦਾ ਘੇਰਾ ਅਤਿਅੰਤ ਵਿਸ਼ਾਲ ਹੈ, ਪਰ ਇਹ ਪੱਖ ਸੰਗਤਾਂ ਸਨਮੁੱਖ ਰੱਖਿਆ ਹੀ ਨਹੀਂ ਗਿਆ। ਆਮ ਸਿੱਖ ਨੂੰ ਸਿਮਰਨ ਦੇ ”ਕੁਰਾਹੇ” ਪਾ ਕੇ ਬਰਬਾਦ ਕਰ ਦਿੱਤਾ। ਗੁਰਬਾਣੀ ਨੂੰ ਸਮਝਣਾ ਤੇ ਜੀਵਨ ਵਿੱਚ ਢਾਲਣਾ, ਵਿਸਾਰ ਹੀ ਦਿੱਤਾ।

ਗੁਰੂ ਅੰਗਦ ਸਾਹਿਬ ਜੇ ਇਸ ਉੱਚੀ ਜ਼ਿੰਮੇਵਾਰੀ ਵਾਸਤੇ ਚੁਣੇ ਗਏ ਹਨ ਤਾਂ ਕੀ ਸਿਰਫ਼ ਸੇਵਾ ਦੀ ਬਦੌਲਤ? ਜਿਹੋ ਜਿਹੀ ਸੇਵਾ ਸਾਖੀਕਾਰਾਂ ਨੇ ਉਨ੍ਹਾਂ ਤੋਂ ਕਰਵਾਈ ਹੈ, ਉਹੋ ਜਿਹੀ ਸੇਵਾ ਤਾਂ ”ਸ਼ੂਦਰ ਗਰਦਾਨੇ” ਲੋਕ ਸਦੀਆਂ ਤੋਂ ਕਰਦੇ ਆ ਰਹੇ ਹਨ। ਕੀ ਇਸ ਸੇਵਾ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਕਦੀ ਕੋਈ ਸਨਮਾਨ ਜੋਗ ਰੁਤਬਾ ਦਿੱਤਾ ਗਿਆ? ਜੀ ਨਹੀਂ! ਉਹ ਅੱਖਾਂ ਮੀਟ ਕੇ (ਮਜਬੂਰੀ ਵੱਸ) ਸਦੀਆਂ ਤੋਂ ਬਸ ਸੇਵਾ ਕਰਦੇ ਆ ਰਹੇ ਹਨ। ਸਾਡੇ ਆਮ ਘਰਾਂ ਵਿੱਚ ਔਰਤਾਂ ਸਦੀਆਂ ਤੋਂ ਤਨ, ਮਨ ਨਾਲ ਨਿੱਤ ਦਿਨ ਸੇਵਾ ਕਰਦੀਆਂ ਹਨ। ਇਸ ਸੇਵਾ ਕਾਰਨ ਕਦੀ ਉਨ੍ਹਾਂ ਨੂੰ ਕੋਈ ਸਨਮਾਨਜੋਗ ਅਹੁਦਾ ਪ੍ਰਾਪਤ ਹੋਇਆ? ਸ਼ੂਦਰਾਂ ਵਿੱਚੋਂ ਜਿਨ੍ਹਾਂ ਨੇ ਗਿਆਨ ਹਾਸਲ ਕਰ ਲਿਆ, ਉਨ੍ਹਾਂ ਦਾ ਜੀਵਨ ਕੁੱਝ ਹੱਦ ਤੱਕ ਬਦਲਣਾ ਸ਼ੁਰੂ ਹੋ ਗਿਆ। ਔਰਤਾਂ ਵਿੱਚੋਂ ਜਿਨ੍ਹਾਂ ਨੂੰ ਉਚੇਰੀ ਪੜ੍ਹਾਈ ਕਰਨ ਦਾ ਸਬੱਬ ਬਣ ਗਿਆ, ਉਹ ਬੀਬੀਆਂ ਬੇਅੰਤ ਵੱਡੇ-ਵੱਡੇ ਰੁਤਬੇ ਪ੍ਰਾਪਤ ਕਰ ਗਈਆਂ। ਜੇ ਉਹ ”ਸੰਗਤਾਂ ਦੀ ਸੇਵਾ” ਹੀ ਕਰਦੀਆਂ ਰਹਿੰਦੀਆਂ ਤਾਂ ਅੱਗੇ ਵਧਣ ਦਾ ਸੁਪਨਾ ਤੱਕ ਨਹੀਂ ਸਨ ਲੈ ਸਕਦੀਆਂ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੀ ਸਪੀਕਰ, (ਮੁਖੀ) ਕਾਂਗਰਸ ਪਾਰਟੀ ਦੀ ਪ੍ਰਧਾਨ, ਕੁੱਝ ਕੁ ਸੂਬਿਆਂ ਦੀਆਂ ਮੁੱਖ ਮੰਤਰੀ ਬਣੀਆਂ ਸਾਰੀਆਂ ਸਤਿਕਾਰਯੋਗ ਬੀਬੀਆਂ ਝਾੜੂ-ਪੋਚਾ ਲਾ ਕੇ, ਭਾਂਡੇ ਮਾਂਜ ਕੇ, ”ਸੇਵਾ ਕਰ ਕੇ” ਇਨ੍ਹਾਂ ਵਡੇਰੇ ਅਹੁਦਿਆਂ ‘ਤੇ ਨਹੀਂ ਪਹੁੰਚੀਆਂ, ਉਨ੍ਹਾਂ ਨੇ ਬਹੁਤ ਵੱਡੀਆਂ ਪੜ੍ਹਾਈਆਂ ਕੀਤੀਆਂ ਹੋਈਆਂ ਹਨ। ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ। ਅਸੀਂ ”ਸੇਵਾ ਤੇ ਸਿਮਰਨ” ਵਿੱਚੋਂ ਰਾਜ ਲੱਭਦੇ ਹਾਂ। ਉਹ ਬਿਨਾਂ ”ਸੇਵਾ ਅਤੇ ਬਿਨਾਂ ਸਿਮਰਨ” ਤੋਂ ਰਾਜ ਕਰ ਰਹੀਆਂ ਹਨ।

ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਤਕਰੀਬਨ ਸੱਤ ਸਾਲ ਤੱਕ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਪੜ੍ਹਦੇ-ਸਿੱਖਦੇ ਰਹੇ। ਜੋ ਨਿਰੰਕਾਰੀ ਬਖ਼ਸ਼ਿਸ਼ਾਂ ਗੁਰੂ ਨਾਨਕ ਜੀ ਨੂੰ ਪ੍ਰਾਪਤ ਹੋਈਆਂ ਸਨ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਵਿਚਾਰਧਾਰਾ ਨੂੰ ਇੰਨ ਬਿੰਨ ਲਾਗੂ ਕਰਾਉਣਾ ਅੱਗੋਂ ਜ਼ਿੰਮੇਵਾਰੀ ਦੂਜੇ ਪਾਤਿਸ਼ਾਹ ਦੀ ਸੀ। ਸਮੇਂ ਦੀ ਰਾਜਨੀਤੀ ਕਿੰਨੀ ਖ਼ੂੰਖਾਰ ਹੈ, ਧਾਰਮਕ ਲੋਕ ਕੁਰਾਹੇ ਪੈ ਚੁੱਕੇ ਹਨ। ਆਮ ਜੰਤਾ ਗ਼ਰੀਬ ਹੈ, ਅਣਪੜ੍ਹ ਹੈ, ਨਾ ਸਮਝ ਹੈ। ਸੈਂਕੜੇ ਸਾਲਾਂ ਤੋਂ ਕਈ ਤਰ੍ਹਾਂ ਦੀ ਗ਼ੁਲਾਮੀ ਵਿੱਚ ਪਿਸਦੀ ਆ ਰਹੀ ਹੈ। ਅਜਿਹੇ ਭਿਆਨਕ ਹਾਲਾਤ ਵਿੱਚ ਲੋਕਾਂ ਨੂੰ ਜਗਾਉਣਾ ਹੈ, ਲਾਮਬੰਦ ਕਰਨਾ ਹੈ। ਏਕਤਾ ਦੇ ਸੂਤਰ ਵਿੱਚ ਪਰੌਣਾ ਹੈ। ਮੌਤ ਦਾ ਭੈ ਮਨਾਂ ਵਿੱਚੋਂ ਕੱਢਣਾ ਹੈ। ਬਾਦਸ਼ਾਹੀਆਂ ਬਦਲਦੀਆਂ ਦਾ ਸ਼ਬਦ ਚਿੱਤਰ ਰਾਹੀਂ ਲੋਕਾਂ ਦੇ ਸਾਹਮਣੇ ਨਕਸ਼ਾ ਖਿੱਚ ਧਰਨਾ ਹੈ। ਜ਼ਿੰਮੇਵਾਰੀ ਚੁੱਕਣ ਵਾਲਾ ਮਹਾਂਪੁਰਖ ਜੇ ਕਿਤੇ ਕਮਜ਼ੋਰੀ ਵਿਖਾ ਜਾਵੇ ਤਾਂ ਸਾਰੀ ਉਸਰੀ ਹੋਈ ਲਹਿਰ ਢਹਿ ਢੇਰੀ ਹੋ ਜਾਇਆ ਕਰਦੀ ਹੈ। ਸੱਤ ਸਾਲ ਲਗਾਤਾਰ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਅੰਗ ਸੰਗ ਰਹੇ। ਸਭ ਤੋਂ ਪਹਿਲਾਂ ਭਾਈ ਲਹਿਣਾ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ। ਜਿਨ੍ਹਾਂ ਸਤਿ ਪੁਰਖਾਂ ਦੀ ਬਾਣੀ ਦਾ ਉਤਾਰਾ ਕਰ ਕੇ ਗੁਰੂ ਨਾਨਕ ਸਾਹਿਬ ਲਿਆਏ ਸਨ, ਉਨ੍ਹਾਂ ਨੂੰ ਵਿਚਾਰ ਸਹਿਤ ਪੜ੍ਹਿਆ। ਜਿਸ ਥਾਂ ਕਿਸੇ ਗੁੰਝਲ ਦੀ ਸਮਝ ਨਹੀਂ ਪੈਂਦੀ ਸੀ, ਉਸ ਬਾਰੇ ਗੁਰੂ ਨਾਨਕ ਸਾਹਿਬ ਤੋਂ ਪੁੱਛ ਲੈਂਦੇ ਸਨ। ਅਖ਼ੀਰਲੇ ਸੱਤ ਸਾਲਾਂ ਦੌਰਾਨ ਜੋ ਵਿਅਕਤੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਉਂਦੇ ਸਨ। ਨਵੀਂ ਵਿਚਾਰਧਾਰਾ ਬਾਰੇ ਕਈ ਤਰ੍ਹਾਂ ਦੇ ਸੁਆਲ ਭੀ ਕਰਦੇ ਸਨ। ਸਵੇਰੇ ਸ਼ਾਮ ਜੋ ਉਪਦੇਸ਼ ਸੰਗਤਾਂ ਨੂੰ ਦਿੱਤਾ ਜਾਂਦਾ ਸੀ, ਉਸ ਵਕਤ ਭਾਈ ਲਹਿਣਾ ਜੀ ਹਾਜ਼ਰ ਰਹਿੰਦੇ ਸਨ। ਪ੍ਰਬੰਧਕੀ ਤੌਰ ‘ਤੇ ਕੀ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਰਾਹ ਸਿਰ ਕਿਵੇਂ ਕਰਨਾ ਹੈ। ਨਵੀਂ ਤਿਆਰ ਹੋ ਰਹੀ ਜਥੇਬੰਦੀ ਦੀਆਂ ਕੀ ਲੋੜਾਂ ਹੋ ਸਕਦੀਆਂ ਹਨ। ਗਲ ਪਈ ਬਹੁ ਪਰਤੀ ਗ਼ੁਲਾਮੀ ਕਿਵੇਂ ਗਲੋਂ ਲਾਹੀ ਜਾ ਸਕਦੀ ਹੈ। ਲੰਮੇਂ ਸਮੇਂ ਦੀਆਂ ਅਤੇ ਥੋੜੇ ਸਮੇਂ ਦੀਆਂ ਸਕੀਮਾਂ ਤਿਆਰ ਕਰ ਕੇ, ਕਿਵੇਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਅਜਿਹੇ ਅਣਗਿਣਤ ਸਿੱਖਣ ਵਾਲੇ ਕੰਮ ਸਨ, ਜੋ ਉਨ੍ਹਾਂ ਗੁਰੂ ਬਾਬਾ ਜੀ ਤੋਂ ਸਿੱਖੇ ਤਾਂ ਕਿ ਅੱਗੇ ਸਿੱਖਾਂ ਨੂੰ ਸਿਖਾਏ ਜਾ ਸਕਣ।

ਅਫ਼ਸੋਸ! ਬਹੁਤ ਅਫ਼ਸੋਸ!! ਚਾਰੇ ਜਨਮ ਸਾਖੀਆਂ ਵਿੱਚ ਅਜਿਹੀ ਸਿਆਣਪ ਵਾਲੀ ਕੋਈ ਲਿਖਤ ਨਹੀਂ ਹੈ। ਭਾਈ ਲਹਿਣਾ ਜੀ ”ਮਹਾਨ ਸੇਵਾ ਜਾਣ ਕੇ” ਮੀਂਹ ਨਾਲ ਢੱਠ ਚੁੱਕੀ, ਰਾਤ ਸਮੇਂ ਕੰਧ ਉਸਾਰਦੇ ਹਨ। ਦੂਜੀ ਥਾਂਵੇਂ ਗੁਰੂ ਨਾਨਕ ਸਾਹਿਬ ਦਰਿਆ ਵਿੱਚ ਇਸ਼ਨਾਨ ਕਰਦੇ ਹਨ ਤੇ ਭਾਈ ਲਹਿਣਾ ਜੀ ਕੱਪੜਿਆਂ ਦੀ ਰਾਖੀ ਬੈਠੇ ਹਨ। ਇੱਕ ਦਿਨ ਚਿੱਕੜ ਵਿੱਚ ਡਿੱਗਿਆ ਲੋਟਾ ਬਾਹਰ ਕੱਢ ਲਿਆਉਂਦੇ ਹਨ। ਇੱਕ ਬਿੱਲੀ ਸੰਗਤ ਦੇ ਨੇੜੇ ਮਰੀ ਹੋਈ ਚੂਹੀ ਸੁੱਟ ਕੇ ਦੌੜ ਗਈ। ਹੋਰ ਕੋਈ ਹੱਥ ਲਾਉਣ ਨੂੰ ਤਿਆਰ ਨਾ ਹੋਇਆ। ਭਾਈ ਲਹਿਣਾ ਜੀ ਨੇ ਚੂਹੀ ਚੁੱਕ ਕੇ ਬਾਹਰ ਸੁੱਟ ਦਿੱਤੀ। ਇੱਕ ਦਿਨ ਸੰਗਤ ਨੇ ਗੁਰੂ ਨਾਨਕ ਸਾਹਿਬ ਅੱਗੇ ਜਲੇਬੀਆਂ ਖਾਣ ਦੀ ਅਰਜ ਕੀਤੀ। ਗੁਰੂ ਬਾਬਾ ਜੀ ਨੇ ਪੁੱਤਰਾਂ ਨੂੰ ਕਿਹਾ ਕਿ ਜਿਸ ਕਿੱਕਰ ਹੇਠਾਂ ਅਸੀਂ ਬੈਠੇ ਹਾਂ। ਇਸ ਦੇ ਉਪਰ ਚੜ੍ਹ ਕੇ ਹਲੂਣ ਦਿਓ, ਜਲੇਬੀਆਂ ਝੜ ਪੈਣਗੀਆਂ। ਪੁੱਤਰਾਂ ਨੇ ਨਾਂਹ ਕਰ ਦਿੱਤੀ, ਸੇਵਕਾਂ ਨੇ ਹੁਕਮ ਨਹੀਂ ਮੰਨਿਆ। ਜਦੋਂ ਭਾਈ ਲਹਿਣਾ ਜੀ ਨੂੰ ਇਸ਼ਾਰਾ ਹੋਇਆ ਤਾਂ ਉਹ ਦਬਾ ਛੱਟ ਕਿੱਕਰ ‘ਤੇ ਚੜ੍ਹਨ ਲੱਗਾ। ਜਦੋਂ ਸਾਥੀਆਂ ਨੇ ਯਾਦ ਕਰਾਇਆ, ”ਕਿੱਕਰਾਂ ਨੂੰ ਜਲੇਬੀਆਂ ਨਹੀਂ ਲਗਦੀਆਂ ਹੁੰਦੀਆਂ।” ਭਾਈ ਲਹਿਣਾ ਜੀ ਨੇ ਪੂਰੀ ਸ਼ਰਧਾਂ ਅਤੇ ਵਿਸ਼ਵਾਸ ਨਾਲ ਆਖਿਆ, ”ਮੇਰੇ ਸੱਚੇ ਸਤਿਗੁਰੂ ਜੀ ਨੇ ਆਖਿਆ ਹੈ ਕਿ ਹਲੂਣਾ ਦੇਣ ‘ਤੇ ਜਲੇਬੀਆਂ ਹੀ ਝੜਨਗੀਆਂ। ਮੇਰਾ ਗੁਰੂ ਝੂਠ ਨਹੀਂ ਬੋਲਦਾ, ਜਰੂਰ ਜਲੇਬੀਆਂ ਹੀ ਝੜਨਗੀਆਂ” ਜਾਂ ਫਿਰ ਭਾਈ ਲਹਿਣਾ ਜੀ ਖੇਤਾਂ ਵਿੱਚ ਜਾ ਕੇ ਜੀਰੀ (ਝੋਨਾ) ਵਿੱਚੋਂ ਘਾਹ ਕੱਢ ਕੇ, ਪੰਡ ਬੰਨ੍ਹ ਕੇ, ਸਿਰ ‘ਤੇ ਰੱਖ ਕੇ ਘਰ ਲੈ ਆਏ ਜਿਸ ਨਾਲ ਭਾਈ ਲਹਿਣਾ ਜੀ ਦੇ ਬਸਤਰ ਗੰਦੇ ਹੋ ਗਏ। ਗੁਰੂ ਨਾਨਕ ਨੇ ਚਿੱਕੜ (ਗਾਰਾ) ਨੂੰ ਕੇਸਰ ਆਖਿਆ, ਕਿਰਤ ਨੂੰ ਸਲਾਹਿਆ।

ਇਨ੍ਹਾਂ ਪੰਜ ਸੱਤ ਸਾਖੀਆਂ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ। ਕੀ ਤੱਤ ਗੁਰਮਤਿ (ਗੁਰਬਾਣੀ ਅਨੁਸਾਰੀ) ਇਨ੍ਹਾਂ ਵਿੱਚ ਰਾਈ ਮਾਤਰ ਹੀ ਲੱਭੇਗੀ? ਗੱਦੀ ਦੇਣ ਵਕਤ ਗੁਰੂ ਨਾਨਕ ਸਾਹਿਬ ਜੀ ਦਾ ਭੀ ਸਾਖੀਕਾਰਾਂ ਨੇ ਹੁਲੀਆ ਵਿਗਾੜ ਦਿੱਤਾ। ਫਟੇ ਪੁਰਾਣੇ ਕੱਪੜੇ ਪਾ ਲਏ। ਹੱਥ ਵਿੱਚ ਮਜ਼ਬੂਤ ਸੋਟਾ ਫੜ ਲਿਆ ਨਾਲ ਪੰਜ-ਸੱਤ ਕੁੱਤੇ ਲੈ ਲਏ। ਸ਼ਾਮ ਦੇ ਸਮੇਂ ਜੰਗਲ ਵੱਲ ਚੱਲ ਪਏ। ਬਾਕੀ ਸਾਰੇ ਰਸਤੇ ਵਿੱਚੋਂ ਵਾਪਸ ਮੁੜਦੇ ਗਏ ਪਰ ਭਾਈ ਲਹਿਣਾ ਜੀ ਨਹੀਂ ਮੁੜੇ। ਅਖ਼ੀਰ ਮੁਰਦਾ ਖਾਣ ਵਾਸਤੇ ਹੁਕਮ ਹੋ ਗਿਆ। ਭਾਈ ਲਹਿਣਾ ਜੀ ਖਾਣ ਲਈ ਤਿਆਰ ਹੋ ਗਏ। ਕੱਪੜਾ ਚੁੱਕ ਕੇ ਵੇਖਿਆ ਤਾਂ ਮੁਰਦੇ ਦੀ ਥਾਵੇਂ ਗੁਰੂ ਨਾਨਕ ਹੀ ਲੰਮੇ ਪਏ ਦਿੱਸ ਪਏ। ਜਦੋਂ ਭਾਈ ਲਹਿਣਾ ਜੀ ਨੂੰ ਸਿੱਖ ਪੰਥ ਦੀ ਵਾਗਡੋਰ ਸੌਂਪ ਕੇ, ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਤਾਂ ਸਰੀਰ ਨੂੰ ਲੇਖੇ ਲਾਉਣ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਝਗੜਾ ਹੋ ਗਿਆ। ਹਿੰਦੂ ਆਖਣ, ਅਸੀਂ ਅਗਨੀ ਭੇਟ ਕਰਨਾ ਹੈ। ਮੁਸਲਮਾਨ ਕਹਿਣ, ਅਸੀਂ ਕਬਰ ਬਣਾ ਕੇ ਦਬਾਉਣਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਅੰਤਮ ਕਿਰਿਆਵਾਂ ਨਿਭਾਉਣ ਦਾ ਅਧਿਕਾਰ ਪਰਵਾਰ ਦਾ ਹੁੰਦਾ ਹੈ ਜਾਂ ਨਿਕਟ ਵਰਤੀ ਦੋਸਤਾਂ, ਮਿੱਤਰਾਂ ਦਾ। ਇਥੇ ਸਿੱਖ ਸੇਵਕ ਦਾ ਹੋਣਾ ਮੰਨਿਆ ਜਾ ਸਕਦਾ ਸੀ। ਭਾਈ ਲਹਿਣਾ ਜੀ ਨੂੰ ਆਪਣੀ ਥਾਂ ‘ਤੇ ਸੁਸ਼ੋਭਤ ਕੀਤਾ ਸੀ, ਉਹ ਭੀ ਬੇਬਸ ਜਿਹੇ ਵਿਖਾਏ ਗਏ ਹਨ। ਲੋਕਾਂ ਦੀ ਮੂੜਤਾ ਤੋਂ ਬਚਣ ਲਈ ਕਰਾਮਾਤੀ ਤਰੀਕੇ ਨਾਲ ਲਾਸ਼ ਹੀ ਗ਼ਾਇਬ ਕਰਵਾ ਦਿੱਤੀ।

ਜੋ ਗੱਲਾਂ ਮਹੱਤਵਹੀਣ ਸਨ, ਉਨ੍ਹਾਂ ਨੂੰ ਸਾਖੀਆਂ ਵਿੱਚ ਬਹੁਤ ਉਭਾਰਿਆ ਗਿਆ ਹੈ। ਜੋ ਮਹੱਤਵਪੂਰਨ ਸਨ, ਉਨ੍ਹਾਂ ਨੂੰ ਨਕਾਰਿਆ ਗਿਆ ਹੈ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਖ਼ੁਦ ਲਿਖਦੇ ਅਤੇ ਸੰਭਾਲਦੇ ਸਨ, ਇਸ ਦਾ ਸਾਖੀਆਂ ਵਿੱਚ ਕੋਈ ਜ਼ਿਕਰ ਨਹੀਂ। ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਇਕੱਤਰ ਕੀਤੀ, ਇਸ ਦਾ ਕੋਈ ਜ਼ਿਕਰ ਨਹੀਂ। ਭਗਤਾਂ ਦੀ ਬਾਣੀ ਵਿੱਚੋਂ ਅਣਲੋੜੀਂਦੇ ਇੰਦਰਾਜ ਵੱਖ ਕਰਨੇ, ਆਪਣੀ ਵਿਚਾਰਧਾਰਾ ਨਾਲ ਮੇਲ ਖਾਂਦੇ ਸ਼ਬਦ ਹੀ ਰੱਖਣੇ, ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਜੋ ਉਪਦੇਸ਼ ਜਾਂ ਵਿਚਾਰ ਚਰਚਾ ਗੁਰੂ ਨਾਨਕ ਸਾਹਿਬ ਜੀ ਨੂੰ ਕਰਦੇ ਵਿਖਾਇਆ ਗਿਆ, ਉਹ ਭੀ ਅਧੂਰੀ ਹੈ। ਬਹੁਤੀ ਥਾਈਂ ਗੁਰੂ ਆਸ਼ੇ ਤੋਂ ਉਲਟ ਹੈ। ਲੰਮੇਂ ਸਮੇਂ ਮਗਰੋਂ ਜਿਵੇਂ-ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਅਰਥ ਕੀਤੇ ਜਾਣ ਲੱਗੇ ਜਾਂ ਸਬੰਧਤ ਵਿਅਕਤੀਆਂ ਅਤੇ ਧਰਮ ਅਸਥਾਨਾਂ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਪਤਾ ਚਲਦਾ ਗਿਆ, ਉਨ੍ਹਾਂ ਦਾ ਪੇਤਲਾ ਜਿਹਾ ਹਿੱਸਾ ਹੀ ਜਨਮ ਸਾਖੀਆਂ ਵਿੱਚ ਆਇਆ ਹੈ। ਗੁਰਬਾਣੀ ਦੇ ”ਸਿੱਕੇ ਬੰਦ” ਸੱਚ ਨੂੰ ਨਜ਼ਰ ਅੰਦਾਜ਼ ਕਰ ਕੇ ਬੇ-ਸਿਰ, ਪੈਰ ਦੀਆਂ ਕਰਾਮਾਤੀ ਸਾਖੀਆਂ ਨਾਲ ਨੱਥੀ ਕਰ ਕੇ, ਮਨੁੱਖ ਨੂੰ ਕੁਰਾਹੇ ਪਾਇਆ ਗਿਆ ਹੈ।

ਸਾਰੇ ਗੁਰੂ ਕਾਲ ਵਿੱਚ ਇੱਕੋ ਇੱਕ ਵਿਦਵਾਨ ਭਾਈ ਗੁਰਦਾਸ ਜੀ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਗੁਰੂ ਆਸ਼ੇ ਦੀ ਸਮਝ ਹੈ। ਜੋ ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਜਾਣਦੇ ਹਨ। ਆਮ ਲੋਕਾਂ ਤੱਕ ਜੋ ਗੁਰੂ ਸੰਦੇਸ਼ ਨੂੰ ਖ਼ੂਬਸੂਰਤ ਢੰਗ ਨਾਲ ਪੁਚਾ ਸਕਦੇ ਹਨ। ਭਾਈ ਲਹਿਣਾ ਜੀ ਤੋਂ ”ਸੇਵਾ” ਬਹੁਤ ਕਰਵਾ ਲਈ। ਗੁਰੂ ਨਾਨਕ ਸਾਹਿਬ ਦੇ ਚਰਨਾਂ ‘ਤੇ ਲੰਮਾ ਬਹੁਤ ਵਾਰੀ ਪਵਾ ਲਿਆ ਪਰ ਗੁਰਬਾਣੀ ਕਦੋਂ ਪੜ੍ਹੀ-ਸਮਝੀ, ਰਾਈ ਮਾਤਰ ਜ਼ਿਕਰ ਨਹੀਂ ਹੈ। ਸਾਰੀਆਂ ਜਨਮ ਸਾਖੀਆਂ ਮੌਨ ਹਨ। ਇੱਕ ਨਿੱਕੀ ਜਿੰਨੀ ਟੂਕ ਵਲਾਇਤ ਵਾਲੀ ਜਨਮ ਸਾਖੀ ਵਿੱਚੋਂ ਮਿਲਦੀ ਹੈ। ਉਸੇ ਦੇ ਸਹਾਰੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਦਿੱਤੀ। ਟੂਕ ਇਉਂ ਹੈ- ”ਤਿਤੁ ਮਹਲਿ ਜੋ ਸਬਦੁ ਹੋਆ, ਸੋ ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ£” (ਵਲਾਇਤ ਵਾਲੀ ਜਨਮ ਸਾਖੀ, ਅੰਤਕਾ ਪੰਨਾ 57, ਜਨਮ ਸਾਖੀ ਪ੍ਰੰਪਰਾ, ਸੰਪਾਦਕ ਡਾ. ਕਿਰਪਾਲ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990 ਦੀ ਐਡੀਸ਼ਨ) ਭਾਵ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਸਮੇਂ ਜੋ ਹੁਕਮ ਦਿੱਤਾ ਉਹ ਸੀ ਆਪਣੀ ਬਾਣੀ (ਅਤੇ ਭਗਤ ਬਾਣੀ) ਦੀ ਪੋਥੀ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕਰਨ ਦਾ।

ਗੁਰੂ ਅੰਗਦ ਸਾਹਿਬ (ਸਾਖੀਆਂ)
(ਭਾਗ-13) ਕਿਤਾਬ: ਸੰਸਾਰ ਦਾ ਚੋਣਵਾਂ ਸਾਖੀ ਸਾਹਿਤ, ਪ੍ਰੋ. ਇੰਦਰ ਸਿੰਘ ਘੱਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top