Share on Facebook

Main News Page

ਬਦਲਦੇ ਹਾਲਾਤ ਨੂੰ ਸਮਝਣ ਦੀ ਲੋੜ

ਕੋਈ ਵੇਲਾ ਸੀ ਜਦੋਂ ਰਾਜਿਆਂ ਦਾ ਰਾਜ ਸੀ, ਜਨਤਾ ਮਜ਼ਲੂਮ ਸੀ, ਪਰ ਉਸ ਵੇਲੇ ਵੀ ਧਰਮ ਦੇ ਠੇਕੇਦਾਰ ਬ੍ਰਾਹਮਣ ਆਪਣੀ ਲੁੱਟ ਨੂੰ ਪੱਕਿਆਂ ਕਰਨ ਲਈ ਰਾਜਿਆਂ ਦਾ ਸਾਥੀ ਸੀ, ਦੋਵੇਂ ਰਲ ਕੇ ਜਨਤਾ ਦਾ ਸ਼ੋਸ਼ਣ ਕਰਦੇ ਸਨ। ਦੇਸ਼ ਦੀ ਤਰੱਕੀ ਤੇ ਲੱਗਣ ਵਾਲਾ ਪੈਸਾ, ਰਾਜਿਆਂ ਦਿਆਂ ਖਜ਼ਾਨਿਆਂ ਅਤੇ ਮੰਦਰਾਂ ਦੀ ਰੌਣਕ ਵਧਾਉਂਦਾ ਸੀ। ਏਸੇ ਕਾਰਨ ਹੀ ਭਾਰਤ, ਸੋਨੇ ਦੀ ਚਿੜੀਆ ਵਜੋਂ ਵਿਦੇਸ਼ੀ ਧਾੜਵੀਆਂ ਦੀ ਖਿੱਚ ਦਾ ਕਾਰਨ ਬਣਿਆ। ਸਮੇਂ ਦੇ ਨਾਲ ਭਾਰਤ ਦਾ ਸੋਨਾ-ਚਾਂਦੀ, ਹੀਰੇ- ਜਵਾਹਰਾਤ ਹੀ ਨਹੀਂ, ਭਾਰਤ ਦੀ ਉਹ ਜਵਾਨੀ, ਜੋ ਭਾਰਤ ਦੀ ਖੁਸ਼ਹਾਲੀ ਦਾ ਸਬੱਬ ਬਣਨੀ ਸੀ, ਉਹ ਵੀ ਗੁਲਾਮਾਂ ਵਜੋਂ ਵਿਦੇਸ਼ਾਂ ਵਿਚ ਪਹੁੰਚ ਗਈ। ਭਾਰਤ, ਵਿਦੇਸ਼ੀਆਂ ਦਾ ਗੁਲਾਮ ਹੋ ਗਿਆ।

ਰਾਜ ਬਦਲਿਆ, ਪਰ ਬ੍ਰਾਹਮਣ ਦੀ ਚਾਲ ਨਹੀਂ ਬਦਲੀ, ਉਹ ਦੇਸੀ ਰਾਜਿਆਂ ਦੀ ਥਾਂ ਵਿਦੇਸ਼ੀ ਨਵਾਬਾਂ ਦਾ ਸਾਥੀ ਬਣ ਗਿਆ। ਹਿੰਦੂ ਜਨਤਾ ਓਵੇਂ ਹੀ, ਜਨਤਾ ਦੀ ਰੱਖਿਆ ਕਰਨ ਦੇ ਜ਼ਿੰਮੇਵਾਰ, ਨਵਾਬਾਂ ਅਤੇ ਧਾਰਮਿਕ ਆਗੂਆਂ ਦੀ ਚੱਕੀ ਦੇ ਦੋਵਾਂ ਪੁੜਾਂ ਵਿੱਚ ਪਿਸਦੀ ਰਹੀ। ਅਜਿਹੇ ਵੇਲੇ ਹੀ ਗੁਰੂ ਨਾਨਕ ਜੀ ਨੇ ਜਨਤਾ ਦਾ ਸਹੀ ਮਾਰਗ-ਦਰਸ਼ਨ ਕੀਤਾ। ਪਿਸਦੀ ਜਨਤਾ, ਜਾਗਰੂਕ ਹੋ ਕੇ, ਸਿੱਖੀ ਦੀ ਪਨੀਰੀ ਬਣੀ। ਸਦੀਆਂ ਤੱਕ ਸਿੱਖੀ ਇਸ ਪਨੀਰੀ ਆਸਰੇ ਹੀ ਫਲਦੀ-ਫੁਲਦੀ ਰਹੀ, ਅਤੇ ਅੰਤ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਨ ਹੇਠ, ਖਾਲਸਾ ਰਾਜ ਸਥਾਪਤ ਹੋਇਆ। ਪਰ ਦਬੀ-ਕੁਚਲੀ ਜਨਤਾ, ਸਿੱਖਾਂ ਦਾ ਹਰਿਆਵਲ ਦਸਤਾ ਨਾ ਬਣ ਸਕੀ, ਜਿਸ ਕਾਰਨ ਖਾਲਸਾ ਰਾਜ ਸਮਾਪਤ ਹੋ ਗਿਆ। ਖਾਲਸਾ ਜੰਗਲਾਂ ਦਾ ਵਾਸੀ ਹੋ ਗਿਆ। ਸਿੱਖਾਂ ਦੇ ਧਰਮ-ਅਸਥਾਨਾਂ ਤੇ ਬ੍ਰਾਹਮਣੀ ਸੋਚ ਦੇ ਲੋਕਾਂ, ਨਿਰਮਲਿਆਂ ਅਤੇ ਉਦਾਸੀਆਂ ਦਾ ਕਬਜ਼ਾ ਹੋ ਗਿਆ।

ਕੁੱਝ ਦੇਰ ਤਾਂ ਉਨ੍ਹਾਂ ਨੇ ਧਰਮ-ਅਸਥਾਨਾਂ ਦੀ ਸੇਵਾ ਸੰਭਾਲ ਕੀਤੀ, ਪਰ ਬਦਲਦੇ ਹਾਲਾਤ ਵਿਚ ਜਦੋਂ ਸਿੱਖਾਂ ਨੂੰ ਆਪਣੀ ਹੋਂਦ ਬਚਾਉਣੀ ਔਖੀ ਹੋ ਰਹੀ ਸੀ, ਸਿੱਖਾਂ ਦਾ ਧਿਆਨ ਗੁਰਦਵਾਰਿਆਂ ਦੀ ਸਾਂਭ-ਸੰਭਾਲ ਵੱਲ ਨਾ ਹੋ ਸਕਿਆ। ਉਸ ਸਮੇਂ ਦੌਰਾਨ ਹੀ, ਨਿਰਮਲਿਆਂ ਅਤੇ ਉਦਾਸੀਆਂ ਦੇ ਗੁਰਮਤਿ ਸਿਧਾਂਤਾਂ ਤੇ ਪਰਪੱਕ ਨਾ ਹੋਣ ਕਾਰਨ, ਗੁਰਦਵਾਰਿਆਂ ਵਿਚ ਸਿੱਖੀ ਸਿਧਾਂਤਾਂ ਦੀ ਥਾਂ, ਬ੍ਰਾਹਮਣੀ ਰੀਤੀ-ਰਿਵਾਜਾਂ ਦਾ ਬੋਲ-ਬਾਲਾ ਹੁੰਦਾ ਗਿਆ। ਅਜਿਹੀ ਹਾਲਤ ਵਿੱਚ ਹੀ ਜੂਝਦੇ ਸਿੱਖਾਂ ਨੇ, ਰਾਜ ਵੱਲ ਪੈਰ ਵਧਾਏ।

ਹਾਲਾਤ ਨੇ ਅਜਿਹਾ ਪਲਟਾ ਮਾਰਿਆ ਕਿ ਸਿੱਖ, ਇਕ ਜੁੱਟ ਹੋ ਕੇ ਖਾਲਸਾ ਰਾਜ ਨਾ ਸਥਾਪਤ ਕਰ ਸਕੇ। ਉਸ ਦੀ ਥਾਂ ਵਿਅਕਤੀ ਰਾਜ ਹੀ ਹੋਂਦ ਵਿਚ ਆ ਸਕਿਆ, ਹਾਲਾਂਕਿ ਉਸ ਦਾ
ਮਹਾਰਾਜਾ ਸਿੱਖ ਹੀ ਸੀ। ਉਸ ਵੇਲੇ ਵੀ ਬ੍ਰਾਹਮਣ ਦੀ ਉਹੀ ਚਾਲ ਰਹੀ, ਜੇ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੀ ਚਾਲ ਵਿਚ ਨਾ ਆਉਂਦਾ, ਤਾਂ ਸ਼ਾਇਦ ਇਹ ਖਾਲਸਾ ਰਾਜ ਹੋ ਨਿਬੜਦਾ, ਜਿਸ ਦਾ ਅੰਤ ਹੋਣ ਦਾ ਸਵਾਲ ਹੀ ਪੈਦਾ ਨਾ ਹੁੰਦਾ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੋਚ ਅਨੁਸਾਰ ਗੁਰਦਵਾਰਿਆਂ, ਮੰਦਰਾਂ ਆਦਿ ਦੇ ਨਾਮ ਤੇ ਜਗੀਰਾਂ ਵੀ ਲਗਾਈਆਂ, ਸੋਨਾ ਵੀ ਲਗਾਇਆ, ਪਰ ਇਹ ਚੀਜ਼ਾਂ ਸਿੱਖੀ ਨੂੰ ਉਜਾਗਰ ਕਰਨ ਦੀ ਥਾਂ, ਗੁਰਦਵਾਰਿਆਂ ਤੇ ਕਾਬਜ਼ ਲੋਕਾਂ ਨੂੰ ਭ੍ਰਿਸ਼ਟਾਚਾਰ ਵੱਲ ਧਕੇਲਨ ਦਾ ਕਾਰਨ ਹੀ ਬਣੀਆਂ। (ਮਗਰੋਂ ਇਨ੍ਹਾਂ ਲੋਕਾਂ ਤੋਂ ਗੁਰਦਵਾਰੇ ਆਜ਼ਾਦ ਕਰਵਾਉਣ ਲਈ, ਸਿੱਖਾਂ ਨੂੰ ਬਹੁਤ ਸ਼ਹਾਦਤਾਂ ਦੇਣੀਆਂ ਪਈਆਂ। ਕਈ ਵੀਰ ਇਨ੍ਹਾਂ ਸ਼ਹਾਦਤਾਂ ਨੂੰ ਕੁਰਬਾਨੀਆਂ ਲਿਖਦੇ ਹਨ, ਪਰ ਸਿੱਖੀ ਵਿਚ ਕੁਰਬਾਨੀ ਦਾ ਕੋਈ ਸੰਕਲਪ ਨਹੀਂ ਹੈ, ਉਨ੍ਹਾਂ ਨੂੰ ਏਧਰ ਵੀ ਧਿਆਨ ਦੇਣ ਦੀ ਲੋੜ ਹੈ) ਸਮੇਂ ਦੇ ਨਾਲ ਉਸ ਵਿਅਕਤੀ ਰਾਜ ਦਾ ਵੀ ਉਹੀ ਹਾਲ ਹੋਇਆ, ਜੋ ਆਮ ਵਿਅਕਤੀ ਰਾਜਾਂ ਦਾ ਹੁੰਦਾ ਰਿਹਾ ਹੈ। ਇਸ ਰਾਜ ਵਿਚ ਸਿੱਖੀ ਭੇਸ ਵਿਚ, ਸਿੱਖੀ ਨੂੰ ਸਮਰਪਿਤ ਕਿੰਨੇ ਲੋਕ ਸਨ? ਉਹ ਵੇਲੇ ਦੇ ਆਂਕੜੇ ਹੀ
ਸਾਬਤ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਸਿੱਖਾਂ ਦੀ ਗਿਣਤੀ ਲਗ-ਭਗ ਇਕ ਕਰੋੜ ਸੀ, ਜੋ ਮਹਾਰਾਜਾ ਦਾ ਰਾਜ ਖਤਮ ਹੋਣ ਮਗਰੋਂ, 18 ਲੱਖ ਹੀ ਰਹਿ ਗਈ ਸੀ। ਬਾਕੀਆਂ ਦਾ ਕੀ ਹੋਇਆ, ਇਹ ਇਤਿਹਾਸ ਵਿਚ ਦਰਜ ਹੈ।

ਇਸ ਮਗਰੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ, ਪਰ ਮਹਾਤਮਾ ਗਾਂਧੀ, ਗੋਬਿੰਦ ਵੱਲਭ ਪੰਤ, ਮੋਤੀ ਲਾਲ ਨਹਿਰੂ, ਵੱਲਭ ਭਾਈ ਪਟੇਲ ਆਦਿ ਦੇ ਰੂਪ ਵਿਚ ਬ੍ਰਾਹਮਣ ਦੀ ਉਹੀ ਚਾਲ ਸੀ। ਭਾਵੇਂ ਅੱਜ ਰਾਜ ਹੱਥ ਵਿਚ ਹੋਣ ਕਰ ਕੇ, ਪੂਰਾ ਇਤਿਹਾਸ ਬਦਲਿਆ ਜਾ ਰਿਹਾ ਹੈ, ਅਤੇ ਜਿਸ ਗਾਂਧੀ ਨੇ ਅੰਗਰੇਜ਼ ਰਾਜ ਦੀ ਸਭ ਤੋਂ ਵੱਧ ਰਖਵਾਲੀ ਕੀਤੀ ਸੀ, ਉਸ ਬਾਰੇ ਹੀ ਪਰਚਾਰਿਆ ਜਾ ਰਿਹਾ ਹੈ ਕਿ ਉਸ ਨੇ ਚਰਖੇ ਨਾਲ ਹੀ ਆਜ਼ਾਦੀ ਦਿਵਾ ਦਿੱਤੀ। (ਇਸ ਸੇਵਾ ਬਦਲੇ ਹੀ ਅੰਗਰੇਜ਼ ਇਨ੍ਹਾਂ ਲੋਕਾਂ ਦੇ ਹੱਥ ਵਿਚ ਹਕੂਮਤ ਦੀ ਵਾਗਡੋਰ ਦੇ ਕੇ ਗਿਆ) ਜੋ ਸਿੱਖ ਆਪਣੇ ਬੱਚਿਆਂ ਸਾਹਵੇਂ, ਸਿੱਖਾਂ ਦੀ ਆਜ਼ਾਦੀ ਲਈ ਦਿੱਤੀ ਸ਼ਹਾਦਤ ਨੂੰ ਉਜਾਗਰ ਕਰਦੇ ਹਨ, ਉਹ ਸਿੱਖ ਬੱਚਿਆਂ ਵਿਚ ਭੰਬਲ-ਭੂਸਾ ਹੀ ਪੈਦਾ ਕਰਦੇ ਹਨ।

ਭਾਰਤ ਵਿਚ ਉਹੀ ਇਤਿਹਾਸ ਮਾਨਤਾ-ਪਰਾਪਤ ਹੋਣਾ ਹੈ, ਜੋ ਭਾਰਤ ਸਰਕਾਰ ਪਰਚਾਰੇਗੀ। ਸਿੱਖਾਂ ਦੇ ਬੱਚੇ, ਕਿਸ ਨੂੰ ਸੱਚ ਮੰਨਣਗੇ? ਤੁਹਾਡੇ ਕਹੇ ਨੂੰ? (ਜਿਸ ਬਾਰੇ ਸਲੇਬਸ ਦੀਆਂ ਕਿਤਾਬਾਂ ਵਿੱਚ ਕੁਝ ਵੀ ਨਹੀਂ ਹੈ) ਜਾਂ ਸਰਕਾਰ ਦੇ ਕਹੇ ਨੂੰ? ਜਿਸ ਨਾਲ ਸਲੇਬਸ ਦੀਆਂ ਕਿਤਾਬਾਂ ਭਰੀਆਂ ਪਈਆਂ ਹਨ। ਤੁਹਾਡੇ ਵਲੋਂ ਪਰਚਾਰੇ ਜਾਂਦੇ ਇਤਿਹਾਸ ਨੂੰ ਤਾਂ, ਤੁਹਾਡੇ ਆਪਣੇ ਇਤਿਹਾਸਕਾਰ ਵੀ ਇਕ ਮੱਤ ਹੋ ਕੇ ਮੰਨਣ ਨੂੰ ਰਾਜ਼ੀ ਨਹੀਂ ਹਨ।

ਅੰਗਰੇਜ਼ਾਂ ਦੇ ਰਾਜ ਵੇਲੇ, ਬ੍ਰਾਹਮਣ ਨੇ ਸਿੱਖਾਂ ਨੂੰ ਮੁਸਲਮਾਨਾਂ ਤੋਂ ਅਤੇ ਅੰਗਰੇਜ਼ਾਂ ਤੋਂ ਦੂਰ ਕਰਨ ਲਈ, ਦੋ ਚੀਜ਼ਾਂ ਦਾ ਸ਼ੋਸ਼ਾ ਛੱਡਿਆ ਸੀ, ਪਹਿਲੀ, ਜੇ ਬਾਂਹ ਨੂੰ ਤੇਲ ਲਗਾ ਕੇ, ਤਿਲਾਂ ਦੀ ਬੋਰੀ ਵਿੱਚ ਪਾਇਆ ਜਾਵੇ, ਤਾਂ ਬਾਂਹ ਨੂੰ ਜਿੰਨੇ ਤਿਲ ਲੱਗ ਜਾਣ, ਜੇ ਮੁਸਲਮਾਨ ਓਨੀਆਂ ਵੀ ਕਸਮਾਂ ਖਾਵੇ, ਤਾਂ ਵੀ ਉਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸਿੱਖਾਂ ਵਿੱਚ ਜਿੰਨੇ ਵੀ ਜਾਹਲ ਕਿਸਮ ਦੇ ਲੋਕ ਹਨ, ਉਨ੍ਹਾਂ ਨੇ ਇਸ ਨੂੰ ਖੂਬ ਪਰਚਾਰਿਆ ਅਤੇ ਅੱਜ ਵੀ ਇਹ ਪਰਚਾਰ ਕਰਦੇ ਵੇਖੇ ਜਾ ਸਕਦੇ ਹਨ। ਜਦ ਕਿ ਮੁਸਲਮਾਨੀ ਰਾਜ ਵੇਲੇ ਵੀ, ਮੁਸਲਮਾਨਾਂ ਵਲੋਂ, ਰਾਜ ਵਿਰੁੱਧ ਗੁਰੂ ਸਾਹਿਬ ਦਾ ਸਾਥ
ਦੇਣ ਦਾ ਵੀ ਆਪਣਾ ਇਕ ਇਤਿਹਾਸ ਹੈ। ਨਾਲ ਹੀ ਬ੍ਰਾਹਮਣਾਂ ਵਲੋਂ ਰਾਜ ਦੀ ਖੁਸ਼ਨੂਦੀ ਹਾਸਲ ਕਰਨ ਲਈ, ਗੁਰੂ ਸਾਹਿਬਾਂ ਨਾਲ ਕੀਤੀ ਗੱਦਾਰੀ ਦਾ ਵੀ ਆਪਣਾ ਇਕ ਇਤਿਹਾਸ ਹੈ।

ਦੂਸਰੀ ਅੰਗਰੇਜ਼ਾਂ ਨੇ ਭਾਰਤ ਵਿੱਚ, ਪਾੜੋ ਤੇ ਰਾਜ ਕਰੋ ਦੀ ਪਾਲਿਸੀ ਅਪਨਾਈ ਹੋਈ ਹੈ। ਅੱਜ ਵੀ ਸਿੱਖ, ਇਹ ਪਰਚਾਰਦੇ ਵੇਖੇ ਜਾ ਸਕਦੇ ਹਨ। ਜਦ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ, ਅੰਗਰੇਜ਼ ਤਾਂ ਬਾਹਰੋਂ ਆਏ ਸਨ, ਫਿਰ ਵੀ ਉਨ੍ਹਾਂ ਦੇ ਰਾਜ ਵਿੱਚ ਕਦੀ ਹੀ ਹਿੰਦੂ-ਮੁਸਲਿਮ ਫਸਾਦ ਹੋਇਆ ਹੋਵੇਗਾ। ਪਰ ਅੱਜ ਆਜ਼ਾਦ ਭਾਰਤ ਵਿਚ ਇਹ ਰੋਜ਼ ਦਾ ਕੰਮ ਹੋ ਗਿਆ ਹੈ, ਗੁਜਰਾਤ ਵਿਚਲੇ ਹਜ਼ਾਰਾਂ ਮੁਸਲਮਾਨਾਂ ਦੀਆਂ ਲਾਸ਼ਾਂ ਤੇ ਤਾਂ, ਅੱਜ ਮੋਦੀ ਗੁਜਰਾਤ ਤੋਂ ਬਾਹਰ ਨਿਕਲ ਕੇ, ਭਾਰਤ ਦਾ ਪ੍ਰਧਾਨ-ਮੰਤ੍ਰੀ ਬਣਨ ਵੱਲ ਵਧ ਰਿਹਾ ਹੈ। ਸਿੱਖਾਂ ਨੂੰ ਅੰਗਰੇਜ਼ ਫੌਜਾਂ ਵਿਚ ਸਾਬਤ-ਸੂਰਤ ਰਹਿਣ ਦੀ ਸਖਤ ਤਾਕੀਦ ਸੀ, ਅੱਜ ਆਜ਼ਾਦ ਭਾਰਤ ਵਿੱਚ, ਸਿੱਖ ਫੌਜੀਆਂ ਦੀਆਂ ਤਰੱਕੀਆਂ ਹੀ ਪਤਿਤਪੁਣੇ ਦੇ ਆਧਾਰ ਤੇ ਹੁੰਦੀਆਂ ਹਨ। ਜਲਿਆਂ ਵਾਲੇ ਬਾਗ ਵਿੱਚ, ਕੀਤੇ ਸਮੂਹਕ ਕਤਲ ਦੀ ਤਾਂ ਅੰਗਰੇਜ਼ਾਂ ਨੇ, ਬਰਤਾਨਵੀ ਪਾਰਲੀਮੈਂਟ ਵਿਚ ਮੁਆਫੀ ਮੰਗੀ ਸੀ, ਪਰ 1983 ਤੋਂ 1995 ਤਕ 12 ਸਾਲ ਵਿੱਚ, ਸਿੱਖਾਂ ਦੇ ਸਰਕਾਰ ਦੀ ਮਿਲੀ-ਭੁਗਤ ਨਾਲ ਹੋਏ ਨਸਲ-ਘਾਤ ਬਾਰੇ ਤਾਂ ਕੋਈ ਗੱਲ ਕਰਨ ਨੂੰ ਵੀ ਰਾਜ਼ੀ ਨਹੀਂ ਹੈ, ਉਸ ਦੇ ਦੋਸ਼ੀ ਸ਼ਰੇਆਮ ਵਜ਼ੀਰੀਆਂ ਭੋਗ ਰਹੇ ਹਨ।

ਨਨਕਾਣਾ ਸਾਹਿਬ ਦੇ ਸਾਕੇ ਵਿੱਚ, ਨਨਕਾਣਾ ਸਾਹਿਬ ਅੰਦਰ 100 ਸਿੱਖਾਂ ਦਾ ਕਤਲ ਹੋਇਆ ਸੀ। ਕੋਈ ਚਸ਼ਮ-ਦੀਦ ਗਵਾਹ ਨਾ ਹੋਣ ਤੇ ਵੀ, ਅੰਗਰੇਜ਼ਾਂ ਨੇ ਮੌਕੇ ਦੇ ਹਾਲਾਤ ਦੇ ਵੇਰਵੇ ਦੇ ਆਧਾਰ ਤੇ ਹੀ ਪੰਜ ਪਠਾਣਾਂ ਨੂੰ ਫਾਂਸੀ ਅਤੇ ਮਹੰਤ ਨਰੈਣੂ ਸਮੇਤ, ਅੱਧੀ ਦਰਜਣ ਤੋਂ ਵੱਧ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਆਜ਼ਾਦ ਭਾਰਤ ਦੀ ਸਰਕਾਰ ਨੇ ਤਾਂ ਆਪ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰ ਕੇ, ਦਰਬਾਰ ਸਾਹਿਬ ਦੇ ਅੰਦਰ, ਗੁਰੂੁ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਵਿਚੋਂ, ਤਿੰਨ ਹਜ਼ਾਰ ਤੋਂ ਉਪਰ ਸਿੱਖ ਅਤੇ ਲੰਗਰ ਖਾਣ ਆਏ ਭਈਏ ਮਾਰ ਦਿੱਤੇ ਸਨ, ਅਤੇ ਮਾਰਨ ਵਾਲਿਆਂ ਨੂੰ ਇਸ ਬਹਾਦਰੀ ਬਦਲੇ, ਤਮਗੇ ਦਿੱਤੇ ਸਨ।

ਅੰਗਰੇਜ਼ ਸਰਕਾਰ ਦੀ ਖੁਫੀਆ ਏਜੈਂਸੀ ਦੇ ਡਾਇਰੈਕਟਰ ਮਿ, ਡੀ. ਪੈਟਰੀ ਨੇ 11 ਅਗੱਸਤ 1911 ਦੀ ਬਰਤਾਨੀਆ ਸਰਕਾਰ ਨੂੰ ਭੇਜੀ ਰਿਪੋਰਟ ਵਿਚ ਲਿਖਿਆ ਸੀ ਕਿ “ਹਿੰਦੂ ਮੱਤ ਹਮੇਸ਼ਾ, ਸਿੱਖ ਮੱਤ ਬਾਰੇ ਵਿਰੋਧੀ ਰੋਲ ਅਦਾ ਕਰਦਾ ਰਿਹਾ ਹੈ, ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ, ਹਿੰਦੂਆਂ ਦੇ ਜਾਤ ਵਰਣ ਦੇ ਵਿਤਕਰਿਆਂ ਦੇ ਵਿਰੁੱਧ ਸਖਤ ਅਤੇ ਸਫਲ ਕਦਮ ਉਠਾਏ ਸਨ, ਜਦੋਂ ਕਿ ਬ੍ਰਾਹਮਣੀ ਵਿਚਾਰ ਧਾਰਾ ਦਾ ਬੁਨਿਆਦੀ ਢਾਂਚਾ ਹੀ ਵਰਨ-ਵੰਡ ਉਪਰ ਖੜਾ ਹੈ। ਏਸੇ ਕਾਰਨ ਹਿੰਦੂ ਵਰਤਾਰਾ ਹਮੇਸ਼ਾ ਹੀ ਸਿੱਖ ਧਰਮ ਦੀ ਹੇਠੀ ਕਰਨ ਵਾਲਾ ਰਿਹਾ ਹੈ।

ਇਹ ਇਕ ਛੋਟੀ ਜਿਹੀ ਮਿਸਾਲ ਦਿੱਤੀ ਹੈ, ਮੁਸਲਮਾਨਾਂ ਦੇ ਰਾਜ ਦੀ, ਅੰਗਰੇਜ਼ਾਂ ਦੈ ਰਾਜ ਦੀ ਅਤੇ ਆਜ਼ਾਦ ਭਾਰਤ ਵਿਚਲੇ ਹਿੰਦੂ ਰਾਜ ਦੀ। ਇਸ ਵੇਰਵੇ ਨਾਲ ਸਿੱਖਾਂ ਦਾ ਕੁਝ ਨਹੀਂ ਸੰਵਰ ਜਾਣਾ, ਜੇ ਇਨ੍ਹਾਂ ਨੇ ਇਸ ਤੋਂ ਮਿਲਦੇ ਸਬਕ ਤੋਂ ਸੇਧ ਲੈ ਕੇ ਹਾਲਾਤ ਨੂੰ ਸੁਧਾਰਨ ਦਾ ਯਤਨ ਨਾ ਕੀਤਾ। ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਹਨ, ਕਰ ਰਹੇ ਹਾਂ ਉਨ੍ਹਾਂ ਬਾਰੇ ਖਾਲੀ ਰੋਣ ਨਾਲ ਕੁੱਝ ਨਹੀਂ ਹੋਣ ਵਾਲਾ। ਉਨ੍ਹਾਂ ਨੂੰ ਸੁਧਾਰਨ ਦਾ ਪੂਰਾ ਉਪਰਾਲਾ ਹੋਣਾ ਚਾਹੀਦਾ ਹੈ।

ਵਿਦੇਸ਼ਾਂ ਵਿੱਚ ਕੁੱਝ ਸਿੱਖ ਜਥੇਬੰਦੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਅਸਲੀਅਤ ਨੂੰ ਸਮਝਦੇ ਹੋਏ ਕਿ ਅੱਜ ਸਾਡਾ ਭਾਰਤ ਵਿਚ ਕੀ ਹਾਲ ਹੈ? ਉਸ ਨੂੰ ਮੰਨ ਲੇਣਾ ਚਾਹੀਦਾ ਹੈ। ਉਸ ਅਨੁਸਾਰ ਭਵਿੱਖ ਦੀ ਯੋਜਨਾ ਬਨਾਉਣੀ ਚਾਹੀਦੀ ਹੈ। ਇਹ ਸਾਰਾ ਕੰਮ ਮਿਲ-ਜੁਲ ਕੇ ਹੀ ਹੋ ਸਕਦਾ ਹੈ। ਇਹ ਵੀ ਮੰਨ ਲੈਣਾ ਚਾਹੀਦਾ ਹੈ, ਕਿ ਜੇ ਮਹਾਰਾਜਾ ਰਣਜੀਤ ਸਿੱਘ ਵੇਲੇ ਦੇ ਇਕ ਕਰੋੜ ਸਿੱਖਾਂ ਵਿਚੋਂ 18 ਲੱਖ ਸਿੱਖ ਹੀ ਸਿੱਖੀ ਨੂੰ ਸਮਰਪਿਤ ਸਨ, ਤਾਂ ਇਸ ਵੇਲੇ ਦੇ ਢਾਈ ਕਰੋੜ ਸਿੱਖਾਂ ਵਿਚੋਂ ਵੀ 40-50 ਲੱਖ ਸਿੱਖਾਂ ਤੋਂ ਵੱਧ ਸਿੱਖੀ ਨੂੰ ਸਮਰਪਿਤ ਨਹੀਂ ਮਿਲ ਸਕਦੇ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਮਤਲਬ, ਦੂਸਰਿਆਂ ਦੀ ਝਾਕ ਵਿੱਚ ਆਪ ਵੀ ਡੁੱਬ ਜਾਣਾ ਹੈ। ਆਪ ਬਚੋ ਅਤੇ ਸਿੱਖੀ ਨੂੰ ਸਮਰਪਿਤ ਸਿੱਖਾਂ ਨੂੰ ਬਚਾਉਣ ਦਾ ਉਪਰਾਲਾ ਕਰੋ। ਉਹ ਵੀ ਭਾਰਤ ਵਿੱਚ ਨਹੀਂ, ਕਿਉਂਕਿ ਭਾਰਤ ਵਿੱਚਲੀ, ਸਿੱਖੀ ਦੀ ਪਨੀਰੀ ਸੁੱਕ-ਸੜ ਗਈ ਹੈ। ਪਰ ਘਬਰਾਉਣ ਦੀ ਵੀ ਲੋੜ ਨਹੀਂ, ਜਾਗਰੂਕ ਵਿਦੇਸ਼ੀਆਂ ਵਿੱਚ ਤੁਹਾਡੇ ਲਈ ਪਨੀਰੀ ਤਿਆਰ ਹੋ ਰਹੀ ਹੈ, ਉਸ ਨੂੰ ਸੰਭਾਲਣ ਦੀ ਲੋੜ ਹੈ। ਜੇ ਤੁਸੀਂ ਜੱਕੋ-ਤੱਕੋ ਵਿਚ ਹੀ ਸਮਾਂ ਬਿਤਾ ਦਿੱਤਾ, ਤਾਂ ਤੁਹਾਡੇ ਲਈ ਵੀ ਯਹੂਦੀਆਂ ਵਾਂਙ 2700 ਸਾਲ ਦੀ ਗੁਲਾਮੀ ਸਾਮਹਣੇ ਖੜੀ ਹੈ।

ਫੈਸਲਾ ਤੁਸੀਂ ਆਪ ਕਰਨਾ ਹੈ ਕਿ, ਹਉਮੈ ਛੱਡ ਕੇ ਸਿੱਖੀ ਬਚਾਉਣੀ ਹੈ ਜਾਂ ਹਉਮੈ ਨੂੰ ਪੱਠੇ ਪਾਉਂਦੇ ਹੋਏ, ਸਿੱਖੀ ਨੂੰ ਹਨੇਰੀ ਖੱਡ ਵਿਚ ਧਕੇਲ ਕੇ, ਆਪਣੀਆਂ 70-80 ਪੀੜ੍ਹੀਆਂ ਨੂੰ ਗੁਲਾਮੀ ਹੰਢਾਉਣ ਲਈ ਮਜਬੂਰ ਕਰਨਾ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top