Share on Facebook

Main News Page

ਸ਼ਰਾਬ ਬਨਾਮ ਪਾਗਲਪਨ

ਪਾਗਲਪਨ ਦਾ ਜਦੋਂ ਦੌਰਾ ਪੈਂਦਾ ਹੈ ਤਾਂ ਘਰਬਾਰ, ਪੁੱਤਰ-ਧੀਆਂ, ਸ਼ਰਮ ਹਯਾ, ਸਭਾ-ਸੁਸਾਇਟੀ ਸਭ ਬੇਮਾਅਨਾ ਹੋ ਜਾਂਦੇ ਹਨ। ਜਿਹੜਾ ਇਸ ਦੇ ਪਹਿਲੇ ਹਮਲੇ ਤੋਂ ਬੱਚ ਗਿਆ ਉਹ ਟੱਪ ਗਿਆ ਵਾੜ ਪਰ ਜਿਹੜਾ ਇਸ ਦੇ ਪਹਿਲੇ ਕਦਮ ਤੋਂ ਥਿੜਕ ਗਿਆ ਉਹ ਅਜਿਹਾ ਫਸਿਆ ਮੁੜ ਨਾ ਨਿਕਲਿਆ। ਕਹਾਣੀ ਕਿਥੋਂ ਸ਼ੁਰੂ ਹੁੰਦੀ ਹੈ। ਮਿੱਤਰ ਨੇ ਕਿਸੇ ਕਿਹਾ ਕਿ ਲਾ ਲੈ ਦੋ ਪੈੱਗ। ਮੈਂ ਨਾਂਹ ਕੀਤੀ। ਮਿੱਤਰਾਂ ਮਖੌਲ ਉਡਾਇਆ, ਮੈਂ ਫਿਰ ਨਾਂਹ ਨੁੱਕਰ ਕੀਤੀ। ਫਿਰ ਉਨ੍ਹੀ ਮੇਰੀ ‘ਮਰਦਾਨਗੀ’ ਨੂੰ ਚੈਲਿੰਜ ਕੀਤਾ। ਬੁਢੀਆਂ ਵਰਗਾ ਹੋਣ ਦਾ ਮਿਹਣਾ ਮਾਰਿਆ। ਹੁਣ ਮੇਰਾ ਅੰਦਰਲਾ ਪੱਸ਼ੂ ਸਿਰ ਚੁੱਕ ਖੜੋਤਾ। ਉਸ ਅੰਦਰੋਂ ਢੁੱਡ ਮਾਰੀ। ਤੇ ਆਖਰ ਮੈਂ ਹਥਿਆਰ ਸੁੱਟ ਦਿੱਤੇ। ਪਹਿਲਾ ਕਦਮ ਚੁੱਕ ਬੈਠਾ! ਕੁੜਤਨ ਵਿਚੋਂ ਵੀ ਮਿੱਠਾ ਸੁਵਾਦ ਆਇਆ। ਸਵਾਦ ਦਾ ਕਿਉਂਕਿ ਸਬੰਧ ਸਿਰ ਨਾਲ ਹੈ ਸਿਰ ਭਉਂ ਗਿਆ। ਐਸਾ ਸਿਰ ਭਵਿਆਂ ਕਿ ਭੌਂਦਾ ਹੀ ਚਲਾ ਗਿਆ ਤੇ ਅਖੀਰ..? ਹਰੇਕ ਪੀਣ ਵਾਲੇ ਦਾ ਪਾਗਲਪਨ ਪਹਿਲੇ ਪੈੱਗ ਨਾਲ ਹੀ ਸ਼ੁਰੂ ਹੁੰਦਾ ਹੈ।

ਫਿਰ ਮੇਰੇ ਕੋਲੇ ਪਾਗਲ ਹੋਣ ਦੇ ਬਹਾਨੇ ਕਿੰਨੇ ਹਨ? ਅੱਜ ਮੁੰਡੇ ਦਾ ਬਰਥਡੇਅ ਹੈ, ਅਜ ਲੋਹੜੀ ਹੈ, ਅੱਜ ਦਿਵਾਲੀ ਹੈ, ਅੱਜ ਪਾਰਟੀ ਹੈ, ਘਰ ਨਵਾਂ ਖਰੀਦਿਆ ਹੈ, ਕਾਰ ਨਵੀ ਲਈ ਹੈ। ਪਰ ਸਿਆਣਾ ਬਣਨ ਦਾ ਮੇਰੇ ਕੋਲੇ ਦੱਸੋ ਕਿਹੜਾ ਬਹਾਨਾ ਹੈ? ਕੋਈ ਹੈ? ਥਾਂ ਥਾਂ ਠੇਕੇ ਹਨ ਮੈਨੂੰ ਪਾਗਲ ਕਰਨ ਲਈ। ਥਾਂ ਥਾਂ ਜਾਲ ਲਾਏ ਹੋਏ ਹਨ ਸ਼ਿਕਾਰੀਆਂ ਮੈਨੂੰ ਚੰਚਲ ਹਰਨ ਨੂੰ ਫੜਨ ਲਈ। ਚੁੰਗੀਆਂ ਭਰਦੇ ਨੂੰ ਮੈਨੂੰ ਉਨ੍ਹਾਂ ਅਜਿਹਾ ਫਾਹਿਆ ਕਿ ਮੈਂ ਜਿੰਦਗੀ ਭਰ ਫਸਦਾ ਹੀ ਚਲਾ ਗਿਆ। ਬਕਸੇ ਵਿਚ ਪੈਂਣ ਤੱਕ ਜਾਂ ਬੁੱਢਾ ਹੋਣ ਤੱਕ ਮੇਰੀ ਫਸਣ ਦੀ ਤਾਂਘ ਨਹੀਂ ਮੁੱਕਦੀ।

ਵੈਨਕੁਵਰ ਸਰੀ ਦੀ ਗੱਲ ਹੈ। ਲਿਕਰ ਸਟੋਰ ਵਿਚ ਵਡੇਰੇ ਸਾਡੇ ਡੱਬ ਵਿਚ ਪਊਆ ਪਾਉਂਦੇ ਫੜ ਹੋ ਗਏ। ਉਨ੍ਹਾਂ ਸਕਉਰਿਟੀ ਸਿਸਟਮ ਲਾ ਦਿੱਤਾ ਤਾਂ ਕਿ ਬੋਤਲ-ਪਊਆ ਲੈ ਕੇ ਕੋਈ ਨਿਕਲੇ ਤਾਂ ਅਲਾਰਮ ਖੜਕ ਪਵੇ। ਪਰ ਮੈਂ ਇੰਨਾ ਕਮਲਾ ਨਹੀਂ। ਮਸਲਾ ਤਾਂ ਅੰਦਰ ਸੁੱਟਣ ਦਾ ਸੀ ਜਰੂਰੀ ਸਟੋਰੋਂ ਬਾਹਰ ਜਾ ਕੇ ਸੁੱਟਣੀ ਅੰਦਰ। ਸਕੀਮੀਆਂ ਕੀ ਕੀਤਾ। ‘ਸਟਰਾਅ’ ਲਿਆ ਅੰਦਰੇ ਹੀ ਢੱਕਣ ਖ੍ਹੋਲਿਆ ਪਾਈਪ ਲਾ ਕੇ ਅੰਦਰੇ ਅੰਦਰ ਸੁੱਕੀ ਹੀ ਡਕਾਰ ਗਏ ਅਤੇ ਖਾਲੀ ਬੋਤਲ ਸਟੋਰ ਵਾਲਿਆ ਲਈ ਛੱਡ ਗਏ। ਕੰਮ ਮੁੱਕਦਾ ਕਰ ਦਿੱਤਾ। ਹੁਣ ਅੰਦਰ ਗਈ ਦਾ ਤਾਂ ਅਲਾਰਮ ਖੜਕਣੋ ਰਿਹਾ। ਮੈਂ ਚੋਰੀ ਕਰਕੇ ਵੀ ਪਾਗਲ ਹੋਣ ਦਾ ਉਪਾ ਕਰ ਲੈਂਦਾ ਹਾਂ।

ਵੈਨਕੁਵਰ ਹੀ ਇਕ ਵਾਰ ਸਟੋਰ ਵਿਚੋਂ ‘ਨਿਹਾਲ’ ਹੋ ਕੇ ਨਿਕਲਿਆ ਇੱਕ ‘ਬਾਬਾ’ ਸੜਕੇ ਸੜਕ ਤੁਰਿਆ ਜਾ ਰਿਹਾ ਸੀ। ਜਾ ਉਹ ਗੁਰਦੂਆਰੇ ਰਿਹਾ ਸੀ। ਉਸ ਦੇ ਗੋਡਿਆਂ ਤੋਂ ਮੁਸ਼ਕਲ ਨਾਲ ਤੁਰੇ ਜਾਂਦਿਆਂ ਦੇਖ ਮੈਂ ਸੋਚਿਆ ਇਸ ਨੂੰ ਗੱਡੀ ਤੇ ਬਿਠਾ ਕੇ ਛੱਡ ਦਿੰਦਾ ਹਾਂ। ਮੈਂ ਗੱਡੀ ਰੋਕੀ ਅਤੇ ਉਸ ਨੂੰ ਅਪਣੇ ਨਾਲ ਚਲਣ ਲਈ ਗੱਡੀ ਵਿਚ ਬੈਠਣ ਦਾ ਇਸ਼ਾਰਾ ਕੀਤਾ। ਉਹ ਗੱਡੀ ਵਿਚ ਕੀ ਬੈਠਿਆ ਸ਼ਰਾਬ ਦੇ ਫਰਾਟੇ ਨਾਲ ਮੇਰੀ ਗੱਡੀ ਭਰ ਗਈ। ਮੈਂ ਗੱਡੀ ਰੋਕ ਕੇ ਪਛਤਾ ਰਿਹਾ ਸੀ। ਗੱਡੀ ਤੁਰਨ ਤੋਂ ਪਹਿਲ਼ਾਂ ਹੀ ਮੈਂ ਉਸ ਨੂੰ ਪੁੱਛਿਆ ਕਿ ‘ਬਜ਼ੁਰਗਾ’ ਤੂੰ ਗੁਰਦੁਆਰੇ ਇਸ ਹਾਤਲ ਵਿਚ ਜਾ ਰਿਹੈਂ?

, ਮੈਂ ਕਿਹੜਾ ਉਪਰ ਜਾਣਾ ਹੇਠਾਂ ਲੰਗਰ ਛੱਕ ਕੇ ਮੁੜ ਆਉਂਣਾ!!

ਉਸ ਦੇ ਇਸ ਜਵਾਬ ਤੋਂ ਮੈ ਖਿੱਝ ਗਿਆ ਅਤੇ ਉਸ ਨੂੰ ਜਿਵੇਂ ਬੈਠਾਇਆ ਗੱਡੀ ਰੋਕ ਕੇ ਉਵੇਂ ਉਤਾਰ ਦਿੱਤਾ।

ਅਸੀਂ ਕਹਿੰਨੇ ਸਾਡੇ ਬੱਚੇ ਗਏ! ਪਰ ਇਹ ਬੱਚੇ ਇੰਨਾ ਘਰਾਂ ਵਿਚ ਪਲ ਰਹੇ ਹਨ ਜਿਹਨਾ ਦੇ ਹਾਲੇ ਬੁੱਢੇ ਹੀ ਪਾਗਲਪਨ ਦਾ ਸ਼ਿਕਾਰ ਹਨ ਤਾਂ ਤੁਸੀਂ ਕਿਵੇਂ ਉਮੀਦ ਕਰਦੇ ਕਿ ਇਸ ਕੌਮ ਦੇ ਬੱਚੇ ਕਿਸੇ ਕਿਨਾਰੇ ਲੱਗ ਜਾਣਗੇ।

ਹਾਂਗਕਾਂਗ ਦੀ ਗੱਲ ਹੈ। ਮੇਰੇ ਰਿਸ਼ਤੇਦਾਰ ਦਾ ਕੋਈ ਅਗਾਂਹ ਮਿੱਤਰ ਸੀ ਉਹ ਲਿਕਰ ਸਟੋਰ ਚੋਰੀ ਕਰਦਾ ਫੜਿਆ ਗਿਆ। ਇੱਕ ਵਾਰ ਹੋਇਆ ਦੋ ਵਾਰ ਪਰ ਉਹ ਮੁੜ ਮੁੜ ਫੜਿਆ ਜਾਂਦਾ ਰਿਹਾ। ਬਦਨਾਮੀ ਤੋਂ ਬੱਚਣ ਲਈ ਉਸ ਸਿਰ ਮਾਰਨਾ ਸ਼ੁਰੂ ਕਰ ਦਿੱਤਾ। ਅਖੇ ਚੋਰੀ ਕਰਨ ਵਾਲਾ ਮੈਂ ਥੋੜੋ ਸੀ ਉਹ ਤਾਂ ਮੇਰੇ ਅੰਦਰ ਬੈਠੀ ਚੀਜ ਕਰਾਉਂਦੀ ਸੀ ਚੋਰੀ। ਬਹੁਤੇ ਲੋਕਾਂ ਮੰਨ ਲਿਆ। ਕਿਉਂਕਿ ਬਹੁਤਿਆਂ ਨੂੰ ਵਿਸਵਾਸ਼ ਹੈ ਕਿ ਇੰਝ ਹੋ ਜਾਂਦਾ ਹੈ। ਇੰਝ ਸੋਚਣ ਨਾਲ ਛੁਟਕਾਰਾ ਸੌਖਾ ਹੈ। ਬੇਸ਼ਕ ਕਨੂੰਨ ਨੇ ਨਹੀਂ ਮੰਨਣਾ ਪਰ ਚਲੋ ਸਮਾਜ ਵਿਚ ਰਹਿਣਾ ਹੈ ਬਦਨਾਮੀ ਤੋਂ ਤਾਂ ਬਚਾ ਹੋ ਜਾਂਦਾ ਹੈ।

ਇਕ ਬੀਬੀ ਦਾ ਮੈਨੂੰ ਫੋਨ ਆਉਂਦਾ ਹੈ ਕਿ ਭਾਅਜੀ ਮੇਰੇ ਘਰਵਾਲੇ ਵਿਚ ਕੋਈ ਸ਼ੈਅ ਆਉਂਦੀ ਹੈ ਤੁਸੀਂ ਮੇਰੇ ਘਰੇ ਆਓ। ਪੰਜਾਬ ਗਾਰਡੀਅਨ ਵਿਚ ਅਜਮੇਰੀਆਂ-ਮਾਸ਼ਟਰਾਂ-ਪੀਰਾਂ-ਪੰਡਤਾਂ ਨੂੰ ਜਦ ਮੈਂ ਚੈਲਿੰਜ ਕੀਤਾ ਤਾਂ ਉਸ ਬੀਬੀ ਨੂੰ ਜਾਪਿਆ ਮੈਂ ਝੂਠ ਬੋਲ ਰਿਹਾ ਹਾਂ, ਕਿਉਂਕਿ ਖੁਦ ਉਸ ਦੇ ਘਰਵਾਲੇ ਵਿਚ ਓਪਰੀ ਕਸਰ ਆਉਂਦੀ ਸੀ...? ਉਸ ਨੂੰ ਜਦ ਮੈਂ ਫੋਨ ਤੇ ਆਮ ਜਿਹੀ ਜਾਣਕਾਰੀ ਪੁੱਛੀ ਤਾਂ ਉਸ ਦੱਸਿਆ ਕਿ ਸ਼ਾਮ ਨੂੰ ਉਹ ਕੰਧਾਂ ‘ਚ ਸਿਰ ਮਾਰਦਾ ਹੈ, ਰੌਲਾ ਪਾਉਂਦਾ ਹੈ, ਚੀਕਾਂ ਮਾਰਦਾ ਹੈ ਅਤੇ ਸ਼ਰਾਬ ਮੰਗਦਾ ਹੈ। ਉਸ ਦੀ ਅਵਾਜ ਬਦਲ ਜਾਂਦੀ ਹੈ। ਓਸ ਸਮੇ ਉਹ ਖੁਦ ਨਹੀਂ ਬੋਲ ਰਿਹਾ ਹੁੰਦਾ ਕੋਈ ਓਪਰੀ ਸ਼ੈਅ ਬੋਲਦੀ ਹੈ ਜਿਹੜੀ ਸ਼ਰਾਬ ਮੰਗਦੀ ਹੈ।

ਮੈਂ ਉਸ ਬੀਬੀ ਨੂੰ ਕਿਹਾ ਮੈਨੂੰ ਆਉਂਣ ਦੀ ਲੋੜ ਨਹੀਂ ਇਸ ਦੀ ਸ਼ਰਾਬ ਤੈਂ ਬੰਦ ਕਰ ਦਿੱਤੀ ਉਸ ਕੋਈ ਰਾਹ ਤਾਂ ਲੱਭਣਾ ਹੀ ਸੀ। ਕੁਝ ਚਿਰ ਇਸ ਨੂੰ ਖੁਦ ਦੇ ਕੇ ਦੇਖ ਇਸ ਦੀ ਓਪਰੀ ਸ਼ੈਅ ਆਉਂਣੀ ਹੱਟ ਜਾਣੀ ਹੈ। ਕੁਝ ਚਿਰ ਬਾਅਦ ਉਸ ਬੀਬੀ ਦਾ ਫੋਨ ਆਇਆ ਕਿ ਭਾਅਜੀ ਹੁਣ ਚੰਗਾ-ਭਲਾ ਹੈ ਇਸ ਤਾਂ ਸਾਨੂੰ ਸਾਰੇ ਟੱਬਰ ਨੂੰ ਫਾਹੇ ਟੰਗੀ ਰੱਖਿਆ ਓਪਰੀ ਸ਼ੈਅ ਦੇ ਡਰ ਨਾਲ। ਹੁਣ ਮੈਂ ਕਢਾਂਗੀ ਇਸ ਦੇ ਭੂਤ!!

ਹੁਣ ਕਾਲੀ ਮਾਈ ਦੀ ਮੂਰਤੀ ਬੱਕਰਾ ਥੋੜੋਂ ਖਾਂਦੀ ਜਾਂ ਸ਼ਰਾਬ ਪੀਂਦੀ? ਪਰ ਕਾਲੀ ਮਾਈ ਦੇ ਨਾਂ ਤੇ ਮੇਰਾ ਦਾਅ ਲੱਗ ਜਾਂਦਾ ਹੈ। ਮੈਂ ਪਾਗਲ ਹੋਣ ਲਈ ਧਰਮ ਨੂੰ ਵਿਚ ਘਸੀਟ ਲੈਂਦਾ ਹਾਂ ਚਾਹੇ ਉਹ ਧਰਮ ਨਾ ਵੀ ਹੋਵੇ ਪਰ ਲੁਕਾਈ ਨੇ ਮੰਨ ਲੈਣਾ ਹੈ। ਪਾਗਲ ਲੋਕ ਪਾਗਲਪਨ ਦੀਆਂ ਗੱਲਾਂ ਕਿਉਂ ਨਹੀਂ ਮੰਨਣਗੇ। ਸਿਆਣਾ ਕਿਉਂ ਮਨੂੰ ਅਜਿਹੀ ਬਕਵਾਸ ਨੂੰ? ਇਹ ਬਕਵਾਸ ਨਹੀਂ ਤਾਂ ਹੋਰ ਕੀ ਹੈ ਅਖੇ ਬਾਬਾ ਰੋਡਾ ਸੀ ਤੇ ਉਸ ਸ਼ਰਾਬ ਵਰਤਾਈ ਉਦੋਂ ਤੋਂ ਉਥੇ ਸ਼ਰਾਬ ਵਰਤਣ ਲੱਗ ਪਈ। ਚਲੋ ਜੇ ਰੋਡਾ ਹੀ ਪਾਗਲ ਸੀ ਹੁਣ ਲੋਕ ਹੀ ਸਿਆਣੇ ਹੋ ਜਾਣ। ਪਰ ਨਹੀਂ! ਸਿਆਣੇ ਹੋਣ ਵਿਚ ਨੁਕਸਾਨ ਹੈ। ਬੰਦੇ ਨੂੰ ਮਾੜਾ-ਮੋਟਾ ਡਰ ਧਰਮ ਦਾ ਹੀ ਹੁੰਦਾ ਕਿ ਮੈਂ ਗੁਨਾਹ ਕਰ ਰਿਹਾ ਹਾਂ। ਪਰ ਜੇ ਉਸ ਨੂੰ ਧਰਮ ਦੇ ਨਾਂ ਤੇ ਹੀ ਖੁਲ੍ਹ ਮਿਲ ਜਾਵੇ ਤਾਂ ਡਰ ਕਾਹਦਾ?

ਸਾਡੇ ਭੰਗੀਆਂ ਕੀ ਕੀਤਾ? ਉਨ੍ਹਾਂ ਭੰਗ ਨੂੰ ‘ਦੇਗੇ’ ਦਾ ਨਾਂ ਦੇ ਕੇ ਲਿਹੜਨਾ ਸ਼ੁਰੂ ਕਰ ਦਿੱਤਾ। ਸਿਰੇ ਦੇ ਭੰਗੀ ਅਤੇ ਨਸ਼ਈ ਲੋਕ ਬੜੇ ਫਖਰ ਨਾਲ ਅਪਣੇ ਆਪ ਨੂੰ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਕਹਿ ਕੇ ਚੌੜੇ ਹੁੰਦੇ ਹਨ। ਜੇ ਗੁਰੂ ਕੀਆਂ ਲਾਡਲੀਆਂ ਫੌਜਾਂ ਇੰਝ ਦੀਆਂ ਭੰਗੀ ਅਤੇ ਮਾਰੀਆਂ ਜੂੰਆ ਦੀਆਂ ਹੁੰਦੀਆਂ ਹਨ ਤਾਂ ਇਸ ਕੌਮ ਦਾ ਰੱਬ ਰਾਖਾ ਨਹੀਂ ਤਾਂ ਹੋਰ ਕੀ ਹੈ। ਗੁਰੂ ਦੇ ਸਿੱਖਾਂ ਦਾ ਕਿਰਦਾਰ ਅਜਿਹੇ ਪਾਗਲ ਲੋਕਾਂ ਵਰਗਾ ਸੀ? ਇੱਕ ਸ਼ਹੀਦ ਹੁੰਦਾ ਸੀ ਦੋ ਹੋਰ ਹਿੱਕ ਡਾਹ ਕੇ ਖੜੇ ਹੁੰਦੇ ਸਨ। ਕਿਉਂ? ਕਿਸੇ ਨਸ਼ਈ ਜਾਂ ਭੰਗੀ ਦੀ ਥਾਂ ਕੋਈ ਖੜੋਦਾ ਹੈ? ਗੁਰੂ ਸਾਹਿਬਾਨਾ ਮੈਨੂੰ 239 ਸਾਲ ਲਾ ਕੇ ਸਿਆਣਾ ਕੀਤਾ ਸੀ ਪਰ ਮੈਂ ਫਿਰ ਉਸੇ ਪਾਗਲਪਨ ਦੀ ਦਲਦਲ ਵਿਚ ਧਸਿਆ ਬੈਠਾ ਹਾਂ। ਸਗੋਂ ਉਸ ਗੁਰੂ ਨੂੰ ਵੀ ਅਪਣੇ ਪਾਗਲਪਨ ਵਿਚ ਖਾਹ-ਮਖਾਹ ਘਸੀਟ ਰਿਹਾ ਹਾਂ।

ਮੇਰੇ ਪਿੰਡ ਦੇ ਬਿੱਲਕੁਲ ਨੇੜੇ ਬਾਬਾ ਦੀਪ ਸਿੰਘ ਨਾਲ ਸਬੰਧਤ ਗੁਰਦੁਆਰਾ ਟਾਹਲਾ ਸਾਹਬ ਹੈ ਤੇ ਉਥੇ ਨਾਲ ਹੀ ਸਮਾਧ ਬਾਬਾ ਨੌਧ ਸਿੰਘ ਹੈ। ਦੋਵਾਂ ਉਪਰ ਨਿੰਹੰਗਾਂ ਦਾ ਕਬਜਾ ਹੈ। ਸਵੇਰ ਤੋਂ ਜਿਉਂ ਭੰਗ ਘੋਟਣ ਬੈਠਦੇ ਪਾਗਲਾਂ ਵਾਂਗ ਦੇਹ ਡੰਡਾ ਕੂੰਟਾ ਖੜਕਦਾ। ਜਿਵੇਂ ਸਾਰੀ ਸਿੱਖੀ ਭੰਗ ਵਿਚ ਹੀ ਆਣ ਵੜੀ ਹੋਵੇ। ਸਾਡਾ ਅੱਧਿਓਂ ਵੱਧ ਪਿੰਡ ਉਨ੍ਹੀ ਭੰਗੀ ਕੀਤਾ ਪਿਆ। ਕਾਰ ਸੇਵਾ ਦੇ ਨਾਂ ਤੇ ਪਿੰਡ ਸਾਡਾ ਨਾਲੇ ਤਾਂ ਟਰਾਲੀਆਂ ਭੰਨਦਾ ਨਾਲੇ ਭੰਗ ਨਾਲ ਲਿਹੜਦਾ।

ਲੋਹੜੀ ਦੀ ਗੱਲ ਹੈ। ਮੇਰੇ ਚਾਚੇ ਦਾ ਮੁੰਡਾ ਕਹਿਣ ਲੱਗਾ ਭਾਅਜੀ ਚਲੋ ਤੁਹਾਨੂੰ ਬੱਕਰੇ ਵੱਡਦੇ ਦਿਖਾ ਕੇ ਲਿਆਵਾਂ। ਅਸੀਂ ਸਵੇਰੇ ਹੀ ਚਲੇ ਗਏ। ਪਿੱਛੇ ਬੋਹੜ ਹੇਠਾਂ ਸਾਡੇ ਪਿੰਡ ਦੀ ਹੀ ਮੁੰਡੀਰ ਨੇ ਜਾਂਦਿਆਂ ਨੂੰ ਚੰਗਾ ਖਲਾਰਾ ਜਿਹਾ ਪਾਇਆ ਵਿਆ ਸੀ। ਬੱਕਰੇ ਤਾਂ ਸਾਡੇ ਜਾਂਦਿਆ ਉਹ ਵੱਡ ਚੁੱਕੇ ਸਨ ਹੁਣ ਉਹ ਹੱਡੀਆਂ ਬੋਟੀਆਂ ਅਲਹਿਦਾ ਕਰ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚੋਂ ਲਾਲ ਡੋਰੇ ਚਮਕ ਰਹੇ ਸਨ। ਭੰਗ ਨਾਲ ਰੱਜ ਕੇ ਠਾਹ ਠਾਹ ਟੋਕਾ ਵਾਹ ਰਹੇ ਲਹੂ-ਮਿੱਝ ਨਾਲ ਅੱਧ ਲਿਬੜੇ ‘ਸੇਵਾ’ ਕਰਦੇ ਉਹ ਬੜੇ ਅਜੀਬ ਭੂਤਨੇ ਜਾਪ ਰਹੇ ਸਨ। ਭੰਗ ਨਾਲ ਵੀ ਜਿਵੇਂ ਉਨ੍ਹਾਂ ਨੂੰ ਤਸੱਲੀ ਨਹੀਂ ਸੀ ਹੋਈ ਇੱਕ ਨੇ ਲਹੂ-ਮਿੱਝ ਦੇ ਲਿਬੜੇ ਹੱਥੀ ਹੀ ਪਲਾਸਟਕ ਦਾ ਲਫਾਫਾ ਕੱਢਿਆ ਤੇ ਢੇਲਾ ਅਫੀਮ ਦਾ ਅੰਦਰ ਸੁੱਟਦਿਆਂ ਥੋੜੀ ਥੋੜੀ ਨਾਲ ਵਾਲਿਆਂ ਨੂੰ ਵੀ ਵਰਤਾ ਦਿੱਤੀ। ਜਦ ਮੈਂ ਉਸ ਨੂੰ ਪੁੱਛਿਆ ਕਿ ਇਹ ਕੀ ਤਾਂ ਉਹ ਹੱਸ ਕੇ ਕਹਿਣ ਲੱਗਾ ਕਿ ਭਾਅ ਸੋਫੀਆਂ ਤੋਂ ਕਿਤੇ ‘ਸੇਵਾ’ ਹੁੰਦੀ? ਤੜਕਿਓਂ ਦੇ ਲੱਗੇ ਆਂ। ਠੰਡੇ ਪਾਣੀ ਪਹਿਲਾਂ ਚਾਰ ਬੱਕਰੇ ਨਵਾਏ ਫਿਰ ਇਨ੍ਹਾਂ ਨੂੰ ‘ਸ਼ਹੀਦ’ ਕੀਤਾ ਹੁਣ ਇਨ੍ਹਾਂ ਦੀਆਂ ਹੱਡੀਆਂ-ਪਸਲੀਆਂ ਅਲੱਗ ਕਰਨ ਨੂੰ ਦੋ ਘੰਟੇ ਹੋ ਗਏ ਹਾਲੇ ਇਨ੍ਹਾਂ ਦਾ ‘ਲੰਗਰ’ ਚ੍ਹਾੜਨਾ।

ਮੇਰੇ ਪਿੰਡ ਦੇ ਨਿਆਣੇ ਇੱਕ ਛੋਟਾ ਜਿਹਾ ਲੇਲਾ ਉਥੇ ਧੂਹੀ ਫਿਰਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਦੀ ਕਿਉਂ ਸ਼ਾਮਤ ਆਂਦੀ ਪਈ। ਉਹ ਕਹਿਣ ਲੱਗੇ ਅਸੀਂ ਇਸ ਨੂੰ ਚੜਾਉਣ ਆਏ ਹਾਂ ਅਗਲੀ ਲੋਹੜੀ ਤੇ ਇਸ ਨੂੰ ਸ਼ਹੀਦ ਕਰਨਾ ਹੈ!! ਹੁਣ ਤੁਸੀ ਦੱਸੋ ਪਾਗਲ ਕਿਤੋਂ ਲੈਣ ਜਾਣੇ ਹਨ।

ਮੈਂ ਇਸੇ ਲਈ ਤਾਂ ਸਿਆਣਾ ਨਹੀਂ ਹੋ ਪਾ ਰਿਹਾ ਕਿਉਂਕਿ ਧਰਮ ਨੇ ਮੈਨੂੰ ਸਿਆਣਾ ਕਰਨਾ ਸੀ ਪਰ ਧਰਮ ਦੇ ਨਾਂ ਤੇ ਹੀ ਮੈਂ ਪਾਗਲ ਹੋ ਰਿਹਾ ਹਾਂ। ਪੰਜਾਬ ਦੀ ਨੌਜਵਾਨੀ ਨੂੰ ਕਾਹਦਾ ਦੋਸ਼ ਜਿੰਨਾ ਚਿਰ ਤੁਸੀਂ ਅਪਣੇ ਅਜਿਹੇ ‘ਧਾਰਮਿਕ’ ਰਹਿਬਰਾਂ ਨੂੰ ਅੱਗ ਲਾ ਕੇ ਨਹੀਂ ਫੂਕਦੇ। ਮੈ ਨਹੀਂ ਕਹਿੰਦਾ ਕੌਣ ਪਰ ਤੁਸੀਂ ਦੱਸੋ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਧਾਰਮਿਕ ਪ੍ਰਚਾਕਾਂ, ਢਾਢੀਆਂ, ਰਾਗੀਆਂ, ਪਾਠੀਆਂ, ਗ੍ਰੰਥੀਆਂ ਵਿਚੋਂ ਕਿੰਨੇ ਕੁ ਹਨ ਜਿਹੜੇ ਇਸ ਪਾਗਲਪਨ ਦੇ ਸ਼ਿਕਾਰ ਨਹੀਂ?

ਕਈ ਸਾਲਾਂ ਦੀ ਗੱਲ ਵੈਨਕੁਵਰ ਪਿੰਡੋਂ ਮੇਰਾ ਚਾਚਾ ਹੈ ਉਨ੍ਹਾਂ ਦੇ ਫਾਰਮ ਹੁੰਦੇ ਸਨ। ਗੋਲਵੜੀਆਂ ਦਾ ਜਥਾ ਆਇਆ। ਚਾਚੇ ਨੂੰ ਉਦੋਂ ਘਰ ਦੀ ਕੱਢੀ ਦਾ ਸ਼ੌਂਕ ਸੀ। ਉਹ ਫਾਰਮ ਵਿਚ ਅਪਣਾ ਭੁੱਸ ਪੂਰਾ ਕਰ ਲੈਂਦੇ ਸਨ। ਜਥਾ ਕਿਉਂਕਿ ਅੰਮ੍ਰਤਿਸਰ ਤੋਂ ਸੀ ਸੋ ਇਲਾਕੇ ਦਾ ਹੋਣ ਕਾਰਨ ਚਾਚੇ ਹੁਰਾਂ ਚੰਗੀ ਆਉਭਗਤ ਕੀਤੀ। ਇਸ ਆਉਭਗਤ ਦੇ ਚੱਕਰ ਵਿੱਚ ਘਰ ਦੇ ਫਾਰਮੀ ਮੁਰਗਿਆਂ ਤੋਂ ਗੱਲ ਸ਼ੁਰੂ ਹੋ ਕੇ ਘਰ ਦੀ ਕੱਢੀ ਤੱਕ ਪਹੁੰਚ ਗਈ। ਦਿਨੇ ਗੁਰਦੁਆਰੇ ਵਾਰਾਂ ਗਾ ਕੇ ਆਉਂਦੇ ਸ਼ਾਮੀਂ ਚਾਚੇ ਵਲ ਜਾ ਕੇ ਅੱਖਾਂ ਲਾਲ ਕਰਦੇ।

ਜੋਗਾ ਸਿੰਘ ਜੋਗੀ ਨਾਲ ਗੁਰਮੁੱਖ ਸਿੰਘ ਜੋਗੀ ਨੇ ਗੱਲ ਸੁਣਾਈ ਕਿ ਗਰੰਥੀ ਸਿੰਘ ਚਲਦੀ ਭੱਠੀ ਵਾਲੇ ਨੂੰ ਕਹਿ ਰਿਹਾ ਕਿ ‘ਯਾਰ ਪਾਈਂ ਇਕ ਪੈੱਗ ਮੈਂ ਜਾ ਕੇ ਰਹਿਰਾਸ ਕਰਨੀ ਹੈ’!! ਪਿੱਛਲੇ ਸਮੇ ਸ਼੍ਰੋਮਣੀ ਕਮੇਟੀ ਦਾ ਵੱਡਾ ਲੀਡਰ ਐਕਸੀਡੈਂਟ ਵਿਚ ਮਰਿਆ ਉਸ ਦੀ ਗੱਡੀ ਵਿਚੋਂ ਇਕ ਔਰਤ ਤੋਂ ਇਲਾਵਾ ਸ਼ਰਾਬ ਦੀ ਪੇਟੀ ਨਿਕਲੀ। ਡੇਰਿਆਂ ਵਿਚ ਕਿੰਨੇ ਹਨ ਜਿਹੜੇ ਅਫੀਮੀ, ਭੰਗੀ ਜਾਂ ਨਸ਼ਈ ਨਹੀਂ ਹਨ?

ਮੇਰਾ ਪਿੰਡ ਅੰਮ੍ਰਤਿਸਰ ਤਰਨ-ਤਾਰਨ ਵਾਲੀ ਰੋਡ ਦੇ ਬਿੱਲਕੁਲ ਨਜਦੀਕ ਪੈਂਦਾ ਹੈ। ਮੇਰੇ ਚਾਚੇ ਦਾ ਮੁੰਡਾ ਇਸ ਵਾਰੀ ਦੱਸ ਰਿਹਾ ਸੀ ਕਿ ਮੇਨ ਸੜਕ ਤੇ ਬੱਲੇ ਜਾਂ...? ਦੀ ਦੁਕਾਨ ਹੈ ਦਵਾਈਆਂ ਵਾਲੀ। ਉਹ ਸਵੇਰੇ ਸਵੱਖਤੇ ਹੀ ਖ੍ਹੋਲ ਲੈਂਦਾ ਹੈ। ਉਸ ਸੜਕ ਉਪਰ ਹਰੇਕ 20ਵੀਂ ਕੁ ਗੱਡੀ ਮਗਰ ਇੱਕ ਗੱਡੀ ਕਾਰ ਸੇਵੀਆਂ ਦੀ ਲੰਘਦੀ ਹੈ। ਖਾਸ ਕਰ ਸਵੇਰ ਵੇਲੇ ਅੰਮ੍ਰਤਿਸਰੋਂ ਤਰਨਤਾਰਨ ਵਲ ਨੂੰ। ਉਸ ਦੀ ਦੁਕਾਨ ਤੇ ਬਾਬਾ ਨੌਧ ਸਿੰਘ ਦੀ ਸਮਾਧ ਤੇ ਮੱਥਾ ਟੇਕਣ ਵਾਂਗ ਕਾਰਸੇਵੀਆਂ ਦੀ ਹਰੇਕ ਗੱਡੀ ਰੁੱਕ ਕੇ ਜਾਂਦੀ ਹੈ। ਉਹ ਕਦੇ ਵੀ ਦੁਕਾਨ ਦੇ ਮੂਹਰੇ ਗੱਡੀ ਨਹੀਂ ਖੜੀ ਕਰਦੇ ਤਾਂ ਕਿ ਸਾਡੀ ‘ਕਾਰਸੇਵਾ’ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਸਾਰੇ ਦਿਨ ਦਾ ‘ਰਾਸ਼ਨਪਾਣੀ’ ਲੈ ਕੇ ਉਹ ਜੁੱਟਦੇ ਹਨ ‘ਕਾਰਸੇਵਾ’ ਤੇ।

ਅਜਿਹੇ ਪਾਗਲਾਂ ਦੇ ਹੁੰਦਿਆਂ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਸਿੱਖੀ ਜਾਂ ਸਿੱਖ ਬੱਚ ਜਾਣਗੇ। ਬਾਬਾ ਜੀ ਤਾਂ ਕਹਿ ਗਏ ਹਨ ਕਿ ‘ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥’ ਸੋ ਪਹਿਲਾਂ ਇਨ੍ਹਾਂ ਪਾਂਧਿਆ ਗਲ ਹੀ ਫਾਹਾ ਪਾਉਂਣਾ ਪਵੇਗਾ, ਤਾਂ ਹੀ ਬਾਕੀ ਕੌਮ ਇਸ ਪਾਗਲਪਨ ਤੋਂ ਬਚ ਸਕੇਗੀ, ਨਹੀਂ ਤਾਂ ਪੰਜਾਬ ਡੁੱਬ ਰਿਹਾ ਹੈ ਤੁਸੀਂ ਨੌਜਵਾਨੀ ਦਾ ਫਿਕਰ ਬਾਅਦ ਕਰਿਓ ਪਹਿਲਾਂ ਅਪਣੇ ‘ਧਾਰਮਿਕ’ ਲੋਕਾਂ ਦੇ ਕੜਾਹਿਆਂ ਦਾ ਪ੍ਰਬੰਧ ਕਰੋ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top