Share on Facebook

Main News Page

ਅੱਖੀਂ ਡਿੱਠਾ ਜੋੜ ਮੇਲਾ ਬਾਬਾ ਬੁੱਢਾ ਜੀ

ਹਰ ਸਾਲ ਦੀ ਤਰਾਂ ਮਾਝੇ ਦੀ ਧਰਤੀ ਤੇ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ, ਜਿਸ ਦਾ ਦ੍ਰਿਸ਼ ਕੁਝ ਇਸ ਪ੍ਰਕਾਰ ਦਾ ਸੀ। ਚਾਰ ਚੁਫੇਰੇ ਤੋਂ ਲੋਕਾਂ ਦੀ ਬੜੀ ਭਾਰੀ ਆਮਦ ਸੀ। ਦਾਸ ਵੀ ਆਪਣੇ ਸਾਥੀ ਪ੍ਰਚਾਰਕ ਦੇ ਨਾਲ ਇਕ ਪ੍ਰਗਰਾਮ ਵਿਚ ਸ਼ਮੂਲੀਅਤ ਕਰਨ ਜਾ ਰਿਹਾ ਸੀ।

ਰਸਤੇ ਵਿਚ ਮੋਟਰਸਾਈਕਲ ਸਵਾਰਾਂ ਦੀ ਭਰਮਾਰ ਸੀ, ਜਿਹੜੇ ਬੜੇ ਬੇਢੰਗੇ ਤਰੀਕੇ ਨਾਲ ਇੱਕ ਇੱਕ ਮੋਟਰਸਾਈਕਲ ‘ਤੇ 3 ਤੋਂ 4 ਕਿਤੇ 5 ਵੀ ਸਵਾਰ ਸਨ, ਬਹੁਤੇ ਸਿੱਖੀ ਸਰੂਪ ਤੋ ਵਿਹੂਣੇ ਰੌਲਾ ਪਾਉਂਦੇ, ਚੀਕਾਂ ਮਾਰਦੇ ਜਾਂਦੇ ਸਨ। ਟਰੈਕਟਰ ਟਰਾਲੀਆਂ ‘ਤੇ ਵੀ ਭੀੜਾਂ ਦੀਆਂ ਭੀੜਾਂ ਨਾਹਰੇ ਅਤੇ ਜੇਕਾਰੇ ਮਾਰਦੀਆਂ ਜਾ ਰਹੀਆਂ ਸੀ।

ਦਾਸ ਭਿੱਖੀਵਿੰਡ ਤੋਂ ਝਬਾਲ ਨੂੰ ਜਾ ਰਿਹਾ ਸੀ, ਜਿਹੜੀ ਕਿ ਦੂਰੀ ਕਰੀਬ 19 ਕੋ ਕਿਲੋਮੀਟਰ ਬਣਦੀ ਹੈ। ਇਤਨੇ ਕੁ ਹੀ ਫਾਸਲੇ ਦੇ ਵਿੱਚ ਹੀ 17 ਲੰਗਰ ਲੱਗੇ ਹੋਏ ਸੀ। ਜਿੱਥੇ ਸੜਕ ਨੂੰ ਜਾਮ ਕੀਤਾ ਹੋਇਆ ਸੀ, ਅਤੇ ਸੇਵਾਦਾਰ {ਜਿਹੜੇ ਕਿ ਸਿੱਖੀ ਸਰੂਪ ਤੋਂ ਵਿਹੂਣੇ} ਰੋਕ ਰੋਕ ਕਿ ਬਦੋ ਬਦੀ ਲੰਗਰ ਛਕਣ ਨੂੰ ਕੰਹਿਦੇ। ਕੋਈ ਚਾਹ ਪਕੋੜੇ,ਕਿਧਰੇ ਜਲੇਬੀਆਂ ਆਦਿਕ ਭਾਂਤ ਭਾਂਤ ਦੇ ਲੰਗਰਾਂ ਦੀ ਭਰਮਾਰ ਸੀ। ਰਸਤੇ ਵਿੱਚ ਇੱਕ ਪਿੰਡ ਦੀ ਲੰਗਰ ਕਮੇਟੀ ਦੇ ਸੇਵਾਦਾਰ ਨੇ ਦੱਸਿਆ, ਕਿ ਇਸ ਵਾਰ 14 ਲੱਖ ਰੁਪਏ ਲੰਗਰ ਦੀ ਉਗਰਾਹੀ ਹੋਈ ਹੈ, ਕੇਵਲ ਲੰਗਰ ਵਾਸਤੇ। ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ‘ਤੇ ਵੀ ਲੰਗਰਾਂ ਦੀ ਭਰਮਾਰ ਇਵੇਂ ਹੀ ਸੀ।

ਦੀਵਾਨ ਹਾਲ ਵਿੱਚ ਬਹੁਤੇ ਲੋਕ ਟੋਲੀਆਂ ਬਣਾ ਕੇ ਬੈਠੇ ਆਪਸੀ ਗੱਲਬਾਤ ਕਰ ਰਹੇ ਸੀ। ਕਈ ਲੇਟੇ ਹੋਏ ਸੀ, ਕਈ ਸੁੱਤੇ ਹੋਏ ਸੀ, ਤੇ ਸਟੇਜ ਤੋ ਢਾਢੀ ਵੀਰ 20-20 ਰੁਪਏ ਲੈ ਕੇ ਥੋਕ ਵਿੱਚ ਮੁੱਡੇ ਵੰਡਣ ਦੀਆਂ ਅਰਦਾਸਾਂ ਕਰ ਰਹੇ ਸਨ। ਇਹ ਕੇਵਲ ਇੱਕ ਜੋੜ ਮੇਲੇ ਦਾ ਦ੍ਰਿਸ਼ ਨਹੀਂ, ਸਗੋਂ ਅਜੋਕੇ ਸਮੇਂ ਅੰਦਰ ਸਾਡੇ ਸਿੱਖ ਸਮਾਜ ਅੰਦਰ ਮਨਾਏ ਜਾਂਦੇ ਗੁਰ ਪੂਰਬ, ਨਗਰ ਕੀਰਤਨ ਅਤੇ ਹੋਰ ਅਹਿਮ ਇਤਿਹਾਸਕ ਦਿਹਾੜੇ, ਲੰਗਰਾਂ ਚੌਧਰਾਂ ਅਤੇ ਸੋਸ਼ੇਬਾਜੀ ਦੀ ਭੇਂਟ ਚੜ੍ਹ ਜਾਂਦੇ ਹਨ। ਆਮ ਲੋਕ ਗਿਆਨ ਤੋਂ ਵਿਹੂਣੇ ਹਨ;

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ

ਜਿੰਮੇਵਾਰ ਲੋਕ ਪ੍ਰਬੰਧਕੀ ਢਾਂਚਾ, ਜਿਨ੍ਹਾਂ ਕੋਲ ਪੈਸਾ, ਪਾਵਰ ਹੈ, ਉਹ ਲੋਕ ਨਹੀਂ ਚਾਹੁਦੇ, ਕਿ ਆਮ ਸਿੱਖ ਗੁਰਬਾਣੀ ਨੂੰ ਸਮਝ ਕੇ ਉਸ ਅਨਸਾਰ ਜੀਵਨ ਬਤਾਏ।

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਵਾਲੀ ਹਾਲਤ ਹੋਈ ਹੈ। ਅਜੋਕੇ ਸਮੇ ਅੰਦਰ ਲ਼ੋੜ ਹੈ, ਹਰ ਸਿੱਖ ਗੁਰਬਾਣੀ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਣ ਵਿੱਚ ਵਸਾਏ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥20॥

ਭਾਈ ਗੁਰਸ਼ਰਨ ਸਿੰਘ ਡੱਲ ਵਾਲੇ
9855598841


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top