Share on Facebook

Main News Page

ਪੰਜਾਬੀ ਗਾਇਕ, ਦਸਤਾਰ ਦੇ ਮਹੱਤਵ ਨੂੰ ਸਹੀ ਤਰੀਕੇ ਨਾਲ ਪ੍ਰਚਾਰਣ

ਸਿੱਖ ਗੱਭਰੂ ‘ਤੇ ਮੁਟਿਆਰ ਉਹੀ ਜੱਗ ‘ਤੇ।
ਜੀਹਦੇ ਸਿਰ ਉੱਤੇ ਪੱਗ ਤੇ ਗਲੇ ਵਿੱਚ ਦੁਪੱਟਾ ਫੱਬਦੇ।


ਅੱਜ ਸਿੱਖੀ ਅਕਸ ਨੂੰ ਸੱਭ ਤੋਂ ਵੱਧ ਢਾਹ ਅਜੋਕੇ ਮੀਡੀਏ ਵੱਲੋਂ ਲਗਾਈ ਜਾ ਰਹੇ ਹੈ। ਜਿਸ ਕਰਕੇ ਨੌਜਵਾਨ ਤਬਕਾ ਸਿੱਖੀ ਤੋਂ ਬਾਗੀ ਹੋ ਰਿਹਾ ਹੈ। ਅੱਜ ਸਿੱਖੀ ਦੀ ਸ਼ਾਨ ਪੱਗ (ਦਸਤਾਰ) ਪਿੱਛੇ ਜਿੱਥੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਕਾਨੂੰਨੀ ਲੜਾਈਆਂ ਲੜ੍ਹ ਰਹੇ ਹਨ ਅਤੇ ਪੱਗ (ਦਸਤਾਰ) ਦੇ ਮਹੱਤਵ ਤੋਂ ਸਰਕਾਰਾਂ ਨੂੰ, ਦੁਨੀਆ ਨੂੰ ਅਤੇ ਸੰਸਾਰ ਦੇ ਲੋਕਾਂ ਨੂੰ ਜਾਣੂੀ ਕਰਵਾ ਰਹੇ ਹਨ ਕਿ ਸਿੱਖ ਲਈ ਉਸਦੇ ਕੇਸਾਂ ਅਤੇ ਦਸਤਾਰ ਦੀ ਕੀ ਮਹਾਨਤਾ ਹੈ? ਉੱਥੇ ਪੰਜਾਬ ਵਿੱਚ ਸਿੱਖ ਘਰਾਂ ਵਿੱਚ ਪੈਦਾ ਹੋਏ ਕਾਕੇ ਪੱਗਾਂ ਬੰਨ੍ਹਣ ਤੋਂ ਮੂੰਹ ਫੇਰ ਰਹੇ ਹਨ ਅਤੇ ਕੇਸਾਂ ਨੂੰ ਤਿਲਾਂਲਜੀ ਦੇ ਰਹੇ ਹਨ ਅਤੇ ਅਜੋਕਾ ਮੀਡੀਆ ਵੀ ਪੱਗੜੀਧਾਰੀਆਂ ਨੂੰ ਗਲਤ ਦ੍ਰਿਸ਼ਾਂ ਵਿੱਚ ਵਿਖਾ ਕੇ ਨੌਜਵਾਨਾਂ ਦਾ ਹੌਂਸਲਾ ਪਸਤ ਕਰ ਰਿਹਾ ਹੈ। ਇਸੇ ਤਰਜ਼ ਤੇ ਹੁਣ ਪੰਜਾਬੀ ਗਾਇਕ ਵੀ ਪੱਗਾਂ ਪ੍ਰਤੀ ਘਟੀਆ ਗੀਤ ਲਿਖ ਕੇ, ਗਾ ਕੇ, ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ। ਅਤੇ ਇੱਕ ਪਗੜੀਧਾਰੀ, ਦਸਤਾਰਧਾਰੀ ਦਾ ਗਲਤ ਸਮਦੇਸ਼ ਦੁਨੀਆ ਅੱਗੇ ਰੱਖ ਕੇ ਪੱਗ ਨੂੰ ਦਾਗ ਲਾ ਰਹੇ ਹਨ। ਜਿਸਦੀ ਵੀਚਾਰ ਅੱਗੇ ਕਰਾਂਗੇ।

ਪਹਿਲਾਂ ਮੈਂ ਥੋੜ੍ਹੀ ਗੱਲ ਆਪਣੀ ਸ਼ਾਨ ਦਸਤਾਰ (ਪੱਗ) ਬਾਰੇ ਜ਼ਰੂਰ ਕਰਾਂਗਾ ਕਿ ਇਹ ਪੱਗ ਸਾਨੂੰ ਦਸਮੇਸ਼ ਪਿਤਾ ਵੱਲੋਂ ਬਖਸ਼ਿਆ ਹੋਏ ਉਹ ਮਹਾਨ ਚਿੱੰਨ੍ਹ ਹੈ ਜਿਸਦੀ ਕੀਮਤ ਗੁਰੂ ਪਾਤਸ਼ਾਹ ਨੇ ਬੇਅੰਤ ਕੁਰਬਾਨੀਆਂ ਕਰਕੇ ਤਾਰੀ ਹੈ। ਅੱਜ ਹਰ ਇੱਕ ਸੱਚੇ ਸਿੱਖ ਨੂੰ ਆਪਣੀ ਸਰਦਾਰੀ ਤੇ, ਆਪਣੀ ਸੋਹਣੀ ਦਸਤਾਰ ‘ਤੇ, ਆਪਣੀ ਪੋਚਵੀਂ ਪੱਗ ਤੇ ਮਾਨ ਹੈ ਅਤੇ ਇਹ ਮਾਨ ਹੋਣਾ ਵੀ ਚਾਹੀਦਾ ਹੈ। ਬੜਾ ਸੋਹਣਾ ਲਿਖਿਆ ਹੈ ਕਿਸੇ ਕਵੀ ਨੇ:

ਕਲਗੀਧਰ ਦੇ ਹੁੰਦੇ ਨੇ ਦਰਸ਼ਨ ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ।
ਲੱਖਾਂ ਵਿੱਚੋਂ ਇਕੱਲਾ ਪਹਿਚਾਣਿਆ ਜਾਂਦਾ, ਸਰਦਾਰੀ ਬੋਲਦੀ ਦਿੱਸੇ ਦਸਤਾਰ ਵਿੱਚੋਂ।

ਛੋਟੇ ਹੁੰਦੇ ਇੱਕ ਵਾਰ ਸ. ਰਜਿੰਦਰ ਸਿੰਘ ਜੀ ਦਾ ਛਪਿਆ ਇੱਕ ਲੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਕ ਰਸਾਲੇ ਗੁਰਮਤਿ ਪ੍ਰਕਾਸ਼ ਦੇ ਸ਼ਾਇਦ ਸਤੰਬਰ 1999 ਦੇ ਅੰਕ ਵਿੱਚ ਪੜ੍ਹਿਆ ਸੀ। ਜੋ ਮੇਰੇ ਕੋਲ ਮੌਜੂਦ ਤਾਂ ਨਹੀਂ ਪਰ ਮੈਨੂੰ ਯਾਦ ਹੈ ਕਿ ਉਸ ਵਿੱਚਲੀਆਂ ਦੋ ਤਿੰਨ ਗੱਲਾਂ ਬੜੀਆਂ ਹੀ ਭਾਵਪੂਰਨ ਸਨ। ਜਿਹਨਾਂ ਵਿੱਚੋਂ ਪਹਿਲੀ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇੱਕ ਵਾਰ ਉਹ ਰਾਤ ਨੂੰ ਘਰ ਪਰਤਣ ਲਈ ਥੋੜਾ ਲੇਟ ਹੋ ਗਏ। ਅੰਧੇਰੀ ਸਟੇਸ਼ਨ ਤੇ ਇੱਕ ਨੌਜਵਾਨ ਲੜਕੀ ਰੇਲਗੱਡੀ ਵਿੱਚੋਂ ਉਤਰੀ ਅਤੇ ਪਲੇਟਫਾਰਮ ਤੇ ਆ ਕੇ ਖੜ੍ਹ ਗਈ, ਜਿੱਥੋਂ ਟੈਕਸੀਆਂ ਮਿਲਦੀਆਂ ਸਨ। ਇਤਨੇ ਨੂੰ ਇੱਕ ਟੈਕਸੀ ਆਈ ਅਤੇ ਉਸ ਨੌਜਵਾਨ ਕੁੜੀ ਕੋਲ ਆ ਕੇ ਖੜ੍ਹ ਗਈ, ਪਰ ਲੜਕੀ ਨੇ ਮੈਂ ਨਹੀਂ ਜਾਣਾ ਦਾ ਇਸ਼ਾਰਾ ਕੀਤਾ ਅਤੇ ਟੈਕਸੀ ਅੱਗੇ ਚਲੀ ਗਈ। ਇਸੇ ਤਰ੍ਹਾਂ ਦੂਜੀ ਟੈਕਸੀ ਆਈ ਤਾਂ ਉਸ ਲੜਕੀ ਨੇ ਉਸ ਵਿੱਚ ਵੀ ਬੈਠਣਾ ਕਬੂਲ ਨਾ ਕੀਤਾ। ਥੋੜ੍ਹੀ ਦੇਰ ਬਾਅਦ ਇੱਕ ਹੋਰ ਟੈਕਸੀ ਆਈ ਅਤੇ ਰੁਕੀ ਤਾਂ ਉਸ ਲੜਕੀ ਨੇ ਝੱਟ ਉਸਦਾ ਦਰਵਾਜ਼ਾ ਖੋਲਿਆ ਅਤੇ ਬੈਠ ਕੇ ਚਲੀ ਗਈ। ਦਰਅਸਲ ਇਹ ਤੀਜੀ ਟੈਕਸੀ ਇੱਕ ਸਰਦਾਰ ਸਾਹਿਬ ਦੀ ਸੀ। ਇਸੇ ਤਰ੍ਹਾਂ ਦੂੁਜੀ ਗੱਲ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਸਾਡੇ ਨੇੜੇ ਹੀ ਇੱਕ ਮਰਾਠੀ ਪਰਿਵਾਰ ਰਹਿੰਦਾ ਅਤੇ ਉਹਨਾਂ ਦੀ ਜਵਾਨ ਲੜਕੀ ਬੜੇ ਹੀ ਸ਼ੁਕਰਾਨੇ ਨਾਲ ਕਹਿੰਦੀ ਹੈ ਕਿ “ਮੈਂ ਜਬ ਭੀ, ਕਹੀਂ ਸੇ ਅਕੇਲੀ ਆਤੀ ਹੂੰ ਤੋ ਮੇਰੀ ਯਹੀ ਕੋਸ਼ਿਸ਼ ਹੋਤੀ ਹੈ ਕਿ ਕਿਸੀ ਸਰਦਾਰ ਕੀ ਟੈਕਸੀ ਮੇਂ ਆਊਂ।” ਅਗਲੀ ਗੱਲ ਕਹਿੰਦੇ ਹੋਏ ਉਹ ਲਿਖਦੇ ਹਨ ਕਿ “ਮਨੁੱਖ ਚਰਿੱਤਰ ਦਾ ਕਿੰਨ੍ਹਾ ਵੱਡਾ ਅਤੇ ਵਧੀਆ ਸਰਟੀਫਿਕੇਟ ਹੈ- ਸਿੱਖਾਂ ਨੂੰ: ਬਲਕਿ ਪੂਰੀ ਸਿੱਖ ਕੌਮ ਨੂੰ।

ਅਜਿਹੀਆਂ ਹੋਰ ਵੀ ਅਨੇਕਾਂ ਮਿਸਾਲਾਂ ਸਾਨੂੰ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ। ਜਦੋਂ ਬ੍ਰਹਾਮਣਾ ਦੀਆਂ ਅਗਵਾ ਹੋਈਆਂ ਤੀਵੀਆਂ ਨੂੰ ਖਾਲਸਾ ਰਾਤ ਸਮੇਂ ਜਦ ਸਾਰੀ ਦੁਨੀਆਂ ਆਰਾਮ ਦੀ ਨੀਂਦ ਸੁੱਤੀ ਹੁੰਦੀ ਸੀ ਅਤੇ ਸਿੰਘ ਰਾਤ ਦੇ 12 ਵਜੇ ਉਹਨਾਂ ਮੁਗਲਾਂ ਦੇ ਉਪਰ ਸ਼ੇਰ ਦੀ ਤਰ੍ਹਾਂ ਧਾਅਵਾ ਬੋਲ ਕੇ ਉਹਨਾਂ ਦੀਆਂ ਇਜ਼ਤਾਂ ਨੂੰ ਘਰੋ ਘਰੀਂ ਪਹੁੰਚਾਉਂਦੇ ਹਨ, ਉਹ ਗੱਲ ਵੱਖਰੀ ਹੈ ਕਿ ਅੱਜ ਉਹਨਾਂ ਦੀਆਂ ਨਵੀਆਂ ਪੁਸ਼ਤਾਂ 12 ਵਜੇ ਦੇ ਨਾਮ ਤੇ ਸਿੱਖਾਂ ਨੂੰ ਹਾਸੇ ਦਾ ਪਾਤਰ ਬਣਾਉਂਦੀਆਂ ਹਨ ਅਤੇ ਸੂਰਬੀਰ, ਬਹਾਦਰਾਂ ਦੀ ਕੌਮ ਦੇ ਮਰਜੀਵੜੇ ਸਿੱਖਾਂ ਨੂੰ ਇੱਕ ਨਿਖਟੂ, ਬੇਵਕੂਫ, ਉੱਜਡ, ਨਿਕੰਮਾ ਆਦਿ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਸਿੰਘ ਹਮੇਸ਼ਾਂ ਕਿੰਗ ਰਿਹਾ ਸੀ, ਕਿੰਗ ਹੈ ਅਤੇ ਕਿੰਗ ਰਹੇਗਾ । ਇਹ ਮੇਰਾ ਦਾਅਵਾ ਹੈ ਕਿ ਇਸ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ , ਬਾਬੇ ਨਾਨਕ ਨੇ ਇਸਦੀ ਨੀਂਹ ਰੱਖੀ ਸੀ, ਇਸਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜੇਕਰ ਸਿੱਖ ਵੀ ਬਾਬੇ ਨਾਨਕ ਤੇ ਦਸਮੇਸ਼ ਪਿਤਾ ਦੇ ਸਮੇਂ ਵਾਲੇ ਸਿੱਖ ਬਣ ਜਾਣ। ਮੈਂ ਮੁੜ ਵਿਸ਼ੇ ਵੱਲ ਆਵਾਂ। ਕੀ ਲੋੜ ਸੀ ਮੈਨੂੰ ਇਹ ਸਿਰਲੇਖ ਲਿਖਣ ਦੀ ਜਦਕਿ ਮੈਂ ਤਾਂ ਇਹਨਾਂ ਪੱਗਾਂ ਵਾਲੇ ਸਰਦਾਰਾਂ ਦੀਆਂ ਬਹਾਦਰੀਆਂ ਵਾਲੀਆਂ ਹੀ ਗੱਲਾਂ ਕਰ ਰਿਹਾ ਹਾਂ, ਇਸ ਵਿੱਚ ਮਾੜ੍ਹਾ ਕੀ ਹੈ? ਤਾਂ ਧਿਆਨ ਨਾਲ ਥੋੜਾ ਸਮਾਂ ਪਿੱਛੇ ਝਾਤ ਮਾਰ ਕੇ ਵੇਖੋ ਕਿ ਇਹੋ ਜਿਹੇ ਬਹਾਦਰੀ ਭਰੇ ਕਾਰਨਾਮੇ ਕਰਨ ਵਾਲੇ ਗੁਰਸਿੱਖਾਂ, ਦੇਸ਼ ਦੀ ਆਜ਼ਾਦੀ ਵਿੱਚ ਆਪਣਾ 90 ਪ੍ਰਤੀਸ਼ਤ ਯੋਗਦਾਨ ਦੇਣ ਵਾਲੇ ਸਿੱਖਾਂ ਨੂੰ ਘਰੋਂ ਬੇਘਰ ਅਤੇ ਖਤਮ ਕਰਨ ਲਈ ਕੀ-ਕੀ ਚਾਲਾਂ ਹੁਣ ਤੱਕ ਚੱਲੀਆਂ ਗਈਆਂ ਹਨ ਅਤੇ ਚੱਲੀਆਂ ਜਾ ਰਹੀਆਂ ਹਨ। ਸੰਨ 84 ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਤੋਂ ਬਾਅਦ ਸਿੱਖ ਨੌਜਵਾਨਾਂ ਵਿੱਚ ਨਸ਼ਿਆਂ, ਪਤਿੱਤਪੁਣੇ ਦੀ ਜੋ ਹਨ੍ਹੇਰੀ ਪੰਥ ਵਿਰੋਧੀਆਂ ਵੱਲੋਂ ਝੁਲਾਈ ਗਈ ਹੈ, ਉਸਦਾ ਨਤੀਜਾ ਸਾਡੇ ਸਾਹਮਣੇ ਹੈ। ਅੱਜ ਸਿੱਖ ਨੌਜਵਾਨ 60 ਪ੍ਰਤੀਸ਼ਤ ਤੋਂ ਵੱਧ ਨਸ਼ਿਆਂ ਵਿੱਚ ਗਲਤਾਨ ਹੈ, ਕੇਸ ਦਾਹੜੀਆਂ ਕੱਟ ਕੇ ਗੁਰੂ ਪਿਤਾ ਨੂੰ ਬੇਦਾਵਾ ਦੇਈ ਬੈਠਾ ਹੈ। ਅੱਜ ਦਾ ਨੌਜਵਾਨ ਪੱਗ ਬੰਨ੍ਹਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਕਿਉਂਕਿ ਹਿੰਦੂ ਮੀਡੀਏ ਨੇ ਪੱਗਾਂ ਵਾਲੇ ਪਾਤਰਾਂ ਨੂੰ ਐਸੀ ਘਟੀਆ ਸਥਿਤੀ ਵਿੱਚ ਪੇਸ਼ ਕੀਤਾ ਹੈ ਕਿ ਆਪਣੇ ਅਮੀਰ ਵਿਰਸੇ ਤੋਂ ਅਣਜਾਣ ਸਿੱਖ ਨੌਜਵਾਨਾਂ ਨੇ ਪੱਗਾਂ ਹੀ ਉਤਾਰ ਦਿੱਤੀਆਂ ਹਨ। ਬੇਸ਼ੱਕ ਕੁੱਝ ਕੁ ਲੋਕ ਗਾਇਕਾਂ ਨੇ “ਪੱਗ ਬੰਨ੍ਹਣੀ ਨਾ ਜਾਇਓ ਭੁੱਲ ਓਏ ਪੰਜਾਬੀਓ” ਕਹਿ ਕੇ ਕੁੱਝ ਯੋਗਦਾਨ ਪਾਇਆ ਹੈ। ਪਰ ਉਹ ਵੀ ਸਿਰਫ ਪੱਗ ਤੱਕ ਹੀ ਸੀਮਿਤ ਹੈ ਕਿਉਂਕਿ ਉਹ ਗਾਇਕ ਆਪ ਥੱਲਿਉਂ ਸਫਾ ਚੱਟ ਹੈ ਭਾਵੇਂ ਲੱਖ ਵਾਰੀ ਗਾਈ ਜਾਵੇ “ਆਵੀਂ ਬਾਬਾ ਨਾਨਕਾ”।

ਅੱਜ ਗਾਇਕ ਸਿਰਫ ਆਪਣੀ ਕੈਸਿਟ ਹਿੱਟ ਕਰਨ ਵਾਸਤੇ, ਵੱਧ ਵਿਕਰੀ ਵਾਸਤੇ ਜਾਂ ਕਹਿ ਲਉ ਕਿ ਮੋਟੀ ਕਮਾਈ ਕਰਨ ਵਾਸਤੇ ਹੀ ਸਿੱਖਾਂ ਨੂੰ, ਸਰਦਾਰੀ ਨੂੰ ਜਾਂ ਪੱਗ ਨੂੰ ਲੈ ਕੇ ਗੀਤ ਗਾਉਂਦੇ ਅਤੇ ਲਿਖਦੇ ਹਨ, ਪਰ ਨਾਲ ਹੀ ਉਹ ਦੂਜੇ ਪਾਸੇ ਪਤਿੱਤਪੁਣੇ ਨੂੰ ਵੀ ਹੱਲ੍ਹਾ ਸ਼ੇਰੀ ਦੇ ਰਹੇ ਹਨ। ਜਿਸਦਾ ਖਮਿਆਜ਼ਾ ਕੌਮ ਭੁਗਤ ਰਹੀ ਹੈ। ਇਸ ਸਿਰਫ ਮਾਇਆ ਇੱਕਠੀ ਕਰਨ ਲਈ ਦਾੜ੍ਹੀ ਕੱਟੇ ਗਾਇਕੇ ਆਪਣੇ ਹੱਥ ਵਿੱਚ ਨੰਗੀ ਤਲਵਾਰ ਫੜ੍ਹ ਕੇ, ਸਿਰ ਤੇ ਵੱਡਾ ਗੋਲ ਦਸਤਾਰਾ ਸਜਾ ਕੇ, ਉੱਤੇ ਧਾਰਮਿਕ ਚਿੰਨ੍ਹ ਖੰਡੇ ਦੀ ਵਰਤੋਂ ਕਰਕੇ, ਬੜੇ ਦਰਦਮਈ ਦ੍ਰਿਸ਼ ਪੇਸ਼ ਕਰਦੇ ਹਨ ਜੋ ਇੱਕ ਭੁਲੇਖੇ ਤੋਂ ਵੱਧ ਕੁੱਝ ਵੀ ਨਹੀਂ ਜੇ ਇਤਨਾ ਹੀ ਦਰਦ ਹੈ ਕੌਮ ਲਈ ਤਾਂ ਫਿਰ ਸਾਬਤ-ਸੂਰਤਤਾ ਕਿਉਂ ਨਹੀਂ ਧਾਰਨ ਕਰ ਲੈਂਦੇ। ਅਗਲੀ ਕੈਸਿਟ ਵਿੱਚ ਫਿਰ ਨੰਗੀਆਂ ਮਾਡਲਾਂ ਨਾਲ, ਅਸ਼ਲੀਲ਼ ਗੀਤਾਂ, ਘਟੀਆ ਸ਼ਬਦਾਵਲੀ ਨਾਲ ਧੀਆਂ ਭੈਣਾਂ ਪ੍ਰਤੀ ਅਪਮਾਨਜਨਕ ਟੱਪੇ ਬੋਲਦੇ ਅਤੇ ਬਾਂਦਰ ਵਾਂਗ ਟਪੂਸੀਆਂ ਮਾਰ ਰਹੇ ਹੁੰਦੇ ਹਨ। ਮੈਂ ਗੱਲ ਸ਼ੁਰੂ ਕੀਤੀ ਸੀ ਸਿੱਖਾਂ ਦੇ ਬਹਾਦਰੀ ਤੋਂ ਅਤੇ ਇੱਕ ਔਰਤ ਪ੍ਰਤੀ ਸਿੱਖ ਦੀ ਸੋਚ ਤੋਂ। ਵਾਪਿਸ ਆਈਏ ਅਤੇ ਗੁਰਬਾਣੀ ਨੂੰ ਪੜ੍ਹੀਏ ਤਾਂ ਪੰਚਮ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਵਿੱਚ ਫੁਰਮਾਣ ਕਰਦੇ ਹਨ:

ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ
ਕੌਮ ਦੇ ਮਾਹਨ ਵਿਦਵਾਨ ਭਾਈ ਗੁਰਦਾਸ ਜੀ ਲਿਖਦੇ ਹਨ:
ਦੇਖ ਪਰਾਈਆਂ ਮਾਵਾਂ, ਧੀਆਂ, ਭੈਣਾਂ ਜਾਣੈ। ਅਤੇ ਹਉਂ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੈ॥

ਸਿੱਖ ਲਈ ਹਰ ਇਸਤ੍ਰੀ ਉਸਦੀ ਭੈਣ, ਧੀ, ਮਾਂ ਦਾ ਦਰਜਾ ਰੱਖਦੀ ਹੈ ਅਤੇ ਉਸਦੀ ਪੱਤ ਬਚਾਉਣਾ, ਲੋੜ ਪੈਣ ਤੇ ਉਸਦੀ ਮੱਦਦ ਕਰਨ ਸਿੱਖ ਦਾ ਪਹਿਲਾਂ ਫਰਜ ਹੈ। ਜਦ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਾਲਮ ਜਰਵਾਣੇ ਚੁੱਕ ਕੇ ਲੈ ਜਾਂਦੇ ਸਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਬਹਾਦਰ ਜਰਨੈਲ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘ ਬਾਈ ਬਾਈ ਹਜ਼ਾਰ ਇਸਤਰੀਆਂ ਨੂੰ ਉਹਨਾਂ ਕੋਲੋਂ ਛੁਡਵਾ ਕੇ ਹੀ ਦਮ ਲੈਂਦੇ ਸਨ ਅਤੇ ਉਸ ਸਮੇਂ ਇਹ ਕਹਾਵਤਾਂ ਮਸ਼ਹੂਰ ਹੋ ਚੁੱਕੀਆਂ ਸਨ।

ਵਿਹੜੇ ਆਏ ਨੀ, ਨਿਹੰਗ ਬੂਹਾ ਖੋਲਦੇ ਨਿਸੰਗ
ਅਤੇ
ਸ਼ਈ! ਸ਼ਈ!! ਰੰਨ ਬਸਰੇ ਨੂੰ ਗਈ!!
ਵੇ ਮੋੜੀਂ ਬਾਬਾ ਡਾਂਗ ਵਾਲਿਆ, ਵੇ ਮੋੜੀਂ ਬਾਬਾ ਕੱਛ ਵਾਲਿਆ,
ਵੇ ਮੋੜੀਂ ਬਾਬਾ ਪੱਗ ਵਾਲਿਆ
!!

ਪਰ ਅੱਜ ਸਾਡੇ ਨੌਜਵਾਨਾਂ ਨੂੰ ਕੀ ਸੁਣਾਇਆ ਜਾ ਰਿਹਾ ਹੈ? ਕੀ ਗਾਇਆ ਜਾ ਰਿਹਾ ਹੈ? ਕੀ ਵਿਖਾਇਆ ਜਾ ਰਿਹਾ ਹੈ? ਜੋ ਇੱਕ ਪੰਜਾਬੀ ਗੀਤ ਦੇ ਬੋਲ ਹਨ ਤੇ ਅੱਗੇ ਉਹ ਗੀਤ ਕੀ ਸੰਦੇਸ਼ ਦੇ ਰਿਹਾ ਹੈ ਲੋਕਾਈ ਨੂੰ ਕਿ ਆ ਗਏ ਪੱਗਾਂ ਪੋਚਵੀਆਂ ਵਾਲੇ…………………… ਅੱਗੋਂ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੀ ਦਿਸ਼ਾ ਦਿੱਤੀ ਜਾ ਰਹੀ ਹੈ ਨੌਜਵਾਨਾਂ ਨੂੰ ਅਤੇ ਕੀ ਅਕਸ ਪੇਸ਼ ਕੀਤਾ ਜਾ ਰਿਹਾ ਹੈ ਇੱਕ ਦਸਤਾਰਧਾਰੀ, ਪਗੜੀ ਵਾਲੇ ਸਿੱਖ ਦਾ ਤੇ ਗੁਰੂ ਵੱਲੋਂ ਬਖਸ਼ੇ ਤਾਜ਼ ਪੱਗ ਦਾ। ਕਿ ਪੱਗਾਂ ਵਾਲੇ ਆ ਗਏ ਹੁਣ ਕੁੜੀਆਂ ਬੱਚ ਕੇ ਰਹਿਣ ਨਹੀਂ ਤਾਂ ਪਤਾ ਨਹੀਂ ਕੀ ਕਰ ਜਾਣਗੇ ? ਹੁਣ ਮੇਰੇ ਨੌਜਵਾਨ ਵੀਰਿਓ! ਆਪ ਹੀ ਦੱਸੋ? ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂ ਜਾਂ ਕੋਈ ਉੱਦਮ ਉਪਰਾਲਾ ਕਰਨਾ ਹੈ। ਕਿ ਇਸੇ ਤਰ੍ਹਾਂ ਹੀ ਵਿਆਹ ਸਾਦੀਆਂ ਦੇ ਮੌਕ ਤੇ ਸ਼ਰਾਬ ਵਿੱਚ ਚੂਰ ਹੋ ਕੇ ਆਪਣੀਆਂ ਹੀ ਮਾਵਾਂ, ਧੀਆਂ, ਭੈਣਾਂ ਵੱਲ ਉਂਗਲਾਂ ਕਰ ਕਰ ਕੇ ਮੂਹੋਂ ਬੋਲੀ ਜਾਣਾ ਹੈ ਤੂੰ ਨੀ, ਬੋਲਦੀ ਤੇਰੇ ਚੋਂ ਕੋਈ ਹੋਰ ਬੋਲਦਾ? ਅੱਜ ਉੱਠ ਪੰਜਾਬ ਦੇ ਅਣਖੀਲੇ ਨੌਜਵਾਨਾ ਆਪਣੀ ਗ਼ੈਰਤ ਨੂੰ ਜਗਾ! ਸਾਡੇ ਸੱਭਿਆਚਾਰ, ਸਾਡੇ ਅਮੀਰ ਵਿਰਸੇ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਉਮੀਦ ਕਰਦਾ ਹਾਂ ਕਿ ਨੌਜਵਾਨ ਮੇਰੀ ਭਾਵਨਾ ਨੂੰ ਸਮਝਣਗੇ ਅਤੇ ਇਸ ਅਸ਼ਲੀਲਤਾ ਵਿਰੁੱਧ ਮੋਰਚਾ ਲਾਉਣਗੇ। ਅੰਤ ਵਿੱਚ ਇਹ ਦੱਸ ਦੇਣਾ ਚਾਹੁੰਦਾ ਹਾਂ ਗੀਤ ਸਿਰਫ ਪੱਗਾਂ ਤੇ ਹੀ ਨ੍ਹੀਂ ਸਾਬਤ ਸੂਰਤਤਾ ਤੇ ਵੀ ਬਣਾਏ ਜਾ ਸਕਦੇ ਹਨ, ਮੇਰੇ ਵੱਲੋਂ ਇਕ ਨਿਮਾਣਾ ਜਿਹਾ ਉਪਰਾਲਾ ਹੈ:

ਕੇਸਾਂ ਵਿੱਚ ਜਾਨ ਮੇਰੀ, ਸਿੱਖੀ ਦੀ ਪਹਿਚਾਣ ਹੈ, ਸੋਹਣੀ ਜਿਹੀ ਦਾਹੜੀ, ਨਾਲੇ ਪੱਗ ਦਾ ਵੀ ਮਾਨ ਹੈ।
ਕੰਬਦੇ ਨੇ ਨਾਲੇ ਸਾਥੋਂ, ਡਰਦੇ ਨੇ ਵੈਰੀ, ਕਾਹਤੋਂ ਰੱਬਾ ਸਿੱਖਾਂ ਨੂੰ ਬਣਾਇਆ ਤੂੰ ਮਹਾਨ ਹੈ।

ਚੜ੍ਹਿਆ ਗੁਮਾਨ ਹੋਵੇ, ਪਲਾਂ ਵਿੱਚ ਲਾਹੀਦਾ ਏ, ਸਿੱਖੀ ਸਰਦਾਰੀ ਲਈ ਆਪਾ ਵਾਰ ਜਾਈਦਾ ਏ।
ਕੇਸ ਦਾਹੜੀ ਜੋ ਅੱਜ ਕਤਲ ਕਰਵਉਂਦੇ ਨੇ, ਕੌਮ ਵਿੱਚ ਵੀਰ ਉਹੀ, ਪਤਿੱਤ ਅਖਵਾਉਂਦੇ ਨੇ।
ਹੁੰਦੀ ਉਹਨਾਂ ਮਨਾਂ ਵਿੱਚ, ਬੜੀ ਵੱਡੀ ਕਾਣ ਹੈ।

ਗਿੱਦੜਾਂ ਤੋਂ ਸ਼ੇਰ ਕਦੇ ਬਣੇ ਸੀ ਅਸੀਂ, ਕਾਹਤੋਂ ਮੁੜ ਗਿੱਦੜ ਬਣੀ ਜਾਂਦੇ ਹੋ ਤੁਸੀਂ?
ਉਠੋ ਜਾਗੋ! ਵੀਰੋ! ਅੱਜ ਵਿਰਸਾ ਬਚਾ ਲਉ, ਪੱਟੀ, ਲੱਥਦੀ ਹੋਈ ਪੱਗ ਮੁੱੜ ਸਿਰਾਂ ਤੇ ਸਜਾ ਲਉ।
ਤਾਹੀਉਂ ਗੁਰੂ ਕਹੂ, ਖ਼ਾਲਸੇ ‘ਚ ਮੇਰੀ ਜਾਨ ਹੈ।
ਕੇਸਾਂ ਵਿੱਚ ਜਾਨ ਮੇਰੀ, ਸਿੱਖੀ ਦੀ ਪਹਿਚਾਣ ਹੈ, ਸੋਹਣੀ ਜਿਹੀ ਦਾਹੜੀ, ਨਾਲੇ ਪੱਗ ਦਾ ਵੀ ਮਾਨ ਹੈ।

ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top