ਅੱਜ ਦੀਵਾਲੀ ਦੀ ਰਾਤ ਸੀ। ਬਾਬੇ ਫੌਜਾ ਸਿੰਘ ਦੇ ਪਿੰਡ ਸਵੇਰ
ਤੋਂ ਦੀਵਾਲੀ ਵਰਗਾ ਮਾਹੌਲ ਬਣ ਗਿਆ ਸੀ। ਬੱਚੇ ਅਪਣੇ ਪਟਾਖੇ ਗਿਣਨ ਤੇ ਧੁੱਪ ਲਵਾਉਂਣ ਰੁਝੇ ਹੋਏ
ਸਨ, ਬੀਬੀਆਂ ਲਿੰਬ ਪੋਚ ਤੋਂ ਵਿਹਲੀਆਂ ਹੋ, ਬਣ ਸੰਵਰ ਕੇ ਇੱਕ ਦੂਜੀ ਨਾਲ ਗੱਪ-ਸ਼ੱਪ ਵਿਚ ਮਸ਼ਰੂਫ
ਸਨ। ਬੰਦੇ ਕਈ ਦਿਨ ਪਹਿਲਾਂ ਹੀ ਘਰ ਦੀ ਦਾਰੂ ਦੀਆਂ ਬੋਤਲਾਂ ਸਾਂਭਣ ਲੱਗ ਪਏ ਸਨ ਜਿਵੇਂ ਦੀਵਾਲੀ
ਵਾਲੀ ਰਾਤ ਸਾਰੀ ਹੀ ਪੀ ਜਾਣੀ ਹੋਵੇ। ਕਈ ਕਾਹਲੇ ਸਵੇਰ ਤੋਂ ਹੀ ਟੁੰਨ ਹੋਏ ਫਿਰਦੇ ਦੀਵਾਲੀ ਦੀ
ਰਾਤ ਤੋਂ ਪਹਿਲਾਂ ਹੀ ‘ਦੀਵਾਲੀਆ’ ਹੋਏ ਫਿਰਦੇ ਸਨ।
ਸ਼ਾਮ ਪਈ, ਦੀਵੇ ਜਗਣ ਲੱਗ ਪਏ। ਕੋਈ ਮੜੀਆਂ ਵਲ ਦੀਵਾ ਲੈ ਕੇ
ਤੁਰਿਆ ਜਾ ਰਿਹੈ, ਕਿਸੇ ਤੂੜੀ ਵਾਲੇ ਅੰਦਰ ਜਾ ਜਗਾਇਆ, ਕੋਈ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੇ ਥੜੇ
ਤੇ ਦੀਪਮਾਲਾ ਕਰੀ ਜਾ ਰਿਹਾ ਹੈ। ਭਾਈ ਜੀ ਵੀ ਲਾਊਡ ਸਪੀਕਰ ਤੇ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ’
ਲਾ ਕੇ ਆਪ ਦੀਵਾਲੀ ਵਿਚ ਮਸ਼ਰੂਫ ਸਨ। ਕੀਰਤਨੀਆਂ ਇੰਝ ਹੇਕਾਂ ਲਾ-ਲਾ ਭਾਈ ਗੁਰਦਾਸ ਜੀ ਦੀ ਵਾਰ
ਨੂੰ ਉਲਟ-ਪੁਲਟ ਕਰਕੇ ਗਾ ਰਿਹਾ ਸੀ, ਜਿਵੇਂ ਭਾਈ ਗੁਰਦਾਸ ਜੀ ਹੀ ਖੁਦ ਦੀਵੇ ਚੁੱਕੀ ਲੁਕਾਈ ਨੂੰ
ਹੋਕਾ ਦਿੰਦੇ ਫਿਰ ਰਹੇ ਹੋਣ ਕਿ ਆਓ ਦੀਵਾਲੀ ਦੀ ਰਾਤ ਦੀਵੇ ਬਾਲੀਏ!!
ਬਾਰੀ ਕਿਆਂ ਦਾ ਗੱਜਣ ਵੀ ਲੜਖੜਾਉਂਦਾ ਪਹਿਲਾਂ ਗੁਰਦੁਆਰੇ ਦੀਵਾ
ਜਗਾ ਆਉਂਦਾ ਹੈ ਮੁੜ ਉਸਦੀ ਘਰ ਵਾਲੀ ਮੜ੍ਹੀਆਂ ਤੇ ਦੀਵਾ ਜਗਾਉਂਣ ਭੇਜ ਦਿੰਦੀ ਹੈ। ਉਸ ਕਿਹਾ ਵੀ
ਕਿਸੇ ਨਿਆਣੇ ਨੂੰ ਭੇਜ ਦੇਹ ਮੇਰਾ ਕਿਉਂ ਨਸ਼ਾ ਖਰਾਬ ਕਰਦੀਂ। ਪਰ ਮੜ੍ਹੀਆਂ ਵਲ ਨਿਆਣਾ ਕੋਈ ਕਿਵੇਂ
ਜਾਵੇ। ਉਥੇ ਜੇ ਕਿਸੇ ਦੀ ਦਾਦੀ ਫੁੱਫੀ ਨੇ ਫੜ ਲਿਆ। ਗੱਜਣ ਕਹਿੰਦਾ ਤੂੰ ਆਪ ਜਾਇਆ। ਪਰ ਉਹ ਰਾਤ
ਨੂੰ ਆਪ ਵੀ ਜਾਣੋਂ ਡਰਦੀ ਸੀ। ਤੇ ਆਖਰ ਵੱਡਿਆਂ ਦੀ ਮੜ੍ਹੀ ਤੇ ਸਾਲ ਬਾਅਦ ਚਾਨਣ ਕਰਕੇ ‘ਅਗਲੀ
ਦੁਨੀਆਂ’ ਵਿਚ ਉਨ੍ਹਾਂ ਨੂੰ ਰਾਹ ਵਿਖਾਉਂਣ ਦਾ ਗੁਣਾ ਗੱਜਣ ਤੇ ਹੀ ਪਿਆ। ਪਤਨੀ ਕਹਿ ਰਹੀ ਸੀ ਧੀਆਂ
ਪੁੱਤ ਕਾਹਦੇ ਲਈ ਹੁੰਦੇ ਜੇ ਵਡੇਰੇ ਅਗੇ ਜਾ ਕੇ ਹਨੇਰੇ ਵਿਚ ਭਟਕਦੇ ਰਹੇ..? ਗੱਜਣ ਨੇ ਕਿਹਾ ਵੀ
ਕਿ ਜਿਵੇਂ ਬਾਕੀ ਦਿਨ ਚਾਨਣ ਦਾ ਪ੍ਰਬੰਧ ਕਰ ਲੈਂਦੇ ਇਕ ਦਿਨ ਹੋਰ ਨਾ ਕਰਨਗੇ.? ਪਰ ਘਰ ਵਾਲੀ ਪੈ
ਨਿਕਲੀ। ਹਰ-ਦੂਹ ਲਾਹਨਤ ਅਜਿਹੀ ਔਲਾਦ ਦੇ ਜਿਹੜਾ ਵਡੇਰਿਆਂ ਲਈ ਦੀਵਾ ਵੀ ਨਹੀਂ ਡੁੰਗ ਸਕਦਾ।
ਗੱਜਣ ਮਾਰਿਆ ਡਰ ਦਾ ਵਡੇਰਿਆਂ ਨੂੰ ਚਾਨਣ ਦੇਣ ਲਈ ਡਿੱਗਦਾ
ਢਹਿੰਦਾ ਦੀਵਾ ਡੁੰਗਣ ਤੁਰ ਪਿਆ। ਪੈਰ ਉਸ ਦੇ ਧਰਤੀ ਤੇ ਨਹੀਂ ਸਨ ਲੱਗਦੇ। ਹੱਥਲਾ ਦੀਵਾ
ਡਿੱਗ-ਡਿੱਗ ਬੁੱਝ ਬੁੱਝ ਜਾ ਰਿਹਾ ਸੀ। ‘ਅਗਲਿਆਂ’ ਨੂੰ ‘ਅਗੇ’ ਪਤਾ ਨਹੀਂ ਰਾਹ ਦਿੱਸਣਾ ਸੀ ਕਿ
ਨਹੀਂ ਪਰ ਗੱਜਣ ਨੂੰ ਮੁੜ ਮੁੜ ਰਾਹ ਦਿੱਸਣੋਂ ਹੱਟਦਾ ਜਾਂਦਾ ਸੀ। ਹੱਥ ਵਿਚ ਫੜਿਆ ਦੀਵਾ ਗੱਜਣ
ਵਾਂਗੂੰ ਹੀ ਡਗਮਗਾ ਰਿਹਾ ਸੀ। ਗੱਜਣ ਹਾਲੇ ਮੜ੍ਹੀਆਂ ਤੋਂ ਕੁਝ ਚਿਰ ਉਰ੍ਹੇ ਹੀ ਸੀ ਕਿ ਲੋਕਾਂ ਵਲੋਂ
ਛੱਪੜ ਪੂਰ ਕੇ ਬਣਾਈਆਂ ਮੱਝਾਂ ਦੀਆਂ ‘ਹਵੇਲੀਆਂ’ ਕੋਲੋਂ ਲੰਘਦਿਆਂ ਗੱਜਣ ਦਾ ਕੀਲੇ ਨਾਲ ਅਜਿਹਾ
ਪੈਰ ਅੜਿਆ ਕਿ ਉਹ ਮੂਧੇ ਮੂੰਹ ਡਿੱਗਦਾ ਦੂਜੇ ਕੀਲੇ ਉਪਰ ਜਾ ਡਿੱਗਿਆ। ਕੰਨ ਦੀ ਪੁੜਪੜੀ ਕੀਲੇ ਤੇ
ਵੱਜਦਿਆਂ ਹੀ ਹੱਥ ਵਿਚ ਫੜੇ ਦੀਵੇ ਵਾਂਗ ਗੱਜਣ ਦਾ ਆਪਦਾ ਦੀਵਾ ਵੀ ਬੁੱਝ ਗਿਆ। ਲਾਊਡ ਸਪੀਕਰ ਤੋਂ
ਹਾਲੇ ਵੀ ਅਵਾਜ ਆ ਰਹੀ ਸੀ, ‘ਦੀਵੇ ਬਾਲੀਅਨ, ਦੀਵੇ ਬਾਲੀਅਨ’।
ਗੱਜਣ ਦੀ ਘਰ ਵਾਲੀ ਚਿੰਤਤ ਹੋਈ। ਉਸ ਨਿੱਕੇ ਨਿਆਣਿਆਂ ਨੂੰ
ਭੇਜਿਆ। ਗੱਜਣ ਦੇ ਘਰ ਦੇ ਦੀਵੇ ਗੱਜਣ ਸਮੇਤ ਬੁਝ ਚੁੱਕੇ ਸਨ। ਬਾਬੇ ਫੌਜਾ ਸਿੰਘ ਨੇ ਜਦ ਗੱਜਣ ਦੀ
ਖ਼ਬਰ ਸੁਣੀ ਤਾਂ ਬਰਛੇ ਵਰਗਾ ਹਉਕਾ ਬਾਬੇ ਦੀ ਹਿੱਕ ਚੀਰ ਗਿਆ।
‘ਵਾਹ ਨੀ ਲੁਕਾਈਏ! ਦੀਵਾ ਜਿਥੇ ਜਗਾਉਂਣਾ ਸੀ ਉਥੇ ਹਨੇਰਾ ਕਰਕੇ
ਮੜ੍ਹੀਆਂ ਤੇ ਦੀਵੇ ਜਗਾਉਂਣ ਤੁਰ ਪਈ ਏਂ। ਕਾਸ਼ ਗੱਜਣਾਂ! ਜੇ ਤੂੰ ਮੜ੍ਹੀਆਂ ਦੀ ਬਜਾਇ ਅੰਦਰ ਦੀਵਾ
ਜਗਾਇਆ ਹੁੰਦਾ ਤਾਂ ਨਾ ਤੇਰਾ ਘਰ ਹਨੇਰਾ ਹੁੰਦਾ ਤਾਂ ਨਾ ਤੇਰਾ ਇਹ ਅਨਮੋਲ ਜੀਵਨ’!!!!!!