Share on Facebook

Main News Page

ਬੁਰਾਈ ਅਤੇ ਸਮਾਜ

ਅੰਗ੍ਰੇਜ ਵਿਦਵਾਨ ਐਲਬਰਟ ਐਨਸਟਾਇਨ ਆਪਣੇ ਵਿਚਾਰ ਲਿਖਦਾ ਹੋਇਆ ਕਹਿੰਦਾ ਹੈ, ਕਿ ਸਮਾਜ ਇਕ ਬੁਰਾਈ ਦਾ ਪਿੜ ਹੈ, ਦੁਖਾਂਤ ਇਸ ਗੱਲ ਦਾ ਨਹੀਂ ਹੈ, ਸਗੋਂ ਦੁੱਖ ਇਹ ਹੈ ਕਿ ਇੱਥੇ ਬੁਰਾਈ ਨੂੰ ਵੇਖ ਕੇ ਅੱਖਾਂ ਬੰਦ ਕਰ ਕੇ ਬੈਠਣ ਵਾਲੇ ਬਹੁਤੇ ਨੇ। ਉਸ ਦੇ ਇਹ ਬੋਲ ਅਜੋਕੇ ਸਮਾਜ ਖਾਸ ਕਰਕੇ ਸਿੱਖਾਂ ਦੇ ਉੱਤੇ ਬਹੁਤ ਢੁਕਵੇਂ ਹਨ।

ਹਰ ਧਰਮ ਵਿਚ ਹੀ ਕੋਈ ਨਾ ਕੋਈ ਇਸ ਤਰਾਂ ਦਾ ਦਿਨ ਤਿਉਹਾਰ ਹਨ, ਜੋ ਇਸ ਗੱਲ ਨੂੰ ਤਾਂ ਪ੍ਰਗਟ ਕਰਦਾ ਹੈ, ਕਿ ਅਸੀਂ ਬੁਰਾਈ ਨੂੰ ਕਿਤਨੀ ਜਿਆਦਾ ਨਫਰਤ ਕਰਦੇ ਹਾਂ। ਪਰ ਦੂਜੇ ਪਾਸੇ ਅਜੋਕੇ ਸਮਾਜ ਵਿਚ ਜੋ ਬੁਰਾਈ ਹੈ, ਇਸ ਨੂੰ ਖਤਮ ਕਰਨ ਬਾਰੇ ਸੋਚਣ ਵਾਲੇ ਬਹੁਤ ਘੱਟ ਹਨ। ਬੁਰਾਈ ਨੂੰ ਨਫਰਤ ਹਰ ਕੋਈ ਕਰਨ ਦਾ ਦਾਅਵਾ ਕਰਦਾ ਹੈ, ਪਰ ਜਦੋਂ ਟਾਕਰਾ ਕਰਨ ਦੀ ਗੱਲ ਆਉਂਦੀ ਹੈ, ਉਸ ਵੇਲੇ ਸਾਰੇ ਹੀ ਮੂੰਹ ਮੋੜ ਲੈਂਦੇ ਹਨ। ਅੱਜ ਕੁੱਝ ਵਿਚਾਰ ਇਸ ਬਾਬਤ ਕਰੀੇਏ।

ਮੈਂ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਹੈ, ਕਿ ਰਾਵਣ ਨਾਲ ਵੈਰ ਪਤਾ ਨੀ ਕਿੰਨੀਆ ਸਦੀਆਂ ਤੋਂ ਹੈ, ਜਦੋਂ ਜੁਰਮ ਪੁੱਛਿਆ ਤੇ ਕਹਿੰਦੇ ਕੇ ਇਸ ਨੇ ਇਕ ਔਰਤ ਦੀ ਇੱਜਤ ਨੂੰ ਹੱਥ ਪਾਇਆ ਸੀ। ਇੰਨੀ ਲੰਬੀ ਸਜਾ ਜੋ ਉਸ ਦੇ ਮਰਨ ਤੋਂ ਬਾਅਦ ਵੀ ਖਤਮ ਨਹੀਂ ਹੋਈ। ਇੳਂੁ ਲੱਗਦਾ ਹੈ, ਇੱਜਤ ਬਹੁਤ ਪਿਆਰੀ ਹੈ ਇਨ੍ਹਾਂ ਲੋਕਾਂ ਨੂੰ.......

ਇਸੇ ਤਰਾਂ ਹੀ ਜੇ ਇਸਾਈ ਧਰਮ ਵੱਲ ਵੇਖੀਏ ਤਾਂ ਕਹਿੰਦੇ ਨੇ, ਕਿ ਇਹ 13 ਨੰਬਰ ਨੂੰ ਨਫਰਤ ਕਰਦੇ ਨੇ। ਮਸਲਾ ਇਹ ਹੈ ਕਿ ਈਸਾ ਦੇ 13 ਚੇਲੇ, ਮੌਤ ਆਈ, ਤਾਂ ਸਾਥ ਛੱਡ ਕੇ ਭੱਜ ਆਈ। ਗੱਦਾਰੀ ਕਰ ਗਏ, ਜਦੋਂ ਮੌਤ ਦੇ ਪੇਪਰ ਦਾ ਸਮਾਂ ਸੀ। ਇਸ ਕਰਕੇ ਉਹ ਇਸ ਅੰਕ ਨੂੰ ਨਫਰਤ ਕਰਦੇ ਹਨ। ਇਹ ਗੱਲ ਵੀ ਮੈਂ ਸੁਣੀ ਕੇ ਚੰਡੀਗੜ ਵਿੱਚ 13 ਨੰਬਰ ਸੈਕਟਰ ਹੀ ਨਹੀਂ ਹੈ।

ਮੁਸਲਿਮ ਵੀਰਾਂ ਬਾਰੇ ਮੈਂ ਸੁਣਿਆ ਕੇ ਸ਼ੈਤਾਨ ਦੇ ਜਿੰਨਾਂ ਚਿਰ ਪੱਥਰ ਨਾ ਮਾਰ ਲੈਣ, ਉਨ੍ਹਾਂ ਦੀ ਯਾਤਰਾ ਸਫਲ ਨਹੀਂ ਹੁੰਦੀ।

ਤੇ ਜੇ ਹੁਣ ਸਿੱਖਾਂ ਦੀ ਗੱਲ ਕਰੀਏ, ਤਾਂ ਮੈਨੂੰ ਯਾਦ ਹੈ, ਕਰੀਬ 7-8 ਸਾਲ ਪਹਿਲਾਂ ਮਾਘੀ ਦੇ ਮੇਲੇ ਤੇ ਮੈਂ ਯਾਰਾਂ ਦੋਸਤਾਂ ਨਾਲ ਮੁਕਤਸਰ ਗਿਆ। ਲੀਡਰਾਂ ਤੇ ਬਾਬਿਆਂ ਨੇ ਖੂਬ ਰੋਣਕਾਂ ਲਾਈਆਂ ਸੀ। ਇਕ ਪਾਸੇ ਕਥਾ ਕੀਰਤਨ ਵਾਲੇ ਬਾਬੇ, ਤੇ ਦੂਜੇ ਪਾਸੇ ਲੀਡਰਾਂ ਵੱਡੇ ਵੱਡੇ ਲੈਕਚਰ ਝਾੜ ਰਹੇ ਸਨ। ਸਾਰੇ ਗੁਰਦੁਆਰੇ ਨੰਗੇ ਪੈਰੀ ਘੁੰਮ ਕੇ, ਜਦੋਂ ਵਾਪਿਸ ਆਪਣੇ ਟਰੱਕ ਤੇ ਸਵਾਰ ਹੋਣ ਲਈ ਜਾ ਰਹੇ ਸੀ। ਤਾਂ ਅਸੀਂ ਇੱਕ ਥਾਂ ਤੇ ਲੱਗੀ ਭੀੜ ਵੇਖੀ, ਪਤਾ ਲੱਗਾ ਕੇ ਇਕ ਕਬਰ ਨੂੰ ਲੋਕ ਜੁੱਤੀਆਂ, ਛਿੱਤਰ ਮਾਰ ਰਹੇ ਹਨ। ਪੁੱਛਣ 'ਤੇ ਇੱਕ ਨੇ ਦੱਸਿਆ ਕਿ ਇਸ ਨੇ ਗੁਰੂ ਗੋਬਿੰਦ ਸਿੰਘ 'ਤੇ ਵਾਰ ਕੀਤਾ ਸੀ। ਜੇ ਛਿੱਤਰ ਨਾ ਮਾਰੀਏ ਤਾਂ ਕਹਿੰਦਾ ਯਾਤਰਾ ਸਫਲ ਨਹੀਂ ਹੁੰਦੀ। ਉਸ ਵੇਲੇ ਤਾਂ ਮੈ ਵੀ ਦੋ ਜੁੱਤੀਆਂ ਮਾਰ ਕੇ ਘਰ ਪਰਤ ਆਇਆ। ਤੇ ਸੋਚਿਆ ਕਿੰਨੀ ਨਫਰਤ ਹੈ, ਇਸ ਕਬਰ ਨਾਲ ਲੋਕਾਂ ਨੂੰ ਕਿਉ ਕਿ.....

ਪਰ ਅੱਜ ਮੈਂ ਸੋਚਦਾ ਕਿ ਜੇ ਲੋਕ

1. ਪੱਤ ਲੁੱਟਣ ਵਾਲਿਆ ਨੂੰ
2. ਗੱਦਾਰਾਂ ਨੂੰ
3. ਸ਼ੈਤਾਨੀਅਤ ਨੂੰ
4. ਗੁਰੂ ਗੋਬਿੰਦ ਸਿੰਘ ਜੀ ਤੇ ਵਾਰ ਕਰਨ ਵਾਲੇ....ਆਦਿਕ

ਇਨ੍ਹਾਂ ਸਾਰੇ ਲੋਕਾਂ ਨੂੰ ਇੰਨਾਂ ਹੀ ਮੰਦਾ ਸਮਝਦੇ ਹਾਂ, ਤਾਂ ਕਿਉ ਨਾ ਅਸੀਂ ਉਨ੍ਹਾਂ ਲੋਕਾਂ ਦੇ ਖਿਲਾਫ ਇੱਕ ਮੰਚ ਤੇ ਇਕੱਠੇ ਹੁੰਦੇ। ਮੈਨੂੰ ਪਤਾ ਨੀ ਕਿਉ ਇਦਾਂ ਲੱਗਦਾ ਕਿ ਅੱਜ ਸਿੱਖ ਕੌਮ ਵੀ ਕਬਰਾਂ ਵਿਚਲੇ ਮੁਰਦਿਆਂ ਨੂੰ ਮਾਰਨ ਜੋਗੀ ਤਾਂ ਹੀ ਰਹਿ ਗਈ।

ਮਰੇ ਹੋਇਆਂ ਨੂੰ ਮਾਰਨ ਦਾ ਕੀ ਲਾਭ? ਅੱਜ ਲੋੜ ਹੈ, ਕਿ ਜੋ ਇਹ ਮੁਰਦੇ ਪਰਤੱਖ ਰੂਪ ਵਿਚ ਗੁਰੂ ਘਰਾਂ ਦੇ ਕਾਬਜ ਹੋ ਗਏ, ਜਿਹੜੇ ਸਿੱਖੀ ਨੂੰ ਢਾਹ ਲਾ ਰਹੇ ਨੇ, ਇਨ੍ਹਾਂ ਨੂੰ ਸਬਕ ਸਿਖਾਉਣ ਦੀ। ਬਲਾਤਕਾਰੀ ਸਾਧਾਂ ਦੇ ਖਿਲਾਫ ਮੋਰਚਾ ਸੰਭਾਲਣ ਦੀ। ਅੱਜ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਦੇ ਕੇ, ਜਗਉਣ ਦੀ ਲੋੜ ਹੈ। ਪਿਛਲੇ ਕੁੱਝ ਸਮੇਂ ਤੋ ਇਹ ਯਤਨ ਮੀਡੀਏ ਰਾਹੀਂ ਕੁੱਝ ਸੁਹਿਰਦ ਵੀਰਾਂ ਨੇ ਆਰੰਭਿਆ ਹੈ, ਸੰਗਤਾ ਨੂੰ ਵੀ ਇਹਨਾਂ ਵੀਰਾਂ ਦਾ ਸਾਥ ਦੇਣ ਦੀ ਲੋੜ ਹੈ, ਨਾ ਕਿ ਨਿੰਦਿਆ ਦਾ ਹੋਕਾ ਦੇ ਕੇ ਇਸ ਬੁਰਾਈ ਦੇ ਨਾਲ.....

ਮੁਕਤਸਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ 'ਤੇ ਵਾਰ ਕਰਨ ਵਾਲੇ ਨੂੰ ਤਾਂ ਸਿੱਖੋ ਤੁਸੀਂ ਅੱਜ ਤੱਕ ਨਹੀਂ ਬਖਸ਼ਿਆ, ਛਿੱਤਰ ਮਾਰ ਕੇ ਯਾਤਰਾ ਸਫਲ ਕਰਦੇ ਹੋ। ਪਰ ਵੇਖੋ ਅੱਜ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਅਸ਼ਲੀਲ ਗ੍ਰੰਥ ਜੋੜ ਕੇ ਧਰ ਦਿੱਤਾ। ਤੁਹਾਡੇ ਮੰਨੇ ਜਾਂਦੇ ਲੀਡਰ, ਸਿੱਖੀ ਨੂੰ ਰੱਜ ਕੇ ਢਾਹ ਲਾ ਰਹੇ ਹਨ.....

ਪੰਜਾਬ ਦੇ ਕਿਸਾਨਾਂ ਨੂੰ ਖੁਦਖੁਸ਼ੀਆਂ ਦੇ ਰਾਹ ਤੋਰਨ ਵਾਲੇ, ਸ਼ੈਤਾਨਾਂ ਦੀ ਪਹਿਚਾਣ ਕੌਣ ਕਰੇਗਾ? ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਰਾਹ ਕਿਸ ਨੇ ਤੋਰਿਆ? ਫਿਰ ਇਨ੍ਹਾਂ ਭ੍ਰਿਸ਼ਟਾਚਾਰ ਦੇ ਪੁਜਾਰੀਆਂ ਨੂੰ ਅਸੀਂ ਕਿਉਂ ਮੂੰਹ ਲਾ ਰਹੇ ਹਾਂ। ਆਓ ਡੱਟ ਕੇ ਧਾਰਮਿਕ ਤੇ ਸਮਾਜਿਕ ਬੁਰਾਈਆਂ ਖਿਲਾਫ ਇਕੱਠੇ ਹੋਈਏ।

ਇੱਕ ਗੱਲ ਆਖਾਂ, ਜਿਹੜੇ ਬੂਟੇ ਨੂੰ ਬਹਾਰ ਵਿੱਚ ਵੀ ਜਾਗ ਨਾ ਆਵੇ, ਉਸ ਤੋਂ ਵੱਡਾ ਕੋਈ ਬਦਕਿਸਮਤ ਕੋਈ ਨਹੀਂ। ਹੁਣ ਸਮਾਂ ਹੈ ਕਮਰਕੱਸੇ ਕਰਨ ਦਾ, ਇਸ ਬੁਰਾਈ ਦੇ ਖਿਲਾਫ ਇਕੱਠੇ ਹੋਣ ਦਾ। ਅਸੀਂ ਸਾਰਾ ਕੁੱਝ ਵੇਖ ਕੇ ਅੱਖਾਂ ਬੰਦ ਕਰਨ ਵਾਲੇ ਨਾ ਬਣੀਏ।

ਗੁਰੂ ਪੰਥ ਦਾ ਦਾਸ
ਗੁਰਸ਼ਰਨ ਸਿੰਘ
{ਗੁਰਮਤਿ ਪ੍ਰਚਾਰਕ}

91+808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top