Share on Facebook

Main News Page

ਅੰਮ੍ਰਿਤ ਜਾਂ ਪਾਖੰਡ

ਕੁਝ ਦਿਨ ਪਹਿਲਾ ਇਕ ਪੁਰਾਣੇ ਮਿੱਤਰ ਨਾਲ ਗੱਲਬਾਤ ਕਰਨ ਦਾ ਦਿਲ ਕੀਤਾ, ਤਾਂ ਮੈ ਉਸ ਨੂੰ ਫੋਨ ਲਗਾ ਲਿਆ। ਤਕਰੀਬਨ ਇੰਡੀਆ ਦੇ 12ਵਜੇ ਦਿਨ ਦਾ ਟਾਈਮ ਸੀ ਜਦੋਂ ਕਾਫੀ ਟਾਈਮ ਰਿੰਗ ਜਾਣ ਤੇ ਫੋਨ ਉਸ ਦੀ ਮਾਤਾ ਜੀ ਨੇ ਚੁਕਿਆ ਤਾਂ ਮੈਂ ਫਤਿਹ ਬੁਲਾਈ ਤੇ ਹਾਲ ਚਾਲ ਪੁਛਿਆ। ਅਤੇ ਫਿਰ ਆਪਣੇ ਮਿਤਰ ਬਾਰੇ ਪੁਛਿਆ ਤਾਂ ਦਸੇ ਜਾਣ ਤੇ ਪਤਾ ਲਗਾ ਕਿ ਉਹ ਅਜੇ ਸੁੱਤਾ ਹੈ, ਮੈਂ ਪੁੱਛਿਆ ਮਾਤਾ ਜੀ ਰਾਤ ਕਿਤੇ ਕੰਮ ਗਿਆ ਸੀ, ਉਹ ਕਹਿੰਦੇ ਨਾਲੇ ਸਗੋਂ ਪੁਤ ਤੈਨੂੰ ਵਧਾਈ ਹੋਵੇ, ਤੇਰੇ ਮਿਤਰ ਨੇ ਅੰਮ੍ਰਿਤ ਛੱਕ ਲਿਆ ਹੈ। ਮੈਂ ਖੁਸ਼ੀ ਨਾਲ ਵਧਾਈ ਕਬੂਲੀ ਤੇ ਉਨ੍ਹਾਂ ਨੂੰ ਪੁਛਿਆ ਮਾਤਾ ਜੀ ਅੰਮ੍ਰਿਤ ਛਕਣ ਨਾਲ ਲੇਟ ਉਠਣ ਦਾ ਕੀ ਮਤਲਬ। ਤਾਂ ਉਹ ਮਧੱਮ ਜੀ ਅਵਾਜ਼ ਚ ਬੋਲੇ ਪੁੱਤਰ ਫਲਾਨੇ ਬਾਬਾ ਜੀ ਕੋਲੋ ਛਕਿਆ ਅੰਮ੍ਰਿਤ ਤਾਂ ਉਨ੍ਹਾਂ ਕਿਹਾ ਕਿ 40 ਦਿਨ ਤਾਂ ਜਰੂਰ ਅੰਮ੍ਰਿਤ ਵੇਲੇ ਉਠ ਕੇ ਸਿਮਰਨ ਤੇ ਨਿਤਨੇਮ ਕਰਨਾ। ਇਸ ਲਈ ਉਹ ਸਵੇਰ 2.30 ਕੁ ਵਜੇ ਉਠ ਕੇ ਸਾਰਾ ਕੁੱਝ ਕਰਦਾ ਅਤੇ ਨੀਂਦ ਨਾ ਪੂਰੀ ਹੋਣ ਕਾਰਨ ਫਿਰ ਸੋਂ ਜਾਂਦਾ ਹੈ।

ਮੈਂ ਕਿਹਾ ਮਾਤਾ ਜੀ ਫਿਰ ਕੰਮ ਦਾ ਕਿੱਦਾਂ ਸਰਦਾ, ਤਾਂ ਉਹ ਬੋਲੇ ਪੁੱਤਰ ਲੇਟ ਹੀ ਜਾਂਦਾ ਕੰਮ 'ਤੇ ਵੀ, ਅਸੀਂ ਵੀ ਹੁਣ ਸੋਚਦੇ ਜੱ੍ਹਬ ਜਿਹਾ ਹੀ ਪਾ ਲਿਆ ਇਹਨੂੰ ਅੰਮ੍ਰਿਤ ਛਕਾ ਕੇ, ਇਸ ਦੀ ਪਤਨੀ ਵੀ ਲੜਦੀ ਰਹਿੰਦੀ ਇਹਦੇ ਨਾਲ ਕਿਉਂਕਿਿ ਉਸ ਦਿਨ ਦਾ ਨਾ ਤੇ ਇਹ ਪਰਿਵਾਰ ਨੂੰ ਪੂਰਾ ਟਾਈਮ ਦੇ ਪਾਉਂਦਾ ਤੇ ਨਾ ਹੀ ਕੰਮ 'ਤੇ। ਮੈਨੂੰ ਸਮਝ ਲਗਦੀ ਜਾ ਰਹੀ ਸੀ ਕਿ ਕਿਹੜਾ ਅੰਮ੍ਰਿਤ ਛਕਿਆ ਮੇਰੇ ਮਿੱਤਰ ਨੇ, ਫਿਰ ਮਾਤਾ ਜੀ ਨੂੰ ਮੈ ਹੋਂਸਲਾ ਦਿੰਦਿਆਂ ਪੁਛਿਆ ਹੋਰ ਕੀ-ਕੀ ਕਰਨ ਨੂੰ ਕਿਹਾ ਬਾਬਾ ਜੀ ਨੇ? ਤੇ ਉਹ ਕਹਿੰਦੇ ਪੁੱਤਰ 40 ਦਿਨ ਗੁਰਦੁਆਰੇ ਵੀ ਜਾਣਾ ਜਰੂਰੀ, 40 ਦਿਨ ਵੱਡੀ ਕਿਰਪਾਨ ਵੀ ਜਰੂਰ ਪਾਉਣੀ, ਫਿਰ ਚਾਹੇ ਛੋਟੀ ਪਾ ਸਕਦੇ ਹੋ (ਗਲੇ ਵਿਚ ਡੋਰੀ ਵਾਲੀ) ਅਤੇ ਹੋਰ ਕਈ ਕੁੱਝ! ਇਨ੍ਹਾਂ ਕੁੱਝ ਸੁਣ ਕੇ ਮੈਂ ਮਾਤਾ ਜੀ ਨੂੰ ਇਹ ਕਹਿ ਕੇ ਫੋਨ ਕੱਟ ਦਿਤਾ ਕੇ ਮੈਂ ਫਿਰ ਕਦੀ ਗਲ ਕਰ ਲਊਂਗਾ ਆਪਣੇ ਮਿੱਤਰ ਨਾਲ! ਫਿਰ ਮੈ ਸੋਚਾਂ ਵਿਚ ਪੈ ਗਿਆ ਕਿ ਇਹ ਅਖੌਤੀ ਬਾਬੇ ਸਿੱਖ ਕੋਮ ਨੂੰ ਅੰਮ੍ਰਿਤ ਛਕਾ ਰਹੇ ਆ, ਜਾਂ ਬ੍ਰਾਹਮਣਾਂ ਵਾਂਗੂ ਚਾਲੀਹੇ ਕੱਟਣ ਵਾਲੀ ਰੀਤ ਵਿਚ ਪਾ ਰਹੇ ਆ!

ਇਨ੍ਹਾਂ ਬੂਬਨੇ ਡੇਰੇਦਾਰਾਂ ਨੇ ਬਸ ਆਪਣੇ ਨਾਮ ਨਾਲ ਇੱਕ ਲੋਗੋ ਜਿਹਾ ਲਾਇਆ ਹੋਇਆ ਕੇ ਅਸੀ ਏਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ। ਅਸਲ ਵਿਚ ਤਾਂ ਇਹ ਸਿੱਖਾਂ ਨੂੰ ਆਪੋ ਆਪਣੀਆਂ ਭੇਡਾਂ ਬਣਾ ਰਹੇ ਆ! ਜਿਦਾਂ ਇੱਕ ਭੇਡਾਂ ਚਾਰਨ ਵਾਲਾ ਆਜੜੀ ਆਪਣੀਆ ਭੇਡਾਂ ਨੂੰ ਵੱਖਰਾ ਰੰਗ ਕਰਦਾ ਹੈ, ਤਾਂ ਕਿ ਉਹ ਦੂਜੇ ਆਜੜੀ ਦੀਆਂ ਭੇਡਾਂ ਵਿਚ ਨਾ ਰਲ ਜਾਣ, ਠੀਕ ਉਸੇ ਤਰਾਂ ਇਹ ਡੇਰੇਦਾਰ। ਕੋਈ ਕਹਿੰਦਾ ਕਿਰਪਾਨ ਨੀਲੇ ਰੰਗ ਦੇ ਗਾਤਰੇ 'ਚ ਪਾਉਣੀ, ਕੋਈ ਕਹਿੰਦਾ ਏਨੇ ਘੰਟੇ ਸਿਮਰਨ ਕਰਨਾ, ਸਿਰ ਘੁੰਮਾ ਕੇ ਜਾਪ ਕਰਨਾ, ਕੋਈ ਮੂੰਹ ਬੰਨ ਕੇ ਪਾਠ ਕਰਨ ਦੀ ਗਲ ਕਰਦਾ, ਕੋਈ ਕੁੱਝ, ਵਗੈਰਾ ਵਗੈਰਾ... ਕਿਉਂ ਅਸੀਂ ਇਹਨਾ ਡੇਰੇਦਾਰਾਂ ਦੀਆਂ ਭੇਡਾਂ ਬਣ ਰਹੇ ਹਾਂ? ਕਿਥੇ ਗਿਆ ਗੁਰੂ ਨਾਨਕ ਦੀ ਸਿਖਿਆ ਨੂੰ ਸਮਝ ਕੇ ਆਪਣੀ ਜਿੰਦਗੀ ਸੁਚੱਜੇ ਢੰਗ ਨਾਲ ਜਿਉਣ ਵਾਲਾ ਸਿੱਖ?

ਮੇਰੇ ਗੁਰੂ ਦਾ ਅੰਮ੍ਰਿਤ ਛੱਕ ਕੇ ਤਾਂ ਸਾਡੇ ਘਰਾਂ ਵਿਚੋਂ ਕਲੇਸ਼ ਖਤਮ ਹੁੰਦਾ ਹੈ, ਪਰ ਜਿਹੜਾ ਅੰਮ੍ਰਿਤ ਇਹ ਅਖੌਤੀ ਸਾਧ ਛਕਾ ਰਹੇ ਆ, ਉਸ ਨਾਲ ਤਾਂ ਘਰ 'ਚ ਕਲੇਸ਼ ਸ਼ੁਰੂ ਹੁੰਦਾ ਹੈ। ਗੁਰੂ ਜੀ ਦਾ ਉਪਦੇਸ਼ ਸਾਨੂੰ ਕਿਰਤ ਕਰਨ ਵੱਲ ਪ੍ਰੇਰਦਾ ਹੈ, ਪਰ ਇਨ੍ਹਾਂ ਅਖੌਤੀ ਡੇਰੇਦਾਰਾਂ ਦਾ ਛਕਾਇਆ ਹੋਇਆ ਅੰਮ੍ਰਿਤ ਤਾਂ ਸਾਡੀ ਕਿਰਤ ਤੇ ਵੀ ਅਸਰ ਪਾਉਂਦਾ ਹੈ। ਗੁਰੂ ਜੀ ਦਾ ਉਪਦੇਸ਼ ਸਾਨੂੰ ਜਾਤ ਪਾਤ, ਸੁਚ ਭਿੱਟ ਤੋਂ ਉਪਰ ਹੋ ਕੇ ਮਨੁੱਖ ਦੀ ਆਪਸੀ ਨੇੜਤਾ ਵੱਲ ਪ੍ਰੇਰਦਾ ਹੈ, ਪਰ ਇਨਹਾਂ ਭੂਤਰੇ ਹੋਏ ਸਾਧਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਕਿਸੇ ਦਾ ਹੱਥ ਵੀ ਲੱਗ ਜਾਂਦਾ ਹੈ, ਤਾਂ ਤੁਸੀਂ ਜੂਠੇ ਹੋ ਜਾਂਦੇ ਹੋ, ਸੁੱਚੇ ਹੋਣ ਲਈ ਰੇਤੇ ਨਾਲ ਏਨੀ ਵਾਰ ਮਾੰਜੋ ਜਾ ਹੋਰ ਕਈ ਕੁੱਝ।

ਇਸ ਤੋਂ ਸਪਸ਼ਟ ਹੁੰਦਾ ਹੈ, ਕਿ ਇਹ ਪਖੰਡੀ ਸਾਧ ਗੁਰੂ ਨਾਨਕ ਦਾ ਉਪਦੇਸ਼ ਘਰ ਘਰ ਪਹੁੰਚਾਉਣ ਦੀ ਜਗ੍ਹਾ ਆਪਣੀਆਂ ਦੁਕਾਨਾਂ ਚਲਾ ਰਹੇ ਹਨ! ਇਹ ਪਖੰਡੀ ਸਾਧ ਅੰਮ੍ਰਿਤ ਨੂੰ ਅੱਜ ਐਸਾ ਅਡੰਬਰ ਬਣਾ ਕੇ ਪੇਸ਼ ਕਰ ਰਹੇ ਆ, ਕੇ ਸਾਡੀ ਨੌਜਵਾਨ ਪੀੜੀ ਧਰਮ ਤੋ ਕੋਹਾਂ ਦੂਰ ਜਾ ਰਹੀ ਹੈ! ਨੌਜਵਾਨ ਸੋਚਦੇ ਨੇ ਕਿ ਏਨਾ ਅਉਖਾ ਕੰਮ ਕੌਣ ਕਰੇ, ਇਹ ਕੰਮ ਤਾਂ ਬੁਢੇਪੇ ਵੇਲੇ ਦਾ ਹੈ, ਜਦੋਂ ਅਸੀ ਹੋਰ ਜੁੰਮੇਵਾਰੀਆਂ ਤੋਂ ਮੁਕਤ ਹੋ ਜਾਣਾ! ਕਾਸ਼ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਗੁਰੂ ਦਾ ਉਪਦੇਸ਼ ਸੁਚੱਜੇ ਤਰੀਕੇ ਨਾਲ ਦਸ ਪਾਉਂਦੇ! ਆਉ ਗੁਰਸਿਖੋ! ਰਲ ਮਿਲ ਕੇ ਇਨ੍ਹਾਂ ਡੇਰੇਦਾਰਾਂ ਦੀਆਂ ਦੁਕਾਨਾਂ ਬੰਦ ਕਰਾਈਏ ਅਤੇ ਗੁਰਬਾਣੀ ਦੀ ਰੌਸ਼ਨੀ 'ਚ ਸਮਝਣ ਦੀ ਕੋਸ਼ਿਸ਼ ਕਰੀਏ, ਕਿ ਕੀ ਹੈ ਸਾਡੇ ਗੁਰੂ ਦੀ ਸਿਖਿਆ ਅਤੇ ਅੰਮ੍ਰਿਤ ਛੱਕ ਕੇ ਕਿਦਾਂ ਦਾ ਕਿਰਦਾਰ ਨਿਭਾਉਣ ਨੂੰ ਕਹਿੰਦੇ ਹਨ ਸਾਡੇ ਗੁਰੂ ਸਾਹਿਬ! ਅੱਜ ਲੋੜ ਹੈ ਗੁਰੂ ਗਿਆਨ ਦਾ ਦੀਵਾ ਜਗਾ ਕੇ ਘਰ ਘਰ ਰੌਸ਼ਨੀ ਕਰਨ ਦੀ ਅਤੇ ਗੁਰੂ ਜੀ ਦੇ ਫਰਮਾਏ ਹੋਏ ਸ਼ਬਦਾਂ ਤੇ ਚੱਲਣ ਦੀ..ਗੁਰਿ ਕਹਿਆ ਸਾ ਕਾਰ ਕਮਾਵਹੁ

ਹਰਵੰਤ ਸਿੰਘ ਫੈਲੋਕੇ
harwant25@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top