Share on Facebook

Main News Page

ਬਘਿਆੜ ਅਤੇ ਭੇਡਾਂ

ਕਹਾਣੀ ਹੈ ਕਿ ਜੰਗਲ ਵਿਚ ਬਘਿਆੜ, ਭੇਡਾਂ ਪਿੱਛੇ ਖਹਿਬੜ ਪਏ। ਲੜਾਈ ਇਸ ਗੱਲ ਦੀ ਸੀ ਕਿ ਉਹ ਇੱਕ ਦੂਜੇ ਦੀਆਂ ਭੇਡਾਂ ਖਾ ਜਾਂਦੇ ਸਨ। ਭੇਡਾਂ ਕਿਉਂ ਕਿ ਇਕੋ ਜਿਹੀਆਂ ਸਨ ਪਤਾ ਲੱਗਦਾ ਨਹੀਂ ਸੀ ਤੇ ਜਿਸ ਦਾ ਦਾਅ ਲੱਗਦਾ ਉਹ ਛੱਕ ਜਾਂਦਾ। ਉਹ ਲੜਦੇ ਹੋਏ ਇੱਕ ਲੂੰਬੜ ਕੋਲ਼ ਗਏ, ਉਸ ਨੂੰ ਮਸਲੇ ਦਾ ਹੱਲ ਪੁੱਛਣ ਲੱਗੇ। ਉਸ ਬੜਾ ਸੁਚੱਜਾ ਢੰਗ ਦੱਸਦਿਆਂ ਕਿਹਾ, ਕਿ ਸਿਆਣੇ ਲੋਕ ਸਮਝ ਨਾਲ ਚਲਦੇ ਹਨ, ਤੁਸੀਂ ਅਪਣੀਆਂ ਅਪਣੀਆਂ ਭੇਡਾਂ ਤੇ ਨਿਸ਼ਾਨੀਆਂ ਕਿਉਂ ਨਹੀਂ ਲਾ ਲੈਂਦੇ ਤਾਂ ਕਿ ਤੁਹਾਨੂੰ ਸ਼ਿਕਾਰ ਵੇਲੇ ਭੁਲੇਖਾ ਨਾ ਰਹੇ ਅਤੇ ਲੜਾਈ ਨਾ ਪਵੇ। ਲੁੂੰਬੜ ਦੀ ਸਿਆਣੀ ਗੱਲ ਮੰਨਦਿਆਂ ਉਨ੍ਹੀ ਅਪਣੀਆਂ ਅਪਣੀਆਂ ਭੇਡਾਂ ‘ਤੇ ਨਿਸ਼ਾਨੀਆਂ ਲਾਈਆਂ ਅਤੇ ਬੜੇ ਅਰਾਮ ਨਾਲ ਰਹਿਣ ਲੱਗੇ। ਹੁਣ ਉਨ੍ਹਾਂ ਵਿਚ ਕੋਈ ਲੜਾਈ ਨਹੀਂ ਸੀ। ਨਿੱਤ ਦਾ ਕਲੇਸ਼ ਨਿਬੜ ਗਿਆ ਸੀ। ਉਹ ਇਕ ਦੂਜੇ ਦੀ ਭੇਡ ਨੂੰ ਹੁਣ ਮੂੰਹ ਨਹੀਂ ਸਨ ਪਾਉਂਦੇ। ਉਹ ਬੜੀ ਈਮਾਨਦਾਰੀ ਨਾਲ ਲਾਈਆਂ ਨਿਸ਼ਾਨੀਆਂ ਮੁਤਾਬਕ ਅਪਣੇ ਅਪਣੇ ਸ਼ਿਕਾਰ ਨੂੰ ਝੱਫਦੇ।

ਬਾਬਾ ਫੌਜਾ ਸਿੰਘ ਇਕ ਵਾਰੀ ਪੰਜਾਬ ਜਾ ਰਿਹਾ ਸੀ। ਜਹਾਜ ਵਿੱਚ ਉਸ ਇੱਕ ਅਜੀਬ ਨਜਾਰਾ ਦੇਖਿਆ। ‘ਸਿੰਘਾਂ-ਸਿੰਘਣੀਆਂ’ ਦਾ ਇੱਕ ਜਥਾ ਪੂਰੇ ਜਲੌਅ ਵਿਚ ਦੇਖ ਬਾਬੇ ਦਾ ਮਨ ਬੜਾ ਖੁਸ਼ ਹੋਇਆ। ਬਾਬਾ ਸੋਚਦਾ ਸੀ ਕਿ ਇਕੋ ਜਿਹੀਆਂ ਵਰਦੀਆਂ ਵਿਚ ਸਿੰਘ ਕਿੰਨੇ ਫੱਬ ਫੱਬ ਪੈ ਰਹੇ ਹਨ। ਗੋਰੇ ਜਾਂ ਹੋਰ ਲੋਕ ਵੀ ਉਨ੍ਹਾਂ ਵਲ ਬੜੀ ਉਤਸੁਕਤਾ ਨਾਲ ਦੇਖ ਰਹੇ ਸਨ। ਬਾਬੇ ਦਾ ਵੀ ਦਿਲ ਕਰਦਾ ਸੀ ਦੇਖੀ ਜਾਵੇ। ਕਿੰਨਾ ਸੋਹਣਾ ਸਰੂਪ ਦਿੱਤਾ ਗੁਰੂ ਨੇ। ਬੰਦੇ ਦਾ ਰੋਅਬ ਦਾਅਬ ਹੀ ਬਦਲ ਜਾਂਦਾ। ਸੋਨੇ ਤੇ ਸੁਹਾਗਾ ਇਹ ਕਿ ਇਕੋ ਜਿਹੀਆਂ ਵਰਦੀਆਂ ਵਿਚ ਜਿਆਦਾ ਹੋਣ ਕਾਰਨ ਉਹ ਹੋਰ ਵੀ ਸੋਭਦੇ ਸਨ।

ਪਰ ਬਾਬਾ ਫੌਜਾ ਸਿੰਘ ਉਸ ਵੇਲੇ ਹੈਰਾਨ ਰਹਿ ਗਿਆ ਜਦ ਉਸ ਦੇਖਿਆ ਕਿ ਇਹ ਗੁਰੂ ਦੇ ਸ਼ੇਰ-ਸ਼ੇਰਨੀਆਂ ਨਹੀਂ ਬਲਕਿ ਕਿਸੇ ਬਗਿਆੜ ਦੀਆਂ ਭੇਡਾਂ ਹਨ। ਅਤੇ ਉਹ ਚਲੇ ਵੀ ਗੁਰੂ ਦੇ ਕਿਸੇ ਪੁਰਬ ਖਾਤਰ ਜਾਂ ਕਿਸੇ ਸ਼ਹੀਦੀ ਦਿਹਾੜੇ ਤੇ ਨਹੀਂ ਬਲਕਿ ਪਹਿਲੇ ਮਰੇ ਕਿਸੇ ਸਾਧ ਦੀ ਬਰਸੀ ਤੇ ਸਨ। ਉਨ੍ਹਾਂ ਦੀਆਂ ਖੱਟੀਆਂ-ਪੀਲੀਆਂ ਜੈਕਟਾਂ ਉਪਰ ਕਿਸੇ ਨਵੇਂ ਠਾਠ ਦਾ ਨਾਂ ਲਿਖਿਆ ਹੋਇਆ ਸੀ। ਕਈਆਂ ਦੇ ਗਲਾਂ ਵਿਚ ਮਰੇ ਹੋਏ ਸਾਧ ਦੀ ਮੂਰਤੀ ਦੇ ਲੌਕਟ ਪਾਏ ਹੋਏ ਸਨ। ਉਹ ਬੜੇ ਫਖ਼ਰ ਨਾਲ ਛਾਤੀਆਂ ਉਪਰ ਲਟਕਾਏ ਲੌਕਟ ਦਿਖਾਉਣ ਦੀ ਕੋਸ਼ਿਸ਼ ਇੰਝ ਕਰ ਰਹੇ ਸਨ, ਜਿਵੇਂ ਨਵਾਂ ਵਿਆਹਿਆ ਪੇਡੂੰ ਮੁੰਡਾ ਦਾਜ ਵਿਚ ਮਿਲੀ ਚੈਨੀ ਦਿਖਾਉਂਦਾ ਹੈ।

ਜਹਾਜ ਦੇ ਵਾਸ਼ਰੂਮ ਅਗੇ ਖੜੇ ਇਕ ਭਾਈ ਨੂੰ ਬਾਬੇ ਪੁੱਛ ਹੀ ਲਿਆ ਇੰਨੇ ਜਲੌਅ ਵਿਚ ਕਿਧਰ ਦੀਆਂ ਤਿਆਰੀਆਂ ਬਈ? ਤਾਂ ਉਸ ਬੜੇ ਮਾਣ ਨਾਲ ਅਪਣੇ ਬਾਬੇ ਦਾ ਨਾਂ ਲੈ ਕੇ ਦੱਸਿਆ ਕਿ ਬਾਬਾ ਜੀ ਦੀ ਬਰਸੀ ਤੇ ਚਲੇ ਹਾਂ। ਤੇ ਨਾਲ ਹੀ ਬਾਬੇ ਫੌਜਾ ਸਿੰਘ ਨੂੰ ਡੇਰੇ ਆਉਣ ਦਾ ਸੱਦਾ ਦਿੰਦਿਆਂ ਕਹਿਣ ਲੱਗਾ ਕਿ ਤੁਸੀਂ ਇਕ ਵਾਰ ਜਰੂਰ ਆਇਓ ਨਜਾਰਾ ਦੇਖਣ ਹੀ ਵਾਲਾ ਹੁੰਦਾ ਹੈ। ਬਾਬਾ ਜੀ ਦੀ ਬੜੀ ਕਮਾਈ ਸੀ। ਕਿਤੇ ਦੁਨੀਆ ਹੁੰਦੀ! ਪੈਰ ਧਰਨ ਨੂੰ ਥਾਂ ਨਹੀਂ ਹੁੰਦੀ। ਬੜਾ ਆਲੀਸ਼ਾਨ ਅਸਥਾਨ ਹੈ ਬਾਬਾ ਜੀ ਦਾ।

ਦੱਸਣ ਵਾਲੇ ਨੂੰ ਜਾਪਿਆ ਸੁਣਨ ਵਾਲਾ ਬੜੇ ਪ੍ਰੇਮ ਨਾਲ ਸੁਣ ਰਿਹਾ ਹੈ, ਤਾਂ ਉਸ ਬਾਬੇ ਨੂੰ ਡੇਰੇ ਦੀ ਵਡਿਆਈ ਦੱਸਦਿਆਂ ਹੋਰ ਕਿਹਾ ਕਿ ਉਥੇ ਹਰੇਕ ਆਏ ਗਏ ਦੀ ਸੇਵਾ-ਸਹੂਲਤ ਦਾ ਬਕਾਇਦਾ ਪ੍ਰਬੰਧ ਹੁੰਦਾ ਹੈ। ਕਨੇਡਾ ਅਮਰੀਕਾ ਅਤੇ ਹੋਰ ਬਾਹਰ ਦੀਆਂ ਸੰਗਤਾਂ ਲਈ ਪੀਜ਼ੇ ਦਾ ਖਾਸ ਪ੍ਰਬੰਧ ਹੈ। ਬਾਬਾ ਜੀ ਨੂੰ ਪਤਾ ਹੈ ਕਿ ਇਧਰ ਦੇ ਬੱਚੇ ਪੀਜ਼ਾ ‘ਲਾਇਕ’ ਕਰਦੇ ਹਨ।

ਪਰ ਜੇ ‘ਦੇਸੀ ਸੰਗਤ’ ਦੇ ਬੱਚਿਆਂ ਦਾ ਪੀਜ਼ਾ ਖਾਣ ਨੂੰ ਦਿੱਲ ਕਰ ਆਵੇ?
ਬਾਬੇ ਫੌਜਾ ਸਿੰਘ ਦੇ ‘ਪੁੱਠੇ’ ਸਵਾਲ ਨਾਲ ਉਸ ਦੀ ਜਿਵੇਂ ‘ਬਰੇਕ’ ਜਿਹੀ ਲੱਗ ਗਈ।

ਬਾਬਾ ਫੌਜਾ ਸਿੰਘ ਨੇ ਦੇਖਿਆ ਕਿ ਸਾਰੇ ਸਮੇਂ ਵਿਚ ਇਸ ਬੰਦੇ ਨੇ ਇੱਕ ਵਾਰ ਵੀ ਅਪਣੇ ਗੁਰੂ ਸਾਹਿਬਾਨਾਂ ਦੀ ਗੱਲ, ਕਿਸੇ ਸਿੰਘ ਸੂਰਬੀਰਾਂ ਦੀ ਗਾਥਾ ਦੀ ਗੱਲ, ਕਿਤੇ ਗੁਰਬਾਣੀ ਦੀ ਗੱਲ ਨਹੀਂ ਕੀਤੀ ਬਲਕਿ ਅਪਣੇ ‘ਬਾਬਾ ਜੀ’ ਦਾ ਹੀ ਗੁੱਡਾ ਬੰਨੀ ਰੱਖਿਆ। ਬਾਬਾ ਜੀ ਇੰਨੇ ਵਜੇ ਉੱਠਦੇ ਹਨ, ਬਾਬਾ ਜੀ ਇੰਨੇ ਵਜੇ ਇਸ਼ਨਾਨ ਕਰਦੇ ਹਨ, ਬਾਬਾ ਜੀ ਨੇ ਇਨਿਆਂ ਨੂੰ ਗੁਰੂ ਲੜ ਲਾਇਆ, ਬਾਬਾ ਜੀ ਨੇ ਇੰਨੇ ਅਸਥਾਨ ਬਣਾਏ, ਬਾਬਾ ਜੀ ਦੇ ਇਨੇ ਸੰਗੀ ਹਨ, ਬਾਬਾ ਜੀ ਕੋਲੇ ਇੰਨੇ ਵਜੀਰ ਅਮੀਰ ਆਉਂਦੇ ਹਨ, ਬਾਬਾ ਜੀ ਦੀ ਜੈ ਜੈ ਕਾਰ ਪਈ ਹੁੰਦੀ ਹੈ, ਵੱਡੇ ਬਾਬਾ ਜੀ ਦੀ ਬਰਸੀ ਤੇ ਦੇਸੀ ਘਿਉ ਦਾ ਲੰਗਰ ਲੱਗਦਾ ਹੈ, ਜਹਾਜ ਫੁੱਲ ਬਰਸਾਉਂਦੇ ਹਨ, ਪੁੂਰੀ ਕੋਤਰੀ ਪਾਠਾਂ ਦੀ ਹੁੰਦੀ ਹੈ, ਭੋਗ ਤੇ ਖੁਦ ਇਲਾਕੇ ਦਾ ਐਮ.ਐਲ.ਏ. ਬਾਬਾ ਜੀ ਨੂੰ ਸਲਾਮੀ ਦੇਣ ਆਉਂਦਾ ਹੈ।

ਬਾਬਾ ਫੌਜਾ ਸਿੰਘ ਉਸ ਦੀਆਂ ਗੱਲਾਂ ਸੁਣ ਕੇ ਸੋਚ ਰਿਹਾ ਸੀ, ਕਿ ਇਹ ਬਾਹਰੋਂ ਦਿੱਸਦਾ ਗੁਰੂ ਦਾ ਸ਼ੇਰ ਕਿਵੇਂ ਕਿਸੇ ਬਗਿਆੜ ਦੀ ਭੇਡ ਬਣਕੇ ਮਿਆਂਕ ਰਿਹਾ ਹੈ, ਜਿਸ ਵਰਗਿਆਂ ਦੀ ਉਨ ਹਰੇਕ ਸਾਲ ਗਰਮੀਆਂ ਵਿਚ ਲਾਹੁਣ ਲਈ ਬਾਬੇ ਜਹਾਜੇ ਚੜ੍ਹ ਬਹਿੰਦੇ ਹਨ। ਹਾਲੇ ਅਸਲੀ ਭੇਡਾਂ ਦੀ ਉਨ ਲਾਹੁਣ ਵਾਲਿਆਂ ਵਿਚ ਇੰਨੀ ਤਾਂ ਈਮਾਨਦਾਰੀ ਹੁੰਦੀ ਕਿ ਉਹ ਸਾਰਾ ਸਾਲ ਉਨ੍ਹਾਂ ਨੂੰ ਚਾਰਦਾ ਹੈ, ਉਨ੍ਹਾਂ ਦੀ ਦੇਖ ਭਾਲ ਕਰਦਾ ਹੈ, ਪਰ ਇਹ ਭੇਡਾਂ ਆਪੇ ਹੀ ਚਰਦੀਆਂ, ਅਪਣੇ ਬੱਚਿਆਂ ਦੇ ਸਮੇਂ ਵਿਚੋਂ ਕੱਟ ਵੱਡ ਕੇ ਤਿਆਰ ਹੋਈ ਉਨ ਲੁਹਾਉਂਣ ਲਈ ਆਪੇ ਹੀ ਇੰਨ੍ਹਾ ਪਿੱਛੇ ਮਿਆਂਕੀਆਂ ਦੀਆਂ ਫਿਰਦੀਆਂ ਹਨ। ਗਰਮੀਆਂ ਵਿਚ ਜਹਾਜਾਂ ਦੇ ਜਹਾਜ ਭਰੇ ਆਉਂਦੇ ਉਸਤਰਿਆਂ ਵਾਲਿਆਂ ਦੇ ਅਤੇ ਉਹ ਘਰਾਂ ਵਿਚ ਹੀ ਅਪਣੀਆਂ ਅਪਣੀਆਂ ਭੇਡਾਂ ਮੁੰਨ ਕੇ ਬੋਰੀਆਂ ਵਰਗੇ ਖੀਸੇ ਭਰਕੇ ਅਗਾਂਹ ਜਾਂਦੇ ਹਨ ਤੇ ਇਹ ਫਿਰ ਅਗਲੇ ਸਾਲ ਲਈ ਅਪਣੇ ਪਿੰਡੇ ਤਿਆਰ ਲੱਗ ਜਾਂਦੀਆਂ ਹਨ!!

ਉਸ ਦੀ ਲਗਾਤਾਰ ‘ਟੇਪ’ ਸੁਣਕੇ ਬਾਬੇ ਦਾ ਮਨ ਭਰ ਆਇਆ ਇਹ ਸੋਚ ਕੇ ਕਿ ਵਾਹ ਮੇਰੀਏ ਕੌਮੇ! ਬਘਿਆੜਾਂ ਦੇ ਪੰਜਿਆਂ ਚੋਂ ਛੁਡਾ ਗੁਰੂ ਨੇ ਤੈਨੂੰ ਸ਼ੇਰ ਬਣਾਇਆ ਸੀ, ਪਰ ਤੂੰ ਫਿਰ ਭੇਡ ਬਣ ਗਈ? ਤੂੰ ਕਦੇ ਓਸ ਗੁਰੂ ਦੇ ਪੁਰਬਾਂ ਤੇ ਤਾਂ ਕਮਰ ਕੱਸੇ ਕਰਕੇ ਗਈ ਨਾ ਜਿਹੜੇ ਤੇਰੀ ਖਾਤਰ ਤਤੀਆਂ ਲੋਹਾਂ ਤੇ ਲੂਸ ਗਏ ਪਰ ਇਨ੍ਹਾਂ ਬਘਿਆੜਾਂ ਦੀਆਂ ਬਰਸੀਆਂ ਤੇ ਤੂੰ ਲੱਕ ਬੰਨੀ ਫਿਰਦੀ ੲੈਂ? ਤੈਂਨੂੰ ਕਦੇ ਗੁਰੂ ਦੇ ਨੀਹਾਂ ਵਿਚ ਖੜੋਤੇ ਨੰਨੇ ਸੂਰਬੀਰ ਤਾਂ ਯਾਦ ਆਏ ਨਾ, ਪਰ ਗੀਦੀਆਂ ਵਾਂਗ ਭੋਰਿਆਂ ਵਿਚ ਦੜ-ਵਟ ਕੇ ਸਮਾਂ ਟਪਾਉਣ ਵਾਲੇ ਤੈਨੂੰ ਹੁਣ ਮਿੱਠੇ ਲੱਗਣ ਲੱਗ ਪਏ?

ਬਾਬੇ ਨੂੰ ਯਾਦ ਆਇਆ ਕਿ ਇਸੇ ਨਵੇ ਠਾਠ ਵਾਲੇ ਦੀ ਇੱਕ ਚੇਲੀ ਅਪਣੇ ਬੱਚਿਆਂ ਨੂੰ ਡਿਕਸੀ ਗੁਰਦੁਆਰੇ ਕੀਰਤਨ ਸਿਖਾਣ ਲਿਜਾਂਦੀ ਸੀ। ਉਥੇ ਹੀ ਬਾਬਾ ਵੀ ਬੱਚਿਆ ਨੂੰ ਲਿਜਾਇਆ ਕਰਦਾ ਸੀ। ਇੱਕ ਦਿਨ ਕੀਰਤਨ ਮਾਸਟਰ ਬੱਚਿਆਂ ਉਸ ਦਿਆਂ ਨੂੰ ਜਦ ‘ਰਾਜ ਕਰੇਗਾ ਖਾਲਸਾ’ ਸਿਖਾਉਣ ਲੱਗਿਆ ਤਾਂ ਉਸ ਮਾਈ ਨੇ ਮਨ੍ਹਾ ਕਰ ਦਿੱਤਾ। ਟੀਚਰ ਨੇ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ ‘ਸਾਡੇ ਬਾਬਾ ਜੀ’ ਕਹਿੰਦੇ ਸਨ ਕਿ ਇਸ ਵਿਚ ‘ਖੁਆਰ ਹੋਏ’ ਲਿਖਿਆ ਹੈ ਇਹ ਢਹਿੰਦੀ ਕਲ੍ਹਾ ਦਾ ਪ੍ਰਤੀਕ ਹੈ, ਇਸ ਲਈ ਇਹ ਨਹੀਂ ਪੜ੍ਹਨਾ।

ਲਾਗੇ ਬੈਠਾ ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਇਸ ਸਾਧ ਨੂੰ ਕੋਈ ਪੁੱਛੇ ਕਿ ਖੁਆਰ ਹੋਰ ਕੋਠੇ ਚੜ੍ਹ ਕੇ ਹੋਣਾ? ਕੰਧ ਤੇ ਲਿਖਿਆ ਪੜ੍ਹ ਨਹੀਂ ਹੁੰਦਾ? ਦਰਅਸਲ ਕਹਾਣੀ ਇਹ ਹੈ ਕਿ ‘ਬਾਬੇ’ ਸਿੱਧਾ ਤਾਂ ਕਹਿ ਨਹੀਂ ਸਕਦੇ ਕਿ ‘ਰਾਜ ਕਰੇਗਾ ਖਾਲਸਾ’ ਪੜਨ ਨਾਲ ਹਿੰਦੂਆਂ ਤੋਂ ਡਰਦਿਆਂ ਸਾਡੀਆਂ ਲੂੰਗੀਆਂ ਭਿੱਝਦੀਆਂ, ਬਲਕਿ ਲੁਕਾਈ ਨੂੰ ਗੁੰਮਰਾਹ ਕਰਨ ਲਈ ਗੱਲ ਨੂੰ ਹੋਰ ਹੀ ਗੇੜ ਵਿਚ ਪਾਈ ਜਾ ਰਹੇ ਹਨ। ਪਰ ਅਸ਼ਕੇ ਜਾਈਏ ਕਹਾਣੀਆਂ ਬਣਾਉਣ ਵਾਲਿਆਂ ਇਨ੍ਹਾਂ ਪੰਡੇ ਦੇ ਭਾਈਆਂ ਦੇ ਪਰ ਉਸ ਤੋ ਵੀ ਸਦਕੇ ਓਸ ਲੁਕਾਈ ਦੇ ਜਿਹੜੀ ਇਨ੍ਹਾਂ ਦੀ ਹਰੇਕ ਬਕਵਾਸ ਨੂੰ ਧੁਰ ਦਰਗਾਹੀ ਹੁਕਮ ਮੰਨ ਕੇ ਪੱਲੇ ਬੰਨ ਲੈਂਦੀ ਹੈ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top