Share on Facebook

Main News Page

ਸ਼ਰਧਾਲੂ

ਗੁਰੂ ਨਾਨਕ ਸਾਹਬ ਚੌਕੜਾ ਲਾਈ ਡੱਬਿਆਂ ਵਾਲੀ ਚਾਦਰ ਮੋਢਿਆਂ ਉਪਰ ਓਹੜੀ ਹੋਈ ਬੜੀ ਮਗਨਤਾ ਵਿੱਚ ਬੈਠੇ ਹਨ। ਹਿਰਨ ਦੀ ਖੱਲ੍ਹ ਦਾ ਸਿੰਘਾਸਨ ਹੈ ਹੇਠਾਂ। ਲਾਗੇ ਹੀ ਗੁਰੂ ਜੀ ਦੀਆਂ ਖੜਾਵਾਂ ਪਈਆਂ ਹਨ। ਸੱਜੇ ਪਾਸੇ ਭਾਈ ਮਰਦਾਨਾ ਜੀ ਮੋਢੇ ਨਾਲ ਰਬਾਬ ਲਾਈ ਬੈਠੇ ਹਨ ਜਿਵੇਂ ਕੀਰਤਨ ਕਰ ਰਹੇ ਹੋਣ। ਖੱਬੇ ਪਾਸੇ ਉੱਚੀ ਜਿਹੀ ਟੋਪੀ ਪਾਈ ਬਾਲਾ ਬੈਠਾ ਮੋਰਾਂ ਦੇ ਖੰਭਾਂ ਵਾਲਾ ਚੌਰ ਕਰਦਾ ਦਿਖਾਈ ਦੇ ਰਿਹਾ ਹੈ। ਗੁਰੂ ਜੀ ਦੇ ਆਸਨ ਲਾਗੇ ਕੁੱਝ ਫਰੂਟ ਆਦਿ ਪਏ ਹਨ ਸ਼ਾਇਦ ਕੋਈ ਸ਼ਰਧਾਲੂ ਭੇਟ ਕਰ ਗਿਆ ਹੋਵੇ। ਪਿੱਛਲ਼ੇ ਪਾਸੇ ਇੱਕ ਵ੍ਹਡਾ ਸਾਰਾ ਰੁੱਖ ਨਜਰ ਆ ਰਿਹਾ ਹੈ ਜਿਸ ਉਪਰ ਮੋਰ, ਤੋਤੇ, ਘੁੱਗੀਆਂ, ਕੋਇਲਾਂ ਗੀਤ ਗਾ ਰਹੀਆਂ ਹਨ।

ਘਰ ਵਿੱਚ ਅੱਜ ਸਵੇਰ ਦੀ ਹੀ ਗਹਿਮਾ-ਗਹਿਮ ਸ਼ੁਰੂ ਹੋ ਗਈ ਹੈ। ਗੁਰੂ ਜੀ ਦੇ ਇੱਕ ਅਮੀਰ ‘ਸ਼ਰਧਾਲੂ’ ਨੇ ਨਵਾਂ ਘਰ ਖਰੀਦਿਆ ਹੈ ਅਤੇ ਇਸ ਮਹੱਲ ਨੁਮਾ ਘਰ ਦੀ ਚੱਠ ਵਾਸਤੇ ਉਸ ਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਤਿੰਨ ਦਿਨ ਤੋਂ ਅਖੰਡ ਪਾਠ ਸਾਹਬ ਅਰੰਭ ਕਰਵਾਏ ਹਨ ਜਿਸਦੇ ਅੱਜ ਭੋਗ ਹਨ।

‘ਸ਼ਰਧਾਲੂ’ ਨੇ ਗੁਰੂ ਨਾਨਕ ਸਾਹਬ ਦੀ ਬਾਲੇ-ਮਰਦਾਨੇ ਸਮੇਤ ਵਾਲੀ ਫੋਟੋ ਬੜੇ ਮਹਿੰਗੇ ਸੁਨਹਿਰੀ ਫਰੇਮ ਵਿੱਚ ਮੜ੍ਹਾ ਕੇ ਚਿੱਟੀ ਦੂੱਧੀਆ ਕੰਧ ਨਾਲ ਲਟਕਾਈ ਹੈ। ਘਰ ਦਾ ਸੁਗੰਧਤ ਵਾਤਾਵਰਨ ਦੇਖਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਅਤੇ ਆਜਜੀ ਨਾਲ ਬੇਨਤੀ ਕਰਨ ਲਗੇ।

‘‘ਗੁਰੂ ਜੀ! ਆਪ ਦੇ ਸਿੱਖ ਦੇਖੋ ਕਿੰਨੀ ਤਰੱਕੀ ਕਰ ਗਏ ਹਨ ਅਤੇ ਹਾਲੇ ਤੱਕ ਵੀ ਕਿੰਨੇ ਸ਼ਰਧਾਵਾਨ ਹੈਨ, ਦੇਖੋ ਕਿੰਨੀਆਂ ਮਹਿੰਗੀਆਂ ਸੁਗਾਤਾਂ ਭੇਂਟ ਕਰਦੇ ਹਨ ਅਤੇ ਕਿੰਨੀਆਂ ਮਹਿੰਗੀਆਂ ਅਤੇ ਸਾਫ-ਸੁਥਰੀਆਂ ਥਾਵਾਂ ਤੇ ਬਿਠਾਉਂਦੇ ਹਨ ਸਾਨੂੰ’’।

ਭਾਈ ਮਰਦਾਨਾ ਜੀ ਦੀ ਗਲ ਸੁਣਕੇ ਗੁਰੂ ਜੀ ਕੁੱਝ ਨਹੀਂ ਬੋਲੇ, ਕੇਵਲ ਮੁਸਕਰਾਏ। ਗੁਰੂ ਜੀ ਦੀ ਮੁਸਕਾਰਹਟ ਵਿੱਚ ਵੀ ਬੜੇ ਆਹਲਾ ਭੇਦ ਹੁੰਦੇ ਸਨ। ਉਹਨਾ ਭੇਦਾਂ ਦੀ ਥਾਹ ਪਹਿਲਾਂ-ਪਹਿਲਾਂ ਭਾਈ ਮਰਦਾਨਾ ਜੀ ਨੂੰ ਨਹੀਂ ਸੀ ਪੈਂਦੀ ਪਰ ਹੁਣ ਲੰਮੀ ਸੰਗਤ ਕਰਕੇ ਮਰਦਾਨਾ ਜੀ ਨੂੰ ਪਤਾ ਲਗ ਗਿਆ ਸੀ ਕਿ ਬਾਬੇ ਦੀ ਮੁਸਕਰਾਹਟ ਦੇ ਵੀ ਕੋਈ ਅਰਥ ਹੁੰਦੇ ਹਨ।

ਜਿਉਂ-ਜਿਉਂ ਭੋਗ ਦਾ ਸਮਾਂ ਨੇੜੇ ਆ ਰਿਹਾ ਸੀ ਲੋਕ ਵਧ ਰਹੇ ਸਨ। ਰੰਗ-ਬਰੰਗੀਆਂ ਮਹਿਕਾਂ ਆਪਸ ਵਿੱਚ ਘੁਲ ਰਹੀਆਂ ਸਨ। ਪਾਠ ਨਿਰੰਤਰ ਚਲ ਰਿਹਾ ਸੀ। ‘ਸ਼ਰਧਾਲੂ’ ਕੋਟ ਪੈਂਟ-ਨਿਕਟਾਈ ਲਾਈ ਆਪਣੀ ਸੁਆਣੀ ਸਮੇਤ, ਜੋ ਸਾੜੀ ਨਾਲ ਭੀੜਾ ਜਿਹਾ ਬਲਾਊਜ ਪਹਿਨੀ ਅਤੇ ਪਾਉਡਰਾਂ ਲਿਪਸਟਾਂ ਨਾਲ ਪੋਚੀ ਹੋਈ ਸੀ, ਆਉਣ ਵਾਲੇ ਲੋਕਾਂ ਦੇ ਸੁਆਗਤ ਲਈ ਦਰਵਾਜੇ ਅਗੇ ਖੜੀ ਸੀ। ‘ਲੰਗਰ’ ਵਿੱਚ ਕੱਪ-ਪਲੇਟਾਂ ਤੇ ਚਮਚਿਆਂ ਦਾ ਸੰਗੀਤ ਜਿਹਾ ਸ਼ੁਰੂ ਹੋ ਗਿਆ ਸੀ। ਗੋਭੀ-ਪਾਲਕ ਪਨੀਰ ਦੇ ਪਕੌੜਿਆਂ ਦੀ ਮਹਿਕ ਪਰਫਿਊਮਾ ਦੀ ਮਹਿਕ ਵਿੱਚ ਘੁਲ ਕੇ ਬਾਬਾ ਜੀ ਵਾਲੇ ਅੰਦਰ ਤਕ ਜਾਣ ਲਗ ਪਈ ਸੀ। ਰੌਲ ਤੇ ਬੈਠੈ ਭਾਈ ਜੀ ਵੀ ਬੜੇ ਕਾਹਲੇ-ਕਾਹਲੇ ਬੋਲ ਰਹੇ ਸਨ। ਉਹਨਾ ਸਪੀਡ ਕਾਫੀ ਵਧਾ ਦਿਤੀ ਸੀ, ਪਾਠ ਲੇਟ ਸੀ। ਦੂਜਾ ਭਾਈ ਜੀ ਆ ਕੇ ਕੰਨ ਵਿੱਚ ਦਸ ਗਿਆ ਸੀ ਕਿ ਸਰਦਾਰ ਜੀ ਕਾਹਲੇ ਹਨ ਉਹਨੀ ਮਗਰੋਂ ਹੋਰ ਵੀ ‘ਕੰਮ’ ਕਰਨੇ ਹਨ। ਬਾਬਾ ਜੀ ਦਾ ਕਮਰਾ ਖਾਲੀ ਪਿਆ ਸੀ। ਦੋ ਕੁ ਬਜੁਰਗ ਅਤੇ ਇੱਕ ਮਾਈ ਭਾਈ ਜੀ ਦੇ ‘ਅਕੇਵੇਂ’ ਤੋਂ ਊਂਘ ਰਹੇ ਸਨ।

ਮਰਦਾਨਾ ਪ੍ਰੇਸ਼ਾਨ ਸੀ। ਗੁਰੂ ਜੀ! ਇਹ ਕੁੱਝ ਪੜ ਰਿਹਾ ਜਾਂ ਕਿਸੇ ਮੰਤ੍ਰ ਦਾ ਜਾਪ ਕਰ ਰਿਹਾ?

‘‘ਨਹੀਂ ਮਰਦਾਨਿਆਂ ਇਹ ਕੋਈ ਜਾਪ ਨਹੀਂ ਕਰ ਰਿਹਾ ਇਹ ਉਹ ਪੜ ਰਿਹਾ ਜੀਹਨੂੰ ਪੜਨ ਲਈ ਆਪਾਂ ਸਮੇਂ ਦੀ ਵੀ ਸੀਮਾ ਪਾਰ ਕਰ ਜਾਂਦੇ ਸਾਂ ਤੇ ਰੱਬੀ ਗੁਣਾ ਦੇ ਵਜੂਦ ਵਿੱਚ ਦੁਨੀਆਂ ਬੇਅਰਥ ਹੋ ਜਾਂਦੀ ਸੀ। ਹਾਂ! ਮਰਦਾਨਿਆਂ ਇਹ ਉਹੀ ਰੱਬੀ ਗੁਣਾ ਦਾ ਖਜਾਨਾ ਹੈ ਜਿਸਦੀ ਨਾ ਪੜਨ ਵਾਲੇ ਨੂੰ ਸੂਝ ਹੈ ਨਾ ਪੜਾਉਂਣ ਵਾਲਿਆਂ ਨੂੰ ਸਮਝ ਹੈ’’।

ਬਾਹਰੋਂ ‘ਸ਼ਰਧਾਲੂ’ ਦੀ ਪਤਨੀ ਸਾਹਿਬਾਂ ਸਾੜੀ ਦਾ ਪੱਲੂ ਸੰਭਾਲਦੀ ਪਕੌੜਿਆਂ, ਰੱਸਗੁਲਿਆਂ, ਜਲੇਬੀਆਂ ਅਤੇ ਕਈ ਪ੍ਰਕਾਰ ਦੇ ਭੋਜਨਾਂ ਦਾ ਬਾਬਾ ਜੀ ਲਈ ਥਾਲ ਚੁੱਕ ਲਿਆਈ। ਅੰਦਰ ਇੱਕ ਦਮ ਮਹਿਕ ਫੈਲੀ ਕਰਕੇ ਭਾਈ ਮਰਦਾਨਾ ਜੀ ਦੀ ਭੁੱਖ ਵੀ ਜਾਗ ਪਈ।

‘‘ਗਰੀਬ ਨਿਵਾਜ ਜੇ ਆਗਿਆ ਹੋਵੇ ਤਾਂ ਕੁਛ ਜੇਵੀਏ’’ ? ਭਾਈ ਸਾਹਬ ਗੁਰੂ ਜੀ ਨੂੰ ਪੁੱਛਦੇ ਹਨ।

‘‘ਮਰਦਾਨਿਆਂ ਥੋੜਾ ਅਟਕ ਕਿਸੇ ਲਾਲੋ ਦੇ ਘਰ ਚਲਾਂਗੇ’’।

ਮਰਦਾਨਾ ਸੱਤ ਬਚਨ ਕਹਿ ਚੁੱਪ ਹੋ ਗਿਆ।

ਨੌਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਚੁੱਕੇ ਸਨ। ਰੱਸਗੁਲਿਆਂ ਅਤੇ ਪਕੌੜਿਆਂ ਨਾਲ ਲਿਹੜੇ ‘ਗੁਰੂ ਕੇ ਸਿੱਖ ਅਤੇ ਸਿੱਖਣੀਆਂ’ ਬਾਬਾ ਜੀ ਵਾਲੇ ਕਮਰੇ ਵਿੱਚ ਆਉਂਣੇ ਸ਼ੁਰੂ ਹੋ ਗਏ ਸਨ। ਇਸ ਹਾਈ ਸੁਸਾਇਟੀ ਦੇ ‘ਸਿੱਖਾਂ’ ਦੀਆਂ ਔਰਤਾਂ ਦੇ ਸਾੜੀਆਂ ਹੇਠਾਂ ਪਾਏ ਭੀੜੇ ਬਲਾਊਜ, ਅੱਧ ਨੰਗੇ ਢਿੱਡ, ਉਪਰੋਂ ਦੀ ਦਿਸਦੀਆਂ ਅੱਧੀਆਂ ਛਾਤੀਆਂ, ਪਾਊਡਰਾਂ, ਰੰਗਾਂ ਤੇ ਖੁਸ਼ਬੂਦਾਰ ਪਰਫਿਊਮਾ ਦਾ ਘੜਮੱਸ ਇੱਕ ਨਵੀ ਦੁਨੀਆਂ ਦਾ ਨਜਾਰਾ ਪੇਸ਼ ਕਰ ਰਿਹਾ ਸੀ।

ਭਾਈ ਮਰਦਾਨਾ ਤਿਲਮਿਲਾ ਉਠਿਆ। ‘‘ਗੁਰੂ ਜੀ ਸਿੱਖ ਤੇਰੇ ਇੰਨੇ ਬੇਸ਼ਰਮ ਹੋ ਗਏ ਹਨ, ਤੇਰੇ ਕੋਲੇ ਆਉਂਣਾ ਲਗਿਆਂ ਵੀ’’?

‘‘ਮਰਦਾਨਿਆਂ ਇਹ ਮੇਰੇ ਕੋਲੇ ਥੋੜੋਂ ਆਏ, ਇਹ ਤਾਂ ਆਪਣੇ ਮੂੰਹ ਮਲ੍ਹਾਜਿਆਂ ਨੂੰ ਆਏ ਹਨ, ਰੰਗ ਦੇਖ ਤੁੰ ਕਰਤਾਰ ਦੇ’’। ਗੁਰੂ ਜੀ ਮੁਸਕਰਾਏ।

ਮੱਥਾ ਟੇਕ ਕੇ ਖਰਗੋਸ਼ਾਂ ਵਰਗੇ ਲੋਕ ਕੂਲੇ-ਕੂਲੇ ਰੱਗ ਉਪਰ ਵਿੱਛੀਆਂ ਚਿੱਟੀਆਂ ਚਾਦਰਾਂ ਉਪਰ ਬੈਠਦੇ ਗਏ। ਕੜਾਹ ਪ੍ਰਸਾਦ ਦੀ ਮਹਿਕ, ਧੁਪ ਬੱਤੀਆਂ ਦੀ ਮਹਿਕ, ਦੇਸੀ ਘਿਉ ਦੀ ਜੋਤ ਦੀ ਮਹਿਕ, ਪੌਡਰਾਂ-ਪਰਫਿਊਮਾਂ ਦੀ ਮਹਿਕ, ਮਹਿਕ ਹੀ ਮਹਿਕ। ਸੰਗਤਾਂ ‘ਧਿਆਨ ਮੁਗਧ’ ਬੈਠੀਆਂ ਪਾਸੇ ਮਾਰ ਰਹੀਆਂ ਸਨ। ਸਲੋਕਾਂ ਤੋਂ ਬਾਅਦ ਮੁੰਦਾਵਣੀ, ਰਾਗਮਾਲਾ, ਅਨੰਦ ਸਾਹਬ ਅਤੇ ‘ਸ਼ਰਧਾਲੂ’ ਦੇ ਨਵੇਂ ਘਰ ਦੀ ਖੁਸ਼ੀ ਦੀ ਲੰਮੀ ਅਰਦਾਸ ਹੋਈ, ਲੱਖਾਂ ਖੁਸ਼ੀਆਂ ਭਾਈ ਜੀ ਨੇ ਥੋਕ ਵਿੱਚ ਹੀ ਲੈ ਦਿੱਤੀਆਂ। ਕੜਾਹ ਪ੍ਰਸਾਦ ਅਤੇ ਅਨੇਕਾਂ ਪ੍ਰਕਾਰ ਦੇ ਭੋਜਨਾ ਦੇ ਥਾਲ ਨੂੰ ਭੋਗ ਲਗਣ ਦੀ ਬੇਨਤੀ ਹੋਈ।

ਆਖਰ ‘ਸ਼ਰਧਾਲੂ’ ਵਲੋਂ ਸੱਦੇ ਗਏ ਇੱਕ ਮਸ਼ਹੂਰ ਰਾਗੀ ਜਥੇ ਨੇ ਇੱਕ ਬੜੀ ਪਿਆਰੀ ਫਿਲਮੀ ਟਿਊਨ ਤੇ ਕੀਰਤਨ ਕੀਤਾ ਅਤੇ ਵਿਚੇ ਕਥਾ ਕਰਨ ਲਗ ਗਿਆ। ਸ਼ੁਰੂ ਵਿੱਚ ਪ੍ਰੇਮੀ ਪਰਿਵਾਰ ਦੀ ਉਸਤਤੀ ਦਾ ਰੰਗ ਬੰਨ ਕੇ ਮਸ਼ਹੂਰ ਰਾਗੀ ਜੀ ਨੇ ਗੁਰੂ ਦੀ ਮਹਿਮਾਂ ਕਰਦਿਆਂ ਇੱਕ ਸਾਖੀ ਸੁਣਾਈ ਕਿ ‘‘ਸ਼ਾਧ ਸ਼ੰਗਤ ਜੀ ਕਿੰਨਾ ਪ੍ਰੇਮ ਹੈ ਤੁਹਾਡੇ ਵਿਚ। ਕਿੰਨੇ ਤੇਹ ਵਿੱਚ ਆਏ ਹੋ ਤੁਸ਼ੀ ਗੁਰੂ ਕੋਲੇ। ਇਹੀ ਘੜੀਆਂ ਸ਼ੰਗਤ ਜੀ ਤੁਹਾਡੀਆਂ ਸ਼ੁਲਖਣੀਆਂ ਹੈਨ। ਗੁਰੂ ਜੀ ਦਾ ਪ੍ਰੇਮ ਪੱਥਰਾਂ ਨੂੰ ਵੀ ਮੋਮ ਕਰ ਦਿੰਦਾ ਹੈ। ਸ਼ਾਡਾ ਗੁਰੂ ਬੜਾ ਮਹਾਨ ਸ਼ੀ। ਇੱਕ ਵਾਰ ਭਾਈ ਮਰਦਾਨਾ ਜੀ ਕਹਿਣ ਲਗੇ ਗੁਰੂ ਜੀ ਮੈਂ ਲੰਕਾ ਵੇਖਣੀ ਹੈ ਤਾਂ ਗਰੀਬ ਨਿਵਾਜ ਕਹਿਣ ਲਗੇ ਕਿ ਮਰਦਾਨਿਆਂ ਮੀਟ ਅੱਖਾਂ। ਜਾਂ ਮਰਦਾਨੇ ਅੱਖਾਂ ਮੀਟ ਕੇ ਖੋਹਲੀਆਂ ਤਾਂ ਕੀ ਦੇਖਦਾ ਹੈ ਕਿ ਚਾਰੋਂ ਤਰਫ ਸ਼ਮੁੰਦਰ ਠਾਠਾਂ ਪਇਆ ਮਾਰੇ।’’

ਭਾਈ ਮਰਦਾਨਾ ਜੀ ਫਿਰ ਪ੍ਰੇਸ਼ਾਨ ‘‘ਸਤਿਗੁਰੂ ਇਸ ਮਨੁੱਖ ਜੀਵ ਦਾ ਸਿਰ ਪਸ਼ੂਆਂ ਵਾਲਾ ਭੁਲੇਖੇ ਨਾਲ ਲਗ ਗਿਆ? ਹੱਦ ਹੋ ਗਈ, ਤੁਰੁ-ਤੁਰ ਕੇ ਤੇਰੀਆਂ ਤੇ ਮੇਰੀਆਂ ਬਿਆਈਆਂ ਪਾਟ ਗਈਆਂ ਪੈਰਾਂ ਦੀਆਂ ਇਹ ਆਖੀ ਜਾਂਦਾ ਮੀਟੀਆਂ ਅੱਖਾਂ…’’

. . ਹਾਂ ਤੇ ਸ਼ਾਧ ਸ਼ੰਗਤ ਜੀ ਗੁਰੂ ਜੀ ਮਰਦਾਨੇ ਤੇ ਬਾਲੇ ਸਮੇਤ ਤਿੰਨ ਦਿਨ ਤੇ ਤਿੰਨ ਰਾਤਾਂ ਸ਼ਮੁੰਦਰ ਉਪਰ ਹੀ ਪਏ ਤੁਰਨ। ਮਰਦਾਨੇ ਪੁੱਛਿਆ ਗੁਰੂ ਜੀ ਅਸੀਂ ਕਿਥੇ ਜਾ ਰਹੇ ਹਾਂ ਇਥੇ ਤਾਂ ਕੁੱਝ ਨਜ਼ਰੀ ਨਹੀਂ ਪਿਆ ਆਉਂਦਾ। ਗੁਰੂ ਜੀ ਕਹਿਣ ਲਗੇ ਮਰਦਾਨਿਆ ਇਹ ਅਸੀਂ ਮਗਰਮੱਛ ਦੀ ਪਿੱਠ ਤੇ ਜਾ ਰਹੇ ਹਾਂ ਜਿਹੜਾ ਪੈਂਤੀ ਮੀਲ ਲੰਮਾ ਤੇ ਪੰਜ ਮੀਲ ਚੌੜਾ ਹਈ…

ਭਾਈ ਮਰਦਾਨਾ ਜੀ ਫਿਰ ਪ੍ਰੇਸ਼ਾਨ, ਦੁਹਾਈ ਰੱਬ ਦੀ ਗੁਰੂ ਜੀ ਇਥੋਂ ਚਲੀਏ! ਇਹ ਤੇ ਝੂਠਾਂ ਦੇ ਵੀ ਊਠ ਲੱਦੀ ਪਿਆ ਜਾਂਦਾ ਹੈ। ਇਹਨਾ ਪੂਜਾ ਦਾ ਧਾਨ ਖਾਣਿਆਂ ਦੀ ਮੱਤ ਮਰ ਗਈ ਲੱਗਦੀ ਹੈ, ਸਤਗੁਰਾ! ਤਾਂ ਹੀ ਤੂੰ ਮੈਂਨੂੰ ਕੁੱਝ ਪੱਲੇ ਨਹੀਂ ਸੈਂ ਬੰਨਣ ਦਿੰਦਾ…’’ਭਾਈ ਮਰਦਾਨਾ ਜੀ ਪੁਜਾਰੀ ਦੇ ਝੂਠ ਸੁਣਕੇ ਕਾਫੀ ਭਾਵੁਕ ਹੋ ਗਏ।

ਭੋਗ ਪੈ ਗਿਆ ਸਾਰੇ ‘ਸਿੱਖ-ਸ੍ਰਦਾਰ ਤੇ ਸਰਦਾਰਨੀਆਂ’ ਪ੍ਰਸ਼ਾਦ ਲੈਕੇ ਬਾਹਰ ਆ ਗਏ। ਬਾਬਾ ਜੀ ਦਾ ਰੂਮ ਖਾਲੀ, ‘ਮਸ਼ਹੂਰ ਰਾਗੀ’ ਪ੍ਰਸ਼ਾਦ ਤੋਂ ਵੀ ਪਹਿਲਾਂ ਆਪਣੇ ਤਬਲੇ ਮੂਧੇ ਮਾਰ ਕੇ ਅਤੇ ਮਾਇਆ ਦੇ ਗੱਫਿਆਂ ਨੂੰ ਹੂੰਝਾ ਫੇਰ ਕੇ ਦੌੜ ਗਏ ਸਨ ਦਰਅਸਲ ਉਹਨੀ ਇੱਕ ਹੋਰ ਸਿੱਖ ਦੇ ਘਰ ਵੀ ਗੁਰੂ ਕੀਆਂ ਸਾਖੀਆਂ ਸੁਣਾਉਣੀਆਂ ਸਨ। ਇਕੱਲੇ ਦੋ ਭਾਈ ਜੀ ਹੁਰੀਂ ਹੀ ਰਹਿ ਗਏ ਸਨ ਉਹਨੀ ‘ਸੰਗਤ’ ਦੀ ‘ਸ਼ਰਧਾ’ ਦੇਖ ਕੇ ਅਪਣਾ ਬਾਬਾ ਸੰਤੋਖਿਆ ਤੇ ਦਸ਼ਣਾ-ਭੇਟਾ ਸਾਭੀਂ ਤੇ ਬਾਹਰ ਆ ਗਏ। ਉਹਨੀਂ ‘ਸ਼ਰਧਾਲੂ’ ਨੂੰ ਪੁੱਛਿਆ ਕਿ ਬਾਬਾ ਜੀ ਦਾ ਸਰੂਪ ਗੁਰਦੁਆਰਾ ਸਾਹਬ ਲੈਕੇ ਜਾਣਾ ਹੈ ਪੰਜ ਬੰਦੇ ਚਾਹੀਦੇ। ‘ਸ਼ਰਧਾਲੂ’ ਜੀਹਨੂੰ ਪੁੱਛੇ ਕੋਈ ਵਿਹਲਾ ਨਹੀਂ ਸੀ ਇਸ ਕੰਮ ਲਈ! ਆਖਰ ‘ਸ਼ਰਧਾਲੂ’ ਨੇ ਸੁਝਾ ਦਿੱਤਾ ਕਿ ਮੇਰਾ ਵੀ ਟਾਇਮ ਨਹੀਂ ਤੁਸੀਂ ਇੱਕਲੇ ਹੀ ਲੈ ਜਾਉ ਬਾਬਾ ਜੀ ਆਪਣੇ ਕਿਹੜਾ ਰੁੱਸ ਚਲੇ, ਮੈਂ ਗੱਡੀ ਭੇਜ ਦਿੰਨਾ। ਭਾਈਆਂ ਨੂੰ ਕੀ ਇਤਰਾਜ ਹੋ ਸਕਦਾ ਉਹਨਾ ਬਾਬਾ ਜੀ ਪੱਟਾਂ ਤੇ ਰੱਖੇ ਤੇ ਚਲਦੇ ਬਣੇ।

ਲ਼ੋਕਾਂ ਫਾਰਮੈਲਟੀ ਜਿਹੀ ’ਚ ਖੜੋ ਕੇ ਬਾਬਾ ਜੀ ਨੂੰ ਵਿਦਾ ਕਰ ਕੇ ਸੁੱਖ ਦਾ ਸਾਹ ਲਿਆ ਅਤੇ ‘ਸ਼ਰਧਾਲੂ’ ਅਗਲੀ ਕਾਰਵਈ ਲਈ ‘ਲੰਗਰ’ ਤੋਂ ਪਹਿਲੇ ਬਿੱਲੀ ਵਾਲੀਆਂ ਪੇਟੀਆਂ ਕੱਢ ਲਿਆਇਆ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top