Share on Facebook

Main News Page

"ਭਗੌਤੀ" ਤੇ "ਮਹਾਕਾਲ" ਵਰਗੇ ਰਾਖਸ਼ਾਂ ਨੂੰ ਸਿੱਖਾਂ ਦਾ ਰੱਬ ਨਾਂ ਬਣਾਉ

ਪਿਛਲੇ ਦਿਨੀਂ, ਮੇਰੇ ਇੱਕ ਵਿਦਵਾਨ ਮਿਤੱਰ ਨੇ  ਇੱਕ ਤੋਂ ਬਾਅਦ ਇੱਕ ਕਿੰਨੇ ਹੀ ਲੇਖ ਬਿਨਾਂ ਸਾਹ ਲਿਆਂ ਇਨੀ ਛੇਤੀ ਛੇਤੀ ਲਿਖ ਮਾਰੇ, ਕਿ ਉਨ੍ਹਾਂ ਸਾਰਿਆਂ ਤੇ ਪੜਚੋਲ ਕਰਨਾਂ ਤੇ ਉਨ੍ਹਾਂ ਦਾ ਸਟੀਕ ਜਵਾਬ ਦੇਣ ਲਈ ਬਹੁਤ ਸਮੇਂ ਦੀ ਜਰੂਰਤ ਸੀ। ਵੀਰ ਜੀ ਬਚਿਤੱਰ ਨਾਟਕ ਦੀਆਂ ਉਨ੍ਹਾਂ ਰਚਨਾਵਾਂ ਨੂੰ ਜੋ ਸਿੱਖ ਰਹਿਤ ਮਰਿਯਾਦਾ ਵਿਚ ਪਾ ਦਿਤੀਆਂ ਗਈਆਂ, ਉਨ੍ਹਾਂ ਦੀ ਪੈਰਵੀ ਹੀ ਨਹੀਂ ਕਰਦੇ ਸਗੋਂ ਭਗੌਤੀ ਤੇ ਮਹਾਕਾਲ ਨੂੰ ਵੀ ਅਕਾਲਪੁਰਖ  ਲਈ ਵਰਤਿਆ ਗਇਆ ਸ਼ਬਦ ਸਿੱਧ ਕਰਨ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਤੇ ਗੁਰਮਤ ਸੁਧਾਕਰ ਵੀ ਚੁਕ ਲਿਆਂਦੇ ਨੇ। ਉਹ ਐਸਾ ਕਰ ਕੇ ਕੀ ਸਿੱਧ ਕਰਨਾਂ ਚਾਹੁੰਦੇ ਨੇ ਇਹ ਮੈਂ ਅਜ ਤੱਕ ਸਮਝ ਨਹੀਂ ਸਕਿਆ। ਸਮਝਾਂ ਵੀ ਕਿਸ ਤਰ੍ਹਾਂ, ਜੇ ਉਹ ਕੋਈ ਗਲ ਸਿਧੀ ਸਿਧੀ ਕਰਨ। ਉਨ੍ਹਾਂ ਦੀ ਸ਼ੈਲੀ ਹੀ ਵਲੇਵੇਂ ਪਾ ਪਾ ਕੇ ਗਲ ਨੂੰ ਬਹੁਤ ਲੰਮਾ ਕਰਕੇ ਖਿਚਣ ਦੀ ਹੈ। ਉਨ੍ਹਾਂ ਨੇ ਥੋੜ੍ਹੇ ਹੀ ਸਮੇਂ ਵਿਚ ਇਹੋ ਜਹੇ  ਵਿਸ਼ਿਆਂ ਦਾ ਇਨਾਂ ਖਲਾਰਾ ਜਿਹਾ ਪਾ ਦਿਤਾ ਕੇ ਹਰ ਵਿਸ਼ੈ ਦਾ ਫੌਰਨ ਤੇ ਵਿਸਤਾਰ ਨਾਲ ਜਵਾਬ ਦੇਣਾਂ ਟਾਈਮ ਦੇ ਲਿਹਾਜ ਨਾਲ ਮੁਮਕਿਨ ਨਹੀਂ ਸੀ ਕਿਸੇ ਲੇਖ ਦਾ ਜਵਾਬ ਵੀ ਤਾਂ ਹੀ ਦੇਣਾਂ ਜਰੂਰੀ ਹੁੰਦਾ ਹੈ, ਜੇ ਉਸ ਵਿਚ ਚੁਕੇ ਗਏ ਨੁਕਤਿਆਂ ਬਾਰੇ ਸਿਹਮਤੀ ਨਾਂ ਹੋਵੇ, ਜਾਂ ਉਸ ਵਿਸ਼ੈ ਦਾ ਗਲਤ ਸੰਦੇਸ਼ ਪੜ੍ਹਨ ਵਾਲਿਆਂ ਤੱਕ ਜਾ ਰਿਹਾ ਹੋਵੇ। ਫੇਰ ਵੀ ਉਨ੍ਹਾਂ ਦੇ ਬਹੁਤੇ ਲੇਖਾਂ ਦਾ ਜਵਾਬ ਦਾਸ ਨੇ ਅਪਣੀ ਸਮਰਥਾ ਅਨੁਸਾਰ ਛੇਤੀ ਛੇਤੀ ਇਸ ਲਈ ਦਿਤਾ ਵੀ ।

ਇਹ ਨਹੀਂ ਕੇ ਦਾਸ ਉਨ੍ਹਾਂ ਦੀ ਹਰ ਗਲ ਤੋਂ ਅਸਹਿਮਤ ਹੈ। ਅਧੀਐਨ ਤੇ ਖੋਜ ਵਿਚ ਉਹ ਜਿਨਾਂ ਸਮਾਂ ਦੇਂਦੇ ਹਨ ਦਾਸ ਉਸ ਲਈ ਉਨ੍ਹਾਂ ਦਾ ਕਾਯਲ ਵੀ ਹੈ। ਉਹ ਮੇਰੇ ਬਹੁਤ ਚੰਗੇ ਮਿਤਰ ਤੇ ਸੂਝ ਬੂਝ ਵਾਲੇ ਵਿਦਵਾਨ ਹਨ। ਦਾਸ ਉਨ੍ਹਾਂ ਦੇ ਕੁਝ ਵੀਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਵੀ ਹੈ, ਜਿਸ ਵਿੱਚ:

ਪਹਿਲੀ ਗਲ ਇਹ ਹੈ ਕੇ "ਸਿੱਖ ਰਹਿਤ ਮਰਿਯਾਦਾ" ਸਿੰਘ ਸਭਾ ਲਹਿਰ ਦੇ ਆਗੂਆਂ ਦੀ ਇੱਕ ਬਹੁਤ ਵਡੀ ਦੇਣ ਹੈ

ਦੂਜੀ ਗਲ ਇਹ ਹੈ, ਜਿਸ ਨਾਲ ਦਾਸ  ਉਨ੍ਹਾਂ ਨਾਲ ਸੌ ਫੀ ਸਦੀ ਸਹਿਮਤ ਹੈ, ਕਿ ਰਾਗਮਾਲਾ ਗੁਰਬਾਣੀ ਨਹੀਂ ਹੈ,  ਲੇਕਿਨ ਜੇ ਉਸ ਨੂੰ ਹਟਾਉਣ ਲਈ ਪੰਥ ਨੇ ਇਜਾਜਤ ਦੇ ਦਿਤੀ ਤੇ ਬਹੁਤ ਸਾਰੇ ਮੀਣੇ ਇਕੱਠੇ ਹੋ ਜਾਣਗੇ ਤੇ ਉਸ ਸਰੂਪ ਦੀ Binding ਖੁਲਦੇ ਸਾਰ ਹੀ ਹੋਰ ਬਾਣੀਆਂ ਤੇ ਸੋਧਾਂ ਲਈ ਉਤਾਵਲੇ ਬੈਠੇ ਇਹ ਮੀਣੇ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਵਿਚ ਹੋਰ ਬਹੁਤ ਸਾਰੀਆਂ ਸੋਧਾਂ ਲਈ ਅਡੀਆਂ ਭਾਰ ਖੜੇ ਹੋ ਜਾਣਗੇ, ਇਸ ਨਾਲ  ਕੌਮ ਇੱਕ ਬਹੁਤ ਵਡੀ ਮੁਸੀਬਤ ਵਿਚ ਫਸ ਜਾਵੇਗੀ ਇਸ ਲਈ ਮੌਜੂਦਾ ਸਰੂਪ ਜਿਸ ਵਿਚ ਰਾਗਮਾਲਾ (ਜੋ ਗੁਰਬਾਣੀ ਭਾਂਵੇ ਨਹੀਂ ਹੈ) ਉਸ ਨੂੰ ਪੰਥਿਕ ਫੈਸਲੇ ਅਨੁਸਾਰ ਇੱਕ ਪਾਸੇ ਪਇਆ ਰਹਿਨ ਦਿਤਾ ਜਾਵੇ, ਤੇ ਇਸ ਨੂੰ ਬਾਹਰ ਕਡ੍ਹਣ ਦਾ ਹੀਲਾ ਨਾਂ ਕੀਤਾ ਜਾਵੇ ਇਸ ਬਾਰੇ ਸਿੱਖ ਰਹਿਤ ਮਰਿਯਾਦਾ ਦੇ ਜਰਿਏ ਕੌਮੀ ਫੈਸਲਾ ਵੀ ਹੋ  ਚੁਕਾ ਹੈ।

ਤੀਜੀ ਗਲ ਜਿਸ ਨਾਲ ਦਾਸ ਪੂਰੀ ਤਰ੍ਹਾਂ ਸਹਿਮਤ ਹੈ ਕੇ ਸਿੱਖ ਰਹਿਤ ਮਰਿਯਾਦਾ ਵਿਚ 18 ਵੀ ਸਦੀ ਵਿਚ ਬਣੇ ਉਸ ਗ੍ਰੰਥ ਵਿਚੋਂ ਭਾਵੇ ਬਹੁਤ ਸਾਰੇ "Contents" ਦਰਜ ਕਰ ਦਿਤੇ ਗਏ ਹਨ, ਪਰ ਇਸ ਕੂੜ ਗ੍ਰੰਥ ਨੂੰ ਸਿੱਖ ਧਰਮ ਵਿਚ "Enter" ਨਾ ਹੋਣ ਦਾ ਵੀ ਪੂਰਾ ਇੰਤਜਾਮ ਸਿੰਘ ਸਭਾ ਦੇ ਆਗੂਆਂ ਨੇ ਸਿੱਖ ਰਹਿਤ ਮਰਿਯਾਦਾ ਵਿਚ ਕਰ ਦਿਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕਰਨ ਦਾ ਨਿਯਮ ਅਤੇ ਸੰਗਤ ਵਿਚ ਗੁਰਬਾਣੀ ਤੋਂ ਅਲਾਵਾ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਦੀ ਬਾਣੀ ਤੋਂ ਅਲਾਵਾ ਕਿਸੇ ਹੋਰ ਬਾਣੀ ਦਾ ਕੀਰਤਨ ਨਾ ਕਰਨ ਦਾ ਨਿਯਮ ਪ੍ਰਮੁਖ ਹਨ, ਜੋ ਅਖੌਤੀ ਬਚਿਤੱਰ ਨਾਟਕ ਨੂੰ ਪੰਥ ਤੋਂ ਬਾਹਰ ਦਾ ਰਾਸਤਾ ਵਖਾਉਂਦੇ ਨੇ ਤੇ ਦਸਮ ਗ੍ਰੰਥੀਆਂ, ਟਕਸਾਲੀਆਂ ਤੇ ਨਿਹੰਗਾਂ ਦੇ ਮਨਸੂਬਿਆਂ ਤੇ ਪਾਣੀ ਫੇਰਦੇ ਹਨ

ਜਿਨਾਂ ਨੁਕਤਿਆਂ ਤੇ ਮੇਰੇ ਵਿਦਵਾਨ ਮਿਤੱਰ ਨਾਲ ਮੇਰੀ ਰਾਏ ਨਹੀਂ ਮਿਲਦੀ, ਉਹ ਇਹ ਹਨ ਕਿ ਸਿੱਖ ਰਹਿਤ ਮਰਿਯਾਦਾ ਵਿਚ ਜੋ ਕੁਝ ਵੀ ਦਰਜ ਕੀਤਾ ਗਇਆ ਉਸ ਵਿਚ ਕੋਈ ਸਮਝੌਤਾਵਾਦੀ ਨੀਤੀ ਨਹੀਂ ਅਪਣਾਈ ਗਈ ਦੂਜਾ ਕੇ ਸਿੱਖ ਰਹਿਤ ਮਰਿਯਾਦਾ ਦੇ ਖਰੜੇ ਨੂੰ ਬਿਨਾਂ ਕਿਸੇ ਵਿਰੋਧ ਦੇ ਸੋਚ ਸਮਝ ਕੇ ਪਾਸ ਕੀਤਾ ਗਇਆ ਭਾਈ ਵੀਰ ਸਿੰਘ ਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਪੰਥ ਪ੍ਰਤੀ ਯੋਗਦਾਨ ਨੂੰ ਇੱਕ ਜਿਹਾ ਆਂਕਣਾ ਵੀ ਸਹੀ ਨਹੀਂ ਹੈ ਜਦ ਕਿ ਦੋਵੇਂ ਵਿਦਵਾਨਾਂ ਦੇ ਪੰਥ ਪ੍ਰਤੀ ਯੋਗਦਾਨ, ਯੋਗਿਯਤਾ ਤੇ ਕੰਮਾਂ ਵਿਚ ਜਮੀਨ ਆਸਮਾਨ ਦਾ ਫਰਕ ਸੀ ਭਾਈ ਕਾਨ੍ਹ ਸਿੰਘ ਨਾਭਾ ਦੇ ਮੁਕਾਬਲੇ ਭਾਈ ਵੀਰ ਸਿੰਘ ਦਾ ਯੋਗਦਾਨ ਪਾਸਕੂ ਬਰਾਬਰ ਵੀ ਨਹੀਂ ਹੈ। ਅਪਣੇ ਵਿਦਵਾਨ ਮਿਤਰ ਦੀ ਜਿਸ ਸੋਚ ਨਾਲ ਦਾਸ ਬਿਲਕੁਲ ਹੀ ਸਹਿਮਤ ਨਹੀਂ ਉਹ ਹੈ ਕਿ - ਬਚਿਤੱਰ ਨਾਟਕ ਦੀਆਂ ਰਚਨਾਵਾਂ ਦੇ ਭਗੌਤੀ ਤੇ ਮਹਾਕਾਲ ਨੂੰ ਵਿਦਵਾਨਾਂ ਦੀਆਂ ਲਿਖਤਾਂ ਅਨੁਸਾਰ ਅਕਾਲਪੁਰਖ ਲਈ ਵਰਤਿਆਂ ਸ਼ਬਦ ਸਾਬਿਤ ਕਰਨਾ

ਇਨ੍ਹਾਂ ਵਿਚੋਂ ਉਨ੍ਹਾਂ ਦੇ ਲੇਖਾਂ ਦੇ ਸੰਦਰਭ ਵਿਚ ਲਗਭਗ ਹਰ ਗਲ ਦਾ ਜਵਾਬ ਦਾਸ ਪਹਿਲਾਂ ਹੀ ਦੇ ਚੁਕਾ ਹੈ। ਦਾਸ ਨੇ ਇਹ ਸਮਝਿਆ ਸੀ ਕਿ ਹੁਣ ਉਨ੍ਹਾਂ ਦਾ ਜਿਗਿਆਸੂ ਮੰਨ ਤੇ ਉਨ੍ਹਾਂ ਦੇ ਤਰਕਾਂ ਨੂੰ ਸ਼ਾਇਦ ਕੁੱਝ ਵਿਰਾਮ ਮਿਲ ਗਇਆ ਹੋਣਾਂ ਹੈ, ਲੇਕਿਨ ਦੋ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦਾ ਇੱਕ ਨਵਾਂ ਲੇਖ "ਪ੍ਰਥਿਮ ਭਗੌਤੀ-ਇੱਕ ਪੜਚੋਲ" ਪੜ੍ਹਨ ਨੂੰ ਮਿਲਿਆ

ਬਹੁਤ ਹੈਰਾਨਗੀ ਵਾਲੀ ਗਲ ਉਸ ਵੇਲੇ ਹੋਈ ਜਦੋਂ ਉਨ੍ਹਾਂ ਨੇ ਅਪਣੇ ਲੇਖਾਂ ਵਿਚ ਭਾਈ ਕਾਨ੍ਹ ਸਿੰਘ ਨਾਭਾ ਜੀ ਦੀਆਂ ਕੁਝ ਲਿਖਤਾਂ ਨੂੰ ਕੋਟ ਕਰਕੇ ਅਖੌਤੀ ਬਚਿਤੱਰ ਨਾਟਕ ਦੀ "ਨਾਈਕਾ" ਭਗੌਤੀ ਤੇ ਉਸਦੇ ਈਸ਼ਟ "ਮਹਾਕਾਲ" ਨੂੰ ਸਿੱਖਾਂ ਦਾ "ਰੱਬ" ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਇਸ ਗਲ ਦਾ ਜਵਾਬ ਪ੍ਰੋ. ਕੰਵਲਦੀਪ ਸਿੰਘ ਵਲੋਂ ਪਹਿਲਾਂ ਹੀ ਵੈਬਸਾਈਟਾਂ ਵਿਚ ਛਪੇ ਇੱਕ ਲੇਖ ਰਾਹੀ ਆ ਚੁਕਾ ਸੀ, ਇਸ ਕਰਕੇ ਦਾਸ ਨੇ ਜਵਾਬ ਲਿਖਣ ਵਿਚ ਬਹੁਤਾ ਉਤਾਵਲਾ ਪਨ ਨਹੀਂ ਵਰਤਿਆ "ਭਗੌਤੀ ਦਾ ਰੱਹਸ" ਸਿਰਲੇਖ ਹੇਠਾਂ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਕੁਝ ਹੀ ਲਾਈਨਾਂ ਵਿਚ ਸਾਡੀ ਅਰਦਾਸ ਵਿਚ ਤਿਨ ਵਾਰ ਸਿਮਰੀ ਜਾਂਣ ਵਾਲੀ "ਭਗੌਤੀ" ਨੂੰ "ਦੁਰਗਾ ਦੇਵੀ" ਸਾਬਿਤ ਕੀਤਾ ਹੈ

ਦਾਸ  ਵੀ ਇਸ ਬਾਰੇ ਕੁੱਝ ਸੰਖੇਪ ਵਿੱਚ ਕਹਿਣਾ ਚਾਹੁੰਦਾ ਹੈ। ਮੇਰੇ ਵਿਦਵਾਨ ਮਿਤੱਰ ਨੇ ਇਸ ਲੇਖ ਦੀ ਸ਼ੁਰੂਵਾਤ ਡਾ. ਰਤਨ ਸਿੰਘ ਜੱਗੀ ਦੀ ਉਸ ਕੋਟੇਸ਼ਨ ਤੋਂ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ "ਵਾਰ ਸ਼ੀ ਭਗੌਤੀ ਜੀ ਕੀ" ਦੀ ਥਾਂ "ਵਾਰ ਦੁਰਗਾ ਜੀ ਕੀ " ਦਾ ਜਿਕਰ ਕੀਤਾ ਹੈ। ਇਹ ਕੋਈ ਨਵੀ ਗਲ ਨਹੀਂ, ਬਚਿਤੱਰ ਨਾਟਕ ਨੂੰ ਗੁਰੂ ਕ੍ਰਿਤ ਨਾਂ ਮਨਣ ਤੇ ਉਸ ਦਾ ਅਧਿਐਨ ਕਰਨ ਵਾਲੇ ਹਰ ਸਿੱਖ ਨੂੰ ਇਹ ਪਤਾ ਹੈ, ਕਿ ਇਸ ਦਾ ਅਸਲ ਨਾਮ "ਵਾਰ ਦੁਰਗਾ ਜੀ ਕੀ" ਹੀ ਸੀ ਹੁਣ ਵਿਦਵਾਨ ਵੀਰ ਜੀ ਅਪਣੀ ਸੋਚ ਨੂੰ ਹੋਰ ਪ੍ਰੋੜਤਾ ਦੇਣ ਲਈ ਭਾਈ ਕਾਨ੍ਹ ਸਿੰਘ ਨਾਭਾ ਦੀ ਕੋਟੇਸ਼ਨ ਦੇ ਰਹੇ ਨੇ ਤੇ ਫੇਰ ਬਹੁਤ ਲੰਬੇ ਗੁੰਝਲਦਾਰ ਪ੍ਰਮਾਣ ਦੇਂਦੇ ਹੋਏ, ਲੇਖ ਨੂੰ ਇਨਾਂ ਵਿਸਤਾਰ ਦੇ ਦੇਂਦੇ ਨੇ, ਲੇਕਿਨ ਨਿਸ਼ਕਰਸ਼ ਇਹ ਹੀ ਨਿਕਲਦਾ ਹੈ, ਕਿ ਮੇਰੇ ਵਿਦਵਾਨ ਮਿਤੱਰ ਇੱਕ ਛੋਟੀ ਜਹੀ ਗਲ, ਇਹ ਸਾਬਿਤ ਕਰਨਾਂ ਚਾਹੁੰਦੇ ਹਨ ਕਿ "ਮੂਲ ਪਾਠ" "ਵਾਰ ਦੁਰਗਾ" ਦਾ ਸੀ, ਜਿਸ ਤੇ ਸਿਰ ਫਿਟ ਕਰ ਦਿਤਾ ਗਇਆ "ਭਗੌਤੀ " ਦਾ ਇਸ ਪੂਰੇ ਬਹੁਤ ਲੰਬੇ ਲੇਖ ਵਿਚ ਇਨੀ ਛੋਟੀ ਜਹੀ ਗਲ ਨੂੰ ਸਿੱਧ ਕਰਨ ਲਈ ਮੇਰੇ ਵਿਦਵਾਨ ਵੀਰ ਜੀ ਨੇ ਅਪਣਾਂ ਕਿਨਾਂ ਕੀਮਤੀ ਸਮਾਂ ਖਰਾਬ ਕੀਤਾ ਵੀਰ ਜੀ ਨੇ ਅਪਣੇ ਇਸ ਲੇਖ ਦਾ ਅੱਧਾ ਹਿੱਸਾ ਕਿਸੇ ਬੱਚੇ ਦੇ ਸਿਰ ਤੇ ਹਾਥੀ ਦਾ ਸਿਰ ਫਿਟ ਕਰਨ ਵਿੱਚ ਲਾ ਦਿਤਾ ਤੇ ਅਪਣੇ ਅੱਧੇ ਲੇਖ ਵਿੱਚ ਉਸ ਬਚੇ ਨੂੰ ਜਿੰਦਾ ਰਖਣ ਦੇ ਉਪਰਾਲੇ ਕਰਦੇ ਰਹੇ। ਪਰ ਉਨ੍ਹਾਂ ਦਾ ਇਹ ਦੁਰਗਾ ਦੇ ਸ਼ਰੀਰ ਤੇ ਭਗੌਤੀ ਦੇ ਸਿਰ ਵਾਲਾ ਬੱਚਾ ਸਿੱਖਾਂ ਦਾ ਰੱਬ ਫੇਰ ਵੀ ਨਹੀਂ ਬਣ ਸਕਿਆ

ਵੀਰ ਜੀ ਨੂੰ ਦਾਸ ਪਹਿਲਾਂ ਵੀ ਇੱਕ ਬੇਨਤੀ ਕਰ ਚੁਕਾ ਹੈ, ਕਿ ਜਿਸ ਗਲ ਦਾ ਪ੍ਰਮਾਣ ਤੇ ਸੇਧ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੋਵੇ, ਉਸ ਲਈ ਸਾਨੂੰ ਕਿਸੇ ਵਿਦਵਾਨ, ਗ੍ਰੰਥ ਤੇ ਕਿਤਾਬ ਨੂੰ ਫੋਲਣ ਦੀ ਲੋੜ ਨਹੀਂ ਪੈਂਦੀ। ਹਾਂ ਜਿਸ Term (ਨੁਕਤੇ) ਦਾ ਨਿਰਣਾਂ ਗੁਰਬਾਣੀ ਨਾਂ ਕਰਦੀ ਹੋਵੇ, ਉਸ ਦੀ ਪੜਚੋਲ ਲਈ ਹੋਰ ਵਿਦਵਾਨਾਂ ਦੇ ਲੇਖ, ਕੋਸ਼ ਤੇ ਲਿਖਤਾਂ ਦਾ ਸਹਾਰਾ ਜਰੂਰ ਲਿਆ ਜਾਣਾਂ ਚਾਹੀਦਾ ਹੈ। ਭਗੌਤੀ ਤੇ ਮਹਾਕਾਲ ਦੋਵੇਂ ਇੱਕ ਹੀ ਇਸ਼ਟ ਦੇ ਨਾਮ ਹਨ। ਇਹ ਮਹਾਕਾਲ ਕੀ ਹੈ? ਇਸ ਦਾ ਜਿਕਰ ਤੇ ਨਿਰਣਾਂ ਗੁਰੂ ਗ੍ਰੰਥ ਸਾਹਿਬ ਵਿਚ ਬਿਲਕੁਲ ਸਪਸ਼ਟ ਰੂਪ ਮੌਜੂਦ ਹੈ

ਦੁਰਗਾ ਦੀ ਵਾਰ ਜੇ  ਭਗੌਤੀ ਦੀ ਵਾਰ ਬਣਾ ਦਿਤੀ ਗਈ, ਇਸ ਨਾਲ ਭਗੌਤੀ ਰੱਬ ਨਹੀਂ ਬਣ ਜਾਂਦੀ ਜਿਵੇਂ ਦੀਵਾਲੀ ਨੂੰ ਬੰਦੀ ਛੋੜ ਦਿਵਸ ਬਣਾ ਕੇ ਅਸੀਂ ਸਦੀਆਂ ਤੋਂ ਅਨਮਤ ਦੇ ਤਿਉਹਾਰ ਮਣਾਂਉਣ ਦੇ ਦੋਸ਼ ਨੂੰ ਅੱਜ ਤੱਕ ਅਪਣੇ ਮੱਥੇ ਤੋਂ ਨਹੀਂ ਲਾ ਸਕੇ। ਕਿਸੇ ਵਿਦਵਾਨ ਨੇ "ਮਹਾਕਾਲ" ਨੂੰ ਰੱਬ ਲਈ ਵਰਤਿਆ ਸ਼ਬਦ ਲਿਖ ਦਿਤਾ ਤੇ ਉਹ ਰੱਬ ਨਹੀਂ ਬਣ ਜਾਂਦਾ, ਕਿਉਂਕਿ ਮਹਾਕਾਲ ਬਾਰੇ ਫੈਸਲਾ ਸ਼ਬਦ ਗੁਰੂ ਵਿਚ ਵੀ ਮਿਲਦਾ ਹੈ। ਇਨਾਂ ਹੀ ਨਹੀਂ ਪ੍ਰਮਾਣ ਤੇ ਉਸ ਕੂੜ ਗ੍ਰੰਥ ਦੇ ਵੀ ਸਾਡੇ ਸਾਮ੍ਹਣੇ ਹਨ ਕੇ ਮਹਾਕਾਲ ਕੌਣ ਹੈ ਤੇ ਭਗੌਤੀ ਕੌਣ ਹੈ ਗੁਰੂ ਗ੍ਰੰਥ ਸਾਹਿਬ ਵਿਚ ਮਾਹਾਕਾਲ ਬਾਰੇ ਬਿਆਨ ਕੀਤਾ ਗਇਆ ਹੈ:

ਰਾਮਕਲੀ ਮਹਲਾ 5 ਜਪਿ ਗੋਬਿੰਦੁ ਗੋਪਾਲ ਲਾਲੁ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ1 ਰਹਾਉ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ਬਡੈ ਭਾਗਿ ਸਾਧ ਸੰਗਿ ਪਾਇਓ1 ਬਿਨੁ ਗੁਰ ਪੂਰੇ ਨਾਹੀ ਉਧਾਰੁ ਬਾਬਾ ਨਾਨਕੁ ਆਖੈ ਏਹੁ ਬੀਚਾਰੁ2 (ਅੰਕ 885)

ਅਰਥ: ਹੇ ਭਾਈ! ਅਮੋਲਕ ਗੋਪਾਲ ਦਾ ਗੋਬਿੰਦ ਨਾਮ ਜਪ ਕੇ, ਰਾਮ ਦੇ ਨਾਮ ਦਾ ਸਿਮਰਨ ਕਰਕੇ ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ; ਫਿਰ ਤੈਨੂੰ ਭਿਆਨਕ ਆਤਮਕ ਮੌਤ ਦੇਣ ਵਾਲਾ ਦੇਵਤਾ ਮਹਾਕਾਲ ਖਾ ਨਹੀਂ ਸਕੇਗਾ1 ਰਹਾਉ ਹੇ ਭਾਈ! ਕਰੋੜਾਂ ਜਨਮਾਂ ਦੀ ਮੁੜ ਮੁੜ ਭਟਕਣਾ ਤੋਂ ਬਾਦ ਹੁਣ ਤੂੰ ਇਸ ਮਨੁਖਾ ਜਨਮ ਵਿੱਚ ਆਇਆ ਹੈਂ; ਤੇ ਇਥੇ ਵੱਡੀ ਕਿਸਮਤ ਨਾਲ ਤੈਨੂੰ ਗੁਰੂ ਦਾ ਸਾਥ ਮਿਲਿਆ ਹੈ1 ਹੇ ਭਾਈ! ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦਸਦਾ ਹੈ, ਕਿ ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਨਹੀਂ ਹੋ ਸਕਦਾ2

ਜੇ ਮਹਾਕਾਲ ਦਾ ਮਤਲਬ ਅਕਾਲਪੁਰਖ ਜਾਂ ਰੱਬ ਨਾਲ ਹੈ, ਤੇ ਕੀ ਇਨਾਂ ਗੁਰੂ ਬਚਨਾਂ ਦਾ ਇਹ ਅਰਥ ਹੈ ਕਿ ਰਾਮ ਦੇ ਨਾਮ ਦਾ ਸਿਮਰਨ ਕਰ, ਐਸਾ ਕਰਨ ਨਾਲ ਤੈਨੂੰ ਅਕਾਲਪੁਰਖ ਕਦੀ ਵੀ ਨਹੀਂ ਖਾ ਸਕੇਗਾ। (ਮਹਾਕਾਲ ਦਾ ਜੇ ਮਤਲਬ ਅਕਾਲਪੁਰਖ ਹੈ ਤੇ ਗੁਰਬਾਣੀ ਦਾ ਅਰਥ ਇਸ ਤਰ੍ਹਾਂ ਹੀ ਨਿਕਲੇਗਾ)।

ਮੇਰੇ ਕਿਸੇ ਵਿਦਵਾਨ ਵੀਰ  ਨੂੰ ਇਸ ਮਹਾਕਾਲ ਬਾਰੇ ਕੋਈ ਮੁਗਾਲਤਾ ਫੇਰ ਵੀ ਰਹਿ ਜਾਂਦਾ ਹੋਵੇ, ਜਾਂ ਉਹ ਪੰਥ ਦੇ ਕਿਸੇ ਵਿਦਵਾਨ ਦੀ ਲਿਖਤ ਜਾਂ ਕੋਸ਼ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਮਝਦਾ ਹੋਵੇ, ਤੇ ਉਹ ਉਸ ਕੂੜ ਕਿਤਾਬ ਨੂੰ ਹੀ ਚੁਕ ਕੇ ਪੜ੍ਹ ਲਵੇ ਜਿਸ ਦਾ ਇਸ਼ਟ ਹੀ ਮਹਾਕਾਲ ਜਾਂ ਭਗੌਤੀ ਹੈ। ਇਹ ਕਿਸ ਤਰ੍ਹਾਂ ਦਾ ਹੈ? ਇਹ ਕੀ ਖਾਂਦਾ ਹੈ? ਤੇ ਇਹ ਕੌਣ ਹੈ? ਇਹ ਇਸ ਵਿਚ  ਬਿਲਕੁਲ ਸਾਫ ਸਾਫ ਲਿਖਿਆ ਹੋਇਆ ਹੈ:

ਮਹਾਕਾਲ ਰਖਵਾਰ ਹਮਾਰੋ॥ ਮਹਾ ਲੋਹ ਹਮ ਕਿੰਕਰ ਥਾਰੋ॥ (ਅਖੌਤੀ ਦਸਮ ਗ੍ਰੰਥ, ਪੰਨਾ 435)

ਮੇਰੇ ਵਿਦਵਾਨ ਵੀਰ ਜੋ ਮਹਾਕਾਲ ਨੂੰ ਰੱਬ ਸਿੱਧ ਕਰਨਾਂ ਚਾਹੁੰਦੇ ਹਨ, ਉਹ ਇਹ ਲਾਈਨਾਂ ਪੜ੍ਹ ਕੇ ਬਹੁਤ ਖੁਸ਼ ਹੋਣਗੇ ਤੇ ਇਨਾਂ ਦਾ ਇਹ ਮਤਲਬ ਕੱਢਣਗੇ ਕਿ - ਉਹ ਵਾਹਿਗੁਰੂ ਸਾਡਾ ਰਖਵਾਲਾ ਹੈ, ਉਹ ਮਹਾਲੋਹ (ਲੋਹੇ ਦੀ ਚੱਟਾਣ) ਵਰਗਾ ਹੈ, ਤੇ ਅਸੀ ਉਸ ਦੇ ਸਾਮ੍ਹਣੇ ਇੱਕ ਕਿਨਕਾ ਮਾਤਰ ਹਾਂ। ਬਸ ਬਣ ਗਇਆ ਉਨ੍ਹਾਂ ਵੀਰਾਂ ਦਾ ਕੰਮ ਜੋ ਮਹਾਕਾਲ ਨੂੰ ਰੱਬ ਲਈ ਵਰਤਿਆਂ ਸ਼ਬਦ ਸਮਝਦੇ ਹਨ। ਲੇਕਿਨ ਐਸਾ ਹੈ ਨਹੀਂ, ਆਉ ਅਗੇ ਤੁਰਦੇ ਹਾਂ-

ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਅਖੌਤੀ ਦਸਮ ਗ੍ਰੰਥ ਪੰਨਾ 73)

ਲਉ ਜੀ! ਜਦੋਂ ਉਹ ਕਿਤਾਬ ਨੂੰ ਲਿਖਣ ਵਾਲਾ ਇਹ ਕਹਿ ਰਿਹਾ ਹੈ ਕੇ ਸਰਬਕਾਲ ਸਾਡਾ ਪਿਉ ਹੈ ਤੇ ਕਾਲਕਾ ਸਾਡੀ ਮਾਂ ਹੈ। ਫੇਰ ਸਾਨੂੰ ਉਸ ਵਿਚ ਦਖਲ ਦੇਣ ਦੀ ਕੀ ਲੋੜ ਹੈ। ਇਥੇ ਤੇ ਹੁਣ ਇੱਕ ਨਵਾਂ ਨਾਮ ਉਸ ਮਹਾਕਾਲ ਦਾ ਆ ਗਇਆ ਹੈ ਸਰਬਕਾਲ ਇਹੋ ਜਹੇ ਇਸ ਦੇ ਕਈ ਨਾਮ ਇਸ ਕਿਤਾਬ ਵਿਚ ਮਲਦੇ ਹਨ, ਕਾਲ, ਸਰਬਕਾਲ, ਦੁਰਗਾ, ਭਵਾਨੀ, ਭਗੌਤੀ, ਕਾਲਕਾ, ਹੋਰ ਅਨਗਿਣਤ ਨਾਮ ਹਨ। ਕੀ ਇਹ ਵੀ ਸਿੱਖਾਂ ਦੇ ਰੱਬ ਹਨ?

ਸਾਰਾ ਸਿੱਖ ਜਗਤ ਇਹ ਜਾਣਦਾ ਹੈ ਕਿ ਇੱਕ ਸਿੱਖ ਦਾ ਰਬ ਤੇ ਨਿਰੰਕਾਰ ਹੈ, ਉਸ ਦਾ ਕੋਈ ਰੂਪ ਨਹੀਂ ਹੈ, ਉਹ ਦੇਹਧਾਰੀ ਨਹੀਂ ਹੈ। ਫੇਰ ਇਸ ਕੂੜ ਕਿਤਾਬ ਦੇ ਲਿਖਾਰੀ ਦਾ ਰੱਬ ਤਾਂ ਦੇਹਧਾਰੀ ਹੈ। ਉਹ ਕਿਸ ਤਰ੍ਹਾਂ ਦਾ ਹੇ? ਇਸ  ਦਾ ਵਰਣਨ ਉਹ ਆਪ ਕਰ ਰਿਹਾ ਹੈ:

ਮੁੰਡ ਕੀ ਮਾਲ ਦਿਸਾਨ ਕੋ ਅੰਬਰ ਬਾਮ, ਕਰਿਯੋ ਗਲ  ਮੋ ਅਸਿ ਭਾਰੋ॥ ਲੋਚਨ ਲਾਲ ਕਰਾਲ ਦਿਪੈ,ਦੋਉ ਭਾਨ ਬਿਰਾਜਤ ਹੈ ਅਨਿਆਰੋ॥ ਛੁਟੇ ਹੈ ਬਾਲ ਮਹਾ ਬਿਕਰਾਲ, ਲਸੇ ਰਦ ਦੰਤ ਉਜਿਆਰੋ॥ ਛਾਡਤ ਜਵਾਲ ਲਏ ਕਰ ਬਿਯਾਲ, ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ (ਅਖੌਤੀ ਦਸਮ ਗ੍ਰੰਥ ਪੰਨਾ 810)

ਵੀਰ ਜੀਉ! ਇਸ ਕੂੜ ਕਿਤਾਬ ਦਾ ਰੱਬ ਤੇ ਨੰਗਾ ਜੇ! ਗਲੇ ਵਿਚ ਖੋਪੜੀਆਂ ਦੀ ਮਾਲਾ ਪਾਂਉਦਾ ਜੇ! ਉਸ ਦੇ ਮੱਥੇ ਤੇ ਲਾਲ ਭਿਆਨਕ ਅੱਖਾਂ ਜੇ! ਉਸ ਦੇ ਵਾਲ ਖਿਲਰੇ ਹੋਏ ਹਨ। ਉਸ ਦੇ ਦੰਦ ਖੂਨ ਨਾਲ ਲਿਬੜੇ ਹੋਏ ਹਨ, ਅਤੇ ਭਿਆਨਕ ਚਮਕ ਵਾਲੇ ਹਨ। ਉਸ ਦੇ ਹੱਥ ਵਿਚ ਮਨੁਖ ਦੀ ਕੱਟੀ ਹੋਈ ਖੋਪੜੀ ਹੈ, ਅਤੇ ਉਸ ਦੇ ਮੂੰਹ ਵਿਚੋਂ ਅਗ ਨਿਕਲ ਰਹੀ ਹੈ। ਐਸਾ ਤੁਹਾਡਾ ਪਾਲਣਹਾਰ ਹੈ।

ਖਾਲਸਾ ਜੀ ਬਹੁਤ ਅਫਸੋਸ ਹੁੰਦਾ ਹੈ! ਜਦੋਂ ਕੋਈ ਵਿਦਵਾਨ ਇਹੋ ਜਹੇ ਮਹਾਕਾਲ ਨੂੰ ਸਿਖਾਂ ਦਾ ਰੱਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਿੱਖ ਸਿਧਾਂਤਾਂ ਦਾ ਹੀ ਨਹੀਂ ਰੱਬ ਦਾ ਵੀ ਅਪਮਾਨ ਹੈ।

ਹੋਰ ਤਸੱਲੀ ਕਰ ਲਵੋ ਇਸ ਝੂਠੀ ਕਿਤਾਬ ਦੇ ਲਿਖਾਰੀ ਦੇ ਇਸ਼ਟ ਬਾਰੇ ਇਹ ਜਾਣਕੇ, ਕੇ ਉਹ ਖਾਂਦਾ ਕੀ ਹੈ?

ਇਹ ਛਲ ਸੋ ਸਿਮਰਹ ਛਲਾ, ਪਾਹਨ ਦਏ ਬਹਾਇ॥ ਮਹਾਕਾਲ ਕੋ ਸਿਖਯ ਕਰਿ, ਮਦਿਰਾ ਭਾਂਗ ਪਿਵਾਇ॥

ਮੇਰੇ ਵਿਦਵਾਨ ਵੀਰੋ, ਲੇਖਕੋ ਤੇ ਕੌਮ ਦੇ ਕਰਣ ਧਾਰੋ! ਅਪਣੇ ਅਧਿਐਨ ਨੂੰ ਕਿਸੇ ਚੰਗੇ ਪਾਸੇ ਲਾਉ! ਕੌਮ ਨਾਲ ਹੋ ਰਹੀਆਂ ਸਾਜਿਸ਼ਾਂ (ਜਿਨਾਂ ਵਿਚੋਂ ਇਹ ਅਖੌਤੀ ਕੂੜ ਕਿਤਾਬ ਵੀ ਇੱਕ ਹੈ) ਵਲ ਕੌਮ ਨੂੰ ਸੁਚੇਤ ਕਰੋ। ਇਹੋ ਜਹੇ ਭਿਅਨਕ ਰੂਪ ਵਾਲੇ ਮਹਾਕਾਲ ਤੇ ਭਗੌਤੀ ਵਰਗੇ ਰਾਖਸ਼ਾਂ ਨੂੰ, ਜੋ ਬੰਦਿਆਂ ਦਾ ਖੂਨ ਪੀੰਦੇ ਤੇ ਮੂੰਹ ਵਿਚੋਂ ਅੱਗ ਛੱਡ੍ਹਦੇ, ਸ਼ਰਾਬ ਤੇ ਭੰਗ ਪੀਂਦੇ ਹਨ, ਇਨਾਂ ਨੂੰ ਸਿੱਖਾਂ ਦਾ ਰੱਬ ਨਾ ਬਣਾਉ! ਤੁਹਾਨੂੰ  ਰੱਬ ਦਾ ਵਾਸਤਾ ਜੇ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top