Share on Facebook

Main News Page

ਪੰਥ ਰਤਨ ਐਵਾਰਡ ਨੂੰ ਸਦਾ ਲਈ ਬਦਨਾਮ ਹੋਣ ਤੋਂ ਰੋਕੋ

ਸਿੱਖ ਕੌਮ ਦੀ ਅਜੋਕੀ ਦੁਰਦਸ਼ਾ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਕੋਲ ਪਿਛਲੇ ਅਰਸੇ ਤੋਂ ਕੋਈ ਅਜਿਹਾ ਆਗੂ ਨਹੀਂ ਹੈ ਜਿਸ ਤੇ ਮਾਣ ਕਰਕੇ ਕੌਮ ਉਸ ਦੀ ਅਗਵਾਈ ਚ ਮੌਜੂਦਾ ਮਸਲਿਆਂ ਤੋਂ ਨਿਜ਼ਾਤ ਪਾ ਸਕੇ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਵਿਚ ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ ਰਿਸ਼ਵਤ ਲੈ ਕੇ ਹੱਕ ਮਾਰਨ ਅਤੇ ਜ਼ਿੰਮੇਵਾਰ ਅਹੁਦਿਆਂ ਤੇ ਬਿਰਾਜਮਾਨ ਆਗੂਆਂ ਤੇ ਸੈਤਾਨ ਲੋਕਾਂ ਵੱਲੋਂ ਧਾਰਮਿਕ ਆਗੂਆਂ ਦੇ ਭੇਸ ਵਿਚ ਧਾਰਮਿਕ ਰਸਮਾਂ ਕਰਨ ਵਾਲੇ ਲੋਕਾਂ ਦਾ ਭਾਂਡਾ ਚੁਰਾਹੇ ਚ ਭੰਨਿਆ ਸੀ।

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
.........................................
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ॥ (ਭਾਈ ਗੁਰਦਾਸ ਜੀ)

ਅੱਜ ਵੀ ਹਾਲਾਤਾਂ ਦਾ ਸੱਚ ਮੁੜ ਉਸੇ ਰਾਹ ਤੇ ਆ ਖੜ੍ਹਾ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਉਹ ਪਵਿੱਤਰ ਭੂਮੀ ਅੱਜ ਉਹਨਾਂ ਲੋਕਾਂ ਦੇ ਕੰਟਰੌਲ ਵਿਚ ਚਲੀ ਗਈ ਹੈ ਜਿਨਾਂ ਨੂੰ ਲਲਕਾਰਨ ਲਈ 1699 ਵਿਚ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਲਹਿਰਾ ਕੇ ਸਿੱਖਾਂ ਨੂੰ ਖਾਲਸੇ ਦਾ ਵਿਲੱਖਣ ਰੂਪ ਦਿੱਤਾ ਸੀ।

ਸ੍ਰੀ ਆਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖਾਲਸਾ ਦੀ ਉਦਘਾਟਨੀ ਸਮਾਗਮ ਵਿਚ ਸਾਡੇ ਅੱਜ ਦੇ ਧਾਰਮਿਕ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖ਼ਰ-ਏ-ਕੌਮ ਐਵਾਰਡ ਦੇਣ ਦਾ ਜੋ ਐਲਾਨ ਕੀਤਾ ਹੈ ਅਸਲ ਵਿਚ ਉਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੀ ਬਾਣੀ ਵਿਚ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਵਾਲੇ ਸ਼ਬਦਾਂ ਦਾ ਹੀ ਮੌਜੂਦਾ ਰੂਪ ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ ਜੋ ਕਿ ਸਭ ਤੋਂ ਵੱਧ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ,ਸ਼੍ਰੋਮਣੀਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਕਬਜ਼ੇ ਵਿਚ ਰੱਖ ਕੇ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਪੁੱਜੇ ਹਨ। ਆਪਣੀ ਉਮਰ ਦਾ ਤਕਰੀਬਨ ਸਾਰਾ ਹੀ ਹਿੱਸਾ ਉਹਨਾਂ ਦੀ ਸਿੱਖ ਸਿਆਸਤ ਅਤੇ ਧਾਰਮਿਕ ਮਾਮਲਿਆਂ ਤੇ ਪਕੜ ਰਹੀ ਹੈ।

ਇਸ ਸਮੇਂ ਦੌਰਾਨ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਸਨ ਅਤਿ ਦੀ ਮੰਦੀ ਹਾਲਤ ਵਿਚ ਪੁੱਜ ਚੁੱਕੀਆਂ ਹਨ। ਇਹਨਾਂ ਸੰਸਥਾਵਾਂ ਵਿਚ ਧਰਮ ਨਾਮ ਦੀ ਕੋਈ ਚੀਜ਼ ਰਹਿ ਹੀ ਨਹੀਂ ਗਈ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵਿਚ ਭ੍ਰਿਸ਼ਟਾਚਾਰ ਕਰੋੜਾਂ ਦੀ ਥਾਂ ਅਰਬਾਂ ਤੱਕ ਪੁੱਜ ਗਿਆ, ਪੰਜਾਬ ਵਿਚ ਪਤਿਤਪੁਣੇ ਦੀ ਕਾਲੀ ਹਨੇਰੀ ਵਗ ਰਹੀ ਹੈ, ਪੰਜਾਬ ਦੇ ਤਕਰੀਬਨ ਸਾਰੇ ਹੀ ਗੁਰਦੁਆਰਿਆਂ ਵਿਚ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗੁਰੂ ਨਾਨਕ ਸਿਧਾਂਤ ਦਾ ਜ਼ੱਖਣਾ ਪੁੱਟਣ ਵਾਲਾ ਹੈ। ਪੰਜਾਬ ਵਿਚ ਸਿੱਖ ਫਿਲਾਸਫੀ ਨੂੰ ਚੈਲੰਜ ਕਰਨ ਵਾਲੇ ਡੇਰਾਵਾਦ ਅਮਰਵੇਲ ਵਾਂਗ ਕੌਮ ਦੇ ਹਰਿਆਵਲ ਦਰੱਖਤ ਦਾ ਰਸ ਚੂਸ ਕੇ ਖੜੱਸੁਕ ਕਰਨ ਦੀ ਹੱਦ ਤੱਕ ਪਹੁੰਚ ਗਿਆ। ਸਿੱਖਾਂ ਨੂੰ ਹਰ ਰੋਜ਼ ਇਸੇ ਬਾਦਲ ਦੀ ਸਰਕਾਰ ਵੱਲੋਂ ਕੁੱਟ ਪੈ ਰਹੀ ਹੈ। ਸਿੱਖ ਚਿੰਤਕਾਂ ਨੂੰ ਇਸ ਗੱਲ ਦੀ ਚਿੰਤਾ ਘੇਰ ਰਹੀ ਹੈ ਕਿ ਪੰਜਾਬ ਦੀ ਧਰਤੀ ਦੇ ਸਿੱਖ ਧਰਮ ਨੂੰ ਸਲਾਮਤ ਕਿਵੇਂ ਰੱਖਿਆ ਜਾਵੇ? ਵਿਦੇਸ਼ੀ ਧਾੜਵੀਆਂ ਨਾਲ ਦੋ ਹੱਥ ਕਰਨ ਵਾਲੇ ਪੰਜਾਬ ਦੇ ਜਾਬਾਜ਼ ਯੋਧੇ ਅੱਜ ਆਰਥਿਕਤਾ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ। ਇਹ ਸਾਰੇ ਹਾਲਾਤ ਇਕ ਦਮ ਹੀ ਪੈਦਾ ਹੀ ਨਹੀਂ ਸਨ ਹੋਏ।

ਇਸ ਵਿਚ ਪਿਛਲੇ ਕੋਈ ਪੰਜਾਹ ਸਾਲਾਂ ਵਿਚ ਜੋ ਨਿਰਾਸ਼ਤਾ ਦਾ ਸਮਾਂ ਭਾਰੂ ਹੋਇਆ ਹੈ ਉਸ ਵਿਚ ਸਿੱਖਾਂ ਦੀ ਰਾਜਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਤੇ ਧਾਰਮਿਕ ਜਥੇਬੰਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਨੂੰ ਸਹੀ ਢੰਗ ਨਾਲ ਅਗਵਾਈ ਨਾ ਦੇ ਸਕਣਾ ਕਿਸੇ ਵੀ ਤਰ੍ਹਾਂ ਮਾਫੀਯੋਗ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਹੀ ਜੇ ਇਹ ਪ੍ਰਮੁੱਖ ਸੰਸਥਾਵਾਂ ਸਭ ਤੋਂ ਵੱਧ ਕਿਸੇ ਦੇ ਹੱਥ ਚ ਰਹੀਆਂ ਹਨ ਉਹ ਇਸ ਵੇਲੇ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਹੀ ਹਨ। ਸ੍ਰ. ਬਾਦਲ ਦੇ ਜੇ ਸਾਰੀ ਉਮਰ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਇਸ ਵਿਅਕਤੀ ਵੱਲੋਂ ਆਪਣੇ ਨਿੱਜੀ ਲਾਭਾਂ ਲਈ ਜਿਥੇ ਧਨ-ਦੌਲਤ ਦਾ ਵੱਡਾ ਖਜ਼ਾਨਾ ਜਮਾਂ ਕੀਤਾ ਹੈ ਉਥੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਵੀ ਇਸੇ ਵਿਅਕਤੀ ਨੇ ਹੀ ਕੀਤਾ ਹੈ। ਇਹ ਵਿਸਲੇਸ਼ਨ ਕਰਨ ਸਮੇਂ ਜੋ ਗੱਲ ਉਭਰ ਕੇ ਸਾਹਮਣੇ ਆਵੇਗੀ ਤਾਂ ਉਹ ਇਹ ਹੋਵੇਗੀ ਕਿ ਸਿੱਖਾਂ ਦੇ ਅੰਦਰ ਸਿੱਖ ਰੂਪ ਵਿਚ ਵਿਚਰਦੇ ਰਹੇ ਸ੍ਰ. ਬਾਦਲ ਹੀ ਇਕੋ ਇਕ ਅਜਿਹੇ ਇਨਸਾਨ ਹਨ ਜਿਸ ਨੇ ਕੌਮ ਦੇ ਸ਼ੁਰੂਆਤੀ ਦਿਨਾਂ ਤੋਂ ਅੱਜ ਤੱਕ ਇਹ ਮਸਾਲ ਕਾਇਮ ਕੀਤੀ ਹੈ, ਕਿ ਉਸ ਜਿਨਾਂ ਸਿਧਾਂਤਕ ਨੁਕਸਾਨ ਅਜੇ ਤੱਕ ਕਿਸੇ ਹੋਰ ਵਿਅਕਤੀ ਨੇ ਨਹੀਂ ਕੀਤਾ। ਹੋਮਯੱਗਾਂ ਵਿਚ ਵਿਭੂਤੀਆਂ ਪਾਉਣ, ਸਾਧਾਂ ਦੇ ਡੇਰਿਆਂ ਨੂੰ ਆਰਥਿਕ ਪੱਖੋਂ ਤਕੜੇ ਕਰਨ, ਆਰ.ਐਸ.ਐਸ. ਦਾ ਗਲਬਾ ਸਿੱਖਾਂ ਤੇ ਪਾਉਣ, ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹੁਣ, ਸਿੱਖ ਨੌਜੁਆਨਾਂ ਨੂੰ ਜੇਲ੍ਹਾਂ ਵਿਚ ਸੁੱਟਣ ਅਤੇ ਹੋਰ ਸੈਂਕੜੇ ਅਜਿਹੇ ਦੋਸ਼ ਹਨ ਜੋ ਸ੍ਰ. ਬਾਦਲ ਤੇ ਲੱਗਦੇ ਰਹੇ ਹਨ। ਇਹਨਾਂ ਸਾਰੇ ਦੋਸ਼ਾਂ ਬਾਰੇ ਵੀ ਸ੍ਰ. ਬਾਦਲ ਨੇ ਕਦੇ ਕੌਮ ਦੀ ਕਚਹਿਰੀ ਵਿਚ ਆਪਣਾ ਪੱਖ ਨਹੀਂ ਰੱਖਿਆ।

ਕੁਝ ਸਾਲਾਂ ਤੋਂ ਕੁਰਬਾਨੀਆਂ ਨਾਲ ਪੈਦਾ ਹੋਈਆਂ ਸਿੱਖ ਸੰਸਥਾਵਾਂ ਦਾ ਹਿੰਦੂਕਰਨ ਕਰਨ ਵਿਚ ਵੀ ਉਹਨਾਂ ਦਾ ਵਿਸ਼ੇਸ਼ ਰੋਲ ਰਿਹਾ ਹੈ। ਫਿਰ ਵੀ ਜੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਸ੍ਰ. ਬਾਦਲ ਤੋਂ ਵੱਡਾ ਕੋਈ ਹੋਰ ਸਿੱਖ ਨਜ਼ਰ ਨਹੀਂ ਆਉਂਦਾ ਤਾਂ ਕੌਮ ਜਲਦੀ-ਜਲਦੀ ਇਹ ਫੈਸਲਾ ਕਰੇ ਕਿ 5 ਦਸੰਬਰ ਨੂੰ ਸ੍ਰ. ਬਾਦਲ ਨੂੰ ਦਿੱਤਾ ਜਾ ਰਿਹਾ ਪੰਥ ਰਤਨ ਫਖ਼ਰ-ਏ-ਕੌਮ ਐਵਾਰਡ ਉਹਨਾਂ ਲਈ ਕਿੰਨਾ ਕੁ ਸਾਰਥਿਕ ਹੈ? ਸਾਰੇ ਕੌਮੀ ਆਗੂਆਂ ਵੱਲੋਂ ਜਥੇਦਾਰ ਦੇ ਇਸ ਫੈਸਲੇ ਦਾ ਜਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕੌਮ ਦੇ ਵਿਰੋਧ ਦੇ ਬਾਵਜੂਦ ਵੀ ਜੇ ਜਥੇਦਾਰ ਸਾਹਿਬਾਨ ਸ੍ਰ. ਬਾਦਲ ਨੂੰ ਇਹ ਮਹਾਨ ਐਵਾਰਡ ਨਾਲ ਸਨਮਾਨਿਤ ਕਰਦੇ ਹਨ ਤਾਂ ਇਸ ਤੋਂ ਪਹਿਲਾਂ ਇਸੇ ਐਵਾਰਡ ਨਾਲ ਨਿਵਾਜੇ ਜਾ ਚੁੱਕੇ ਸਿੱਖ ਆਗੂ ਜਾਂ ਸਮੇਂ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਵਿਚ ਨਿਵਾਜੀਆਂ ਜਾਣ ਵਾਲੀਆਂ ਸ਼ਖਸੀਅਤਾਂ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ਅਤੇ ਇਹ ਐਵਾਰਡ ਸਦਾ ਲਈ ਬਦਨਾਮ ਹੋ ਜਾਵੇਗਾ।

ਗੁਰਸੇਵਕ ਸਿੰਘ ਧੌਲਾ
94632-16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top