Share on Facebook

Main News Page

ਫ਼ਖ਼ਰ-ਏ-ਕੌਮ ਨਹੀਂ, ਗੱਦਾਰ-ਏ-ਕੌਮ, ਪੰਥ ਰਤਨ ਨਹੀਂ, ਪੰਥ ਪਤਨ
ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਸਿੱਖੀ ਦੇ ਬ੍ਰਾਹਮਣੀਕਰਨ ਦੀ ਦਿਸ਼ਾ ਵਿਚ ਪੁੱਟਿਆ ਗਿਆ ਇਕ ਸਾਜ਼ਿਸ਼ੀ ਕਦਮ

ਆਖਿਰ ਆਲੋਚਣਾਵਾਂ ਦੇ ਰੌਲੇ-ਰੱਪੇ ਵਿਚ ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਸਮਾਰੋਹ ਵੀ ਹੋ ਗਿਆ। ਜਿਵੇਂ ਖਾਲਸਾ ਵਿਰਾਸਤ ਕੰਪਲੈਕਸ ਵਿਚੋਂ ਅਸਲ ਖਾਲਸਾਈ ਅੰਸ਼ ਦੂਰ ਰੱਖਣ ਦੇ ਇੰਤਜ਼ਾਮ ਕੀਤੇ ਗਏ ਹਨ, ਉਵੇਂ ਹੀ ਇਸ ਸਮਾਰੋਹ ਵਿਚ ਖਾਲਸਾਈ ਪ੍ਰੰਪਰਾਵਾਂ ਦੀ ਥਾਂ ਬ੍ਰਾਹਮਣੀਕਰਨ ਦਾ ਪ੍ਰਗਟਾਵਾ ਸਪਸ਼ਟ ਨਜ਼ਰ ਆਇਆ।

ਇਸ ਸਮਾਰੋਹ ਵਿਚ ਅਸਲ ਪੰਥਕ ਧਿਰਾਂ ਅਤੇ ਸ਼ਖਸੀਅਤਾਂ ਤਾਂ ਪੂਰੀ ਤਰਾਂ ਨਦਾਰਦ ਰਹੀਆਂ, ਪੰਥ ਵਿਰੋਧੀ ਤਾਕਤਾਂ ਦੇ ਨੁਮਾਇੰਦੇ, ਪੁਜਾਰੀ ਸ਼੍ਰੇਣੀ (ਅਖੌਤੀ ਸੰਤ ਬਾਬੇ, ਡੇਰੇਦਾਰ) ਅਤੇ ਭ੍ਰਿਸ਼ਟ ਰਾਜਨੀਤਕਾਂ ਦਾ ਹਜ਼ੂਮ ਹੀ ਛਾਇਆ ਰਹਿਆ। ਇਸ ਸਮਾਰੋਹ ਨੂੰ ਬ੍ਰਾਹਮਣੀ ਰੰਗ ਵਿਚ ਰੰਗਣ ਦੇ ਪੂਰੇ ਇੰਤਜ਼ਾਮ ਪਹਿਲਾਂ ਹੀ ਕਰ ਲਏ ਗਏ ਸਨ। ਸੰਖੇਪ ਵਿਚ ਸਪਸ਼ਟ ਸਾਹਮਣੇ ਆਏ ਕੁਝ ਬ੍ਰਾਹਮਣੀ ਨਜ਼ਾਰੇ ਇਸ ਤਰਾਂ ਹਨ:

  1. ਜਥੇਦਾਰ ਕਹਾਉਂਦੇ ਪੁਜਾਰੀਆਂ ਦੇ ਦਮਗੱਜਿਆਂ ਦੇ ਬਾਵਜੂਦ ਸਮਾਰੋਹ ਵਿਚ ਸ਼ਬਦ ਰਾਗੀਆਂ ਦੀ ਥਾਂ ਅਨਮਤੀਂ ਪੇਸ਼ਾਵਰ ਗਾਇਕਾਂ ਵਲੋਂ ਗਾਇਨ ਕੀਤੇ ਗਏ।

  2. ਸਮਾਰੋਹ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਹੀ ਦਸਮ ਗ੍ਰੰਥ ਦੀ ਦੇਵੀ-ਪੂਜਕ ਰਚਨਾ ਦੇਹ ਸ਼ਿਵਾ ਬਰ ਮੋਹਿ ਇਹ ਦਾ ਗਾਇਨ ਵੀ ਕੀਤਾ ਗਿਆ।

  3. ਗੁਰਬਾਣੀ ਗਾਇਨ ਕਰਨ ਵੇਲੇ ਸਾਰੇ ਬੈਠੇ ਰਹੇ (ਜਿਸ ਵਿਚ ਕੋਈ ਹਰਜ਼ ਨਹੀਂ ਹੈ), ਪਰ ਦੇਹ ਸ਼ਿਵਾ ਬਰ ਮੋਹਿ ਇਹ ਦੇ ਗਾਇਨ ਵੇਲੇ ਖੜੇ ਹੋਕੇ ਸਤਿਕਾਰ ਦਾ ਪ੍ਰਗਟਾਵਾ ਕਰਕੇ ਦਸਮ ਗ੍ਰੰਥ ਦੀ ਕੱਚੀ ਰਚਨਾਵਾਂ ਦੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਮੁਕਾਬਲੇ ਵੱਧ ਮਾਨਤਾ ਦਰਸਾਉਣ ਦਾ ਕੁਕਰਮ ਕੀਤਾ ਗਿਆ।

  4. ਵਿਵਾਦਾਂ ਵਿਚ ਘਿਰੇ ਰਹੇ ਬ੍ਰਾਹਮਣੀ ਡੇਰੇਦਾਰ ਆਸਾ ਰਾਮ ਵਲੋਂ ਸ਼ਰੇਆਮ ਸਟੇਜ ਤੋਂ ਗੁਰਬਾਣੀ ਦੇ ਹਵਾਲੇ ਨੂੰ ਗਲਤ ਤਰੀਕੇ ਵਰਤ ਕੇ ਸ਼੍ਰੋਤਿਆਂ ਨੂੰ ਗੁੰਮਰਾਹ ਕਰਦੇ ਹੋਏ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ। ਉਸ ਨੇ ਪੰਜਾਬ ਵਿਚ ਚਲ ਰਹੀ ਨਸ਼ੀਲੀ ਹਨੇਰੀ ਨੂੰ ਨਾਮ ਖੁਮਾਰੀ ਨਾਲ ਜੋੜ ਕੇ ਸਿੱਖਾਂ ਦਾ ਮੌਜੂ ਵੀ ਉਡਾਇਆ।

  5. ਇਕ ਹੋਰ ਬ੍ਰਾਹਮਣੀ ਡੇਰੇਦਾਰ ਰਵੀ ਸ਼ੰਕਰ, ਜੋ ਪਹਿਲਾਂ ਵੀ ਇਕ ਸਮਾਰੋਹ ਵਿਚ, ਗੁਰਬਾਣੀ ਨੂੰ ਵੇਦਾਂ ਦਾ ਤਰਜ਼ਮਾ ਐਲਾਣ ਕੇ ਗਿਆ ਸੀ, ਵੀ ਸਟੇਜ ਤੇ ਸ਼ੁਸ਼ੋਬਿਤ ਸੀ।

  6. ਇਕ ਮੁਸਲਿਮ ਵਿਦਵਾਨ ਇਹ ਝੂਠ ਵੀ ਸਟੇਜ ਤੋਂ ਬੋਲ ਗਿਆ ਕਿ ਬਾਬਾ ਨਾਨਕ ਜੀ ਮੱਕੇ ਹੱਜ ਕਰਨ ਗਏ ਸਨ। ਜਦਕਿ ਸੱਚਾਈ ਇਹ ਹੈ ਬਾਬਾ ਨਾਨਕ ਨਾ ਤਾਂ ਹੱਜ ਕਰਨ ਮੱਕੇ ਗਏ ਸਨ ਅਤੇ ਨਾ ਹੀ ਤੀਰਥ ਯਾਤਰਾ ਕਰਨ ਹਿੰਦੂ ਤੀਰਥਾਂ ਤੇ। ਉਹ ਜਿਥੇ ਵੀ ਗਏ ਲੋਕਾਈ ਤੱਕ ਸੱਚ ਦਾ ਸੁਨੇਹਾ ਪਹੁੰਚਾਉਣ ਗਏ।

ਇਸ ਸਮਾਰੋਹ ਦੇ ਸੂਤਰਦਾਰ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ। ਪੰਜਾਬ ਵਿਧਾਨ ਸਭਾ ਚੌਣਾਂ ਸਿਰ ਤੇ ਹਨ। ਅਕਾਲੀ ਸਰਕਾਰ ਦੇ ਕਾਰਜਾਂ ਤੋਂ ਸਾਰੇ ਵਰਗ ਨਰਾਜ਼ ਹਨ। ਪੰਜਾਬ ਵਿਚ ਥਾਂ ਥਾਂ ਲਾਠੀਚਾਰਜ ਤਾਂ ਰੋਜ਼ ਦੀ ਗੱਲ ਹੋ ਗਏ ਹਨ। ਐਸੇ ਵਿਚ ਨਰਾਜ਼ ਜਨਤਾ ਦਾ ਧਿਆਨ ਹੋਰ ਪਾਸੇ ਲਾਉਣ ਲਈ ਐਸੇ ਕਿਸੇ ਸ਼ੋਸ਼ੇ ਦੀ ਲੋੜ ਸੀ। ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਸਮਾਰੋਹ ਇਕ ਚੌਣ ਸ਼ੋਸ਼ੇ ਵਜੋਂ ਵਰਤਿਆ ਗਿਆ। ਪਰ ਅਪਣੇ ਪੰਥ ਵਿਚੋਧੀ ਆਕਾਵਾਂ ਦਾ ਹੁਕਮ ਮੰਨ ਕੇ ਇਹ ਵੀ ਪੂਰਾ ਖਿਆਲ ਰੱਖਿਆ ਗਿਆ ਕਿ ਇਸ ਸਮਾਰੋਹ ਵਿਚੋਂ ਖਾਲਸਾਈ ਵਿਰਾਸਤ ਦੀ ਥਾਂ ਬ੍ਰਾਹਮਣੀ ਪ੍ਰਭਾਵ ਦੀ ਝਲਕ ਦਿਖਾਈ ਦੇਵੇ। ਇਸ ਤਰਾਂ ਇਕ ਤੀਰ ਨਾਲ ਕਈਂ ਨਿਸ਼ਾਨੇ ਫੁੰਡਣ ਦੀ ਖੇਡ ਖੇਡੀ ਗਈ ਹੈ।

ਇਸ ਸਮਾਰੋਹ ਵਿਚ ਅਨਮਤੀਂ ਡੇਰੇਦਾਰਾਂ ਨੇ ਤਾਂ ਬ੍ਰਾਹਮਣੀ ਰੰਗ ਵਿਖਾਇਆ ਹੀ, ਸਾਡੇ ਕੌਮ ਵਿਚਲੇ ਪੁਜਾਰੀਆਂ (ਜਥੇਦਾਰਾਂ) ਨੇ ਵੀ ਇਹ ਦਰਸਾ ਦਿਤਾ ਕਿ ਉਹ ਇਤਿਹਾਸ ਵਿਚਲੇ ਉਹਨਾਂ ਪੁਜਾਰੀਆਂ ਦੇ ਹੀ ਵਿਵਹਾਰਿਕ ਵੰਸ਼ਜ਼ ਹਨ ਜੋ ਰਾਜੇ (ਹਾਕਮ) ਨੂੰ ਰੱਬ ਜਾਂ ਰੱਬ ਦਾ ਦੂਤ ਦੱਸਦੀ ਚਾਪਲੂਸੀ ਕਰਕੇ ਲੋਕਾਈ ਨੂੰ ਗੁੰਮਰਾਹ ਕਰਦੇ ਰਹੇ। ਕੋੰਮ ਵਿਚ ਇਹਨਾਂ ਪੁਜਾਰੀਆਂ ਦੇ ਸਿਰਦਾਰ (ਮੁੱਖ ਪੁਜਾਰੀ) ਗੁਰਬਚਨ ਸਿੰਘ ਨੇ 5 ਦਿਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ-ਏ-ਕੌਮ ਪੰਥ ਰਤਨ ਦਾ ਖਿਤਾਬ ਦੇਣ ਦਾ ਐਲਾਣ ਕਰ ਕੇ ਅਰੂੜ ਸਿੰਘ (ਜਿਸਨੇ ਜਰਨਲ ਉਡਵਾਇਰ ਨੂੰ ਸਿਰੋਪਾ ਦਿਤਾ ਸੀ) ਦੀ ਯਾਦ ਤਾਜ਼ਾ ਕਰਵਾ ਦਿਤੀ। ਇਸਨੇ ਅਪਣੇ ਇਸ ਸੰਬੋਧਨ ਵਿਚ ਚਾਪਲੂਸੀ ਦੇ ਰਿਕਾਰਡ ਤੋੜਦੇ ਹੋਏ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵਾਂਗੂ ਬਾਦਲ ਸਾਹਿਬ ਦੀ ਵੀ ਪੰਥ ਨੂੰ ਮਹਾਨ ਦੇਣ ਹੈ। ਇਹਨਾਂ ਪੁਜਾਰੀਆਂ ਸਦਕਾ ਪੰਥ ਅਤੇ ਗੁਰਮਤਿ ਦੀਆਂ ਜੜਾਂ ਪੁੱਟਣ ਵਾਲੇ ਪੰਥ ਰਤਨ, ਗੁਰਮਤਿ ਮਾਰਤੰਡ ਬਣਦੇ ਹੀ ਰਹੇ ਹਨ ਅਤੇ ਬਣਦੇ ਹੀ ਰਹਿਣਗੇ।

ਪੁਜਾਰੀ ਗੁਰਬਚਨ ਸਿੰਘ ਦੀ ਗੱਲ ਵਿਚ ਅੰਸ਼ਕ ਮਾਤਰ ਇਹ ਸੱਚਾਈ ਤਾਂ ਜ਼ਰੂਰ ਹੈ ਕਿ ਬਾਦਲ ਜੀ ਦੀ ਫਿਤਰਤ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਮਿਲਦੀ ਹੈ, ਪਰ ਇਹ ਗੱਲ ਸਰਾਸਰ ਕੂੜ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਬਾਦਲ ਜੀ ਦੀ ਪੰਥ ਨੂੰ ਕੋਈ ਦੇਣ ਹੈ। ਦੋਹਾਂ ਦੇ ਕਿਰਦਾਰ ਦੀ ਨਿਰਪੱਖ ਅਤੇ ਸੁਹਿਰਦ ਪੜਚੋਲ ਕਰਨ ਵਾਲੇ ਚੰਗੀ ਤਰਾਂ ਜਾਣਦੇ ਹਨ ਕਿ ਦੋਹਾਂ ਨੇ ਪੰਥ ਨਾਲ ਰੱਜ ਕੇ ਧ੍ਰੋਹ ਕਮਾਇਆ ਹੈ ਅਤੇ ਪੰਥ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਕਰਨ ਲਈ ਕਾਰਜਰਤ ਤਾਕਤਾਂ ਦੇ ਮੋਹਰੇ ਵਜੋਂ ਕੰਮ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਪੁੱਤਰ ਮੋਹ ਅਤੇ ਹੋਰ ਇਖਲਾਕੀ ਕਮਜ਼ੋਰੀਆਂ ਕਾਰਨ ਖਾਲਸੇ ਨੂੰ ਅਪਣੇ ਤੋਂ ਦੂਰ ਕਰਦੇ ਹੋਏ ਖਾਲਸਾਈ ਪਰੰਪਰਾਵਾਂ ਦਾ ਤਿਆਗ ਕਰ ਦਿਤਾ। ਉਸਨੇ ਅਪਣੇ ਰਾਜ ਦਰਬਾਰ ਵਿਚ ਬ੍ਰਾਹਮਣੀ ਮਾਹੌਲ ਨੂੰ ਵੱਧਣ ਫੁਲਣ ਤੋਂ ਨਹੀਂ ਰੋਕਿਆ। ਉਸ ਦੀ ਇਸ ਕਮਜ਼ੋਰੀ ਦੇ ਪ੍ਰਭਾਵ ਕਾਰਨ ਸਿੱਖ ਸਮਾਜ ਤੇ ਵੀ ਬ੍ਰਾਹਮਣੀ ਕਰਮਕਾਂਡ ਭਾਰੂ ਹੋ ਗਏ। ਉਸ ਦੀ ਇਹ ਪਹੁੰਚ ਹੀ ਸਿੱਖ ਰਾਜ ਦੇ ਖਾਤਮੇ ਦਾ ਕਾਰਨ ਬਣੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਸਿਧਾਂਤਾਂ ਦਾ ਜੋ ਘਾਣ ਹੋਇਆ ਉਸ ਦੀ ਭਰਪਾਈ ਸ਼ਾਇਦ ਹੀ ਕਦੀ ਹੋ ਪਾਵੇ। ਪਰ ਬਹੁਤੇ ਇਤਿਹਾਸਕਾਰ ਰਣਜੀਤ ਸਿੰਘ ਦੀ ਸੱਚਾਈ ਬਿਆਨ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ ਜਾਂ ਬਿਨਾ ਪੜਚੋਲ ਕੀਤੇ ਲਕੀਰ ਦੇ ਫਕੀਰ ਬਣੇ ਰਹੇ।

ਇਸੇ ਤਰਾਂ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਅਤੇ ਹੋਰ ਨਿੱਜੀ ਕਮਜ਼ੋਰੀਆਂ/ਸਵਾਰਥਾਂ ਕਾਰਨ ਪੰਥ ਨਾਲ ਜੋ ਧ੍ਰੋਹ ਕਮਾਇਆ ਹੈ, ਉਸ ਬਾਰੇ ਕੌਮ ਦਾ ਹਰ ਸੁਚੇਤ ਸ਼ਖਸ ਭਲੀ  ਭਾਂਤ ਜਾਣਦਾ ਹੈ। ਇਸ ਨੇ ਸਿੱਖਾਂ ਦੀ ਰਾਜਨੀਤਕ ਤਾਕਤ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਮਰਜੀਵੜਿਆਂ ਦੀ ਥਾਂ ਘਸਆਰਿਆਂ ਦੀ ਪਾਰਟੀ ਬਣਾ ਦਿਤਾ ਹੈ। ਇਸ ਦੇ ਮੈਂਬਰ ਹੁਣ ਸੱਚ ਦਾ ਹੋਕਾ ਭਰਨ ਦੀ ਥਾਂ ਹੱਥ ਖੜੇ ਕਰਕੇ ਜਾਂ ਜੈਕਾਰੇ ਛੱਡ ਕੇ ਹਰ ਅਧਿਕਾਰ ਬਾਦਲ ਨੂੰ ਦੇਣ ਦਾ ਐਲਾਣ ਕਰਨ ਵਾਲੇ ਤੋਤੇ ਬਣ ਕੇ ਰਹਿ ਗਏ ਹਨ। ਵੈਸੇ ਕਹਿਣ ਨੂੰ ਇਸ ਵੇਲੇ ਬਾਦਲ ਅਕਾਲੀ ਦਲ ਇਕ ਪੰਜਾਬੀ ਪਾਰਟੀ ਹੈ ਪਰ ਪੰਜਾਬ ਦੇ ਕਿਸੇ ਮੰਗ ਨੂੰ ਉਠਾਉਣ ਦੀ ਗੱਲ ਸ਼ਾਇਦ ਇਸਨੇ ਅਪਣੇ ਏਜੰਡੇ ਵਿਚੋਂ ਕੱਡ ਦਿਤੀ ਹੈ। ਇਸ ਦਲ ਨੇ ਪੰਥ ਵਿਰੋਧੀ ਤਾਕਤਾਂ ਦੇ ਰਾਜਨੀਤਕ ਵਿੰਗ (ਬੀ ਜੇ ਪੀ) ਨਾਲ ਨਹੂੰ-ਮਾਸ ਦਾ ਰਿਸ਼ਤਾ ਬਣਾ ਲਿਆ ਹੈ। ਇਸਨੇ ਪੰਥ ਲਈ ਕੁਰਬਾਣੀ ਕਰਨ ਵਾਲੇ ਵਰਗਾਂ ਨੂੰ ਤਾਂ ਵਿਸਾਰ ਦਿਤਾ, ਪਰ ਪੰਥ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਨੂੰ ਉਚ ਅਹੁਦੇ ਅਤੇ ਚੌਣਾਂ ਵਿਚ ਉਮੀਦਵਾਰੀ ਦੇ ਕੇ ਨਿਵਾਜ਼ਿਆ ਹੈ। ਪੰਜਾਬ ਵਿਚ ਡੇਰੇਵਾਦ ਦਾ ਜਾਲ ਫੈਲਾਉਣ ਵਿਚ ਵੀ ਇਸ ਦੀਆਂ ਨੀਤੀਆਂ ਬਹੁਤ ਹੱਦ ਤੱਕ ਜਿੰਮੇਵਾਰ ਹਨ। ਖਾਲਸਾ ਵਿਰਾਸਤ ਕੰਪਲੈਕਸ ਅਤੇ ਇਸ ਦੇ ਉਦਘਾਟਨੀ ਸਮਾਰੋਹ ਦਾ ਬ੍ਰਾਹਮਣੀਕਰਨ ਵੀ ਇਸ ਦੇ ਪੰਥ ਘਾਤੀ ਕੰਮਾਂ ਦੀ ਲੜੀ ਦਾ ਇਕ ਹੋਰ ਮਨਕਾ ਹੈ।

ਐਸੇ ਪੰਥਘਾਤੀ ਮਾਹੌਲ ਵਿਚ ਇਹਨਾਂ ਭ੍ਰਿਸ਼ਟ ਹਾਕਮਾਂ ਦੇ ਗੁਲਾਮ ਪੁਜਾਰੀ ਵੀ ਕੌਮ ਨੂੰ ਮੁੰਹ ਚਿੜਾਉਣ ਦਾ ਕੋਈ ਮੌਕਾ ਨਹੀਂ ਛੱਡਦੇ।  ਕੁਝ ਐਸਾ ਹੀ ਕੁਕਰਮ ਗੁਰਬਚਨ ਸਿੰਘ ਨੇ ਬਾਦਲ ਨੂੰ ਫ਼ਖ਼ਰ-ਏ-ਕੌਮ ਪੰਥ ਰਤਨ ਦਾ ਖਿਤਾਬ ਦੇਣ ਦਾ ਐਲਾਨ ਕਰ ਕੇ ਦਿਤਾ ਹੈ।5 ਦਿਸੰਬਰ ਨੂੰ ਸਾਜ਼ਿਸ਼ਾਂ ਨਾਲ ਬਣੀ ਨਵੀਂ ਸ਼੍ਰੋਮਣੀ ਕਮੇਟੀ ਦਾ ਪਹਿਲਾਂ ਇਜਲਾਸ ਹੈ। ਇਸੇ ਸਮਾਗਮ ਵਿਚ ਬਾਦਲ ਜੀ ਨੂੰ ਇਹ ਖਿਤਾਬ ਦਿਤੇ ਜਾਣ ਦੀ ਸੰਭਾਵਣਾ ਹੈ। ਇਹਨਾਂ ਪੁਜਾਰੀਆਂ ਦੇ ਪੂਰਵਜਾਂ ਨੇ ਹੀ ਜਨਰਲ ਉਡਵਾਇਰ ਨੂੰ ਸਿਰੋਪਾ ਦਿਤਾ ਸੀ ਅਤੇ ਗੁਰਚਰਨ ਸਿੰਘ ਟੋਹੜਾ ਨੂੰ ਪੰਥ ਰਤਨ ਦਾ ਖਿਤਾਬ ਦਿਤਾ ਸੀ।

ਸੁਚੇਤ ਪੰਥ ਨੂੰ ਕੀ ਕਰਨਾ ਚਾਹੀਦਾ ਹੈ

ਇਹਨਾਂ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਆਂ ਦਾ ਗਠਜੋੜ ਕੌਮ ਦੇ ਕੇਂਦਰ ਤੇ ਪੂਰੀ ਤਰਾਂ ਕਾਬਜ਼ ਹੈ ਸੋ ਇਹਨਾਂ ਪੁਜਾਰੀਆਂ ਨੂੰ ਇਸ ਕੁਕਰਮ (ਬਾਦਲ ਨੂੰ ਖਿਤਾਬ ਦੇਣ ਦਾ) ਕਰਨ ਤੋਂ ਰੋਕਣਾ ਬਹੁਤ ਮੁਸ਼ਕਿਲ ਲਗਦਾ ਹੈ, ਕਿਉਂਕਿ ਕੌਮ ਦਾ ਵੱਡਾ ਹਿੱਸਾ ਅਵੇਸਲੇਪਨ ਦੀ ਘੂਕ ਨੀਂਦ ਵਿਚ ਸੁੱਤਾ ਪਿਆ ਹੈ। ਪਰ ਸੁਚੇਤ ਪੰਥਕ ਧਿਰਾਂ ਨੂੰ ਬਾਦਲ ਵਿਰੋਧੀ ਧਿਰਾਂ ਦੇ ਸਹਿਯੋਗ ਨਾਲ ਪੰਜਾਬ ਤੋਂ ਬਾਹਰ (ਖਾਸਕਾਰ ਦਿੱਲੀ ਵਿਚ) ਉਸੇ ਦਿਨ ਅਤੇ ਸਮੇਂ ਤੇ ਇਕ ਪ੍ਰਭਾਵਸ਼ਾਲੀ ਸਮਾਗਮ ਰੱਖਣਾ ਚਾਹੀਦਾ ਹੈ। ਇਸ ਸਮਾਗਮ ਦਾ ਮੋਟੋ ਵਾਕ ਹਾਕਮ-ਪੁਜਾਰੀ ਗਠਜੋੜ ਭਜਾਉ, ਪੰਥ ਬਚਾਉ ਹੋ ਸਕਦਾ ਹੈ। ਇਸ ਸਮਾਗਮ ਵਿਚ ਪੰਥ ਨੂੰ ਇਸ ਨਾਪਾਕ ਗਠਜੋੜ ਦੇ ਚੰਗੁਲ ਤੋਂ ਛੁਡਾਉਣ ਲਈ ਸੁਹਿਰਦ ਵਿਚਾਰਾਂ ਉਪਰੰਤ ਇਕ ਪ੍ਰੋਗਰਾਮ ਦੇਣਾ ਚਾਹੀਦਾ ਹੈ। ਜੇ ਪੁਜਾਰੀ ਇਸ ਦਿਨ ਬਾਦਲ ਨੂੰ ਇਹ ਖਿਤਾਬ ਦੇਣ ਦੇ ਅਪਣੇ ਕੂੜ ਫੈਸਲੇ ਤੇ ਬਜ਼ਿਦ ਰਹਿੰਦੇ ਹਨ ਤਾਂ ਸੁਚੇਤ ਪੰਥ ਨੂੰ ਅਪਣੇ ਇਸ ਸਮਾਗਮ ਵਿਚ ਬਾਦਲ ਨੂੰ ਗੱਦਾਰ-ਏ-ਕੌਮ ਪੰਥ ਪਤਨ ਦੇ ਕਲੰਕ ਨਾਲ ਨਿਵਾਜਣਾ ਚਾਹੀਦਾ ਹੈ। ਇਸ ਸਮਾਗਮ ਦੀ ਮੀਡੀਆ ਰਾਹੀਂ ਕਵਰੇਜ਼ ਦੇ ਵੀ ਸਾਰੇ ਅਗਾਉਂ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਇਸ ਮੌਕੇ ਇਹ ਵੀ ਵੇਖਣਾ ਦਿਲਚਸਪ ਹੋਵੇਗਾ  ਕਿ ਇਸ ਕੁਕਰਮ ਦਾ ਵਿਰੋਧ ਕਰਕੇ ਅਪਣੇ ਜ਼ਮੀਰ ਦੇ ਜ਼ਿੰਦਾ ਹੋਣ ਦੀ ਗਵਾਹੀ ਦੇਂਣ ਵਾਲਾ ਕੋਈ ਸ਼ਖਸ ਅਕਾਲੀ ਦਲ ਜਾਂ ਸ਼੍ਰੋਮਣੀ  ਕਮੇਟੀ ਵਿਚ ਹੈ ਜਾਂ ਸਾਰੇ ਦੇ ਸਾਰੇ ਘੂਗੂਆਂ ਵਾਂਗ ਹੱਥ ਖੜੇ ਕਰਕੇ ਜੈਕਾਰੇ ਹੀ ਛੱਡਣਗੇ। ਹੁਣ ਵੇਖਣਾ ਹੈ ਕਿ ਇਸ ਗੰਭੀਰ ਸਮੇਂ ਵਿਚ, ਸੁਚੇਤ ਪੰਥ ਯੋਗ ਕਦਮ ਚੁੱਕ ਕੇ ਕੌਮ ਨੂੰ ਨੀਂਵਾਂ ਦਿਖਾਉਣ ਲਈ ਹਾਕਮ-ਪੁਜਾਰੀ ਗਠਜੋੜ ਵਲੋਂ ਰਚੇ ਜਾ ਰਹੇ ਇਸ ਨਵੇਂ ਨਾਟਕ ਨੂੰ ਬੇਅਸਰ ਕਰ ਦੇਵੇਗਾ ਜਾਂ ਫੇਰ ਪੁਜਾਰੀਆਂ ਨੂੰ ਜਥੇਦਾਰ ਮੰਨ ਕੇ ਉਹਨਾਂ ਸਾਹਮਣੇ ਬੇਨਤੀਆਂ ਕਰਦੇ ਹੋਏ ਗਿੜਗਿੜਾਏਗਾ?

ਨਿਸ਼ਕਾਮ ਨਿਮਰਤਾ ਸਹਿਤ 
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top