Share on Facebook

Main News Page

ਬਾਦਲ ਲਈ ਸੱਚਾ ਤੇ ਸਹੀ ਖਿਤਾਬ ਇਹੀ ਹੈ ਕਿ ਸਿੱਖ, ਬਾਦਲ ਨੂੰ ਪੰਥ ਦੁਸ਼ਮਣ ਗੱਦਾਰ-ਏ-ਕੌਮ ਦਾ ਖਿਤਾਬ ਦੇਣ ਅਤੇ ਭਾਜਪਾ (ਆਰ.ਐਸ.ਐਸ.), ਬਾਦਲ ਨੂੰ ਹਿੰਦੂ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕਰੇ

ਮਿਤੀ 25-11-2011 ਨੂੰ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਐਲਾਨ ਕੀਤਾ ਕਿ 5 ਦਸੰਬਰ 2011 ਨੂੰ ਪਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਦਲ ਦੇ ਨੌਕਰ ਗੁਰਬਚਨੇ ਦਾ ਇਹ ਬਿਆਨ ਪੜ੍ਹ ਕੇ ਇੱਕ ਵਾਰ ਤਾਂ ਹੈਰਾਨੀ ਹੋਈ ਕਿ ਅਜਿਹਾ ਖਿਤਾਬ ਤਾਂ ਮੈਂ ਅੱਜ ਤੱਕ ਕਿਸੇ ਵੀ ਗੁਰਸਿੱਖ ਨੂੰ ਮਿਲਿਆ ਨਹੀਂ ਸੁਣਿਆ। ਸਿੱਖ ਕੌਮ ਲਈ ਆਪਾ ਵਾਰਨ ਵਾਲੇ ਗੁਰਸਿੱਖਾਂ ਦੀ ਗਿਣਤੀ ਕਰਨੀ ਤਾਂ ਸੰਭਵ ਨਹੀਂ ਹੈ।

ਪਰ ਜੇ ਉਦਹਾਰਣ ਮਾਤਰ ਜਿਕਰ ਕਰਨ ਲਈ ਕੁੱਝ ਸਿੰਘਾਂ ਦੇ ਨਾਮ ਲਿਖੀਏ ਜਿਵੇਂ ਕਿ ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਗਿਆਨੀ ਦਿੱਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਗਤਾਰ ਸਿੰਘ ਹਵਾਰਾ ਆਦਿ ਜੋ ਸੱਚ ਮੁੱਚ ਪੰਥ ਰਤਨ ਅਤੇ ਫਖਰ-ਏ-ਕੌਮ ਸਨ ਨੂੰ ਤਾਂ ਕਦੇ ਅਜਿਹਾ ਖਿਤਾਬ ਮਿਲਿਆ ਸੁਣਿਆ ਨਹੀਂ। ਫਿਰ ਪਰਕਾਸ਼ ਸਿੰਘ ਬਾਦਲ ਨੇ ਪੰਥ ਦੀ ਅਜਿਹੀ ਕਿਹੜੀ ਸੇਵਾ ਕਰ ਦਿੱਤੀ ਜਿਸ ਸਦਕਾ ਉਸਨੂੰ ਇਹ ਖਿਤਾਬ ਦਿੱਤਾ ਜਾ ਰਿਹਾ ਹੈ। ਪਰ ਇਹ ਹੈਰਾਨੀ ਕੁੱਝ ਹੀ ਮਿੰਟਾਂ ਵਿੱਚ ਖਤਮ ਹੋ ਗਈ ਤੇ ਖਿਤਾਬ ਦੀ ਅਸਲੀਅਤ ਵੀ ਸਮਝ ਆ ਗਈ ਕਿ ਇਹ ਖਿਤਾਬ ਕੌਣ ਦੇ ਰਿਹਾ ਹੈ? ਸਿੱਖ ਨਹੀਂ ਆਰ.ਐਸ.ਐਸ.ਦੇ ਰਹੀ ਹੈ। ਫਿਰ ਬਾਦਲ ਦੇ ਨੌਕਰ ਗੁਰਬਚਨ ਦਾ ਇਹ ਬਿਆਨ ਬਿਲਕੁਲ ਠੀਕ ਲੱਗਿ। ਬਾਦਲ ਵਾਕਈ ਹਿੰਦੂ ਪੰਥ ਰਤਨ ਤੇ ਫਖਰ-ਏ-ਕੌਮ ਹੈ। ਅਸੀਂ ਹੀ ਬਾਦਲ ਨੂੰ ਗਲਤ ਸਮਝ ਰਹੇ ਸੀ, ਇਸੇ ਕਾਰਨ ਬਾਦਲ ਦੇ ਨੌਕਰ ਦਾ ਇਹ ਬਿਆਨ ਠੀਕ ਨਹੀਂ ਸੀ ਲੱਗਿਆ ਕਿਉਂਕਿ ਅਸੀਂ ਅਜੇ ਵੀ ਬਾਦਲ ਨੂੰ ਅਤੇ ਉਸ ਦੇ ਨੌਕਰਾਂ ਨੂੰ ਸਿੱਖਾਂ ਨਾਲ ਜੋੜ ਕੇ ਵੇਖਣ ਦੀ ਗਲਤੀ ਕਰ ਲੈਂਦੇ ਹਾਂ।

ਅਸਲ ਵਿੱਚ ਜਿੱਥੇ ਬਾਦਲ ਸਿੱਖ ਕੌਮ ਦਾ ਗੱਦਾਰ ਦੁਸ਼ਮਣ ਹੈ, ਉੱਥੇ ਸਿੱਖ ਵਿਰੋਧੀ ਲਾਬੀ ਆਰ.ਐਸ.ਐਸ. (ਹਿੰਦੂ ਪੰਥ) ਲਈ ਬਾਦਲ ਦੀ ਕੁਰਬਾਨੀ ਸਭ ਤੋਂ ਉੱਪਰ ਹੈ, ਜਿੰਨਾ ਲੰਮਾ ਸਮਾਂ ਲਗਾਤਾਰ ਬਾਦਲ ਹਿੰਦੂ ਕੌਮ ਲਈ ਸਿੱਖ ਕੌਮ ਦੇ ਵਿਰੁੱਧ ਲੜਿਆ ਹੈ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਾਪੀ ਚੰਦੂ, ਸੁੱਚਾ ਨੰਦ, ਪਹਾੜੀ ਰਾਜੇ, ਗੰਗੂ, ਡੋਗਰੇ ਆਦਿ ਅੱਜ ਤੱਕ ਸਿੱਖਾਂ ਦੇ ਜਿੰਨੇ ਵੀ ਦੁਸ਼ਮਣ ਹੋਏ ਹਨ ਉਹ ਬਾਦਲ ਦੇ ਮੁਕਾਬਲੇ ਸਿੱਖੀ ਦਾ ਨਾਸ਼ ਨਹੀਂ ਕਰ ਸਕੇ। ਫਿਰ ਭਾਜਪਾ (ਆਰ.ਐਸ.ਐਸ.) ਵੱਲੋਂ ਬਾਦਲ ਨੂੰ ਅਜਿਹਾ ਖਿਤਾਬ ਤਾਂ ਦੇਣਾ ਹੀ ਚਾਹੀਦਾ ਸੀ ।ਪਰ ਉਹ ਗੁਰਬਚਨ ਸਿੰਘ ਤੋਂ ਗਲਤੀ ਨਾਲ ਇਹ ਖਿਤਾਬ ਸਿੱਖਾਂ ਵੱਲੋਂ ਦੇਣ ਦਾ ਐਲਾਨ ਕਰਵਾ ਗਏ ।

ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਪੰਥ ਨਾਲ ਕੀਤੀਆਂ ਗੱਦਾਰੀਆਂ ਅਤੇ ਹਿੰਦੂ ਕੌਮ ਲਈ ਘਾਲੀਆਂ ਘਾਲਣਾ ਦੀ ਜਿੰਨੀ ਕੁ ਜਾਣਕਾਰੀ ਮੈਨੂੰ ਅਖਬਾਰਾਂ, ਰਸਾਲਿਆਂ ਵਿੱਚੋਂ ਪ੍ਰਾਪਤ ਹੋਈ ਹੈ ਉਸ ਮੁਤਾਬਿਕ ਬਾਦਲ ਜਿੱਥੇ ਸਿੱਖ ਕੌਮ ਲਈ ਚੋਟੀ ਦਾ ਗੱਦਾਰ ਦੁਸ਼ਮਣ ਹੈ ਉੱਥੇ ਹਿੰਦੂਆਂ ਲਈ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਦਾ ਹੱਕਦਾਰ ਵੀ ਹੈ। ਬਾਦਲ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਕੁੱਝ ਕੁ ਗੱਦਾਰੀਆਂ ਅਤੇ ਹਿੰਦੂ ਕੌਮ ਲਈ ਕੀਤੀਆਂ ਕੁੱਝ ਕੁ ਵਫਾਦਾਰੀਆਂ ਜੋ ਮੇਰੇ ਪੜ੍ਹਣ ਸੁਣਨ ਵਿੱਚ ਆਈਆਂ ਹਨ ਉਨ੍ਹਾਂ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ ।

 1. ਪਹਿਲੀ ਵਾਰ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ।

 2. ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਪਿਆਸੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ।

 3. ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ।

 4. ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਬੱਗੂਵਾਲੇ ਦੇ ਭਾਈ ਸ਼ਮਿੰਦਰ ਸਿੰਘ ਸ਼ੇਰੇ ਨੂੰ ਸਿੱਖ ਹੋਣ ਤੇ ਹੀ ਬਾਦਲ ਦੀ ਪੁਲਿਸ ਨੇ 17-1-2011 ਨੂੰ ਇੰਨਾ ਕੁੱਟਿਆ ਕਿ ਉਸਦੀ 25-1-2011 ਨੂੰ ਪੀ.ਜੀ.ਆਈ. (ਚੰਡੀਗੜ੍ਹ) ਵਿਖੇ ਮੌਤ ਹੋ ਗਈ । ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ।

 5. ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ।

 6. ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਇਸੇ ਲਈ 1997 ਵਿੱਚ ਸਰਕਾਰ ਬਣਨ ਤੇ ਬਾਦਲ ਨੇ ਰਮੇਸ਼ਇੰਦਰ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ।

 7. ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ।

 8. ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ।

 9. ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ।

 10. ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾਕੇ ਜਥੇਦਾਰ ਨੂੰ ਧਮਕਾਇਆ। ਬਾਦਲ ਦੇ ਗੁੰਡਿਆਂ ਨੇ ਜਥੇਦਾਰ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ।

 11. ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ, ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ।

 12. ਜਥੇਦਾਰਾਂ ਉੱਪਰ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਬਾਦਲ ਦੇ ਗੁਲਾਮ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਨੂੰ 22 ਫਰਵਰੀ 2003 ਨੂੰ ਮੰਗ ਪੱਤਰ ਦੇਣ ਗਏ ਖਾਲਸਾ ਪੰਚਾਇਤ ਦੇ ਆਗੂਆਂ ਨੂੰ ਸ਼੍ਰੋ:ਗੁ:ਪ੍ਰ:ਕਮੇਟੀ ਦੀ ਟਾਸਕ ਨੇ ਫੋਰਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ।

 13. ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸ ਰੋਸ ਮਾਰਚ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸ਼੍ਰੋਮਣੀ ਤੱਤ ਖਾਲਸਾ ਜਥੇਬੰਦੀ ਦੇ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ ਅਤੇ ਡੇਰੇ ਬਣਾਉਣ ਲਈ ਉਸਨੂੰ ਜਮੀਨ ਵੀ ਲੈ ਕੇ ਦਿੱਤੀ ਹੈ ।

 14. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ।

 15. ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ ਅਤੇ ਮਾਤਾ ਦੀਆਂ ਭੇਟਾਂ ਗਾਉਂਦੀ ਹੈ।

 16. ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ।

 17. ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ।

 18. ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ।

 19. ਸ਼੍ਰੋ:ਗੁ:ਪ੍ਰ:ਕਮੇਟੀ ਤੇ ਲੰਮੇ ਸਮੇਂ ਤੋਂ ਕਾਬਜ ਚੱਲੇ ਆ ਰਹੇ ਗੱਦਾਰ ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ ਤੇ ਸਿੱਖੀ ਜਜਬੇ ਨੂੰ 99 ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਮੁੜ ਆਰ.ਐਸ.ਐਸ.(ਬੀ.ਜੇ.ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ।

 20. ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ। ਮਾਲਵੇ ਦੇ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਮੈਨੂੰ ਇੱਕ ਦੋਸਤ ਨੇ ਦੱਸੀ ਕਿ ਉਸ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਕਿਉਂਕਿ ਮੁੰਡਾ ਨਸ਼ੇੜੀ ਤੇ ਬੇਕਾਰਾ ਹੈ ਅਤੇ ਠੱਗੀਆਂ ਚੋਰੀਆਂ ਨਾਲ ਨਸ਼ੇ ਦੀ ਪੂਰਤੀ ਕਰਦਾ ਹੈ, ਮੁੰਡੇ ਦੀ ਭੈਣ ਵੀ ਜੁਆਨ ਹੈ ਉਸਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿਉਂਕਿ ਉਸਦਾ ਭਰਾ ਨਸ਼ੇੜੀ ਤੇ ਠੱਗ ਚੋਰ ਹੈ।

 21. ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜਾਂ ਦੇ ਦੰਦ ਖੱਟੇ ਕਰਦਾ ਹੁੰਦਾ ਸੀ, ਹੁਣ ਇਹ ਹਾਲਤ ਹੈ ਉਸ ਪੰਜਾਬ ਦੀ । ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ।

 22. ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ।

 23. ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ । ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ।

 24. ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ ਚਰਿਤ੍ਰਾਂ ਬਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਨੇ ਅਖੌਤੀ ਪੰਥ ਵਿੱਚੋਂ ਛਿਕਵਾਇਆ।

 25. ਅਕਾਲ ਤਖਤ ਵੱਲੋ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ ਪੁਜਾਰੀਆਂ ਨੂੰ ਬਾਦਲ ਸਤਿਕਾਰ ਦਿੰਦਾ ਹੈ।

 26. ਦੇਸ਼ ਵਿਦੇਸ਼ ਦੇ ਸਿੱਖ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬਾਦਲ ਦਵਿੰਦਰਪਾਲ ਸਿੰਘ ਨੂੰ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ ਹੈ।

 27. ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ।

 28. ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ ਤੇ ਜਾ ਕੇ ਸ਼ਾਮਿਲ ਹੋਇਆ।

 29. ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਸ ਦਾ ਇੰਨਸਾਫ ਤਾਂ ਕਿਸੇ ਨੂੰ ਕੀ ਮਿਲਣਾ ਹੈ। ਪਰ ਹਰ ਸਾਲ ਇੱਕ ਨੰਵਬਰ ਨੂੰ ਉਨ੍ਹਾਂ ਜਖਮਾਂ ਦੀ ਯਾਦ ਤਾਂ ਸਤਾਉਂਦੀ ਹੀ ਹੈ। ਇਸ ਦਿਨ ਪੀੜਤ ਕੁਰਲਾ ਰਹੇ ਹੁੰਦੇ ਹਨ।

 30. ਬਾਦਲ ਨੇ ਕਬੱਡੀ ਕੱਪ ਦੇ ਨਾਮ ਉੱਤੇ ਜਸ਼ਨ ਮਨਾਉਣ ਲਈ ਨਵੰਬਰ ਮਹੀਨੇ ਨੂੰ ਹੀ ਚੁਣਿਆ, ਜਦੋਂ ਦਿੱਲੀ ਵਿੱਚ ਪੀੜਤ ਵਿਧਵਾਵਾਂ ਰੋ ਰਹੀਆਂ ਸਨ ਤਾਂ ਬਾਦਲ 1-11-2011 ਨੂੰ ਬਠਿੰਡੇ ਵਿੱਚ ਜਸ਼ਨ ਮਨਾਉਂਦਿਆਂ ਪਰਿਵਾਰ ਸਮੇਤ ਅੱਧ ਨੰਗੀਆਂ (ਨੰਗੀਆਂ) ਕੁੜੀਆਂ ਦਾ ਨਾਚ ਵੇਖ ਰਿਹਾ ਸੀ।

 31. ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ।

 32. ਹੁਣ 25 ਨਵੰਬਰ 2011 ਨੂੰ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਮੌਕੇ ਸਟੇਜ ਤੋਂ ਜਿਸ ਪਖੰਡੀ ਆਸਾ ਰਾਮ ਨੇ ਸਿੱਖਾਂ ਤੇ ਪੰਜਾਬ ਦਾ ਮਜਾਕ ਉਡਾਇਆ, ਉਸੇ ਪਖੰਡੀ ਨੂੰ ਬਾਦਲ ਨੇ ਵਾਰ-ਵਾਰ ਬਾਪੂ ਆਸਾ ਰਾਮ ਕਹਿ ਕੇ ਪੁਕਾਰਿਆ, ਕਿਉਂਕਿ ਬਾਦਲ ਆਸਾ ਰਾਮ ਦਾ ਹੀ ਪੁੱਤ ਹੈ।

 33. ਬਾਦਲ ਨੇ ਸਿੱਖ ਕੀਰਤਨੀਆਂ ਅਤੇ ਢਾਡੀਆਂ ਨੂੰ ਪਛਾੜ ਕੇ ਫਿਲਮੀ ਕਲਾਕਰਾਂ ਤੋਂ ਕੀਰਤਨ ਕਰਵਾਇਆ।

 34. ਖਾਲਸਾ ਵਿਰਾਸਤੀ ਕੰਪਲੈਕਸ ਵਿੱਚੋਂ ਸਿੱਖੀ ਦੇ ਨਿਸ਼ਾਨ ਖੰਡੇ ਨੂੰ ਹਟਾਇਆ ਅਤੇ ਇਸ ਵਿੱਚ ਗੂੱਗੇ ਦਾ ਚਿੱਤਰ ਸਥਾਪਿਤ ਕੀਤਾ।

ਇਸ ਤਰ੍ਹਾਂ ਸਿੱਖੀ ਸਿਧਾਂਤਾਂ ਅਤੇ ਸਿੱਖ ਜੁਆਨੀ ਦਾ ਘਾਣ ਕਰਕੇ ਬਾਦਲ ਆਰ.ਐਸ.ਐਸ. ਤੋਂ ਇਹ ਖਿਤਾਬ ਲੈਣ ਦਾ ਹੱਕਦਾਰ ਬਣਿਆ ਹੈ। ਜੇ ਸਿੱਖ ਕੌਮ ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਨਾਲੋਂ ਟੁੱਟ ਕੇ ਆਪਣੇ ਦੁਸ਼ਮਣ ਨੂੰ ਪਛਾਨਣ ਤੋਂ ਅਸਮੱਰਥ ਹੋ ਗਈ ਹੈ ਤਾਂ ਇਸ ਵਿੱਚ ਕਿਸੇ ਨੂੰ ਕੀ ਦੋਸ਼ ਹੈ। ਸਿੱਖ ਕੌਮ ਦੇ ਦੁਸ਼ਮਣਾਂ ਨੂੰ ਤਾਂ ਆਪਣੇ ਵਫਾਦਾਰ ਦੀ ਪਹਿਚਾਣ ਹੈ। ਇਸ ਲਈ ਸਿੱਖ ਵਿਰੋਧੀ ਸ਼ਕਤੀਆਂ (ਆਰ.ਐਸ.ਐਸ.) ਵੱਲੋਂ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦਾ ਖਿਤਾਬ ਦੇਣ ਦਾ ਫੈਸਲਾ ਤਾਂ ਠੀਕ ਹੀ ਹੈ। ਪਰ ਇਸ ਵਿੱਚ ਇਹਨਾਂ ਨੂੰ ਥੋੜੀ ਜਿਹੀ ਸੋਧ ਕਰ ਲੈਣੀ ਚਾਹੀਦੀ ਹੈ। ਇਹ ਖਿਤਾਬ ਨਾ ਤਾਂ ਸਿੱਖ ਧਰਮ ਦੇ ਕਿਸੇ ਵੀ ਸਥਾਨ ਤੋਂ ਦਿੱਤਾ ਜਾਵੇ ਅਤੇ ਨਾ ਹੀ ਸਿੱਖ ਸ਼ਕਲ ਵਾਲਾ ਬੰਦਾ ਇਹ ਖਿਤਾਬ ਦੇਵੇ। ਇਹ ਖਿਤਾਬ ਕਿਸੇ ਵੱਡੇ ਹਿੰਦੂ ਧਰਮ ਅਸਥਾਨ (ਬਨਾਰਸ ਦੇ ਪਰਾਗ ਰਾਜ, ਉੜੀਸਾ ਦੇ ਜਗਨਨਾਥ ਪੁਰੀ ਦੇ ਮੰਦਰ ਜਾਂ ਅਯੁੱਧਿਆ ਦੇ ਰਾਮ ਮੰਦਰ "ਬਾਬਰੀ ਮਸਜਿਦ ਵਾਲੀ ਥਾਂ" ਆਦਿ) ਤੋਂ ਕਿਸੇ ਵੱਡੇ ਹਿੰਦੂ ਪੁਜਾਰੀ ਜਾਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਤੋਂ ਦਵਾਉਣਾ ਚਾਹੀਦਾ ਹੈ ਤਾਂ ਕਿ ਬਾਦਲ ਦੀ ਅਤੇ ਇਸ ਖਿਤਾਬ ਦੀ ਹੋਂਦ ਅਮਰ ਹੋ ਜਾਵੇ।

ਹੋ ਸਕਦੈ ਆਰ.ਐਸ.ਐਸ. ਵਾਲੇ ਬਾਦਲ ਦਾ ਮੰਦਰ ਬਣਾ ਕੇ ਉਸ ਵਿੱਚ ਬਾਦਲ ਦੀ ਮੂਰਤੀ ਸਥਾਪਿਤ ਕਰਕੇ ਇਸਦੀ ਹਿੰਦੂ ਸੂਰਵੀਰ ਜਾਂ ਦੇਵਤੇ ਵੱਜੋਂ ਪੂਜਾ ਵੀ ਸ਼ੁਰੂ ਕਰਵਾ ਦੇਣ। ਕਿਉਂਕਿ ਬਾਦਲ ਦੀ ਹਿੰਦੂ ਧਰਮ ਲਈ ਬਹੁਤ ਵੱਡੀ ਦੇਣ ਹੈ। ਪਰ ਜੇ ਇਹ ਖਿਤਾਬ ਸਿੱਖ ਕੌਮ ਦੇ ਨਾਂ ਹੇਠ ਦਿੱਤਾ ਗਿਆ ਤਾਂ ਇਸਦੀ ਮਹਾਨਤਾ ਬਾਦਲ ਦੇ ਜੀਵਨ ਕਾਲ ਤੋਂ ਵੀ ਪਹਿਲਾਂ ਹੀ ਸਮਾਪਤ ਹੋ ਜਾਵੇਗੀ। ਜੇ ਕੁੱਝ ਸਾਲ ਗੱਲ ਚੱਲੀ ਵੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਕਿ ਇਹ ਖਿਤਾਬ ਬਾਦਲ ਨੂੰ ਕਿਸਨੇ ਕਿਸ ਯੋਗਤਾ ਕਾਰਨ ਅਤੇ ਕਿਉਂ ਦਿੱਤਾ ਸੀ। ਇਸ ਤਰ੍ਹਾਂ ਇਸ ਖਿਤਾਬ ਦੀ ਮਹਾਨਤਾ ਖਤਮ ਜਾਵੇਗੀ।

ਬਾਦਲ ਲਈ ਸੱਚਾ ਅਤੇ ਸਹੀ ਖਿਤਾਬ ਇਹੀ ਹੈ ਕਿ ਸਿੱਖ, ਬਾਦਲ ਨੂੰ ਪੰਥ ਦੁਸ਼ਮਣ ਗੱਦਾਰ-ਏ-ਕੌਮ ਦਾ ਖਿਤਾਬ ਦੇਣ ਅਤੇ ਭਾਜਪਾ (ਆਰ.ਐਸ.ਐਸ.), ਬਾਦਲ ਨੂੰ ਹਿੰਦੂ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨਾਲ ਸਨਮਾਨਿਤ ਕਰੇ। ਇਹਨਾਂ ਦੋਹਾਂ ਖਿਤਾਬਾਂ ਨੂੰ ਸੰਸਾਰ ਦੀ ਕੋਈ ਵੀ ਸ਼ਕਤੀ ਗਲਤ ਸਿੱਧ ਨਹੀਂ ਕਰ ਸਕੇਗੀ। ਰਹਿੰਦੀ ਦੁਨੀਆਂ ਤੱਕ ਇਹਨਾਂ ਖਿਤਾਬਾਂ ਦੀ ਮਹਾਨਤਾ ਵੀ ਬਰਕਰਾਰ ਰਹੇਗੀ। ਪਰ ਕਿਤੇ ਬਾਦਲ ਇਹ ਖਿਤਾਬ ਲੈਣ ਤੋਂ ਪਹਿਲਾਂ ਹੀ ਇੰਦਰਪੁਰੀ (ਪ੍ਰਲੋਕ) ਪਿਆਨਾ ਨਾ ਕਰ ਜਾਵੇ, ਬਾਅਦ ਵਿੱਚ (ਮਰਨ ਤੋਂ ਬਾਅਦ) ਦਿੱਤੇ ਖਿਤਾਬਾਂ ਦੀ ਓਨੀ ਅਹਿਮੀਅਤ ਨਹੀਂ ਰਹਿੰਦੀ। ਕਿਉਂਕਿ ਕਰਨੀ ਦਾ ਫਲ ਤਾਂ ਮਨੁੱਖ ਨੂੰ ਜਿਉਂਦੇ ਜੀਅ ਹੀ ਮਿਲਣਾ ਚਾਹੀਦਾ ਹੈ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਧਟ. 27-11-2011 ਮੋ : 94170-23911


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top