Share on Facebook

Main News Page

ਨੀਲਾ ਗਿੱਦੜ

ਪੰਚਤੰਤਰ ਦੀ ਬੜੀ ਪੁਰਾਣੀ ਕਹਾਣੀ ਹੈ ਕਿ ਕੁੱਤਿਆਂ ਤੋਂ ਡਰਦਾ ਇੱਕ ਗਿਦੜ ਜਦ ਸ਼ਹਿਰ ਵਲ ਦੌੜਿਆ, ਤਾਂ ਉਹ ਕਿਸੇ ਲਲਾਰੀ ਦੇ ਟੱਬ ਵਿਚ ਡਿੱਗ ਕੇ ਨੀਲਾ ਹੋ ਗਿਆ। ਉਥੋਂ ਜਦ ਉਹ ਨਿਕਲਿਆ ਤਾਂ ਕੁੱਤੇ ਡਰ ਕੇ ਦੌੜ ਗਏ ਅਤੇ ਉਹ ਜੰਗਲ ਵਿਚ ਆ ਗਿਆ। ਉਸ ਦਾ ਰੂਪ-ਰੰਗ ਬਦਲਿਆ ਦੇਖ ਬਾਕੀ ਦੇ ਸਾਰੇ ਜਾਨਵਰ ਸਮੇਤ ਸ਼ੇਰ ਡਰ ਗਏ, ਕਿ ਇਹ ਕੀ ਬਲਾਅ ਜੰਗਲ ਵਿਚ ਆ ਵੜੀ। ਸਾਰਿਆਂ ਨੂੰ ਡਰਿਆ ਦੇਖ ਗਿਦੜ ਲੱਗਿਆ ਚੰਮ ਦੀਆਂ ਚਲਾਉਂਣ। ਹੁਣ ਜੰਗਲ ਵਿਚ ਉਸ ਦਾ ਹੀ ਰਾਜ ਚਲਦਾ ਸੀ। ਪਰ ਗਿਦੜ ਤਾਂ ਆਖਰ ਗਿਦੜ ਹੀ ਹੈ, ਰੰਗ ਬਦਲਣ ਨਾਲ ਉਸ ਦੀਆਂ ਆਦਤਾਂ ਥੋੜੋਂ ਬਦਲ ਜਾਣੀਆਂ ਸਨ। ਬੜੇ ਅਰਾਮ ਨਾਲ ਉਹ ਜੰਗਲ ਵਿਚ ਚੰਗਾ ਭਲਾ ਰਾਜ ਕਰ ਰਿਹਾ ਸੀ, ਕਿ ਇਕ ਦਿਨ ਦੂਰ ਕਿਤੇ ਉਸ ਦੇ ਪੁਰਾਣੇ ਬੇਲੀ ਹਵਾਂਕ ਰਹੇ ਉਸ ਨੂੰ ਸੁਣ ਪਏ। ਉਸ ਦਾ ਦਿਲ ਵੀ ਮਚਲ ਪਿਆ ਅਤੇ ਉਹਨਾਂ ਵਲ ਦੇਖ ਉਸ ਦਾ ਵੀ ਦਿਲ ‘ਗਾਉਂਣ’ ਨੂੰ ਕਰ ਆਇਆ। ਕੰਨਾਂ ਵਿਚ ਮੁੱਤੀਆਂ, ਹੱਥਾਂ ਵਿਚ ਛੱਲੇ, ਠੋਡੀ ਵਿਚ ਕੋਕਾ ਪਾਈ, ਲੰਮੀਆਂ ਜਿਹੀਆਂ ਜੁਲਫਾਂ ਛੱਡੀ ਬੇਸੁਰੇ ਜਿਹੇ ਪੰਜਾਬੀ ਗਾਇਕਾਂ ਵਾਂਗ ਉਸ ਵੀ ਜਦ ਧੁਰ ਉਪਰਲੀ ‘ਸਾ’ ਤੇ ਤਾਨ ਛੱਡੀ ਤਾਂ ਜੰਗਲ ਦੇ ਖੁੱਲ ਕਵਾੜ ਗਏ, ਕਿ ਤੁਹਾਡਾ ਬੇੜਾ ਤਰਜੇ ਜਿਸ ਬਲਾਅ ਤੋਂ ਡਰਦੇ ਅਸੀਂ ਰਾਜ ਇਸ ਨੂੰ ਦੇ ਛਡਿਆ ਇਹ ਤਾਂ ‘ਉਹੀ’ ਨਿਕਲਿਆ..?

ਅਗੋਂ ਉਸ ਨੀਲੇ ਗਿਦੜ ਨਾਲ ਕੀ ਵਾਪਰੀ ‘ਉਹੀ’ ਜਾਣੇ। ਪਰ ਨਵੀਂ ਕਹਾਣੀ ਇਕ ਹੋਰ ਸ਼ੁਰੂ ਹੁੰਦੀ ਹੈ। ਰਾਜ ਕਰਦਿਆਂ ਇਕ ਦਿਨ ਨੀਲੇ ਗਿਦੜ ਦੇ ਮਨ ਵਿਚ ਆਈ ਕਿ ਇਹ ਨੀਲਾ ਰੰਗ ਤਾਂ ਮੇਰਾ ਛੇਤੀ ਲੱਥ ਜਾਣਾ ਇਸ ਦੇ ਲੱਥਣ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਅਪਣੇ ਚਾਪਲੂਸਾਂ ਨੂੰ ਸੱਦ ਕੇ ‘ਫਖਰ-ਏ-ਜੰਗਲ’ ਦਾ ਖਿਤਾਬ ਹਾਸਲ ਕਰਕੇ ਨਵਾਂ ‘ਇਤਿਹਾਸ’ ਸਿਰਜਿਆ ਜਾਵੇ!

ਬੱਸ ਫਿਰ ਕੀ ਸੀ ਜੰਗਲ ਵਿਚ ਹਰਲ ਹਰਲ ਹੋਣ ਲੱਗ ਪਈ। ਨੀਲੇ ਗਿਦੜ ਦੇ ਹੀ ਥਾਪੇ ਹੋਏ ਗੱਧੇ, ਭੇਡੂ, ਲੂੰਬੜ, ਸ਼ਿਕਾਰੀ ਕੁੱਤੇ, ਚੂਹੇ, ਕਿਰਲੀਆਂ ਅਤੇ ਹੋਰ ਕਈ ਕਿਸਮ ਦੇ ਬਦਸ਼ਗਨੇ ਜਿਹੇ ਜਾਨਵਰ ਆਦਿ ਲਗੇ ਇਕ ਦੂਏ ਤੋਂ ਅੱਗੇ ਹੋ ਹੋ ‘ਬੰਬੇ ਦੇ ਬਾਦਰਾਂ’ ਵਾਂਗ ਟਪੂਸੀਆਂ ਲਾਉਂਣ। ਹਰੇਕ ਨੂੰ ਜਾਪਦਾ ਸੀ ਕਿ ਅਪਣੇ ਇਸ ਨੀਲੇ ਗਿਦੜ ਦੀ ਤਾਜਪੋਸ਼ੀ ਯਾਨੀ ਚਾਪਲੂਸੀ ਵਿਚ ਮੈਂ ਪਿੱਛੇ ਨਾ ਰਹਾਂ ਮਤੇ ਅਗੇ ਆਉਂਣ ਵਾਲੇ ਜੰਗਲ ਦੇ ਰਾਜ ਲਈ ਟਿਕਟਾਂ ਮਿਲਣੋਂ ਰਹਿ ਜਾਣ।

ਜੰਗਲ ਦਾ ਬੜਾ ‘ਹਿਸਟੋਰੀਕਲੀ’ ਥਾਂ ਚੁਣਿਆਂ ਗਿਆ ਗਿਦੜ ਨੂੰ ਸਨਮਾਨਿਤ ਕਰਨ ਲਈ। ਜਿਥੇ ਕਦੇ ਸ਼ੇਰਾਂ ਦੇ ਝੁੰਡ ਬੈਠਿਆ ਕਰਦੇ ਸਨ, ਅਪਣਾ ਸ਼ਿਕਾਰ ਮਾਰ ਕੇ ਜਿਥੇ ਕਦੇ ਉਹ ਦਹਾੜਿਆ ਕਰਦੇ ਸਨ, ਜਿਥੇ ਕਦੇ ਬੱਬਰ ਸ਼ੇਰ ਖੜਾ ਹੋ ਕੇ ਜੰਗਲ ਨੂੰ ਸੰਬੋਧਨ ਹੋਇਆ ਕਰਦਾ ਸੀ, ਇਥੋਂ ਹੀ ਉਸ ਦੀ ਇਕ ਗਰਜ ਸਾਰੇ ਜੰਗਲ ਵਿਚ ਕੰਬਣੀਆਂ ਛੇੜ ਦਿਆ ਕਰਦੀ ਸੀ, ਕੋਈ ਗਿਦੜ ਨੇੜੇ ਨਹੀਂ ਸੀ ਫੜਕਦਾ, ਕੋਈ ਗੱਧਾ ਪੂਛ ਚੁੱਕ ਚੁੱਕ ਨਹੀਂ ਸੀ ਹਵਾਂਕਦਾ, ਕੋਈ ਚੂਹਾ ਖੁੱਡ ਵਿਚੋਂ ਨਹੀਂ ਸੀ ਨਿਕਲਦਾ, ਕੋਈ ਬਾਂਦਰ ਮੁੜਕੋ-ਮੁੜਕੀ ਨਹੀਂ ਸੀ ਹੁੰਦਾ, ਕੋਈ ਲੂੰਬੜ ਇੰਝ ਨਹੀਂ ਸੀ ਲਾਚੜਦਾ।

ਪਰ ਅੱਜ ਉਥੇ ਹੀ ਨੀਲੇ ਗਿਦੜ ਦੇ ਦੁਆਲੇ ਗੱਧਿਆਂ, ਭੇਡੂਆਂ-ਲੂੰਬੜਾਂ ਆਦਿ ਦਾ ਇਕੱਠ ਦੇਖ ਇੱਕ ਲੰਮਾ ਹਉਕਾ ਬਾਬੇ ਫੌਜਾ ਸਿੰਘ ਦੀ ਹਿੱਕ ਵਿਚ ਬਰਛੇ ਵਾਂਗ ਗੱਡਿਆ ਗਿਆ।

ਬਾਬਾ ਫੌਜਾ ਸਿੰਘ ਦੇਖ ਰਿਹਾ ਸੀ। ਗੱਧਿਆਂ ਦੇ ਹੱਥਾਂ ਵਿਚ ਜੰਗਲ ਦੇ ਕੀਮਤੀ ਸਤਿਕਾਰਤ ਤਾਜ ਫੜੇ ਸਨ ਜਿਹੜੇ ਸੂਰਬੀਰ ਸ਼ੇਰਾਂ ਦੇ ਸਿਰਾਂ ਤੇ ਰੱਖੇ ਜਾਂਦੇ ਸਨ ਪਰ ਹੁਣ...?????

ਬਾਬੇ ਦੇਖਿਆ ਤਾਜਪੋਸ਼ੀ ਮੌਕੇ ਬਿੱਲੀਆਂ ਮਿਆਂਕ ਰਹੀਆਂ ਸਨ, ਕੁੱਤੇ ਭੌਂਕ ਰਹੇ ਸਨ, ਚੂਹੇ ਦੌੜੇ ਫਿਰ ਰਹੇ ਸਨ, ਭੇਡੂ ਖੌਰੂ ਪਾ ਰਹੇ ਸਨ, ਲੂੰਬੜ ਚਾਬੜਾਂ ਮਾਰ ਰਹੇ ਸਨ ਅਤੇ ਗੱਧੇ ਹੱਥਾਂ ਵਿਚ ਤਾਜ ਫੜੀ ਜਾਣਦੇ ਹੋਏ ਵੀ ਕਿ ਇਸ ਗਿਦੜ ਦਾ ਰੰਗ ਅਸਲੀ ਨਹੀ ਬੜੀ ਬੇਸ਼ਰਮੀ ਨਾਲ ਉਸ ਨੂੰ ਪਹਿਨਾ ਰਹੇ ਸਨ।

ਜੰਗਲ ਖਾਮੋਸ਼ ਖੜਾ ਤਮਾਸ਼ਾ ਦੇਖ ਰਿਹਾ ਸੀ। ਹਵਾ ਸਰਕ ਰਹੀ ਸੀ। ਸਮਾ ਚੁੱਪ-ਚਾਪ ਤੁਰ ਰਿਹਾ ਸੀ। ਦੂਰ ਕਿਤੇ ਲਹਿਰਾਂ ਸ਼ੂਕ ਰਹੀਆਂ ਸਨ। ਜੰਗਲ ਵਿਚ ਹਨੇਰਾ ਹੋ ਰਿਹਾ ਸੀ। ਕਾਲਖ ਹੀ ਕਾਲਖ ਨਜਰ ਆ ਰਹੀ ਸੀ। ਕਾਲੇ ਚਿਹਰੇ। ਕਾਲੇ ਦਿੱਲ। ਕਾਲੀਆਂ ਜ਼ਮੀਰਾਂ। ਸਭ ਕਾਲਾ ਹੀ ਕਾਲਾ। ਪਰ ਕਿਤੇ ਕਿਤੇ ਦੂਰ ਕਿਸੇ ਟਿਮ-ਟਿਮਾਉਂਦੇ ਜੁਗਨੂੰ ਦੀ ਹੋਂਦ ਦੱਸ ਰਹੀ ਸੀ, ਕਿ ਕਾਦਰ ਨੂੰ ਨਿਰੀ ਕਾਲਖ ਵੀ ਭਾਉਂਦੀ ਨਹੀਂ। ਕਿਤੇ ਕਿਤੇ ਕਿਸੇ ਧੋਬੀ ਦੀ ਠਾਹ ਠਾਹ ਦੀ ਆਵਾਜ ਤੋਂ ਅੰਦਾਜਾ ਲੱਗਦਾ ਸੀ ਕਿ ਇਹ ਕਾਲਖ ਧੁੱਪ ਜਾਏਗੀ। ਕੋਈ ਧੋ ਰਿਹਾ ਹੈ ਇਸ ਨੂੰ। ਇਸੇ ਲਈ ਚਾਪਲੂਸਾਂ ਵਲੋਂ ਕੋਈ ਧੰਦਾ ਕਹੀ ਜਾਂਦਾ ਪਰ ਕੋਈ ਧੋਂਦਾ ਤੇ ਕੋਈ ਧੂੰਹਦਾ...???

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top