Share on Facebook

Main News Page

ਮਝਧਾਰ ਮੇਂ ਨਈਆ ਡੋਲੇ, ਉਸੇ ਮਾਝੀ ਪਾਰ ਲਗਾਏ। ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ?

ਕੌਮ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਕਿਸੇ ਸ਼ਾਯਰ ਦਾ ਲਿਖਿਆ ਇਹ ਸ਼ੇਰ ਅਕਸਰ ਜੁਬਾਨ ਤੋਂ ਆ ਜਾਂਦਾ ਹੈ - "ਮਝਧਾਰ ਮੇਂ ਨਈਆ ਡੋਲੇ, ਉਸੇ ਮਾਝੀ ਪਾਰ ਲਗਾਏ। ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ?" ਕੌਮ ਦੀ ਮੌਜੂਦਾ ਹਾਲਤ ਇਕ ਡੁਬਦੀ ਹੋਈ ਬੇੜੀ ਦੀ ਤਰ੍ਹਾਂ ਹੈ ਜਿਸ ਨੂੰ ਡੋਬਣ ਵਾਲਾ ਕੋਈ ਹੋਰ ਨਹੀਂ ਉਸ ਦਾ "ਸੁਚੇਤ ਅਤੇ ਜਾਗਰੂਕ" ਤਬਕਾ ਹੀ ਜ਼ਿੰਮੇਵਾਰ ਹੈ। ਇਹ ਤਬਕਾ ਇਸ ਕਦਰ ਦਿਸ਼ਾ ਹੀਣ ਹੋ ਚੁਕਿਆ ਹੈ ਕੇ, ਉਸ ਡੁਬਦੀ ਹੋਈ ਬੇੜੀ ਨੂੰ ਬਾਹਰ ਕੱਡਣ ਦੀ ਬਜਾਏ ਉਸ ਵਿੱਚ ਆਪ ਹੀ ਵੱਟੇ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਜਾਗਰੂਕ ਤਬਕੇ ਵਿੱਚ ਇਕ ਬਹੁਤ ਵੱਡਾ ਵਰਗ ਹੈ ਵਿਦਵਾਨਾਂ, ਲਿਖਾਰੀਆਂ ਅਤੇ ਖੋਜੀਆਂ ਦਾ, ਜੋ ਲਗਦਾ ਹੈ ਪੂਰੀ ਤਰਹਾਂ ਭਟਕ ਚੁਕਾ ਹੈ।

ਪੁਰਾਨੀ ਕਹਾਵਤ ਹੈ ਕੇ ਕਲਮਾਂ ਵਿੱਚ ਇੱਨੀ ਤਾਕਤ ਹੂੰਦੀ ਹੈ ਕਿ ਦੁਣੀਆਂ ਦੀ ਕਿਸੇ ਤਲਵਾਰ ਵਿੱਚ ਉਨੀ ਤਾਕਤ ਨਹੀਂ ਹੂੰਦੀ। ਇਹ ਕਲਮਾਂ ਸਦੀਆਂ ਤੋਂ ਸੁੱਤੀਆਂ ਕੌਮਾਂ ਨੂੰ ਜਗਾ ਕੇ ਰੱਖ ਦੇਂਦੀਆ ਰਹਿਆਂ ਨੇ। ਇਹ ਕਲਮਾਂ ਵਡੇ ਵਡੇ ਸੁਲਤਾਨਾਂ ਅਤੇ ਹਾਕਿਮਾਂ ਨੂੰ, ਸਿਰ ਝੁਕਾ ਦੇਣ ਲਈ ਮਜਬੂਰ ਕਰ ਦੇਂਦੀਆਂ ਰਹਿਆਂ ਨੇ। ਇਹ ਕਲਮਾਂ ਵਡੀਆਂ ਵਡੀਆਂ ਰਿਆਸਤਾਂ ਦੇ ਤਖਤੇ ਪਲਟ ਦੇਂਣ ਦਾ ਕਾਰਣ ਬਣੀਆਂ ਨੇ। ਇਨਾਂ ਕਲਮਾਂ ਵਿੱਚੋਂ ਨਿਕਲੀਆਂ ਵਾਰਾਂ ਅਤੇ ਕਵਿਤਾਵਾਂ ਨੇ ਕੌਮ ਦੇ ਸੁੱਤੇ ਲੋਕਾਂ ਵਿੱਚ ਇਕ ਨਵੀਂ ਉਮੰਗ ਅਤੇ ਜੋਸ਼ ਭਰ ਦਿਤਾ ਹੈ। ਕੌਮ ਦੇ ਵਿਦਵਾਨ ਅਤੇ ਲਿਖਾਰੀ ਕੌਮ ਦੇ ਨਿਘਾਰ ਦੇ ਵੇਲੇ ਇਕ ਯੋਧੇ ਦੀ ਤਰ੍ਹਾਂ ਕੰਮ ਕਰਦੇ ਆਏ ਨੇ, ਅਤੇ ਉਨਾਂ ਦੀਆਂ ਕਲਮਾਂ, ਇਕ ਤਲਵਾਰ ਦਾ ਕੰਮ ਕਰਦੀਆਂ ਰਹਿਆਂ ਨੇ। ਇਹ ਤਲਵਾਰਾਂ ਜਦੋਂ ਵੀ ਚਲੀਆਂ ਨੇ ਸੁਤੀਆਂ ਕੌਮਾਂ ਵਿੱਚ ਇਕ ਨਵੀ ਕ੍ਰਾਂਤੀ ਅਤੇ ਜਨ ਚੇਤਨਾਂ ਨੇ ਜਨਮ ਲਿਆ ਹੈ। ਲੇਕਿਨ ਅਫਸੋਸ ਦੀ ਗਲ ਹੈ ਕਿ ਇਹ ਤਲਵਾਰਾਂ (ਕਲਮਾਂ) ਅੱਜ ਆਪਸ ਵਿੱਚ ਹੀ ਟਕਰਾ ਰਹਿਆਂ ਨੇ। ਇਨਾਂ ਯੋਧਿਆਂ ਨੇ ਅਪਣੀਆਂ ਤਲਵਾਰਾਂ ਦਾ ਰੁਖ ਦੁਸ਼ਮਣ ਦੀ ਬਜਾਇ ਅਪਣੇ ਹੀ ਯੋਧਿਆਂ ਵਲ ਕਰ ਦਿਤਾ ਹੈ, ਅਤੇ ਉਹ ਇਸ ਨਾਜੁਕ ਸਮੈਂ ਅੰਦਰ ਦਿਸ਼ਾ ਹੀਣ ਹੋਕੇ ਅਪਣਿਆ ਦਾ ਹੀ ਸਿਰ ਵਡ੍ਹਣ ਤੇ ਉਤਾਰੂ ਹੋ ਚੁਕੀਆਂ ਨੇ।

ਸੋਚਿਆ ਤੇ ਇਹ ਸੀ ਕਿ ਹੁਣ ਕੁਝ ਦਿਨ , ਕੁਝ ਨਾਂ ਲਿਖਿਆ ਜਾਵੇ ਅਤੇ ਚੁਪ ਰਹਿ ਕੇ ਹੀ ਇਨਾਂ ਕਲਮਾਂ ਦਾ ਸਹੀ ਰੁਖ ਅਖਤਿਆਰ ਕਰਨ ਦਾ ਇੰਤਜਾਰ ਕੀਤਾ ਜਾਵੇ, ਲੇਕਿਨ ਉਹ ਕਲਮਾਂ ਹੀ ਕੀ ? ਜੋ ਰੁਕ ਜਾਂਣ ਤੇ ਸੋਚ, ਡਰ ਕੇ ਤੁਰਨ ਤੇ ਮੌਕਾ ਪਰਸਤ ਹੋਣ। ਅਪਣੇ ਲਈ ਲਿਖਣ ਜਾਂ ਦੂਜਿਆਂ ਨੂੰ ਨੀਵਾਂ ਦਿਖਾਣ ਲਈ ਤੁਰਨ। ਅਜ ਇਹੋ ਜਹਿਆ ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ, ਇਥੋਂ ਤਕ ਕਹਿਆ ਜਾ ਸਕਦਾ ਹੈ ਕੇ ਭਾੜੇ ਤੇ ਚਲਦੀਆਂ ਹਨ ਅਤੇ ਬਿਨਾਂ ਭਾੜੇ ਦੇ ਉਹ ਰੁਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀਂ ਟੇਕਸੀਆਂ ਹੋਣ। ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਨ, ਜੇੜ੍ਹੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ, ਲੇਕਿਨ ਇਸ ਤਬਕੇ ਨੂੰ ਇਕ ਦੂਦੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵੇਲ੍ਹ ਨਹੀਂ ਹੈ। ਅਪਣੀ ਅਪਣੀ ਵਿਦਵਤਾ ਦਾ ਝੰਡਾ ਚੁਕੀ ਇਹ ਤੁਰੀ ਜਾ ਰਹੇ ਨੇ , ਇਨਾਂ ਨੂੰ ਸ਼ਾਇਦ ਇਸ ਗਲ ਦਾ ਵੀ ਇਹਸਾਸ ਨਹੀਂ ਹੈ ਕਿ ਇਹ ਕਰ ਕੀ ਰਹੇ ਨੇ? ਹਾਂ ਜੋ ਭਾੜੇ ਦੇ ਲਿਖਾਰੀ ਹਨ ਉਹ ਜਰੂਰ ਨੀਤੀ ਦੇ ਨਾਲ ਅਪਣਾਂ ਕੰਮ ਕਰੀ ਜਾ ਰਹੇ ਨੇ ਅਤੇ ਉਹ ਸਭ ਕੁਝ ਸੋਚ ਸਮਝ ਕੇ ਕਿਸੇ ਸਵਾਰਥ ਦੇ ਵਾਸਤੇ ਲਿਖ ਰਹੇ ਨੇ, "ਕਿਸੇ ਲਈ" ਲਿਖ ਰਹੇ ਨੇ।

ਸਿੱਖ ਕੌਮ ਵਿੱਚ ਕੁਝ ਬਹੁਤ ਹੀ ਨਾਜੁਕ ਅਤੇ ਸੰਵੇਦਨ ਸ਼ੀਲ ਵਿਸ਼ੈ ਹਨ, ਜਿਨਾਂ ਤੇ ਆਏ ਦਿਨ ਕਿੰਤੂ ਖੜੇ ਕਰਕੇ ਕੌਮ ਨੂੰ ਅਸਥਿਰਤਾ ਅਤੇ ਭੰਬਲਭੁਸਿਆ ਵਿੱਚ ਖੜਾ ਕੀਤਾ ਜਾਂਦਾ ਹੈ ,ਤਾਂਕਿ ਕੌਮ ਦੀ ਹਾਲਤ ਦਿਨ ਬ ਦਿਨ ਬੱਦਤਰ ਹੂੰਦੀ ਜਾਵੇ। ਦੁਖਾਂਤ ਇਹ ਹੈ ਕਿ ਪੰਥ ਦੇ ਦੁਸ਼ਮਣ ਜੋ ਚਾਂਉਦੇ ਹਨ, ਉਹ ਕੰਮ ਸਾਡੇ ਅਪਣੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਸ਼ਿਆਂ ਤੇ ਸਾਡੀਆ ਜਾਗਰੂਕ ਧਿਰਾਂ ਆਏ ਦਿਨ ਅਪਣੇ ਵੀਚਾਰ, ਚਰਚਾਵਾਂ ਅਤੇ ਸੰਵਾਦ ਨੂੰ ਜਨਤਕ ਕਰਦੇ ਵੇਖੇ ਜਾ ਸਕਦੇ ਹਨ। ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਨੂੰ ਖਤਮ ਕਰਨ ਦਾ ਅਜੇਂਡਾ ਵੀ ਤਾਂ ਇਹ ਹੀ ਹੈ, ਜਿਸਨੂੰ ਜਾਣੇ ਅੰਨਜਾਣੇ ਸਾਡੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਹਨ। ਉਹ ਸਾਨੂੰ ਅਪਣੇ ਮੱਤ ਵਿੱਚ ਜਜਬ ਕਰ ਲੈਣ ਲਈ, ਇਨਾਂ ਹੇਠ ਲਿਖੇ ਮੁਦਿਆ ਤੇ ਹੀ ਕੰਮ ਕਰ ਰਿਹੇ ਹਨ , ਜਿਸਨੂੰ ਸਾਡੇ ਵਿਦਵਾਨ ਬਹਿਸਾਂ, ਚਰਚਾਵਾਂ ਅਤੇ ਕਿਤਾਬਾਂ ਦੇ ਜਰਿਏ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਚੋਂ ਕੁਝ ਸੰਵੇਦਨਸ਼ੀਲ ਮੁੱਦੇ ਹਨ-

1- ਸਿੱਖਾਂ ਦੇ ਸ਼ਬਦ ਗੁਰੂ ਦਾ ਮੌਜੂਦਾ ਸਰੂਪ ਤੇ ਕਿੰਤੂ ਖੜੇ ਕਰਨਾ
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ ਕਰਨਾ
3- ਸਿੱਖੀ ਸਰੂਪ ਨਾਲ ਖਿਲਵਾੜ (ਸਹਿਜਧਾਰੀ ਸਿੱਖ ਦੇ ਨਾਮ 'ਤੇ)
4- ਸਿੱਖ ਇਤਿਹਾਸ ਅਤੇ ਲਿਟਰੇਚਰ ਨੂੰ ਵਿਕ੍ਰਤ ਕਰਨਾ
5- ਸਿੱਖੀ ਦੇ ਧਾਰਮਿਕ ਸੰਵਿਧਾਨ, ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਰੱਦ ਕਰਨਾ

ਪੰਥ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਖਰੀਦੇ ਭਾੜੇ ਦੇ ਇਹ ਅਖੌਤੀ ਵਿਦਵਾਨ ਅਤੇ ਲਿਖਾਰੀ ਇਹ ਚੰਗੀ ਤਰ੍ਹਾ ਜਾਣਦੇ ਹਨ ਅਤੇ ਆਮ ਸਿੱਖਾਂ ਦੇ ਮੰਨ ਵਿੱਚ ਇਨਾਂ ਵਿਸ਼ਿਆਂ ਤੇ ਕਿੰਤੂ ਪੈਦਾ ਕਰ ਦੇਣ ਦੀ ਸਾਜਿਸ਼ ਰੱਚ ਚੁਕੇ ਹਨ। ਸਾਡੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਉਸ ਸਾਜਿਸ਼ ਦੇ ਅਧੀਨ ਆਪਸ ਵਿੱਚ ਹੀ ਉਲਝਾ ਕੇ ਰੱਖ ਦਿਤਾ ਗਇਆ ਹੈ। ਜਿਸਦਾ ਇਨਾਂ ਨੂੰ ਇਹਸਾਸ ਤਕ ਨਹੀਂ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਇਹ ਭਾੜੇ ਦੇ ਵਿਦਵਾਨ ਜਾਣ ਬੂਝ ਕੇ ਅਤੇ ਇਕ ਸਾਜਿਸ਼ ਦੇ ਤਹਿਤ, ਇਨਾਂ ਨਾਜੁਕ ਵਿਸ਼ਿਆਂ ਤੇ ਜਨਤਕ ਰੂਪ ਵਿੱਚ ਚਰਚਾ ਛੇੜਦੇ ਹਨ ਅਤੇ ਉਨਾਂ ਦੇ ਜਾਲ ਵਿੱਚ ਦੂਜੇ ਭੋਲੇ ਭਾਲੇ ਲਿਖਾਰੀ ੳਤੇ ਵਿਦਵਾਨ ਸਹਿਜੇ ਹੀ ਫੰਸ ਜਾਂਦੇ ਹਨ, ਕਿਉਕਿ ਹਰ ਵਿਦਵਾਨ ਵਿੱਚ ਅਪਣੀ ਗਲ ਨੂੰ ਪ੍ਰਮੁਖਤਾ ਦੇਣ ਦੀ ਇਕ ਛੁੱਪੀ ਹੋਈ ਕਮਜੋਰੀ ਜਰੂਰ ਹੂੰਦੀ ਹੈ।

ਇਸ ਜਾਲ ਵਿੱਚ ਦੂਜੇ ਲਿਖਾਰੀ ਤੇ ਫਸਦੇ ਹੀ ਹਣ ਉਨਾਂ ਦੀ ਅਪਸੀ ਬਹਿਸ ਬਾਜੀ ਦੇ ਫਾਇਦੇ ਵੀ ਉਨਾਂ ਪੰਥ ਵੋਰੋਧੀ ਧਿਰਾਂ ਨੂੰ ਹੀ ਮਿਲਦੇ ਹਨ। ਪਹਿਲਾ, ਇਹ ਕਲਮਾਂ ਆਪਸੀ ਮਾਰ ਕੱਟ ਵਿੱਚ ਉਲਝ ਕੇ ਜਰੂਰੀ ਵਿਸ਼ਿਆਂ ਬਾਰੇ ਕੌਮ ਨੂੰ ਸੁਚੇਤ ਕਰਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਅਤੇ ਉਨਾਂ ਦੀ ਅਸਲੀ ਤਾਕਤ ਦਾ ਸਹੀ ਇਸਤੇਮਾਲ, ਜੋ ਕੌਮ ਦੀ ਚੜਦੀਕਲਾ ਅਤੇ ਭਲਾਈ ਲਈ ਹੋ ਸਕਦਾ ਹੈ, ਉਹ ਖਰਾਬ ਕਰ ਦਿਤੀ ਜਾਂਦੀ ਹੈ। ਦੂਜਾ, ਇਨਾਂ ਸੰਵੇਦਨਸ਼ੀਲ ਮੁਦਿਆ ਨੂੰ ਪੜ੍ਹ ਕੇ ਕੱਚੀ ਸੋਚ ਵਾਲਾ ਪਾਠਕ, ਜੋ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਯਤਨ ਕਰ ਰਿਹਾ ਹੂੰਦਾ ਹੈ, ਉਹ ਕਈ ਪ੍ਰਕਾਰ ਦੇ ਭੰਬਲ ਭੂਸਿਆਂ ਅਤੇ ਸ਼ੰਕਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਪਾਠਕ ਇਨਾਂ ਉਲਝ ਜਾਂਦਾ ਹੈ ਕਿ ਕੌਣ ਸਹੀ ਲਿਖ ਰਿਹਾ ਹੈ ਅਤੇ ਕੌਣ ਗਲਤ ਲਿਖ ਰਿਹਾ ਹੈ, ਇਸ ਗਲ ਦਾ ਫੈਸਲਾ ਵੀ ਉਹ ਨਹੀਂ ਕਰ ਪਾਂਦਾ। ਇਹ ਵੀ ਉਨਾਂ ਦੀ ਉਸ ਸਾਜਿਸ਼ ਦਾ ਹੀ ਨਤੀਜਾ ਹੈ ਕਿ ਅਸੀ ਇੱਨਾਂ ਨਾਜੁਕ ਵਿਸ਼ਿਆਂ ਤੇ ਹੀ ਆਪਸ ਵਿੱਚ ਜਨਤਕ ਰੂਪ ਵਿੱਚ ਬਹਿਸਬਾਜੀ ਕਰਦੇ ਅਕਸਰ ਨਜਰ ਆਂਉਦੇ ਹਾਂ।

ਕਈ ਵਾਰ ਮੇਰੀਆ ਲਿਖਤਾਂ ਵਿੱਚ ਪਾਠਕਾਂ ਨੂੰ ਕੁਝ ਗਲਾਂ ਔਖੀਆਂ ਅਤੇ ਕੌੜੀਆਂ ਜਰੂਰ ਲਗਦੀਆਂ ਹਨ, ਅਤੇ ਮੈਨੂੰ ਅਕਸਰ ਇਨਾਂ ਗਲਾਂ ਲਈ ਅਪਣੇ ਇਸ ਜਾਗਰੂਕ ਤਬਕੇ ਕੋਲੋਂ ਵੀ ਅਲੋਚਨਾਂ ਦਾ ਸ਼ਿਕਾਰ ਹੋਣਾਂ ਪੈਂਦਾ ਹੈ, ਲੇਕਿਨ ਕੀ ਕਰਾਂ? ਸੱਚ ਕਹਿਣਾਂ ਅਤੇ ਸੁਨਣਾਂ ਅਤੇ ਉਸ ਨੂੰ ਪਚਾਣਾਂ ਬਹੁਤ ਹੀ ਔਖਾ ਹੂੰਦਾ ਹੈ, ਕਿਉਕਿ ਇਹ ਕੌੜਾਂ ਹੀ ਨਹੀਂ ਕਸੈਲਾ ਵੀ ਬਹੁਤ ਹੂੰਦਾ ਹੈ। ਅੱਜ ਤੁਸੀ ਕੀ ਸਮਝਦੇ ਹੋ? ਕਿ ਆਰ. ਐਸ. ਐਸ ਵਰਗੀ ਕਟੱਰ ਹਿੰਦੂ ਰਾਸ਼ਟ੍ਰ ਦਾ ਨਕਸ਼ਾ ਉਲੀਕਣ ਵਾਲੀ ਸੰਸਥਾ ਦੇ ਹਜਾਰਾਂ ਵਰਕਰ ਪਾਰਕਾਂ ਵਿੱਚ ਨਿਕਰਾਂ ਅਤੇ ਸੋਟੀਆਂ ਫੱੜ ਕੇ ਹਰ ਰੋਜ ਗਤਕਾ ਖੇਡਨ ਜਾਂ ਕਸਰਤ ਕਰਨ ਲਈ ਉਥੇ ਇਕੱਠੇ ਹੂੰਦੇ ਹਨ? ਨਹੀਂ! ਉਹ ਚਾਲਾਕ ਚਾਣਕਿਆ ਦੇ ਚੇਲੇ ਹਨ। ਪਾਰਕਾਂ ਅਤੇ ਮੈਦਾਨਾਂ ਵਿੱਚ ਉਹ ਨੀਤੀਆਂ ਬਣਾਉਣ ਲਈ ਇਕਠੇ ਹੂੰਦੇ ਹਣ ਅਤੇ ਆਪਣੀਆਂ ਭਵਿਖ ਦੀਆਂ ਨੀਤੀਆਂ ਨੂੰ ਲਾਗੂ ਕਰਣ ਦੀਆਂ ਸਕੀਮਾਂ ਬਣਾਂਉਂਦੇ ਹਨ। ਇਨਾਂ ਪਾਰਕਾਂ ਅਤੇ ਮੈਦਾਨਾਂ ਤੋਂ ਵੱਧ ਮਹਫੂਜ ਅਤੇ ਏਕਾਂਤ ਥਾਂ, ਹੋਰ ਕੇੜ੍ਹੀ ਹੋ ਸਕਦੀ ਹੈ? ਜਿਥੇ ਨਾਂ ਕੋਈ ਜਾਸੂਸ ਹੋਵੇ ਅਤੇ ਨਾਂ ਕੋਈ ਮਾਈਕ ਅਤੇ ਸਪੀਕਰ ਹੋਵੇ ਨਾਂ ਬਾਹਰ ਦਾ ਕੋਈ ਬੰਦਾ ਆ ਸਕੇ। ਇਨਾਂ ਗੁਪਤ ਮੀਟਿੰਗਾਂ ਵਿੱਚ ਬਹੁਤ ਕੁਝ ਊਲੀਕਿਆ ਅਤੇ ਤੈ ਕੀਤਾ ਜਾਂਦਾ ਹੈ, ਜਿਸ ਦੀ ਕਿਸੇ ਨੂੰ ਖਬਰ ਤਕ ਨਹੀਂ ਲਗਦੀ। ਦੂਜੇ ਪਾਸੇ ਇਕ ਅਸੀ ਹਾਂ ਕਿ ਸਾਡੇ ਢਿਡ ਵਿੱਚ ਜੋ ਹੂੰਦਾ ਹੈ ਉਹ ਦੂਜੇ ਦਿਨ ਪੂਰੀ ਦੁਣਿਆਂ ਦੇ ਸਾਮ੍ਹਣੇ ਆ ਜਾਂਦਾ ਹੈ।

ਸਾਨੂੰ ਅਪਣੀ ਵਿਦਵਤਾ ਦੇ ਝੰਡੇ ਗਡਣ ਲਈ ਮਾਈਕ ਵੀ ਚਾਹੀਦਾ ਹੈ, ਸਟੇਜ ਵੀ ਚਾਹੀ ਦੀ ਹੈ, ਮੀਡੀਆ ਵੀ ਚਾਹੀ ਦਾ ਹੈ ਅਤੇ ਉਹ ਵੇਬਸਾਈਟਾਂ ਅਤੇ ਇੰਟਰ ਨੇਟ ਵੀ ਚਾਹੀਦਾ ਹੈ ਜਿੱਥੇ ਅਸੀ ਇਹ ਦਰਸਾ ਸਕੀਏ ਕੇ ਸਾਡੇ ਤੋਂ ਵੱਡਾ ਹੋਰ ਕੋਈ ਵਿਦਵਾਨ ਨਹੀਂ ਹੈ, ਭਾਵੇ ਦੁਸ਼ਮਣ ਤੁਹਾਡੀ ਗਲ ਸੁਣ ਕੇ, ਤੁਹਾਡੇ ਤੋਂ ਪਹਿਲਾਂ ਹੀ, ਉਸ ਦੀ ਕਾਟ ਕਡ੍ਹ ਲੈਂਦਾ ਹੈ। ਅੱਜ ਉਨਾਂ ਵਿਚ ਵੇਖੋ, ਕਿ ਕੰਮ ਕਰਨ ਵਾਲਿਆਂ ਦੀ ਕਿਨੀ ਵਡੀ ਗਿਣਤੀ ਹੈ , ਅਤੇ ਜਨਤਕ ਰੂਪ ਵਿੱਚ ਬਿਆਨ ਦੇਣ ਵਾਲੇ ਕਿਨੇ ਹਣ ? ਲੱਖਾਂ ਦੀ ਤਾਦਾਤ ਵਿੱਚ ਕੰਮ ਕਰਨ ਵਾਲੇ ਵਰਕਰ ਹਨ ਅਤੇ ਜਨਤਕ ਰੂਪ ਵਿਚ ਬਿਆਨ ਦੇਣ ਵਾਲੇ ਗਿਣਤੀ ਦੇ ਲੀਡਰ ਹਨ। ਸਾਡੇ ਵਿਚ ਕੰਮ ਕਰਣ ਵਾਲਾ ਕੋਈ ਨਹੀਂ, ਤੇ ਹਰ ਬੰਦਾ ਲੀਡਰ ਹੈ। ਹਰ ਵਿਦਵਾਨ ਨੇ ਅਪਣਾਂ ਅਪਣਾਂ ਝੰਡਾ ਫੜਿਆ ਹੋਇਆ ਹੈ। ਨਾਂ ਕਿਸੇ ਨੂੰ ਅਗੇ ਲਗਣ ਦੇਂਣਾਂ ਹੈ ,ਅਤੇ ਨਾਂ ਕਿਸੇ ਦੇ ਪਿਛੇ ਲਗਣਾਂ ਹੈ, ਬਸ ਸਾਡੇ ਕੋਲ ਇਹ ਹੀ ਰਹਿ ਗਇਆ ਹੈ। ਸਾਰੇ ਹੀ ਚੌਧਰੀ ਹਨ। ਜੇ ਕੋਈ ਕਹਿ ਦੇਵੇ ਉਹ ਹੀ ਪੱਥਰ ਦੀ ਲਕੀਰ ਬਣ ਜਾਵੇ। ਭਲਿਉ ! ਜੇ ਉਹ ਪਿੰਡ ਹੀ ਨਾਂ ਰਿਹਾ ਤੇ ਚੌਧਰੀ ਕਿਸ ਪਿੰਡ ਦੇ ਬਣੋਗੇ? ਜਰਾ ਸੋਚੋ, ਤੇ ਪਹਿਲਾਂ ਉਸ ਪਿੰਡ ਦੀਆਂ ਹੱਦਾਂ ਦੀ ਨਿਗਰਾਨੀ ਕਰੋ ਜਿਸ ਉੱਤੇ ਦੁਸ਼ਮਨ ਦੀ ਮਾੜੀ ਨੀਯਤ ਅਤੇ ਪੈਨੀ ਨਿਗਾਹ ਲਗੀ ਹੋਈ ਹੈ। ਕੋਈ ਮਸਲਾ ਆਇਆ ਨਹੀਂ ਕਿ ਦੂਜੇ ਦਿਨ ਹੀ ਉਹਦਾ ਬਿਆਣ ਵੀ ਲੈ, ਅਤੇ ਇਸਦਾ ਬਿਆਨ ਵੀ ਲੈ। ਇਕ ਕੁਝ ਲਿਖ ਰਿਹਾ ਹੈ, ਦੂਜਾ ਕੁਝ ਕਹਿ ਰਿਹਾ ਹੈ। ਫੇਰ ਇਕ ਦੂਜੇ ਦੇ ਬਿਆਨਾਂ ਤੇ ਬਹਿਸ, ਖਹਿਬਾਜੀ ਅਤੇ ਅੰਤ ਵਿੱਚ ਵਖਰੇਵਾਂ ਬਸ ਹੋਰ ਕੁਝ ਵੀ ਨਹੀਂ। ਦੁਸ਼ਮਨ ਸਾਡੇ ਤੇ ਹੰਸਦਾ ਹੈ। ਉਨਾਂ ਦੇ ਖਰੀਦੇ ਹੋਏ ਭਾੜੇ ਦੇ ਲੋਕ ਸਾਡੇ ਤੇ ਹਸਦੇ ਹਨ ਕਿ ਸਾਡਾ ਪਾਇਆ ਜਾਲ ਸਹੀ ਥਾਂ ਤੇ ਪੈ ਰਿਹਾ ਹੈ। ਉਨਾਂ ਕੋਲ ਨੀਤੀ ਹੈ, ਸਾਨੂੰ ਨੀਤੀ ਦਾ ਪਤਾ ਨਹੀਂ, ਕਿ ਉਹ ਕੀ ਹੂੰਦੀ ਹੈ। ਉਨਾਂ ਕੋਲ ਸੰਗਠਨ ਹੈ ਸਾਡੇ ਕੋਲ ਵਖਰੇਵਾਂ ਹੈ। ਉਨਾਂ ਦਾ ਧਰਮ ਸਿਆਸਤ ਨੂੰ ਚਲਾਂਉਦਾ ਹੈ, ਸਾਡੀ ਸਿਆਸਤ ਧਰਮ ਨੂੰ ਚਲਾਂਉਦੀ ਹੈ। ਵੀਰੋ ਜਰਾ ਸਵੈ ਪੜਚੋਲ ਕਰੀਏ ਕਿ ਅਸੀ ਕਿਥੇ ਖੜੇ ਹਾਂ? ਸਾਡਾ ਕੀ ਹਸ਼ਰ ਹੋਣ ਵਾਲਾ ਹੈ? ਸਾਡੇ ਕੋਲ ਉਨਾਂ ਨਾਲ ਲੜਨ ਦੀ ਤਿਆਰੀ ਤਾਂ ਦੂਰ ਦੀ ਗਲ ਹੈ, ਸਾਡੀ ਸੋਚ ਵੀ ਅਜੀਬੋ ਗਰੀਬ ਹੈ।

ਇਕ ਵੀਰ ਦਾ ਫੋਨ ਆਇਆ, ਕਹਿਨ ਲਗਾ ਵੀਰ ਜੀ ਤੁਸੀ ਕਹਿੰਦੇ ਹੋ ਕੌਮ ਦੇ ਇਹ ਹੀ ਆਸਾਰ ਰਹੇ ਤੇ ਕੌਮ ਨੇ ਮੁੱਕ ਜਾਣਾਂ ਹੈ, ਮੈ ਆਪ ਜੀ ਨਾਲ ਸਹਿਮਤ ਨਹੀਂ, ਸਿੱਖ ਕੌਮ ਕਦੀ ਵੀ ਮੁੱਕ ਨਹੀਂ ਸਕਦੀ। ਮੈਂ ਉਸ ਨੂੰ ਜਵਾਬ ਦਿੱਤਾ, ਵੀਰਾ, ਤੇਰੇ ਵਰਗੇ ਕਈ ਹੋਰ ਵੀਰਾਂ ਨੇ ਵੀ ਇਹ ਖੁਸ਼ਫਹਿਮੀ ਪਾਲੀ ਹੋਈ ਹੈ, ਤੂੰ ਵੀ ਸ਼ਾਇਦ ਉਸ ਖੁਸ਼ਫਹਿਮੀ ਦਾ ਹੀ ਸ਼ਿਕਾਰ ਹੈ। ਕੌਮ ਮੁੱਕੇਗੀ ਨਹੀਂ, ਇਹ ਸੱਚ ਹੈ, ਲੇਕਿਨ ਰਹੇਗੀ ਵੀ ਨਹੀਂ। ਜੇ ਕਿਸੇ ਪਰਿਵਾਰ ਦੇ ਦਸ ਜੀਅ ਹੋਣ ਤੇ ਉਸ ਵਿਚੋਂ ਹੌਲੀ ਹੌਲੀ ਕਰਕੇ ਨੌ ਮਰ ਜਾਂਣ ਤੇ ਉਸ ਇਕ ਜੀਅ ਨੂੰ ਕੀ ਤੂੰ ਪਰਿਵਾਰ ਕਹੇਗਾਂ? ਅਜ ਅਸੀ ਇਕ ਇਕ ਕਰ ਕੇ ਮਰਦੇ ਜਾ ਰਹੇ ਹਾਂ। ਕੁਝ ਦਾ ਸਰੂਪ ਖਤਮ ਹੋ ਗਇਆ ਹੈ, ਤੇ ਕੁਝ ਦਾ ਜਮੀਰ ਮਰ ਚੁਕਾ ਹੈ। ਕੁਝ ਅਧਿਆਤਮਕ ਪੱਖੋ ਮਰ ਗਏ ਹਨ , ਕੁਝ ਮਾਨਸਿਕ ਪੱਖੋਂ ਮਰ ਚੁਕੇ ਹਨ। ਹਰ ਰੋਜ ਸਿੱਖੀ ਦੀ ਮੌਤ ਹੋ ਰਹੀ ਹੈ। ਬ੍ਰਾਹਮਣਵਾਦ ਸਾਡੇ ਤੇ ਹਾਵੀ ਹੋ ਚੁਕਾ ਹੈ। ਬ੍ਰਾਹਮਣਵਾਦ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਬਹੁਤਾ ਜਰੂਰ ਹੋ ਸਕਦਾ ਹੈ , ਲੇਕਿਨ ਉਹ ਸਾਡੇ ਅੰਦਰ ਵੜ ਕੇ ਸਾਡਾ ਗਲਾ ਘੋਟ ਰਿਹਾ ਹੈ। ਇਸ ਬ੍ਰਾਹਮਣ ਦੇ ਅਗੇ ਕੌਣ ਕਿਸ ਵੇਲੇ ਮੱਥਾ ਟੇਕ ਦੇਵੇ, ਕੌਣ ਇਸ ਦੇ ਹੱਥ ਵਿਕ ਜਾਵੇ ਇਹ ਕੁਝ ਨਹੀਂ ਕਹਿਆ ਜਾ ਸਕਦਾ।

ਇਸ ਲੇਖ ਵਿੱਚ ਉਪਰ ਗਲ ਕੀਤੀ ਗਈ ਸੀ ਕੁਝ ਸੰਵੇਦਨ ਸ਼ੀਲ ਮੁੱਦਿਆ ਦੀ, ਜਿਨਾਂ ਤੇ ਸਾਡੇ ਕੋਲੋਂ ਇਕ ਸਾਜਿਸ਼ ਦੇ ਤਹਿਤ ਬਹਿਸ ਕਰਵਾ ਕੇ ਕੌਮ ਵਿੱਚ ਕਈ ਪ੍ਰਕਾਰ ਦੀਆਂ ਦੁਬਿਧਾ ਖੜੀਆਂ ਕੀਤੀਆਂ ਜਾ ਰਹਿਆਂ ਨੇ। ਭਾਵੇ ਮੇਰੀ ਇਸ ਗਲ ਨੂੰ ਕੁਝ ਲੋਕ ਕੋਰੀ ਕਲਪਨਾ ਜਾਂ ਮੇਰੇ ਮੰਨ ਦਾ ਵਲੇਵਾਂ ਕਹਿ ਕਿ ਪਾਸਾ ਵੱਟ ਲੈਣਗੇ, ਇਹ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ, ਲੇਕਿਨ ਮੈਂ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹਾਂ ਕਿ ਉਨਾਂ ਕੋਲ ਇਸ ਗਲ ਦਾ ਵੀ ਕੋਈ ਜਵਾਬ ਨਹੀਂ ਹੈ ਕਿ- ਕੀ ਇਨਾਂ ਸੰਵੇਦਨ ਸ਼ੀਲ ਮੁਦਿਆ ਤੇ ਜਨਤਕ ਰੂਪ ਵਿੱਚ ਪੰਥ ਦੋਖੀਆਂ ਦੇ ਸਾਮ੍ਹਣੇ ਕੋਈ ਵੀ ਗਲ ਜਾਂ ਬਹਿਸ ਕਰਨੀ ਕੀ ਕੌਮ ਦੇ ਹਿੱਤ ਲਈ ਜਾਇਜ ਹੈ ? ਜਾਂ ਇਸ ਦੇ ਕੋਈ ਉਸਾਰੂ ਸਿੱਟੇ ਭਵਿੱਖ ਵਿੱਚ ਨਿਕਲ ਸਕਦੇ ਨੇ ? ਇਸ ਗਲ ਨੂੰ ਪੰਥ ਦੀਆਂ ਕਈ ਜਾਗਰੂਕ ਧਿਰਾਂ ਅਤੇ ਵਿਦਵਾਨਾਂ ਨੇ ਇਕ ਮੱਤ ਤੋ ਸਵੀਕਾਰ ਵੀ ਕੀਤਾ ਹੈ ਕੇ, ਪੰਥ ਦੇ ਕਿਸੇ ਵੀ ਸੰਵੇਦਨ ਸ਼ੀਲ ਮੁੱਦੇ ਤੇ ਜਨਤਕ ਰੂਪ ਵਿੱਚ ਖੁੱਲੀ ਬਹਿਸ ਕਰਨਾਂ ਪੰਥ ਦੇ ਹਕ ਵਿੱਚ ਨਹੀਂ ਹੈ। ਦੂਜੇ ਪਾਸੇ ਇਹ ਹੀ ਜਾਗਰੂਕ ਧਿਰਾਂ ਆਏ ਦਿਨ ਕੋਈ ਨਾਂ ਕੋਈ ਸੰਵੇਦਨਸ਼ੀਲ ਮੁੱਦਾ ਆਪ ਹੀ ਚੁਕ ਲੈਂਦੀਆਂ ਨੇ। ਦਾਸ ਇਨਾਂ ਵਿਸ਼ਿਆਂ ਉਪਰ ਕਈ ਲੇਖ ਪਹਿਲਾਂ ਵੀ ਲਿੱਖ ਕੇ ਅਪਣੇ ਵੀਚਾਰ ਸਾਂਝੇ ਕਰ ਚੁਕਾ ਹੈ। ਇਥੇ ਦਾਸ ਸਿਰਫ, ਇਕ ਦੋ ਵਿਸ਼ਿਆਂ ਤੇ ਸੰਖੇਪ ਵਿੱਚ ਪਾਠਕਾਂ ਨਾਲ ਵੀਚਾਰ ਸਾਂਝੇ ਕਰੇਗਾ।

1- ਸਿੱਖਾਂ ਦੇ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਤੇ ਕਿੰਤੂ

ਸਭ ਤੋਂ ਵਡਾ ਅਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਸਿੱਖਾਂ ਦੇ ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਾਰ ਵਾਰ ਉਠਾਇਆ ਜਾਂਦਾ ਹੈ ਅਤੇ ਉਸ ਉਪਰ ਬਹਿਸ ਅਤੇ ਚਰਚਾ ਵੀ ਕਰਵਾਈ ਜਾਂਦੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਸਭਤੋਂ ਵਡਾ ਮੂਰਖਤਾ ਭਰਿਆ ਇਹ ਕੰਮ ਕੀਤਾ ਜਾ ਰਿਹਾ ਹੈ। ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰਨਾਂ। ਰਹੀ ਗਲ "ਰਾਗਮਾਲਾ" ਦੀ ਉਸ ਨੂੰ ਕੋਈ ਵੀ ਸੁਚੇਤ ਸਿੱਖ ਗੁਰਬਾਣੀ ਨਹੀਂ ਮਣਦਾ ਅਤੇ ਜਦੋਂ ਉਸ ਬਾਰੇ ਸਿੱਖ ਰਹਿਤ ਮਰਿਯਾਦਾ ਵਿੱਚ ਇਕ ਪੰਥਿਕ ਫੇਸਲਾ ਵੀ ਮੌਜੂਦ ਹੈ, ਫੇਰ ਵਾਰ ਵਾਰ ਉਸ ਦਾ ਬਖੇੜਾ ਕਿਉ ਖੜਾ ਕੀਤਾ ਜਾਂਦਾ ਹੈ? ਇਹ ਉਹ ਲੋਕ ਵੀ ਜਾਂਣਦੇ ਹਨ ਕਿ ਕੌਮ ਹਲੀ ਉਨਾਂ ਹਾਲਾਤਾਂ ਵਿੱਚ ਬਿਲਕੁਲ ਨਹੀਂ ਕਿ ਇਨਾਂ ਵਿਸ਼ਿਆਂ ਨੂੰ ਛੇੜਿਆ ਜਾਵੇ। ਪੰਥ ਵਿਰੋਧੀ ਤਾਕਤਾਂ ਵੀ ਇਹ ਜਾਣਦੀਆਂ ਹਨ ਕਿ ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜ ਦਿਤਾ ਜਾਵੇ ਜਾਂ ਉਸ ਤੇ ਹੀ ਕਿੰਤੂ ਖੜੇ ਕਰ ਦਿਤੇ ਜਾਂਣ ਤੇ ਸਿੱਖ ਨੇ ਆਪ ਹੀ ਮੁੱਕ ਜਾਂਣਾਂ ਹੈ। ਦੂਜੀ ਗਲ ਉਨਾਂ ਵੀਰਾਂ ਕੋਲ ਕੀ ਗਾਰੰਟੀ ਹੈ ਕਿ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇੜ ਛਾੜ ਕਰਨ ਵੇਲੇ ਕੀ ਉਹ ਪੰਥ ਵਿਰੋਧੀ ਤਾਕਤਾਂ ਉਭਰ ਕੇ ਫੇਰ ਸਾਮ੍ਹਣੇ ਨਹੀਂ ਆ ਜਾਂਣ ਗੀਆਂ , ਜੋ ਇਸ ਸਰੂਪ ਦੀ ਬਾਇਡਿੰਗ ਖੁਲਣ ਦੀ ਤਾਕ ਵਿੱਚ ਪੱਬਾਂ ਭਾਰ ਖੜੀਆਂ ਹੋਈਆ ਨੇ।

ਅੱਜ ਇਨਾਂ ਵੀਰਾਂ ਕੋਲੋਂ ਮੈ ਇਕ ਸਵਾਲ ਪੁਛਦਾ ਹਾਂ, ਨਿਰਣਾਂ ਪਾਠਕ ਆਪ ਕਰ ਲੈਣਗੇ ਕਿ ਅੱਜ ਇਕ ਸਾਜਿਸ਼ ਦਾ ਸ਼ਿਕਾਰ ਹੋਕੇ ਸਾਡੀ ਸਿੱਖੀ ਦਾ ਹੀ ਉਹ ਅੰਗ ਜਿਨਾਂ ਨੂੰ "ਰਵਿਦਾਸ ਸਮਾਜ" ਦੇ ਨਾਮ ਤੇ ਸਾਡੇ ਤੋਂ ਵੱਖ ਕਰ ਦਿਤਾ ਗਇਆ। ਉਨਾਂ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਵਖਰਾ ਕਰ ਕੇ ਇਕ ਵਖਰਾ ਗ੍ਰੰਥ ਬਣਾਂ ਲਿਆ ਹੈ, ਜਿਸ ਵਿੱਚ ਲੱਖਾਂ ਦੀ ਤਾਦਾਤ ਵਿੱਚ ਲੋਕ ਇਕੱਠੇ ਹੋਏ। ਉਨਾਂ ਇਹ ਵੀ ਐਲਾਨ ਕਰ ਦਿਤਾ ਹੈ, ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾਂ ਦੇਣਾਂ ਨਹੀਂ ਹੈ। ਸਾਡੇ ਗੁਰੂ ਰਵਿਦਾਸ ਜੀ ਹਨ। ਇਹ ਵਿਦਵਾਨ ਉਸ ਵੇਲੇ ਕਿੱਥੇ ਸਨ ? ਜਿਸ ਵੇਲੇ ਇਹ ਪੰਥ ਵਿਰੋਧੀ ਤਾਕਤਾਂ ਇਨਾਂ ਵੀਰਾਂ ਨੂੰ, ਸਾਡੇ ਮੂਹੋ ਹੀ ਇਨਾਂ ਸਿੱਖੀ ਦੇ ਹੀ ਇਕ ਅੰਗ ਨੂੰ "ਮਜ੍ਹਬੀ ਸਿੱਖ" ਕਹਿ ਕੇ ਬੁਲਾਂਦੀਆਂ ਰਹਿਆਂ? ਇਨਾਂ ਵੀਰਾਂ ਦੀ ਗਿਆਨ ਅਤੇ ਖੋਜ ਅਤੇ ਪੰਥ ਦਰਦ ਉਸ ਵੇਲੇ ਕਿਥੇ ਸੀ ਜਦੋਂ ਇਕ ਵਖਰਾ ਗ੍ਰੰਥ ਉਸ ਵਿੱਚੋਂ ਸਥਾਪਿਤ ਕੀਤਾ ਜਾ ਰਿਹਾ ਸੀ? ਇਹ ਸਾਰੀ ਸਾਜਿਸ਼ ਇਕ ਦਿਨ ਵਿੱਚ ਮੁਕੱਮਲ ਨਹੀਂ ਹੋਈ। ਇਸ ਕੰਮ ਵਿੱਚ ਵੀ ਭਾੜੇ ਦੇ ਉਹ ਵਿਦਵਾਨ ਕਈ ਵਰ੍ਹਿਆਂ ਤੋਂ ਲਗੇ ਹੋਏ ਸਨ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ "ਅਖੌਤੀ" ਅਤੇ "ਨਕਲੀ" ਕਹਿ ਕੇ ਆਏ ਦਿਨ ਉਸ ਉਪਰ ਹਮਲੇ ਕਰ ਰਹੇ ਨੇ। ਜਿਸ ਵੇਲੇ ਇਹ ਰਾਗ ਮਾਲਾ ਨੂੰ ਕਡ੍ਹਣ ਦੀ ਗਲ ਕਰਨ ਗੇ , ਬਹੁਤ ਕੁਝ ਵੱਖ ਹੋ ਜਾਵੇਗਾ। ਉਸ ਵੇਲੇ ਗੁਰੂ ਦੇ ਸਰੂਪ ਤੇ ਕਿੰਤੂ ਕਰਨ ਵਾਲੇ ਇਨਾਂ ਅਖੌਤੀ ਵਿਦਵਾਨਾਂ ਦੀ ਵਿੱਦਵਤਾ ਕਿਸੇ ਕੰਮ ਨਹੀਂ ਆ ਸਕੇਗੀ। ਜਿਸ ਕੌਮ ਦੇ ਵਿਦਵਾਨ ਅਤੇ ਇਸ ਦਾ ਬਹੁਤ ਜਾਗਰੂਕ ਤਬਕਾ ਧੂੰਦਾ ਸਾਹਿਬ ਨੂੰ "ਸਕਤਰੇਤ" ਵਿੱਚ ਪੇਸ਼ ਹੋਕੇ ਪੁਜਾਰੀਆਂ ਦੇ ਸਾਮ੍ਹਣੇ ਗੋਡੇ ਟੇਕਣ ਨੂੰ "ਸਿਧਾਂਤਕ" ਜਾਂ "ਗੈਰ ਸਿਧਾਂਤਕ " ਸਾਬਿਤ ਨਹੀਂ ਕਰ ਸਕਿਆ, ਉਹ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇੜ ਛਾਂੜ ਨੂੰ ਕੀ ਰੋਕ ਸਕੇਗਾ ? ਇਸ ਕਰਕੇ ਰੱਬ ਦਾ ਵਾਸਤਾ ਜੇ ਕਿ ਅਪਣੇ ਗੁਰੂ ਤੇ ਕਿਸੇ ਤਰ੍ਹਾਂ ਦੇ ਕਿੰਤੂ ਅਤੇ ਬਖੇੜੇ ਖੜੇ ਨਾਂ ਕਰੋ। ਉਨਾਂ ਅਖੌਤੀ ਵਿਦਵਾਨਾਂ ਕੋਲੋਂ ਵੀ ਸਾਵਧਾਨ ਰਹੋ ਜੋ ਸਾਡੇ ਵਿੱਚ ਘੁਸਪੈਠ ਕਰਕੇ ਆਏ ਦਿਨ ਇਸ ਬਾਰੇ ਅਪਣੀ ਵਿਦਵਤਾ ਦੀ ਬੱਦਬੂ ਦਾਰ ਜੁਗਾਲੀ ਕਰਦੇ ਰਹਿੰਦੇ ਹਨ। ਗੁਰੂ ਦੇ ਸਰੂਪ ਨੂੰ "ਨਕਲੀ" ਅਤੇ ਅਖੌਤੀ" ਵਰਗੇ ਅਪਮਾਨ ਜਨਕ ਸ਼ਬਦਾ ਦੀ ਵਰਤੋਂ ਕਰਕੇ ਕੇ ਸਿੱਖਾਂ ਦੇ ਮਨਾਂ ਨੂੰ ਵਲੂਧਰ ਰਹੇ ਨੇ।

2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ

ਕੁਝ ਬਹੁਤ ਸਿਆਣੇ ਅਖਵਾਉਣ ਵਾਲੇ ਅਤੇ ਦੂਜਿਆ ਨੂੰ ਗੁਰਮਤਿ ਸਮਝਾਉਣ ਵਾਲੇ ਲੋਕਾਂ ਦਾ ਕਹਿਨਾਂ ਹੈ ਕੇ ਅਕਾਲ ਤਖਤ ਇਕ ਇਟਾਂ ਅਤੇ ਗਾਰੇ ਦੀ ਬਣੀ ਈਮਾਰਤ ਹੈ ਉਸ ਦਾ ਸਤਕਾਰ ਕਰਣ ਦੀ ਲੋੜ ਹੀ ਕੀ ਹੈ ? ਉਹ ਇਹ ਵੀ ਪੁਛਦੇ ਨੇ ਕੇ ਕੀ ਤੁਸੀ ਇਟਾਂ ਅਤੇ ਗਾਰੇ ਦੀ ਬਣੀ ਇਮਾਰਤ ਨੂੰ ਸਰਵਉੱਚ ਸਮਝਦੇ ਹੋ ਅਤੇ ਸਤਕਾਰ ਕਰਦੇ ਹੋ?

ਅਕਾਲ ਤਖਤ ਸਿਰਫ ਇਕ ਸ਼ਰੀਰ (ਬਾਡੀ) ਜਾਂ ਈਮਾਰਤ ਮਾਰਤ ਹੀ ਨਹੀਂ ਹੈ, ਉਸ ਪਿਛੇ ਵੀ ਗੁਰੂ ਦਾ ਦਿਤਾ ਇਕ "ਸੰਦੇਸ" ਹੈ, ਜੋ ਸਾਡੇ ਲਈ ਇਕ "ਸਿਧਾਂਤ" ਬਣ ਕੇ ਸਾਮ੍ਹਣੇ ਖੜਾ ਹੈ। ਇਹ ਈਮਾਰਤ ਹੀ ਨਹੀਂ ਬਲਕੇ ਗੁਰੂ ਦਾ ਸਿਰਜਿਆ ਇਕ ਮੁਕੱਮਲ "ਸੰਸ਼ਥਾਨ"/ ਅਦਾਰਾ (Institution) ਹੈ ਜੋ ਪੂਰੀ ਦੁਣੀਆਂ ਨੂੰ ਇਹ ਦਸਦਾ ਹੈ ਕੇ ਸਿੱਖ ਕਿਸੇ ਵੀ ਬਾਹਰੀ ਹੁਕਮ ਦਾ ਮੋਹਤਾਜ ਨਹੀਂ।

ਇਨਾਂ ਅਖੌਤੀ ਵਿਦਵਾਨਾਂ ਦੀ ਖਰਵੀ ਬੁੱਧੀ ਨੂੰ ਇਹ ਇਹਸਾਸ ਨਹੀਂ ਕਿ ਗੁਰੂਆਂ ਨੇ ਅਪਣੇ ਜੀਵਨ ਕਾਲ ਵਿੱਚ ਜੋ ਵੀ ਕੀਤਾ, ਜੋ ਵਰਤਿਆ, ਜੋ ਸਿਰਜਿਆ ਅਤੇ ਜੋ ਕਹਿਆ ਉਸ ਪਿੱਛੇ ਕੁਝ ਨਾਂ ਕੁਝ ਮਕਸਦ ਜਾਂ ਕੋਈ ਸੰਦੇਸ਼ ਹੂੰਦਾ ਸੀ, ਉਹ ਇਕ ਸਿਧਾਂਤ ਬਣ ਜਾਂਦਾ ਸੀ, ਉਹ ਸਿੱਖਾਂ ਲਈ ਸਤਕਾਰਤ ਆਦੇਸ਼ ਬਣ ਜਾਂਦਾ ਸੀ। ਇਹ ਅਖੌਤੀ ਵਿਦਵਾਨ ਤੇ ਇਹ ਵੀ ਕਹਿ ਦੇਣ ਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੜੀਆਂ ਪਾਲਣ ਦਾ ਸ਼ੌਂਕ ਸੀ , ਇਸ ਲਈ ਉਨਾਂ ਬਾਜ ਪਾਲਿਆ ਹੋਇਆ ਸੀ। ਬਾਜ ਦੀ ਥਾਂਵੇ ਉਹ ਤੋਤਾ ਜਾਂ ਕਬੂਤਰ ਵੀ ਰੱਖ ਸਕਦੇ ਸਨ । ਕੀ ਇਨਾ ਨਾਸਤਿਕ ਸੋਚ ਵਾਲੇ ਵਿਦਵਾਨਾਂ ਕੋਲ ਇਸ ਦਾ ਜਵਾਬ ਹੈ ਕੇ ਐਸਾ ਕਿਉ ਨਹੀਂ ਕੀਤਾ ? ਸਿਰਫ ਇਹ ਸੰਦੇਸ਼ ਦੇਣ ਲਈ ਕਿ ਹਰ ਸਿੱਖ ਵਿੱਚ ਬਾਜ ਵਰਗੇ ਗੁਣ ਹੋਣ ਦੂਰ ਦ੍ਰਸ਼ਟੀ, ਸ਼ਿਕਾਰ (ਦੁਸ਼ਮਨ) ਦੀ ਸਟੀਕ ਪਹਿਚਾਨ, ਮਜਬੂਤ ਪਕੜ ਅਤੇ ਅਚੂਕ ਵਾਰ। ਇਹ ਗੁਣ ਬਾਜ ਵਿੱਚ ਹੀ ਮੌਜੂਦ ਸਨ ਕਿਸੇ ਹੋਰ ਪਰਿੰਦੇ ਵਿੱਚ ਨਹੀਂ। ਉਨਾਂ ਬਾਜ ਨੂੰ ਇਹ ਸੰਦੇਸ਼ ਦੇਣ ਲਈ ਰਖਿਆ ਸੀ ਪੂਜਣ ਲਈ ਨਹੀਂ। ਇਸੇ ਤਰ੍ਹਾਂ ਸਿੱਖ ਉਸ ਅਕਾਲ ਬੂੰਗੇ ਨੂੰ ਸਤਕਾਰ ਦੀ ਨਜਰ ਨਾਲ ਵੇਖਦੇ ਨੇ ਉਸ ਨੂੰ ਪੂਜਦੇ ਨਹੀਂ। ਇਹ ਲੋਕ ਵਾਰ ਵਾਰ ਇਹ ਪੁਛਦੇ ਨੇ ਕਿ ਤੁਸੀ ਉਸ ਇਟਾਂ ਗਾਰੇ ਦੀ ਈਮਾਰਤ ਨੂੰ ਪੁਜਦੇ ਹੋ? ਇਨਾਂ ਨੂੰ ਸ਼ਾਇਦ ਇਨਾਂ ਵੀ ਪਤਾ ਨਹੀਂ ਕਿ "ਸਤਕਾਰ" ਕਰਨਾਂ ਤੇ "ਪੂਜਨਾਂ" ਇਸ ਵਿੱਚ ਕਿਨਾਂ ਵਡਾ ਫਰਕ ਹੂੰਦਾ ਹੈ।

ਅਕਾਲ ਤਖਤ ਇਕ ਇਟਾਂ ਗਾਰੇ ਦੀ ਬਣੀ ਈਮਾਰਤ ਹੀ ਨਹੀਂ ਸਗੋ ਉਹ ਇਕ ਸਿੱਖ ਦੀ "ਵਖਰੀ ਹੋਂਦ" ਅਤੇ "ਪ੍ਰਭੂਸੱਤਾ" ਦਾ ਪ੍ਰਤੀਕ ਹੈ। ਜਦੋਂ ਵੀ ਖਾਲਸੇ ਲਈ ਕਿਸੇ ਸੰਦੇਸ਼ ਜਾਂ ਅਪਣੇ ਕਾਨੂਨ ਨੂੰ ਸੋਧਨ ਜਾ ਜਾਰੀ ਕਰਨ ਦੀ ਲੋੜ ਪਵੇਗੀ ਖਾਲਸਾ ਇਸੇ "ਅਦਾਰੇ" ਤੋਂ ਜਾਰੀ ਕਰੇਗਾ। ਇਸ ਲਈ ਇਸ ਦੀ ਸਥਾਪਨਾਂ ਗੁਰੂ ਸਾਹਿਬ ਜੀ ਨੇ ਆਪ ਕੀਤੀ ਅਤੇ ਕੌਮ ਲਈ "ਸੰਦੇਸ਼" ਜਾਰੀ ਕੀਤੇ ਜਾਂਦੇ ਰਹੇ।

ਲੇਕਿਨ ਅੱਜ ਬੁਰਛਾਗਰਦਾਂ ਨੇ ਉਸ "ਕਾਨੂਨ ਅਤੇ ਸੰਵਿਧਾਨ" ਬਣਾਉਣ ਅਤੇ ਜਾਰੀ ਕਰਨ ਵਾਲੀ "ਪਾਰਲਿਆਮੇਂਟ" ਨੂੰ ਇਕ "ਕਚਹਿਰੀ ਜਾ ਥਾਂਣਾਂ " ਬਣਾਂ ਕੇ ਰੱਖ ਦਿਤਾ ਹੈ। ਅਜ ਕੁਝ ਲੋਕੀ ਇਸ ਨੂੰ ਸਿੱਖਾਂ ਦੀ "ਸੁਪ੍ਰੀਮ ਕੋਰਟ" ਕਹਿ ਕੇ ਵੀ ਇਸ ਦੇ ਰੁਤਬੇ ਨੂੰ ਘੱਟ ਕਰ ਦੇਂਦੇ ਨੇ ਅਤੇ ਉਨਾਂ ਬੁਰਛਾਗਰਦਾਂ ਦੇ ਰੁਤਬੇ ਨੂੰ ਹੋਰ ਵਧਾ ਦੇਂਦੇ ਨੇ ਜੋ ਇਸ ਸੰਸ਼ਥਾਨ ਤੇ ਕਬਜਾ ਕਰਕੇ ਸਭਤੋਂ ਵੱਡੇ "ਹਾਕਿਮ" ਬਣ ਬੈਠੇ ਨੇ। ਕਿਸੇ "ਕੋਰਟ" ਤੋਂ "ਫੈਸਲੇ ਅਤੇ ਸਜਾਵਾਂ" ਦਿੱਤੀਆਂ ਜਾਂਦੀਆਂ ਨੇ, ਕਾਨੂੰਨ ਨਹੀਂ ਸਿਰਜੇ ਜਾਂਦੇ। ਲੇਕਿਨ "ਪਾਰਲੀਆਮੇਂਟ" ਤੋਂ ਕਾਨੂੰਨ ਬਣਦੇ ਅਤੇ ਜਾਰੀ ਹੂੰਦੇ ਨੇ। ਜਿਸ ਕੰਮ ਲਈ ਇਸ "ਪਾਰਲਿਆਮੇਂਟ" ਦੀ ਸਿਰਜਨਾਂ ਹੋਈ ਸੀ, ਉਸ ਲਈ ਤੇ ਅਸੀ ਅੱਜ ਤਕ ਇਸਨੂੰ ਨਹੀਂ ਵਰਤਿਆ, ਪਰ ਹਾਂ ਉਸ ਨੂੰ ਅੱਜ ਇਨਾਂ ਕੇਸਾਧਾਰੀ ਬ੍ਰਾਹਮਣਾਂ ਅਤੇ ਕਾਮਰੇਡੀ ਵੀਚਾਰਧਾਰਾ ਵਾਲੇ ਕੁਝ ਕੁ ਸਿੱਖਾਂ ਨੇ ਇਸ ਅਦਾਰੇ ਨੂੰ ਅੱਜ ਕਚਹਿਰੀ ਅਤੇ ਥਾਣਾਂ ਜਰੂਰ ਬਣਾਂ ਕੇ ਰੱਖ ਦਿਤਾ ਹੈ। ਇਨਾਂ ਹੀ ਨਹੀਂ ਉਸ ਨੂੰ "ਇਟਾਂ ਅਤੇ ਗਾਰੇ" ਦੀ ਸਾਧਾਰਣ ਈਮਾਰਤ ਜਾਂ ਥੜਾ ਐਲਾਨ ਕੇ ਸਿੱਖਾਂ ਦੇ ਮੰਨ ਵਿੱਚੋ ਇਸ ਦੇ ਸਤਕਾਰ ਨੂੰ ਤਹਿਸ ਨਹਿਸ ਕਰ ਦੇਣ ਲਈ ਇਹ ਲੋਕ ਪੱਬਾਂ ਭਾਰ ਖੜੇ ਹਨ।

ਅਕਾਲ ਤਖਤ ਨੂੰ "ਇਟਾਂ ਅਤੇ ਗਾਰੇ" ਦੀ ਬਣੀ ਇਮਾਰਤ ਕਹਿਨ ਵਾਲਿਆ ਦੀ ਸਾਜਿਸ਼ ਕਦੀ ਵੀ ਕਾਮ ਯਾਬ ਨਹੀਂ ਹੋਣ ਦਿਤੀ ਜਾਵੇਗੀ। ਕਿਉਕੇ ਇਹ ਉਹ ਹੀ ਕਾਮਰੇਡੀ ਵਿਚਾਰ ਧਾਰਾ ਦੇ ਲੋਗ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਵੀ ਕਿੰਤੂ ਕਰ ਚੁਕੇ ਹਨ। ਇਨਾਂ ਕੋਲੋਂ ਸਾਨੂੰ ਸਾਵਧਾਨ ਰਹਿਨ ਦੀ ਬਹੁਤ ਜਰੂਰਤ ਹੈ। ਕਿਉ ਕਿ ਇਨਾਂ ਨੇ ਤਾਂ ਕੱਲ ਇਸੇ ਤਰ੍ਹਾਂ ਕਹਿ ਦੇਣਾਂ ਹੈ ਕੇ "ਕਾਗਜ ਅਤੇ ਗੱਤੇ" ਦੇ ਬਣੇ ਉਸ ਗ੍ਰੰਥ ਨੂੰ ਗੁਰੂ ਕਿਉ ਮਣਦੇ ਹੋ? ਮੱਥਾ ਕਿਉ ਟੇਕਦੇ ਹੋ? ਇਹ ਅਪਣੇ ਗੁਰੂ ਨਾਲੋਂ ਵੀ ਸਿਆਣੇ ਹੋ ਗਏ ਨੇ ਅਤੇ ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰ ਰਹੇ ਨੇ। ਇਕ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਡੀ (ਸ਼ਰੀਰ) ਅਗੇ ਨਹੀਂ ਝੁਕਦਾ, ਬਲਕਿ ਉਸ ਵਿਚ ਦਰਜ "ਗੁਰੂ ਸ਼ਬਦਾਂ" ਦੇ ਸਤਕਾਰ ਅਤੇ ਸਮਰਪਣ ਲਈ ਝੁਕਦਾ ਹੈ।

ਉਸੇ ਤਰ੍ਹਾਂ ਅਕਾਲ ਤਖਤ "ਇਟਾਂ ਗਾਰੇ ਦੀ ਬਣੀ ਇਮਾਰਤ" ਨਹੀਂ ! ਉਸ ਦੇ ਸਿਧਾਂਤ ਅਗੇ ਸਿੱਖ ਅਪਣਾਂ ਸਿਰ ਝੁਕਾਂਦੇ ਨੇ। ਜਿਸ ਨੂੰ ਇਤਰਾਜ ਹੈ ਉਹ ਨਾਂ ਕਰੇ ਸਤਕਾਰ , ਲੇਕਿਨ ਉਸ ਨੂੰ ਕੋਈ ਹਕ ਨਹੀਂ ਕੇ ਉਹ ਦੂਜਿਆ ਕੋਲੋਂ ਇਹ ਸਵਾਲ ਪੁਛੇ ਕੇ ਅਕਾਲ ਤਖਤ ਅਗੇ ਸਿਰ ਕਿਉ ਝੁਕਾਂਦੇ ਹੋ ? ਇਨਾਂ "ਸਕਤਰੇਤ" ਵਿੱਚ ਮੱਥਾ ਟੇਕਣ ਵਾਲਿਆਂ ਨੂੰ ਕੀ ਪਤਾ ਕੇ। ਅਕਾਲ ਤਖਤ ਦੀ ਇਹ ਈਮਾਰਤ ਹਮੇਸ਼ਾਂ ਸਿੱਖ ਨੂੰ ਇਹ ਅਹਿਸਾਸ ਦੁਆਂਦਾ ਹੈ ਕਿ

"ਖਾਲਸੇ ਦੀ ਵਖਰੀ ਹੋਂਦ ਹੈ", "ਖਾਲਸਾ ਨਿਆਰਾ ਹੈ" , "ਖਾਲਸਾ ਆਜਾਦ ਹਸਤੀ ਦਾ ਮਾਲਕ ਹੈ" "ਖਾਲਸਾ ਅਪਣੇ ਫੈਸਲੇ ਆਪ ਕਰਦਾ ਹੈ"

"ਖਾਲਸੇ ਦਾ ਅਪਣਾ ਸੰਵਿਧਾਨ ਅਤੇ ਕਾਨੂੰਨ ਹੈ" ,"ਖਾਲਸਾ ਮੀਰੀ ਅਤੇ ਪੀਰੀ" ਦੇ ਸਿਧਾਂਤ ਦਾ ਧਾਰਣੀ ਹੈ ", ਖਾਲਸੇ ਦੀ (Sovereignty) ਦੇ ਪ੍ਰਤੀਕ

"ਖਾਲਸੇ ਦੇ ਬੂੰਗੇ ਅਤੇ ਨਿਸ਼ਾਂਨ ਜੁਗੋ ਜੁਗ ਅਟੱਲ ਹਨ", ਇਸ ਤਰ੍ਹਾਂ ਉਹ ਇਟਾਂ ਅਤੇ ਗਾਰੇ ਦੀ ਈਮਾਰਤ ਸਿੱਖਾਂ ਲਈ ਗੁਰੂ ਦਾ ਇਕ ਸੰਦੇਸ਼ ਅਤੇ ਸਿਧਾਂਤ ਬਣ ਕੇ ਖੜੀ ਹੈ।

ਸਕਤਰੇਤ ਅਗੇ ਮੱਥਾ ਰਗਣ ਵਾਲੇ ਇਹ ਕੀ ਸਮਝਣ ਕੇ ਅਕਾਲ ਤਖਤ ਦਾ ਸਿੱਖੀ ਵਿੱਚ ਕਿਨਾਂ ਵਡਾ ਰੁਤਬਾ ਅਤੇ ਸਤਕਾਰ ਹੈ। ਅੱਜ ਜਰੂਰਤ ਹੈ ਇਸ ਦੇ ਉਸ ਸਤਕਾਰ ਨੂੰ ਬਹਾਲ ਕਰਨ ਦੀ। ਇਹੋ ਜਹੇ ਨਾਸਤਿਕ ਸੋਚ ਵਾਲੇ ਅਤੇ ਕੇਸਾਧਾਰੀ ਬ੍ਰਾਂਹਮਣਾਂ ਤੋਂ ਇਸ ਅਦਾਰੇ ਨੂੰ ਅਜਾਦ ਕਰਵਾੳਣ ਦੀ। ਜੋ ਅਖੌਤੀ ਵਿਦਵਾਨ ਇਸ ਅਦਾਰੇ ਤੋਂ ਸਿੱਖਾਂ ਨੂੰ ਖਹਿੜਾ ਛੁੜਾ ਲੈਣ ਦੇ ਲੇਖ ਲਿਖ ਰਹੇ ਨੇ, ਜੇ ਉਨਾਂ ਵਿੱਚ ਜਰਾ ਵੀ ਜਮੀਰ ਬਾਕੀ ਬਚੀ ਹੈ ਤੇ ਸਿੱਖਾਂ ਨੂੰ ਇਹ ਹਲੂਣਾਂ ਦੇਣ ਕੇ ਇਨਾਂ ਅਦਾਰਿਆ ਤੇ ਕਾਬਿਜ ਬੁਰਛਾਗਰਦਾਂ ਤੋਂ ਜਲਦੀ ਤੋਂ ਜਲਦੀ ਖਹਿੜਾ ਛੁੜਾ ਕੇ ਅਪਣੇ ਧਾਰਮਿਕ ਅਦਾਰਿਆ ਦਾ ਸਤਕਾਰ ਬਹਾਲ ਕਰਨ ਅਤੇ ਕੌਮ ਨੂੰ ਚੜ੍ਹਦੀ ਕਲਾ ਵਲ ਲੈ ਜਾਣ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top