Share on Facebook

Main News Page

ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ!

ਇਤਿਹਾਸ ਨਾਲ ਸਬੰਧਤ ਕੁਝ ਤੱਥ ਅਜਿਹੇ ਹਨ, ਜਿਨ੍ਹਾਂ ਨੂੰ ਸਮਝਣ ਨਾਲ ਹੀ ਬੰਦਾ, ਇਤਿਹਾਸ ਦੀ ਸਾਰਥਿਕਤਾ ਬਾਰੇ ਸਮਝ ਸਕਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵ-ਪੂਰਨ ਤੱਥ ਇਹ ਹੈ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ। ਜਦ ਅਸੀਂ ਇਸ ਤੱਥ ਨੂੰ ਸਮਝ ਲਵਾਂਗੇ, ਤਾਂ ਸਾਨੂੰ ਕਿਸੇ ਅਜਿਹੇ ਵੇਲੇ, ਜਦੋਂ ਅਸੀਂ ਕੋਈ ਮਹੱਤਵ-ਪੂਰਨ ਫੈਸਲਾ ਕਰਨ ਸਮੇ, ਦੁਵਿਧਾ ਵਿਚ ਹੋਈਏ, ਫੈਸਲਾ ਲੈਣ ਵਿਚ ਕਾਫੀ ਸੁਵਿਧਾ ਹੋ ਜਾਵੇਗੀ। ਉਸ ਵੇਲੇ, ਭੂਤ-ਕਾਲ ਵਿਚ ਵਾਪਰੀ, ਕੋਈ ਅਜਿਹੀ ਹੀ ਘਟਨਾ, ਉਸ ਦੌਰਾਨ ਲਿਆ ਗਿਆ ਫੈਸਲਾ, ਉਸ ਵਿਚੋਂ ਨਿਕਲੇ ਸਿੱਟਿਆਂ ਦੇ ਆਧਾਰ 'ਤੇ ਅਸੀਂ ਅੱਜ ਦੀ ਘਟਨਾ ਬਾਰੇ ਫੈਸਲਾ ਲੈਣ ਵਿਚ, ਕਾਫੀ ਸੌਖ ਮਹਿਸੂਸ ਕਰਾਂਗੇ। ਐਸੇ ਕਾਰਜ ਵਲੋਂ ਹੀ ਲੋਕਾਂ ਨੂੰ ਭੰਬਲ-ਭੁਸੇ ਵਿਚ ਪਾਉਣ ਲਈ, (ਤਾਂ ਜੋ ਲੋਕੀਂ, ਆਉਣ ਵਾਲੇ ਸਮੇ ਵਿਚ, ਅਜਿਹੀ ਘਟਨਾ ਤੋਂ ਸੇਧ ਲੈ ਕੇ, ਕੋਈ ਸਹੀ ਫੈਸਲਾ ਨਾ ਕਰ ਸਕਣ) ਵੇਲੇ ਦੀਆਂ ਹਕੂਮਤਾਂ, ਇਤਿਹਾਸ ਨੂੰ ਅਪਣੇ ਨਜ਼ਰੀਏ ਦੇ ਅਨਕੂਲ ਹੀ ਵਿਗਾੜਦੀਆਂ ਹਨ।

ਏਸੇ ਨਜ਼ਰੀਏ ਨੂੰ ਮੁੱਖ ਰਖਦਿਆਂ, ਇਤਿਹਾਸ-ਕਾਰਾਂ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਉਹ, ਇਤਿਹਾਸ ਨੂੰ ਉਸ ਦੇ ਸਹੀ ਰੂਪ ਵਿਚ ਪੇਸ਼ ਕਰਨ। ਪਰ ਦੁੱਖ ਦੀ ਗੱਲ ਇਹ ਹੈ ਕਿ ਇਤਿਹਾਸ-ਕਾਰ ਵੀ ਬੰਦੇ ਹੀ ਹੁੰਦੇ ਹਨ, ਉਹ ਵੀ ਮਜਬੂਰੀ-ਵੱਸ, ਲਾਲਚ ਅਤੇ ਡਰ ਅਧੀਨ ਵਿਚਰਦੇ, ਸਰਕਾਰਾਂ ਤੋਂ ਪਰਭਾਵਤ ਹੋ ਕੇ ਹੀ ਇਤਿਹਾਸ ਲਿਖਦੇ ਹਨ। ਜੇ ਕੋਈ ਇਨ੍ਹਾਂ ਪਰਭਾਵਾਂ ਤੋਂ ਰਹਿਤ ਹੋ ਕੇ ਵੀ, ਇਤਿਹਾਸ ਲਿਖਦਾ ਹੈ, ਤਾਂ ਵੀ ਆਮ ਜੰਤਾ ਵਿਚ, ਸਰਕਾਰ ਦੇ ਪਰਭਾਵ ਅਧੀਨ, ਉਹੀ ਇਤਿਹਾਸ ਜ਼ਿਆਦਾ ਪਰਚਲਤ ਹੁੰਦਾ ਹੈ, ਜੋ ਸਰਕਾਰੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੋਵੇ। ਇਹ ਗੱਲ ਵੱਖਰੀ ਹੈ ਕਿ ਇਤਿਹਾਸ ਤੋਂ ਸੇਧ ਲੈਣ ਦੇ ਚਾਹਵਾਨ, ਉਨ੍ਹਾਂ ਇਤਿਹਾਸ-ਕਾਰਾਂ 'ਤੇ ਜ਼ਿਆਦਾ ਭਰੋਸਾ ਕਰਦੇ ਹਨ, ਜੋ ਇਤਿਹਾਸ  ਆਮ ਲੋਕਾਂ ਵਿਚ ਘੱਟ ਪਰਚਲਤ ਹੋਵੇ।

ਅੱਜ ਵੀ ਮਾਮਲਾ ਕੁਝ ਅਜਿਹਾ ਹੀ ਹੈ, ਇਸ ਲਈ ਹੀ ਇਹ ਲੇਖ ਲਿਖਣ ਦੀ ਲੋੜ ਪੈ ਰਹੀ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਨੂੰ ਕੋਈ ਫੈਸਲਾ ਕਰਨ ਲਈ ਸੁਝਾਅ ਦੇਣ ਦੇ ਸਮਰੱਥ ਹਾਂ, ਪਰ ਇਹ ਜ਼ਰੂਰ ਚਾਹੁੰਦਾ ਹਾਂ ਕਿ ਜਿਸ ਫੈਸਲੇ ਦਾ ਪੂਰੇ ਪੰਥ ਤੇ ਪਰਭਾਵ ਪੈਣਾ ਹੋਵੇ, ਉਸ ਬਾਰੇ ਹਰ ਪੱਖ ਤੇ ਵਿਚਾਰ ਕਰ ਲੈਣੀ ਹੀ ਅਕਲ-ਮੰਦੀ ਹੁੰਦੀ ਹੈ। ਇਸ ਕਰ ਕੇ ਹੀ ਇਤਿਹਾਸਕ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। (ਇਸ ਬਾਰੇ ਵਿਚਾਰ ਕਰਨ ਲਈ ਅੱਜ ਸਾਡੇ ਸਾਮ੍ਹਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਜਿਸ ਨੂੰ ਇਤਿਹਾਸ ਵਿਚ, ਬੜੇ ਜ਼ੋਰ-ਸ਼ੋਰ ਨਾਲ ਖਾਲਸਾ ਰਾਜ ਪਰਚਾਰਿਆ ਗਿਆ ਸੀ, ਉਸ ਦੀ ਅਸਲੀਅਤ ਕੀ ਹੈ? ਅਤੇ ਜਿਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਨੇ ਪੂਰੇ ਜ਼ੋਰ ਨਾਲ ਬਦਨਾਮ ਕੀਤਾ ਸੀ, ਉਸ ਦੇ ਰਾਜ ਦੀ ਅਸਲੀਅਤ ਕੀ ਹੈ? ਦੀ ਮਿਸਾਲ ਸਾਮ੍ਹਣੇ ਹੈ)

ਗੱਲ ਅੱਜ ਤੋਂ ਕੋਈ ਪੌਣੇ ਤਿੰਨ ਕੁ ਸੌ ਸਾਲ ਪਹਿਲਾਂ ਦੀ ਹੈ। ਸਤਾਰਾਂ ਸੌ ਤੇਤੀ ਈਸਵੀ ਦੇ ਮਾਰਚ ਮਹੀਨੇ ਦੀ ਉਣੱਤੀ ਤਾਰੀਖ ਨੂੰ ਅੰਮ੍ਰਿਤਸਰ ਦੇ ਅਕਾਲ ਤਖਤ ਵਾਲੇ ਅਸਥਾਨ ਤੇ ਸਰਬੱਤ ਖਾਲਸਾ ਦਾ ਇਕੱਠ ਹੋ ਰਿਹਾ ਸੀ, ਜਿਸ ਦੀ ਪ੍ਰਧਾਨਗੀ, ਭਾਈ ਮਨੀ ਸਿੰਘ ਜੀ (ਸ਼ਹੀਦ) ਕਰ ਰਹੇ ਸਨ। ਉਸ ਵਿਚ ਦਲ ਖਾਲਸਾ ਦੇ ਪ੍ਰਧਾਨ-ਜਥੇਦਾਰ ਭਾਈ ਦਰਬਾਰਾ ਸਿੰਘ ਜੀ, ਮੀਤ ਜਥੇਦਾਰ ਭਾਈ ਕਪੂਰ ਸਿੰਘ ਜੀ (ਨਵਾਬ) ਸਮੇਤ ਹੋਰ ਵੀ ਬਹੁਤ ਸਾਰੇ ਜਥਿਆਂ ਦੇ ਜਥੇਦਾਰ ਸ਼ਾਮਲ ਸਨ। ਲਾਹੌਰ ਦੇ ਸੂਬੇਦਾਰ, ਜ਼ਕਰੀਆਂ ਖਾਨ ਨੇ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ (ਜੋ ਲਾਹੌਰ ਦੇ ਹੀ ਰਹਣ ਵਾਲੇ ਸਨ) ਦੇ ਹੱਥ ਨਵਾਬੀ ਦੀ ਖਿਲੱਤ, ਸਿੱਖਾਂ ਵਾਸਤੇ ਘੱਲੀ। (ਇਹ ਕੋਈ ਅਜਿਹੀ ਚੀਜ਼ ਨਹੀਂ ਸੀ, ਜੋ ਚੁੱਪ-ਚੁਪੀਤੇ ਘੱਲ ਦਿੱਤੀ ਜਾਂਦੀ। ਯਕੀਨਨ ਇਹ ਨਵਾਬੀ ਦੀ ਗੱਲ ਸਿੱਖਾਂ ਦੇ ਲੀਡਰਾਂ ਅਤੇ ਜ਼ਕਰੀਆ-ਖਾਨ ਵਿਚਾਲੇ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੀ ਮਾਰਫਤ ਸਿਰੇ ਚੜ੍ਹੀ ਹੋਵੇਗੀ, ਤਦ ਹੀ ਤਾਂ ਜ਼ਕਰੀਆ ਖਾਨ ਨੇ, ਇਹ ਨਵਾਬੀ ਦੀ ਖਿਲੱਤ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੇ ਹੱਥ, ਸਿੱਖਾਂ ਲਈ ਅਜਿਹੇ ਮਹੱਤਵ ਪੂਰਨ ਮੌਕੇ ਤੇ ਘੱਲੀ ਹੋਵੇਗੀ।)

ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ, ਜਗੀਰ ਲਈ ਲੋੜੀਂਦੇ ਕਾਗਜ਼ ਅਤੇ ਖਿਲੱਤ ਲੈ ਕੇ, ਸਰਬੱਤ ਖਾਲਸਾ ਦੇ ਪ੍ਰਧਾਨ ਭਾਈ ਮਨੀ ਸਿੰਘ ਜੀ (ਸ਼ਹੀਦ) ਦੇ ਹਜ਼ੂਰ ਪੇਸ਼ ਹੋਏ, ਭਾਈ ਮਨੀ ਸਿੰਘ ਜੀ ਨੇ ਇਹ ਨਵਾਬੀ ਦੀ ਖਿਲੱਤ ਅਤੇ ਕਾਗਜ਼-ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਦਲ ਖਾਲਸਾ ਦੇ ਪ੍ਰਧਾਨ-ਜਥੇਦਾਰ ਭਾਈ ਦਰਬਾਰਾ ਸਿੰਘ ਜੀ ਨੇ, ਰਤਨ ਸਿੰਘ ਭੰਗੂ ਦੇ ਲਫਜ਼ਾਂ ਵਿਚ ਇਹ ਕਹਿੰਦੇ ਨਵਾਬੀ ਲੈਣ ਤੋਂ ਇੰਕਾਰ ਕਰ ਦਿੱਤਾ,

ਦਰਬਾਰੈ ਸਿੰਘ ਅਗਯੋਂ ਕਹੀ ਅਸੀਂ ਨਵਾਬੀ ਕਦ ਚਹੈਂ ਲਹੀ
ਹਮ ਕੋ ਸਤਿਗੁਰ ਬਚਨ ਪਾਤਸ਼ਾਹੀ
ਹਮ ਕੋ ਜਾਪਤ ਢਿਗ ਸੋਊ ਆਹੀ
ਹਮ ਰਾਖਤ ਪਾਤਿਸ਼ਾਹੀ ਦਾਵਾ
ਜਾਂ ਇਤ ਕੋ ਜਾਂ ਅਗਲੋ ਪਾਵਾ
ਜੋ ਸਤਿਗੁਰ ਸਿੱਖਨ ਕਹੀ ਬਾਤ
ਹੋਗ ਸਾਈ ਨਹਿ ਖਾਲੀ ਜਾਤ
ਧਰੂ ਵਿਧਰਤ ਔ ਧਵਲ ਡੁਲਾਇ
ਸਤਿਗੁਰ ਬਚਨ ਨ ਖਾਲੀ ਜਾਇ
ਪਾਤਸ਼ਾਹੀ ਛੋਡ ਕਿਮ ਲਹੈਂ ਨਿਬਾਬੀ
ਪਰਾਧੀਨ ਜਿਹ ਮਾਹਿ ਖਰਾਬੀ

ਦੋਹਾਂ ਸਿਰ-ਮੌਰ ਬੰਦਿਆਂ ਦੇ ਮਨ੍ਹਾਂ ਕਰਨ ਤੇ ਵੀ, ਸਰਬੱਤ ਖਾਲਸਾ ਦੇ ਇਕੱਠ ਵਿਚ, ਨਵਾਬੀ ਦੇ ਮੁੱਦੇ 'ਤੇ ਭਖਵੀਂ ਬਹਿਸ ਹੋਈ (ਜਿਸ ਤੋਂ ਸਾਬਤ ਹੁੰਦਾ ਹੈ, ਕਿ ਉਸ ਵੇਲੇ ਵੀ ਸਿੱਖਾਂ ਵਿਚ ਬਹੁਤ ਸਾਰੇ ਅਜਿਹੇ ਬੰਦੇ ਪੈਦਾ ਹੋ ਚੁੱਕੇ ਸਨ, ਜੋ ਗੁਰੂ ਸਾਹਿਬ ਦੇ ਬਚਨਾਂ ਨਾਲੋਂ ਆਪਣੀ ਸਿਆਣਪ ਤੇ ਜ਼ਿਆਦਾ ਭਰੋਸਾ ਕਰਨ ਲਗ ਪਏ ਸਨ, ਅਤੇ ਅੰਦਰ-ਖਾਤੇ, ਰਾਜ ਅਤੇ ਵੈਭਵ ਦੇ ਚਾਹਵਾਨ ਸਨ। ਇਨ੍ਹਾਂ ਬੰਦਿਆਂ ਨਾਲ ਹੀ ਅੰਦਰ-ਖਾਤੇ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੀ ਮਾਰਫਤ, ਜ਼ਕਰੀਆ ਖਾਨ ਦੀ ਗੱਲ-ਬਾਤ ਸਿਰੇ ਚੜ੍ਹੀ ਹੋਵੇਗੀ। ਇਹੀ ਬੰਦੇ ਅੱਗੇ ਚਲ ਕੇ ਖਾਲਸਾ-ਰਾਜ ਦੀ ਥਾਂ, ਆਪਣੇ ਨਿੱਜੀ ਰਾਜਾਂ ਦਾ ਕਾਰਨ ਬਣੇ) ਕਾਫੀ ਬਹਿਸ ਮਗਰੋਂ ਸਰਬੱਤ ਖਾਲਸਾ ਨੇ ਜਗੀਰ ਦੀ ਪੇਸ਼ਕਸ਼ ਕਬੂਲ਼ ਕਰਨ ਦਾ ਮਤਾ ਪਾਸ ਕਰ ਦਿੱਤਾ। (ਇਸ ਨੂੰ ਗੁਰਮਤਾ ਕਿਹਾ ਗਿਆ ਹੈ, ਜੋ ਕਿ ਕਿਸੇ ਹਾਲਤ ਵਿਚ ਵੀ ਗੁਰਮਤਾ ਨਹੀਂ ਕਿਹਾ ਜਾ ਸਕਦਾ) ਜਦੋਂ ਨਵਾਬੀ ਵਾਸਤੇ ਆਗੂ ਚੁਨਣ ਦੀ ਗੱਲ ਹੋਈ ਤਾਂ, ਨਾ ਹੀ ਭਾਈ ਮਨੀ ਸਿੰਘ ਜੀ ਨੇ ਅਤੇ ਨਾ ਹੀ ਭਾਈ ਦਰਬਾਰਾ ਸਿੰਘ ਜੀ ਨੇ, ਨਵਾਬੀ ਲੈਣੀ ਕਬੂਲ ਕੀਤੀ। ਅਖੀਰ ਦਲ ਖਾਲਸਾ ਦੇ ਮੀਤ-ਜਥੇਦਾਰ ਨੂੰ ਨਵਾਬੀ ਲੈਣ ਲਈ ਰਾਜ਼ੀ ਕਰ ਲਿਆ ਗਿਆ।

ਇਹ ਵੀ ਵਿਚਾਰਨ ਜੋਗ ਗੱਲ ਹੈ, ਕਿ ਉਸ ਵੇਲੇ ਨਵਾਬੀ ਕਬੂਲ ਕਰਨ ਲਈ ਜੋ ਦਲੀਲਾਂ ਦਿੱਤੀਆਂ ਗਈਆਂ, ਉਹ ਇਵੇਂ ਸਨ।

ਜਗੀਰ ਕਬੂਲ ਕਰ ਲੈਣ ਨਾਲ ਸਿੱਖਾਂ ਨੂੰ ਕੁਝ ਸੁਖ ਦਾ ਸਾਹ ਆਵੇਗਾ, ਇਸ ਦੌਰਾਨ ਸਿੱਖ, ਜਗੀਰ ਤੋਂ ਮਿਲਣ ਵਾਲੀ ਆਮਦਨ ਨਾਲ (ਜੋ ਇਕ ਲੱਖ ਰੁਪਏ ਸਾਲਾਨਾ ਸੀ) ਹਥਿਆਰ ਅਤੇ ਘੋੜੇ ਆਦਿ ਖਰੀਦ ਕੇ ਆਪਣੀ ਤਾਕਤ ਵਿਚ ਵਾਧਾ ਕਰ ਲੈਣਗੇ, ਫਿਰ ਕਿਸੇ ਵੀ ਛੋਟੀ-ਮੋਟੀ ਫੌਜ ਨਾਲ ਟੱਕਰ ਲੈਣੀ ਸੌਖੀ ਹੋ ਜਾਵੇਗੀ। ਇਹ ਗੱਲ ਸਹੀ ਹੈ, ਕਿ ਇਸ ਨਾਲ ਸਿੱਖਾਂ ਕੋਲ ਕਾਫੀ ਘੋੜੇ ਅਤੇ ਅਸਲਾ ਹੋ ਗਿਆ, ਪਰ ਸਿੱਖਾਂ ਵਿਚਲਾ, ਗੁਰੂ ਤੇ ਵਿਸ਼ਵਾਸ ਘਟਿਆ ਅਤੇ ਉਹ ਸੁੱਖ-ਰਹਣੇ ਹੋ ਕੇ ਜੂਝਣ ਤੋਂ ਵੀ ਕਤਰਾਉਣ ਲਗ ਪਏ। ਇਸ ਕਾਰਨ ਹੀ ਛੇ ਮਹੀਨੇ ਕਰੀਬ ਮਗਰੋਂ ਨਵਾਬੀ ਜ਼ਬਤ ਹੋਣ ਤੇ ਜਦ ਜ਼ਕਰੀਆ ਖਾਨ ਦੇ ਵਜ਼ੀਰ, ਲਖਪਤ ਰਾਏ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ, ਤਾਂ ਆਪਣੀਆਂ ਰਵਾਇਤਾਂ ਨੂੰ ਦਾਗਦਾਰ ਕਰਦਿਆਂ, ਬਿਨਾ ਕੋਈ ਮੁਕਾਬਲਾ ਕੀਤੇ, ਦਰਬਾਰ ਸਾਹਿਬ ਅਤੇ ਅਕਾਲ ਤਖਤ ਖਾਲੀ ਛੱਡ ਕੇ, ਰਫੂ-ਚੱਕਰ ਹੋ ਗਏ। ਅਜਿਹੀ ਹਾਲਤ ਵਿਚ ਹੀ ਭਾਈ ਮਨੀ ਸ਼ਿੰਘ ਜੀ ਨੂੰ ਵੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਛੱਡ ਕੇ ਜਾਣਾ ਪਿਆ। ਉਹ ਨਿਘਾਰ ਅੱਜ ਤਕ ਵੀ ਨਿਰਵਿਘਨ ਚਲ ਰਿਹਾ ਹੈ।

ਅੱਜ ਵੀ ਹਾਲਤ ਕੁਝ ਵੈਸੀ ਹੀ ਹੈ, ਪਰਚਾਰ ਕੀਤਾ ਜਾ ਰਿਹਾ ਹੈ ਕਿ, ਅਕਾਲ ਤਖਤ ਤੇ ਕਾਬਜ਼, ਮੱਸੇ ਰੰਘੜਾਂ ਅੱਗੇ ਪੇਸ਼ ਹੋਣ ਨਾਲ, ਸਾਡੇ ਕੋਲ ਸਟੇਜਾਂ ਵੀ ਬਚੀਆਂ ਰਹਣਗੀਆਂ, ਪਰਚਾਰਕ ਪੈਦਾ ਕਰਨ ਵਾਲਾ ਕਾਲਜ ਵੀ ਬਚਿਆ ਰਹੇਗਾ। ਪਰ ਅਸਲੀਅਤ ਇਹੀ ਹੈ, ਕਿ ਸਾਰਾ ਕੁਝ ਤਾਂ ਬਚਿਆ ਹੀ ਰਹੇਗਾ, ਪਰ ਸਿੱਖੀ ਸਿਧਾਂਤ ਦੇ ਪਰਚਾਰ ਦਾ ਜਜ਼ਬਾ, ਨਹੀਂ ਬਚਿਆ ਰਹੇਗਾ, ਜੋ ਬੜੀ ਲੰਮੀ ਜਦੋ-ਜਹਦ ਮਗਰੋਂ ਪੈਦਾ ਹੋਇਆ ਹੈ, ਵਰਨਾ ਇਸ ਕਾਲਜ ਵਿਚੋਂ ਇਹ ਪਹਿਲਾ ਹੀ ਬੈਚ ਨਹੀਂ ਨਿਕਲਿਆ, ਇਸ ਤੋਂ ਪਹਿਲਾਂ ਵੀ ਪੱਚੀ-ਤੀਹ ਬੈਚ ਨਿਕਲੇ ਹਨ, ਉਨ੍ਹਾਂ ਵਿਚੋਂ ਕਿੰਨੇ ਕੁ ਇਸ ਜਜ਼ਬੇ ਵਾਲੇ ਪਰਚਾਰਕ ਪੈਦਾ ਹੋਏ ਸਨ? ਗੁਰਦਵਾਰਿਆਂ ਦੀਆਂ ਇਨ੍ਹਾਂ ਸਟੇਜਾਂ ਤੋਂ ਹੀ ਅੱਜ-ਤਕ ਸਿੱਖੀ ਵਿਰੋਧੀ ਪਰਚਾਰ ਹੁੰਦਾ ਰਿਹਾ ਹੈ।

ਇਤਿਹਾਸ ਦੇ ਝਰੋਖੇ ਵਿਚੋਂ ਵੇਖਿਆਂ, ਕੰਧ ਤੇ ਲਿਖਿਆ ਸਾਫ ਨਜ਼ਰ ਆ ਰਿਹਾ ਹੈ ਕਿ, ਪੁਜਾਰੀਆਂ ਅੱਗੇ ਪੇਸ਼ ਹੋਣ ਮਗਰੋਂ, ਹਰ ਕੰਮ ਉਨ੍ਹਾਂ ਦੀ ਮਰਜ਼ੀ ਅਨੁਸਾਰ, ਉਨ੍ਹਾਂ ਦੀ ਆਗਿਆ ਵਿਚ ਹੀ ਕੀਤਾ ਜਾਵੇਗਾ। ਪੇਸ਼ ਹੋਣ ਵਾਲਿਆਂ ਭਾਣੇ ਸਿੱਖੀ ਬਚੇ ਜਾਂ ਨਾ ਬਚੇ, ਪਰ ਹੋਣ ਵਾਲੀ ਆਮਦਨ ਜ਼ਰੂਰ, ਕੁਝ ਦਿਨਾਂ ਲਈ ਬਚ ਜਾਵੇਗੀ।

ਕਿਉਂਕਿ ਜਾਗਰੂਕ ਹੋਏ ਸਿੱਖ, ਜੇ ਇਨ੍ਹਾਂ ਮੱਸੇ ਰੰਘੜਾਂ ਦੇ ਹੁਕਮ ਦੇ ਬਾਵਜੂਦ ਵੀ, ਸਮਾਗਮ ਕਰਵਾ ਸਕੇ ਹਨ, ਪੈਸੇ ਅਤੇ ਸਨਮਾਨ ਦੇ ਸਕੇ ਹਨ ਤਾਂ ਉਹ ਸਿਰਫ ਜਾਗਰੂਕਤਾ ਦੀ ਹੀ ਨਿਸ਼ਾਨੀ ਹੈ, ਪੁਜਾਰੀਆਂ ਅੱਗੇ ਪੇਸ਼ ਹੋਣ ਮਗਰੋਂ ਉਹ, ਪੇਸ਼ ਹੋਣ ਵਾਲਿਆਂ ਨੂੰ ਮੂੰਹ ਵੀ ਨਹੀਂ ਲਾਉਣਗੇ। ਵੈਸੇ ਫੈਸਲਾ ਕਰਨ ਵਾਲੇ ਆਪ ਵੀ ਬਹੁਤ ਸਿਆਣੇ ਹਨ।

ਪੰਥ ਦਾ ਹਿਤੂ
ਅਮਰਜੀਤ ਸਿੰਘ ਚੰਦੀ
19-02-012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top