Share on Facebook

Main News Page

ਦਲੀਲਾਂ ਕਿ ਬਹਾਨੇ

ਜਦੋਂ ਦਾ ਅਕਾਲ ਤਖਤ ਸਾਹਿਬ ਜੀ ਤੇ ਕਾਬਜ ਮਸੰਦ ਗੁਰਬਚਨੇ ਵਲੋਂ ਵੀਰ ਸਰਬਜੀਤ ਸਿੰਘ ਜੀ ਧੂੰਦਾ ਬਾਰੇ ਕੂੜਨਾਮਾ ਜਾਰੀ ਕੀਤਾ ਗਿਆ ਹੈ, ਉਦੋਂ ਦੀਆਂ ਹੀ ਸਾਡੀਆਂ ਧਿਰਾਂ ਆਪੋ ਆਪਣੇ ਵਿਚਾਰ ਪੇਸ਼ ਕਰਦੀਆਂ ਆ ਰਹੀਆਂ ਹਨ, ਤੇ ਇਸ ਮਸਲੇ ਬਾਰੇ ਕਾਫੀ ਕੁਝ ਬੋਲਿਆ ਤੇ ਲਿਖਿਆ ਜਾ ਚੁੱਕਾ ਏ | ਮੈਂ ਖੁਦ ਵੀਰ ਸਰਬਜੀਤ ਸਿੰਘ ਧੂੰਦਾ ਜੀ ਦਾ ਸ਼ੁਭਚਿੰਤਕ ਹਾਂ, ਵੀਰ ਸਰਬਜੀਤ ਸਿੰਘ ਜੀ ਕਾਫੀ ਸੁਲਝੇ ਹੋਏ ਅਤੇ ਸਿਧਾਂਤ ਨੂੰ ਸਮਝਣ ਤੇ ਪ੍ਰਚਾਰਨ ਵਾਲੇ ਪ੍ਰਚਾਰਕ ਹਨ | ਅਸੀਂ ਆਸ ਕਰਦੇ ਹਾਂ ਕਿ ਉਹ ਕਿਸੇ ਦਾ ਵੀ ਪ੍ਰਭਾਵ ਨਾਂ ਕਬੂਲਦੇ ਹੋਏ, ਗੁਰਮਤਿ ਨੂੰ ਦ੍ਰਿੜ ਕਰਵਾਉਣ ਵਾਲਾ ਹੀ ਫੈਸਲਾ ਲੈਣਗੇ |

ਪਰ ਅੱਜ ਕੁਝ ਵੀਰਾਂ ਵਲੋਂ ਸਭ ਕੁਝ ਜਾਣਦੇ ਹੋਏ ਵੀ, ਕਿ ਸਿੱਖ ਸਿਧਾਂਤ ਕਿਸੇ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਇਜਾਜਤ ਨਹੀਂ ਦਿੰਦਾ, ਪਰ ਫੇਰ ਵੀ ਪਤਾ ਨਹੀਂ ਕਿਉਂ ਉਹਨਾਂ ਵੀਰਾਂ ਵਲੋਂ ਸਿੱਖ ਸਿਧਾਂਤ ਤੇ ਪਹਿਰਾ ਦੇਣ ਦੀ ਬਜਾਏ, ਵਖੋ ਵਖਰੇ ਬਹਾਨੇ ਘੜੇ ਜਾ ਰਹੇ ਨੇ ਤੇ ਬੇ ਸਿਰ ਪੈਰ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਹਨਾਂ ਹੀ ਦਲੀਲਾਂ ਦੇ ਵਿਚੋਂ ਇੱਕ ਦਲੀਲ ਇਹ ਹੈ ਕਿ ਸਾਹਿਬਜਾਦੇ ਵੀ ਸੂਬੇ ਦੀ ਕਚਹਿਰੀ ਵਿਚ ਪੇਸ਼ ਹੋਏ ਸਨ ਵਗੈਰਾ ਵਗੈਰਾ ...|

ਹੁਣ ਆਉ ਇਸ ਦਲੀਲ ਤੇ ਥੋੜੀ ਜਿਹੀ ਝਾਤ ਮਾਰੀਏ ਇਸ ਦਲੀਲ ਦਾ ਕੋਈ ਖਾਸ ਅਧਾਰ ਨਜਰ ਨਹੀਂ ਆਉਂਦਾ, ਕਿਉਂਕਿ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਮਰਜੀ ਦੇ ਉਲਟ ਉਸ ਸਮੇਂ ਦੇ ਹਾਕਮ ਸੂਬੇ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ ਸੀ|

ਹੁਣ, ਵੀਰ ਸਰਬਜੀਤ ਸਿੰਘ ਧੂੰਦਾ ਜੀ ਬਾਰੇ ਵਿਚ ਇਹੋ ਜਿਹੀਆਂ ਦਲੀਲਾਂ ਠੀਕ ਨਹੀਂ ਬੈਠਦੀਆਂ| ਪਹਿਲੀ ਗੱਲ ਤਾਂ ਇਹ ਹੀ ਹੈ, ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਗ੍ਰਿਫਤਾਰ ਕਰਕੇ ਅਕਾਲ ਤਖਤ ਸਾਹਿਬ ਜਾਂ ਸਕੱਤਰੇਤ ਵਿਚ ਨਹੀਂ ਲਿਜਾਏ ਜਾ ਰਹੇ, ਬਲਕਿ ਆਪਣੀ ਮਰਜੀ ਜਾਂ ਕਾਲਿਜ ਦੀ ਮਰਜੀ ਨਾਲ ਹੀ ਜਾ ਰਹੇ ਹਨ|

ਦੂਜੀ ਗੱਲ ਸਾਹਿਬਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ, ਨਾਂ ਕਿ ਕਿਸੇ ਸਿੱਖ ਅਸਥਾਨ ਜਾਂ ਧਾਰਮਿਕ ਪੁਜਾਰੀਆਂ ਕੋਲ | ਹਾਂ ਇਹ ਗੱਲ ਵਖਰੀ ਹੈ, ਕਿ ਉਦੋਂ ਦਾ ਸਿਸਟਮ ਇਹ ਸੀ ਕਿ ਜਦੋਂ ਕਿਸੇ ਤੇ ਕੋਈ ਦੋਸ਼ ਲਾਉਣਾ ਹੁੰਦਾ ਸੀ, ਤਾਂ ਮੌਲਵੀ ਆਦਿ ਲੋਕਾਂ ਨੂੰ ਬੁਲਾ ਕੇ ਫਤਵਾ ਜਾਰੀ ਕਰਵਾਇਆ ਜਾਂਦਾ ਸੀ, ਪਰ ਕਚਹਿਰੀ ਹਾਕਮਾਂ ਦੀ ਹੀ ਹੁੰਦੀ ਸੀ, ਜਦੋਂ ਕਿ ਅੱਜ ਉਹ ਸਿਸਟਮ ਹੀ ਨਹੀਂ ਹੈ | ਅੱਜ ਮੌਕੇ ਦੀ ਹਾਕਮ ਬਾਦਲ ਦੀ ਸਰਕਾਰ ਹੈ, ਤੇ ਉਸ ਸਰਕਾਰ ਵਿਚ ਕੇਸਾਂ ਦੇ ਫੈਸਲੇ ਅਦਾਲਤਾਂ ਵਿਚ ਨਿਪਟਾਏ ਜਾਂਦੇ ਹਨ| ਹਾਂ ਇਹ ਜਰੁਰ ਸਚ ਹੈ ਕਿ ਇਹ ਅਖੌਤੀ ਜਥੇਦਾਰ ਉਸ ਦੀਆਂ ਹੀ ਕਠਪੁਤਲੀਆਂ ਹਨ, ਤੇ ਉਸੇ ਅਤੇ ਸਾਧਾਂ ਦੇ ਇਸ਼ਾਰੇ ਤੇ ਹੀ ਨਚ ਰਹੀਆਂ ਹਨ | (ਮੇਰਾ ਵਿਸ਼ਾ ਇਥੇ ਬਾਦਲ ਸਰਕਾਰ ਦੇ ਗਲਤ ਜਾਂ ਸਹੀ ਫੈਸਲਿਆਂ ਬਾਰੇ ਨਹੀਂ ਹੈ, ਕੇਵਲ ਇੱਕ ਮਿਸਾਲ ਵਜੋਂ ਹੈ) ਜੇਕਰ ਧੂੰਦਾ ਜੀ ਨੂੰ ਕਿਸੇ ਅਦਾਲਤ ਵਲੋਂ ਕੋਈ ਸੰਮਨ ਆਉਂਦਾ, ਤਾਂ ਸਾਡੇ ਵਿਚੋਂ ਕਿਸੇ ਵੀ ਵੀਰ ਨੇ ਇਹ ਨਹੀਂ ਸੀ ਕਹਿਣਾ, ਕਿ ਧੂੰਦਾ ਜੀ ਨੂੰ ਅਦਾਲਤ ਵਿਚ ਨਹੀਂ ਜਾਣਾ ਚਾਹੀਦਾ, ਬਲਕਿ ਸਭਨੇ ਇਹ ਹੀ ਕੋਸ਼ਿਸ਼ ਕਰਨੀ ਸੀ, ਕਿ ਕਿਸੇ ਅਦਾਲਤੀ ਕਾਰਵਾਈ ਵਿਚ ਦਖਲ ਨਾਂ ਦਿੱਤਾ ਜਾਵੇ| ਬਲਕਿ ਕਿਸੇ ਵੀ ਧੱਕੇ ਦਾ ਮੁਕਾਬਲਾ ਕਰਨ ਲਈ ਵਧੀਆ ਵਕੀਲ ਕਰਕੇ, ਉਸ ਕੇਸ ਨੂੰ ਅਦਾਲਤੀ ਤਰੀਕੇ ਦੇ ਨਾਲ ਹੀ ਲੜਿਆ ਜਾਵੇ, ਤੇ ਅਦਾਲਤਾਂ ਵਿਚ ਦੋਵੇਂ ਧਿਰਾਂ ਹਾਜਿਰ ਹੁੰਦੀਆਂ ਹਨ ਜਦੋਂ ਕਿ ਇਥੇ ਇਹ ਕੁਝ ਨਹੀਂ ਹੋ ਰਿਹਾ|

ਇਥੇ ਤਾਂ ਜਾਣਬੁਝ ਕੇ ਪੰਥਕ ਵਿਦਵਾਨਾਂ ਅਤੇ ਪੰਥ ਦਾ ਦਰਦ ਰਖਣ ਵਾਲਿਆਂ ਨਾਲ ਘਟੀਆ ਦਰਜੇ ਦਾ ਵਰਤਾਉ ਕੀਤਾ ਜਾਂਦਾ ਹੈ, ਤੇ ਦੋਸ਼ ਕਰਨ ਵਾਲੇ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ, ਤੇ ਦੋਸ਼ੀ ਗਰਦਾਨੀ ਗਈ ਧਿਰ ਤੇ ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਹੀ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ, ਪਰ ਅਸੀਂ ਫਿਰ ਵੀ ਇਹ ਜਿੱਦ ਫੜੀ ਬੈਠੇ ਹਾਂ, ਕਿ ਸਿੱਖ ਦਾ ਸਿਰ ਅਕਾਲ ਤਖਤ ਸਾਹਿਬ ਜੀ ਤੇ ਜਰੁਰ ਝੁਕਣਾ ਚਾਹੀਦਾ ਹੈ, ਪਰ ਅਕਾਲ ਤਖਤ ਸਾਹਿਬ ਜੀ ਦੇ ਨਾਮ ਥੱਲੇ ਕੰਮ ਉਹ ਕੀਤੇ ਜਾ ਰਹੇ ਹਨ, ਜੋ ਕਿ ਦੁਨੀਆਂ ਦੀਆਂ ਝੂਠੀਆਂ ਅਦਾਲਤਾਂ ਨੂੰ ਵੀ ਮਾਤ ਪਾ ਰਹੇ ਹਨ| ਇਹ ਸਚ ਹੈ ਕਿ ਅਕਾਲ ਤਖਤ ਸਾਹਿਬ ਇੱਕ ਸਿਧਾਂਤ ਹੈ, ਤੇ ਹਰ ਸਿੱਖ ਅਖਵਾਉਣ ਵਾਲਾ ਉਸ ਸਿਧਾਂਤ ਨੂੰ ਮੰਨਣ ਦਾ ਪਾਬੰਦ ਹੈ, ਤੇ ਉਹ ਸਿਧਾਂਤ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਹੀ ਹੈ| ਗੁਰੂ ਗਰੰਥ ਸਾਹਿਬ ਜੀ ਦੇ ਗੁਰਮਤਿ ਸਿਧਾਂਤ ਤੋਂ ਵਖਰਿਆਂ ਕਰਕੇ ਕਿਸੇ ਅਕਾਲ ਤਖਤ ਸਾਹਿਬ ਜੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ |

ਮੈਂ ਆਪ ਅਕਾਲ ਤਖਤ ਸਾਹਿਬ ਜਾਂ ਸਕੱਤਰੇਤ ਕਿਤੇ ਵੀ ਕਿਸੇ ਵਲੋਂ ਧੱਕੇ ਦੇ ਨਾਲ ਬੁਲਾਏ ਜਾਣ ਤੇ ਜਾਣ ਦਾ ਹਾਮੀ ਨਹੀਂ ਹਾਂ, ਮੈਂ ਤਾਂ ਇਸ ਗੁਰਬਚਨੇ ਨੂੰ ਜਥੇਦਾਰ ਹੀ ਨਹੀਂ ਮੰਨਦਾ, ਤਾਂ ਉਸਦੇ ਕਿਸੇ ਵੀ ਬੁਲਾਵੇ ਤੇ ਕਿਤੇ ਵੀ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਹਾਂ ਜੇਕਰ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਮਸਲੇ ਤੇ ਵਿਚਾਰ ਕਰਨੀ ਹੋਵੇ, ਤਾਂ ਕਿਤੇ ਵੀ ਜਾਇਆ ਜਾ ਸਕਦਾ ਹੈ, ਪਰ ਇੱਕ ਗੁਨਾਹਗਾਰ ਦਾ ਰੂਪ ਦੇ ਕੇ ਕਿਸੇ ਵੀ ਧਾਰਮਿਕ ਅਖਵਾਉਂਦੇ ਇਖਲਾਕ ਤੋਂ ਗਿਰੇ ਹੋਏ ਵਿਅਕਤੀਆਂ ਅੱਗੇ ਪੇਸ਼ ਨਹੀਂ ਹੋ ਸਕਦਾ | ਜਦੋਂ ਸਕੱਤਰੇਤ ਦੀ ਗੱਲ ਆਉਂਦੀ ਹੈ, ਤਾਂ ਇਹ ਫੈਸਲਾ ਜਾਗਰੂਕ ਧਿਰਾਂ ਦਾ ਨਹੀਂ, ਬਲਕਿ ਕਾਲਿਜ ਦਾ ਹੀ ਹੈ, ਜਾਗਰੂਕ ਧਿਰਾਂ ਤਾਂ ਕੇਵਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਕਿ ਜੇਕਰ ਤੁਸੀਂ ਜਾਣਾ ਹੀ ਹੈ ਤਾਂ ਫਿਰ ਸਕੱਤਰੇਤ ਨਹੀਂ, ਕੇਵਲ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਅਤੇ ਸਿੱਖ ਸੰਗਤਾਂ ਦੀ ਹਾਜਿਰੀ ਵਿਚ ਹੀ ਸਚਾਈ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ |

ਹੁਣ ਲੜਾਈ ਇਥੇ ਪਹੁੰਚੀ ਹੋਈ ਹੈ, ਕਿ ਅੱਜ ਗੁਰਬਚਨੇ ਨੂੰ ਕੋਈ ਜਾਗਦੀ ਜਮੀਰ ਵਾਲਾ ਸਿੱਖ ਰੱਦੀ ਦੀ ਟੋਕਰੀ ਦੇ ਬਰਾਬਰ ਵੀ ਨਹੀਂ ਜਾਣਦਾ, ਤੇ ਉਸਦੀ ਇਹ ਕੋਸ਼ਿਸ਼ ਹੈ ਕਿ ਕਿਸੇ ਨਾਂ ਕਿਸੇ ਤਰਾਂ ਧੂੰਦਾ ਜੀ ਨੂੰ ਕਮਰੇ ਵਿਚ ਪੇਸ਼ ਕਰਵਾਕੇ, ਸੱਕਤਰੇਤ ਨੂੰ ਜਾਇਜ ਠਹਿਰਾ ਦਿੱਤਾ ਜਾਵੇ | ਉਸਦੀ ਕੋਸ਼ਿਸ਼ ਹੈ ਕਿ ਸਰਬਜੀਤ ਸਿੰਘ ਧੂੰਦਾ ਜੀ ਨੂੰ ਕੋਈ ਤਨਖਾਹ ਲਾਏ ਤੋਂ ਬਗੈਰ ਹੀ ਪੇਸ਼ ਕੀਤੇ ਸਪਸ਼ਟੀਕਰਨ ਨੂੰ ਠੀਕ ਮੰਨ ਲਿਆ ਜਾਵੇ, ਤੇ ਇਹ ਮਸਲਾ ਖਤਮ ਹੋ ਜਾਵੇ | ਇਹ ਹੀ ਪੰਥ ਵਿਰੋਧੀ ਸ਼ਕਤੀਆਂ ਚਾਹੁੰਦੀਆਂ ਹਨ, ਕਿ ਕਿਸੇ ਨਾਂ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਕੰਮ ਕਰਕੇ ਅਸਾਨੀ ਦੇ ਨਾਲ ਪੰਥ ਦੇ ਵਿਹੜੇ ਵਿਚ ਇਹ ਨਵੀਂ ਲੜਾਈ ਪਾ ਦਿੱਤੀ ਜਾਵੇ |

ਉਸਤੋਂ ਬਾਅਦ ਸਾਡੀਆਂ ਧਿਰਾਂ ਰੌਲਾ ਪਾਉਣਗੀਆਂ ਕਿ ਪ੍ਰੋ: ਦਰਸ਼ਨ ਸਿੰਘ ਜੀ ਨੂੰ ਵੀ ਕਮਰੇ ਵਿਚ ਜਾ ਆਉਣਾ ਚਾਹੀਦਾ ਸੀ, ਦੇਖੋ ਜੀ ਧੂੰਦਾ ਜੀ ਨੇ ਜੁਅਰੱਤ ਨਾਲ ਗੱਲ ਕੀਤੀ, ਤਾਂ ਉਹਨਾਂ ਪੁਜਾਰੀਆਂ ਨੂੰ ਕੋਈ ਜਵਾਬ ਹੀ ਨਹੀਂ ਆਇਆ ......ਆਦਿ | ਇਸ ਤਰਾਂ ਨਾਲ ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਇਹਨਾਂ ਅਖੌਤੀ ਜਥੇਦਾਰਾਂ ਦੇ ਗਲਤ ਫੈਸਲਿਆਂ ਤੇ ਬੰਦ ਕਮਰਾ ਸਿਆਸਤ ਦੇ ਖਿਲਾਫ਼ ਅਰੰਭੀ ਗਈ ਲੜਾਈ ਨੂੰ, ਸਾਡੇ ਹੀ ਭਰਾਵਾਂ ਵਲੋਂ ਇੱਕ ਬਹੁਤ ਵੱਡੀ ਸੱਟ ਮਾਰ ਦਿੱਤੀ ਜਾਵੇਗੀ, ਜਿਸਦਾ ਖਮਿਆਜਾ ਸਾਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ | ਦੂਜੇ ਪਾਸੇ ਗੁਰਬਚਨਾ ਇਹ ਪ੍ਰਚਾਰ ਕਰਨ ਦਾ ਯਤਨ ਕਰੇਗਾ, ਕਿ ਹਰ ਸਿੱਖ ਨੂੰ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਹੀ ਪੈਂਦਾ ਹੈ, ਜੋ ਮੰਨਦਾ ਹੈ ਗੁਰੂ ਬਖਸ਼ਿੰਦ ਹੈ ਉਸਨੂੰ ਮੁਆਫੀ ਮਿਲ ਜਾਂਦੀ ਹੈ|

ਅੱਜ ਕਿਉਂਕਿ ਸਾਰੇ ਪਖਾਂ ਦੀ ਵਿਸਥਾਰ ਵਿਚ ਜਾਣਾ ਸੰਭਵ ਨਹੀਂ ਹੈ, ਸੋ ਗੱਲ ਨੂੰ ਸੰਖੇਪ ਹੀ ਰਖ ਰਿਹਾ ਹਾਂ | ਵੈਸੇ ਇਸ ਬਾਰੇ ਪਹਿਲਾਂ ਕਾਫੀ ਸੱਜਣਾਂ ਵਲੋਂ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ | ਮੈਂ ਤਾਂ ਵੀਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਇੱਕ ਬੇਨਤੀ ਹੀ ਕਰਨੀ ਚਾਹੁੰਦਾ ਹਾਂ, ਕਿ ਵੀਰ ਜੀ ਕੌਮ ਨੂੰ ਆਪ ਜੀ ਤੇ ਮਾਣ ਹੈ, ਕੌਮ ਨੂੰ ਆਪਜੀ ਤੋਂ ਉਮੀਦਾਂ ਵੀ ਬਹੁਤ ਹਨ, ਆਪ ਸਿਧਾਂਤ ਨੂੰ ਸਮਝਣ ਤੇ ਪ੍ਰਚਾਰਨ ਵਾਲੇ ਹੋ| ਵੀਰ ਜੀਉ, ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਮੰਨੋ ਜਾਂ ਕਿਸੇ ਹੋਰ ਦੀ ਗੱਲ ਮੰਨੋ, ਪਰ ਤੁਸੀਂ ਗੁਰਮਤਿ ਗਿਆਨ ਦੁਆਰਾ ਜਾਗ ਰਹੀ ਸਿਧਾਂਤ ਰੂਪੀ ਆਪਣੀ ਜਮੀਰ ਦੀ ਆਵਾਜ਼ ਨੂੰ ਜਰੁਰ ਸੁਨਣਾ| ਜਿਸ ਦਿਨ ਆਪ ਘਰੋਂ, ਬਾਹਰੋਂ ਇਹਨਾਂ ਮਸੰਦਾਂ ਨਾਲ ਗੱਲ ਕਰਨ ਨੂੰ ਨਿੱਕਲੋਗੇ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਜੀ ਤੇ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਜੀ ਦੀਆਂ ਪਉੜੀਆਂ ਤੋਂ ਥੱਲੇ ਆ ਕੇ, ਫੇਰ ਦੁਬਾਰਾ ਸਕੱਤਰੇਤ ਦੀਆਂ ਪਉੜੀਆਂ ਚੜਨ ਲੱਗੋਗੇ, ਤਾਂ ਤੁਹਾਡੇ ਤੇ ਸਾਡੇ ਗੁਰੂ ਦੀ ਆਖੀ ਹੋਈ ਇੱਕ ਗੱਲ ਆਪਜੀ ਨੂੰ ਯਾਦ ਕਰਵਾ ਦੇਣੀ ਠੀਕ ਸਮਝਦਾ ਹਾਂ, ਕਿ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਤੋਂ ਬਿਨਾ, ਅਕਾਲ ਤਖਤ ਸਾਹਿਬ ਜੀ ਤੋਂ ਬਿਨਾ, ਕੇਵਲ ਕਿਸੇ ਬੰਦੇ ਦੇ ਅੱਗੇ ਪੇਸ਼ ਹੋਣ ਲੱਗਿਆਂ ਗੁਰਬਾਣੀ ਦੀ ਇਹ ਤੁੱਕ ਜਰੁਰ ਯਾਦ ਕਰ ਲਿਉ, ਜੋ ਕਿ ਸਤਿਗੁਰੂ ਜੀ ਨੇ ਆਪ ਜੀ ਵਰਗੇ ਸੁਜਾਖੇ ਤੇ ਜਾਗਦੀ ਜਮੀਰਾਂ ਵਾਲੇ ਯੋਧਿਆਂ ਨੂੰ ਸੰਬੋਧਨ ਹੋ ਕੇ ਆਖੀ ਏ ਕਿ:

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥

ਪੰਥ ਦੀ ਚੜਦੀ ਕਲਾ ਲੋਚਦਾ ਹੋਇਆ,
ਗੁਰੂ ਦਾ ਕੂਕਰ,
ਰੇਸ਼ਮ ਸਿੰਘ ਇੰਡਿਆਨਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top