ਜੇ
ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬ ਪ੍ਰਵਾਣਿਤ ਜਥੇਦਾਰ ਮੰਨ ਲਵੇ
ਤਾਂ ਪੁਜਾਰੀਆਂ ਦੀ ਲੁੱਟ ਤੋਂ ਬਚ ਸਕਦੀ ਹੈ। ਅੱਜ ਜਾਗ੍ਰਤ ਸਿੱਖ ਵੀ ਔਖੇ
ਵੇਲੇ ਗੁਰੂ ਨੂੰ ਪਿੱਠ ਦੇ ਕੇ ਅਖੌਤੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦੇ
ਹਨ। ਜੋ ਜਥੇਦਾਰ ਬਲਾਤਕਾਰੀ ਡੇਰੇਦਾਰਾਂ ਦੇ ਪੈਰਾਂ ਤੇ ਨੱਕ ਰਘੜਦੇ ਅਖੌਤੀ
ਅਕਾਲੀ ਲੀਡਰਾਂ ਦੀ ਚਾਪਲੂਸੀ ਕਰਦੇ ਨਹੀਂ ਥੱਕਦੇ। ਜੇ ਸਾਡੇ ਗੁਰੂਆਂ ਭਗਤਾਂ
ਅਤੇ ਕੌਮੀ ਸ਼ਹੀਦਾਂ ਨੇ ਮਰੀ ਜਮੀਰ ਵਾਲੇ ਪੁਜਾਰੀਆਂ ਅਤੇ ਜਾਲਮ ਹਕੂਮਤਾਂ ਨਾਲ
ਸਮਝੌਤੇ ਨਹੀਂ ਕੀਤੇ ਤਾਂ ਅਸੀਂ ਕੌਣ ਹੁੰਦੇ ਹਾਂ ਅਜਿਹਾ ਕਰਨ ਵਾਲੇ? ਇਸ
ਦੁਨੀਆਂ ਤੋਂ ਵਾਰੀ ਨਾਲ ਹਰੇਕ ਇਨਸਾਨ ਨੇ ਤੁਰ ਜਾਣਾ ਹੈ ਫਿਰ ਇਨ੍ਹਾਂ
ਪੁਜਾਰੀਆਂ ਦੀ ਗਰਜ ਕਾਹਦੀ? ਬੋਲੀਐ ਸਚ ਧਰਮ ਝੂਠਿ ਨਾਂ ਬੋਲੀਐ ਦਾ ਪ੍ਰਚਾਰ
ਕਰਨ ਵਾਲਿਆਂ ਨੂੰ ਵੀ "ਸੱਚ ਧਰਮ" ਤੇ ਪਹਿਰਾ ਦੇਣਾਂ ਚਾਹੀਦਾ ਹੈ।
ਜੇ ਇੱਕ ਸਿੱਖ ਵਿਦਵਾਂਨ ਸਰਦਾਰ ਕਾਲਾ ਅਫਗਾਨਾ ਨੂੰ
ਛੇਕਣ ਨਾਲ ਸੈਂਕੜੇ ਵਿਦਵਾਨ ਹੋਰ ਪੈਦਾ ਹੋ ਗਏ ਹਨ,
ਤਾਂ ਕੀ ਸਾਨੂੰ ਛੇਕਣ ਨਾਲ ਹੋਰ ਨਹੀਂ ਪੈਦਾ ਹੋਣਗੇ? ਗੁਰੂ ਪੰਥ ਦੇ ਪੱਕੇ
ਸਿਪਾਹੀ ਨੂੰ ਕੋਈ ਪੁਜਾਰੀ ਗੁਰੂ ਪੰਥ ਚੋਂ ਨਹੀਂ ਛੇਕ ਸਕਦਾ। ਜਿਹੜਾ ਜੱਜ
ਅਦਾਲਤ ਦੇ ਕਾਇਦੇ ਕਨੂੰਨਾਂ ਨੂੰ ਨਹੀਂ ਮੰਨਦਾ ਕੀ ਜੱਜ ਹੋ ਸਕਦਾ ਹੈ? ਅਕਾਲ
ਤਖਤ ਦੀ "ਸਿੱਖ ਰਹਿਤ ਮਰਯਾਦਾ" ਜੋ ਤਖਤ ਤੇ ਹੀ ਲਾਗੂ ਨਹੀਂ ਕਰ ਸਕਦਾ
ਜਥੇਦਾਰ ਕਿਵੇਂ ਹੋ ਸਕਦਾ ਹੈ? ਕੀ ਬਲਾਤਕਾਰੀ ਡੇਰੇਦਾਰ ਸਾਧਾਂ ਦੇ ਡੇਰਿਆਂ
ਤੇ ਜਾ ਕੇ ਸਰੋਪੇ ਲੈਣ ਵਾਲਾ ਕੌਮ ਦਾ ਜਥੇਦਾਰ ਹੋ ਸਕਦਾ ਹੈ? ਕੀ ਸਿੱਖ ਕੌਮ
ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ ਨੂੰ ਜਿਸ ਵਿੱਚ
ਅਸ਼ਲੀਲਤਾ ਦੀਆਂ ਹੱਦ ਬੰਦੀਆਂ ਪਾਰ ਕੀਤੀਆਂ ਗਈਆਂ ਹਨ, ਨੂੰ ਮਾਣਤਾ ਦੇਣ ਵਾਲੇ
ਵਿਅਕਤੀਆਂ ਨੂੰ ਕੌਂਮੀ ਜਥਦਾਰ ਮੰਨ ਸਕਦੀ ਹੈ? ਸਿੱਖ ਅਖੌਤੀ ਜਥੇਦਾਰਾਂ ਨੂੰ
ਛੱਡ ਕੇ ਤਾਂ ਬਚ ਸਕਦਾ ਹੈ, ਪਰ ਅਕਾਲ ਪੁਰਖ
ਦੇ ਹੁਕਮ ਗਿਆਨ ਗੁਰਬਾਣੀ ਨੂੰ ਛੱਡ ਕੇ ਸਦਾ ਲਈ ਜਮੀਰਕ ਤੌਰ ਤੇ ਮਰ ਜਾਂਦਾ
ਹੈ।
ਹਰੇਕ ਸਿੱਖ ਹੀ ਗੁਰੂ ਦਾ ਪ੍ਰਚਾਰਕ ਹੈ,
ਜੋ ਕਿਰਤ ਕਰਕੇ ਪ੍ਰਚਾਰ ਕਰਦਾ ਹੈ, ਨਾ ਕਿ
ਪ੍ਰਬੰਧਕਾਂ ਅਤੇ ਪੁਜਾਰੀਆਂ ਤੇ ਰੋਟੀ ਰੋਜੀ ਖਾਤਰ ਡਪੈਂਡ ਹੁੰਦਾ ਹੈ।
ਜਥੇਬੰਦੀਆਂ ਗਿਆਨ ਦਾਤਾ ਹੋ ਸਕਦੀਆਂ ਹਨ ਪਰ ਮਾਲਕ ਨਹੀਂ ਮਾਲਕ ਸਾਡਾ ਕਰਤਾਰ
ਹੈ।