ਸੋਚੋ ਭਲਾ ਜੇ ਤੁਸੀਂ ਦੂਜੇ ਨੂੰ ਪੁੱਛੋਂ ਕਿ ‘ਤੂੰ
ਕੌਣ’ ਤੇ ਅਗਲਾ ਅੱਗਿਓ ਕਹੇ ‘ਤੂੰ ਕੌਣ’ ਤੇ ਦੋਵੈ,
ਇਹ ਨਾ ਦੱਸਣ ਕਿ ਮੈਂ ਕੌਣ ਤਾਂ ਸੁਣ ਰਿਹਾ ਤੀਜਾ ਬੰਦਾ ਉਹਨਾਂ ਨੂੰ ਮਾਨਸਿਕ
ਰੋਗਾਂ ਦੇ ਮਾਹਰ ਕੋਲ਼ ਜਾਣ ਦੀ ਸਲਾਹ ਦੇਵੇਗਾ ਤੇ ਜਾਂ ਫਿਰ ਪਾਸੇ ਬੈਠ ਕੇ
ਤਮਾਸ਼ਾ ਦੇਖੇਗਾ।
ਸਿੱਖਾਂ
ਵਿੱਚ ਮੁੱਖ ਦੋ ਧਿਰਾਂ ਹਨ, ਮਿਸ਼ਨਰੀ ਜਾਂ ਅਕਾਲ ਤਖਤ (ਸਿਧਾਂਤ ਪੱਖੀ) ਜਾਂ
ਦਸਮ ਗ੍ਰੰਥ ਵਿਰੋਧੀ ਦੂਜੇ ਪਾਸੇ ਡੇਰੇਦਾਰ ਜਾਂ ਅਕਾਲ ਤਖਤ (ਸਿਧਾਂਤ ਵਿਰੋਧੀ)
ਜਾਂ ਦਸਮ ਗ੍ਰੰਥ ਪੱਖੀ।
ਕਿਸੇ ਉਚਾਈ ਤੇ ਚੜ੍ਹਨ ਲਈ ਪੌੜੀ ਦੀ ਲੋੜ ਪੈਦੀ ਹੈ,
ਤੇ ਕਿਸੇ ਮਕਦਸ ਦੀ ਪ੍ਰਾਪਤੀ ਲਈ ਵਿਚਾਰ-ਸਾਂਝ ਦੀ। ਵਿਚਾਰ ਦੀ ਪੌੜੀ ਗੁਰੂ
ਨਾਨਕ ਦੇਵ ਜੀ ਨੇ ਸਿੱਖਾਂ ਨੂੰ ਫੜਾਈ। ਪਰ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ
ਕੇ ਸਿੱਖ ਮਿਸਲਾਂ ਵਿੱਚੋਂ ਲੰਘਦੀ ਤੇ ਰਾਜਾ ਰਣਜੀਤ ਸਿੰਘ ਪਹੁੰਚਦਿਆਂ ਇਹ
ਪੌੜੀ ਡੰਡਾ ਡੰਡਾ ਖਿਲਰ ਗਈ, ਜਿਸ ਦੇ ਹੱਥ
ਜਿਹੜਾ ਡੰਡਾ ਆਇਆ ਦੂਜੇ ਦੇ ਸਿਰ ਮਾਰਕੇ ਆਪਣੀ ਜਿੰਮੇਦਾਰੀ ਤੋਂ ਮੁਕਤ ਹੋ
ਗਿਆ ਤੇ ਅੰਗਰੇਜ ਆਪਣਾ ਉਡਣ ਖਟੋਲਾ ਲੈ ਕੇ ਆਪਣੀ ਮੰਜ਼ਿਲ ਤੇ ਪਹੁੰਚ ਗਏ।
ਜਿੱਥੇ 1947 ਵਿੱਚ ਸਿੱਖ ਕੌਮ ਉਜੜਨ ਦਾ ਸੰਤਾਪ ਭੋਗ
ਰਹੀ ਸੀ, ਉੱਥੇ ਸਿੱਖਾਂ ਦਾ ਮਸੀਹਾ ਬਣਨ ਲਈ
ਕਈ ਲੀਡਰ ਆਪਣੀ ਮਾਂ ਸਿਰੋਂ ਚੁੰਨੀ ਲਾਹ ਕੇ,
ਮਤਰੇਈ ਮਾਂ ਦਾ ਸਿਰ ਢਕਣ ਦੀ ਕੋਸ਼ਿਸ਼ ਕਰਦੇ ਰਹੇ। ਸਮੇਂ
ਸਮੇਂ ਸਿੱਖੀ ਸਿਧਾਂਤਾਂ ਨੂੰ ਵੇਚਣ ਦਾ ਸਿਲਸਿਲਾ ਜ਼ਾਰੀ ਰਿਹਾ। ਪਰ
ਕੁਝ ਅਜਿਹੀਆਂ ਵਿਚਾਰ ਲਹਿਰਾਂ ਉੱਠੀਆਂ ਜੋ ਦਿਆ ਨੰਦ ਵਰਗੇ ਪੱਥਰ ਨੂੰ ਵੀ
ਰੋੜ੍ਹ ਕੇ ਲੈ ਗਈਆਂ।
1978 ਤੋਂ ਸ਼ੁਰੂ ਹੋਈ ਨਵੀਂ ਕਹਾਣੀ,
ਜੋ ਲੱਗਭੱਗ ਦੋ ਦਹਾਕੇ ਭਰਾ ਮਾਰੂ ਜੰਗ ਦੇ ਰੂਪ ਵਿੱਚ ਚੱਲੀ ਜਿਸ ਸਮੇਂ
ਵਿਚਾਰ ਆਪਣੇ ਆਖਰੀ ਸਾਹਾਂ ਤੇ ਸੀ, ਜੇ ਕੋਈ
ਇਸ ਨੂੰ ਪਾਣੀ ਦੀ ਘੁੱਟ ਦੇਣ ਦੀ ਕੋਸ਼ਿਸ਼ ਕਰਦਾ ਤਾਂ ਅਣਿਆਈ ਮੌਤੇ ਮਾਰਿਆਂ
ਜਾਂਦਾ । ਹੁਣ ਕਾਫੀ ਸਮੇਂ ਬਾਅਦ ਕੁਝ ਸੰਸ਼ਥਾਵਾਂ ਤੇ ਵਿਅਕਤੀਆਂ ਨੇ ਲਿਖਤਾਂ
ਰਾਹੀ ਤੇ ਪ੍ਰਚਾਰਕ ਪੈਦਾ ਕਰ ਕੇ, ਉਪਰਾਲੇ
ਕੀਤੇ ਕਿ ਵਿਚਾਰ ਨੂੰ ਜਿਉਂਦਾ ਰੱਖਿਆ ਜਾਏ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ,
ਫੇਸਬੁੱਕ ਤੇ ਪਖੰਡੀਆਂ ਦੇ ਪਾਜ ਉਘੇੜਨ ਲਈ ਗਰੁੱਪ ਬਣੇ ਇੱਕ ਕਾਫਲਾ ਬਣਿਆ,
ਪਰ ਸਾਰਾ ਕੁਝ ਮੇਰੀ ਕਮਾਂਡ ਥੱਲੇ ਹੋਵੇ ਦੀ ਬੀਮਾਰੀ ਨੇ,
ਫਿਰ ਸਾਰਿਆਂ ਨੂੰ ਆਹਮੋ ਸਾਹਮਣੇ ਖੜਾ ਕਰ ਦਿੱਤਾ । ਜਿਵੇਂ ਕੋਈ ਬੀਮਾਰ ਹੋ
ਜਾਏ ਤਾਂ ਹਾਲ ਪੁੱਛਣ ਆਇਆ, ਹਰ ਖੈਰ ਖੁਆਹ
ਡਾਕਟਰ ਦੀ ਹੈਸੀਅਤ ਨਾਲ ਹੀ ਬਿਮਾਰ ਦੇ ਵਿਹੜੇ ਪੈਰ ਧਰਦਾ ਹੈ,
ਉਵੇਂ ਹੀ ਵਿਦਵਾਨਾਂ ਜਾਂ ਪਰਚਾਰਕਾਂ ਨੂੰ ਆਪਣੀ ਮੱਤ ਅਨੁਸਾਰ ਚਲਾਉਣ ਲਈ,
ਅਜਿਹੇ ਵਿਦਵਾਨਾਂ ਦੀ ਪਨੀਰੀ ਪੈਦਾ ਹੋ ਗਈ,
ਜਿੰਨ੍ਹਾਂ ਨੇ ਇਧਰੋਂ ਉਧਰੋਂ ਦੋ ਅੱਖਰ ਪੜ੍ਹ ਸੁਣ ਕੇ,
ਲਿਖਣ ਬੋਲਣ ਵਾਲਿਆਂ ਦੀ ਧੀ ਭੈਣ ਇੱਕ ਕਰ ਦਿਖਾਈ,
ਸਿੱਧੇ ਜਾਂ ਅਸਿੱਧੇ ਤੌਰ ਤੇ ਲੇਖਕਾਂ,
ਪਰਚਾਰਕਾਂ ਨੂੰ ਵੇਸਵਾ, ਵਿਭਚਾਰੀ,
ਹੋਸ਼ੇ ਸ਼ਬਦਾਂ ਨਾਲ਼ ਨਿਵਾਜਿਆ, ਤੇ ਆਪਣੇ ਤੋਂ
ਵੱਖਰੇ ਵਿਚਾਰ ਰੱਖਣ ਵਾਲੇ ਦੇ ਕਿਰਦਾਰ ਵਿੱਚ ਇਹਨਾਂ ਨੂੰ ਬੌਣਾਪਣ ਨਜ਼ਰ ਆਇਆ
।
ਜੇ ਸੋਚਿਆ ਜਾਏ,
ਮਿਸ਼ਨਰੀ ਵੀ ਬੌਣੇ, ਡੇਰੇਦਾਰ ਵੀ ਬੌਣੇ,
ਅਕਾਲ ਤਖਤ ਸਿਧਾਂਤ ਪੱਖੀ ਤੇ ਵਿਰੋਧੀ ਦੋਨੋ ਪੰਥ ਦੋਖੀ, ਦਸਮ ਗ੍ਰੰਥ ਦੇ ਹੱਕੀ
ਤੇ ਵਿਰੋਧੀ ਆਰ.ਐੱਸ.ਐੱਸ
ਦੇ ਬੰਦੇ ਹਨ, ਤਾਂ ਫਿਰ ਪੰਥ ਦਰਦੀ ਜਾਂ ਉੱਚੇ
ਕੱਦ ਵਾਲਾ ਕੌਣ ਹੋਇਆ । ਉਪਰੋਂ ਦੇਖਿਆਂ ਤਾਂ ਲੱਗ ਰਿਹਾ ਹੈ,
ਕਿ ਅਸੀਂ ਵਿਚਾਰ ਦੀ ਪੌੜੀ ਫਿਰ ਚੜ੍ਹ ਰਹੇ ਹਾਂ,
ਪਰ ਸੱਚ ਇਹ ਹੈ, ਕਿ ਹੇਠਲੇ ਡੰਡੇ ਤੇ ਬੈਠਾ
ਪੰਥ ਦਰਦੀ, ਉੱਪਰਲੇ ਡੰਡੇ ਵਾਲੇ ਵੱਲ ਕੋਝੇ
ਵਿਚਾਰਾਂ ਦੇ ਰੋੜੇ ਵਗਾਹ ਵਗਾਹ ਮਾਰ ਰਿਹਾ ਹੈ,
ਤੇ ਉੱਪਰ ਵਾਲਾ ਹੇਠਲੇ ਡੰਡੇ ਵਾਲੇ ਸਿਰ ਕੋਹਝ ਕਵਿਤਾਵਾਂ ਦਾ ਗੰਦ ਸੁੱਟੀ ਜਾ
ਰਿਹਾ ਹੈ।
ਤੂੰ ਕੌਣ ਤੂੰ ਕੌਣ ਦੇ ਨਗਾਰਖਾਨੇ ਵਿੱਚ,
ਮੈਂ ਕੌਣ ਦੀ ਤੂਤੀ ਨੂੰ ਕੋਈ ਹੱਥ ਲਾ ਕੇ ਰਾਜ਼ੀ ਨਹੀਂ,
ਤੀਜੀ ਧਿਰ ਹੱਸ ਹੱਸ ਤਮਾਸ਼ਾ ਦੇਖ ਰਹੀ ਹੈ,
ਉਸ ਨੂੰ ਪਤਾ ਹੈ ਕਿ ਇਹਨਾਂ ਨੂੰ ਪਾਗਲਖਾਨੇ ਜਾਣ ਦੀ ਸਲਾਹ ਦੇ ਕੇ ਆਪਣਾ ਸਿਰ
ਪੜਵਾਉਣ ਨਾਲੋਂ ਚੁੱਪ ਭਲੀ।