Share on Facebook

Main News Page

ਮੇਲਾ ਇੰਝ ਵੀ ਹੁੰਦਾ ਹੈ
- ਗੁਰਦੇਵ ਸਿੰਘ ਸੱਧੇਵਾਲੀਆ

ਮੇਲਾ ਦਰਅਸਲ ਹੁੰਦਾ ਹੀ ਇੰਝ ਹੈ। ਸੋਮਵਾਰ 3 ਸਤੰਬਰ ਨੂੰ ਬ੍ਰੈਂਪਟਨ ਵਿਖੇ ਮੌਰਟਨ ਵੇਅ ਪਬਲਿਕ ਸਕੂਲ ਦੀ ਖੁਲ੍ਹੀ ਗਰਾਊਂਡ ਵਿਚ ਸਿੱਖ ਵਿਰਸਾ ਡੇਅ ਦਾ ਮੇਲਾ ਹੋਇਆ। ਇਸ ਮੇਲੇ ਵਿਚੋਂ ਗੰਦੇ ਅਤੇ ਲੱਚਰ ਗਾਇਕ ਇੰਝ ਗਾਇਬ ਸਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਇਸ ਮੇਲੇ ਨੇ ਸਾਬਤ ਕੀਤਾ ਕਿ ਤੁਸੀਂ ਕੁਝ ਚੰਗਾ ਦਿਓ ਤਾਂ ਸਹੀ, ਲੋਕ ਪ੍ਰਵਾਨ ਕਰਦੇ ਹਨ। ਮੇਲਾ, ਗੀਤਾ ਜੈਲਦਾਰ, ਜੋ ਜੋ ਹਨੀ, ਦਲਜੀਤ ਜਾਂ ਹੋਰ ਅਜਿਹੇ ਲੁੱਚੇ ਗਾਇਕਾਂ ਦਾ ਮੁਥਾਜ ਨਹੀਂ। ਮੇਲੇ ਵਿਚ ਸੂਰਬੀਰ ਜੋਧਿਆਂ ਦੀਆਂ ਵਾਰਾਂ ਨੂੰ ਵੀ ਲੋਕ ਸੁਣਦੇ ਹਨ। ਸਿੱਖ ਵਿਰਸਾ ਡੇਅ ਵਿਚ ਢਾਢੀ ਵਾਰਾਂ ਅਤੇ ਕਵੀਸ਼ਰਾਂ ਨੇ ਰੰਗ ਬੰਨਿਆ ਕਿਤੇ। ਭਾਈ ਗੁਰਮੁਖ ਸਿੰਘ ਵਲਟੋਹਾ ਦਾ ਢਾਡੀ ਅਤੇ ਭਾਈ ਸੁਲਖੱਣ ਸਿੰਘ ਰਿਆੜ ਦੇ ਕਵੀਸ਼ਰੀ ਜਥੇ ਦੀਆਂ ਗਾਈਆਂ ਸੂਰਬੀਰਾਂ ਦੀਆਂ ਵਾਰਾਂ ਲੋਕਾਂ ਵਿਚ ਇੱਕ ਸੁਨੇਹਾ ਸੀ ਕਿ ਮੇਲਾ ਇੰਝ ਹੁੰਦਾ ਹੈ। ਮੇਲੇ ਹੋਣ, ਮੇਲੇ ਹੋਣੇ ਚਾਹੀਦੇ ਹਨ, ਕੰਮਾਂ-ਧੰਦਿਆਂ-ਰੁਝੇਵਿਆਂ ਭਰੀ ਜਿੰਦਗੀ ਨੂੰ ਲੋੜ ਹੈ ਮੇਲੇ ਦੀ, ਪਰ ਇਹੋ ਜਿਹੇ ਮੇਲੇ ਦੀ।

ਸਿੱਖ ਵਿਰਸਾ ਡੇਅ ਅਪਣੇ ਆਪ ਵਿਚ ਇਕ ਛਾਪ ਛੱਡ ਗਿਆ ਕਿ ਮੇਲਿਆਂ ਨੂੰ ਗਤਲ ਰੰਗਤ ਦੇ ਦਿੱਤੀ ਗਈ ਹੈ, ਨਹੀਂ ਤਾਂ ਮੇਲੇ ਦਾ ਮੱਤਲਬ ਰੱਜ ਕੇ ਗੰਦ ਪਾਉਂਣਾ, ਗਾਉਂਣਾ, ਲਲਕਾਰੇ ਮਾਰਨਾ ਨਹੀਂ। ਮੇਲੇ ਵਿਚੋਂ ਵੀ ਤੁਹਾਨੂੰ ਕੁਝ ਚੰਗਾ ਸਿੱਖਣ ਨੂੰ ਮਿਲ ਸਕਦਾ ਹੈ। ਮੇਲਾ ਤੁਹਾਡੀਆਂ ਨਸਲਾਂ ਨੂੰ ਕਿਸੇ ਚੰਗੀ ਗੱਲ ਲਈ ਉਤਸ਼ਾਹਤ ਕਰ ਸਕਦਾ ਹੈ। ਖੇਡਾਂ ਹੋਣ, ਮੁਕਾਬਲੇ ਹੋਣ, ਤੁਹਾਡਾ ਸਭਿਆਚਾਰ ਇਕ ਚੰਗਾ ਕ੍ਰੈਕਟਰ ਸਿਰਜੇ, ਇਹ ਮੇਲਾ ਹੈ। ਤੇ ਸਿੱਖ ਵਿਰਸਾ ਡੇਅ ਵਿਚ ਇਹ ਸਾਰੀਆਂ ਗੱਲਾਂ ਹੋਈਆਂ। ਬੱਚਿਆਂ ਦੀਆਂ ਫੀਲਡ ਹਾਕੀ ਟੀਮਾਂ, ਸੌਕਰ ਟੀਮਾਂ ਕੁੜੀਆਂ ਅਤੇ ਮੁੰਡਿਆਂ ਦੀਆਂ ਦੋਵੇਂ, ਦੋ ਬੱਚਿਆਂ ਦੀਆਂ ਕੱਬਡੀ ਟੀਮਾਂ, ਵੱਡਿਆਂ ਲਈ ਗੋਲਾਂ ਸੁੱਟਣਾ ਅਤੇ ਰੱਸਾ ਮੁਕਾਬਲੇ! ਸਾਰਾ ਦਿਨ ਢਾਡੀ ਅਤੇ ਕਵੀਸ਼ਰੀ ਵਾਰਾਂ ਤੇ ਖੇਡਾਂ। ਇਹ ਹੋਇਆ ਨਾ ਮੇਲਾ।

ਮੇਲਾ ਮਾੜਾ ਨਹੀਂ, ਪਰ ਸਵਾਲ ਇਹ ਕਿ ਮੇਲੇ ਵਿਚ ਪਰੋਸਿਆ ਕੀ ਜਾ ਰਿਹੈ। ਇਸ ਮੇਲੇ ਵਿਚ ਪਰੋਸੇ ਜਾਣ ਵਾਲੀ ਜਿਹੜੀ ਸਭ ਤੋਂ ਅਹਿਮ ਗੱਲ ਉਹ ਇਹ ਸੀ ਕਿ ਛੋਟੇ ਬੱਚਿਆਂ ਨੂੰ ਟਰੌਫੀਆਂ ਦੇ ਕੇ ਉਤਸ਼ਾਹਤ ਕੀਤਾ ਗਿਆ ਕਿ ਉਨ੍ਹਾਂ ਕੇਸ ਰੱਖੇ ਹਨ ਅਤੇ ਜਿੰਨਾ ਬੱਚਿਆਂ ਨਹੀਂ ਰੱਖੇ ਸਨ ਉਨ੍ਹਾਂ ਤੋਂ ਅਗਲੇ ਸਾਲ ਤੱਕ ਰੱਖ ਕੇ ਆਉਂਣ ਦਾ ਪ੍ਰਣ ਲੈ ਕੇ ਉਨ੍ਹਾਂ ਨੂੰ ਵੀ ਉਤਸ਼ਾਹਤ ਕੀਤਾ ਗਿਆ। ਇਹ ਮੇਲਾ ਹੈ।

ਯਾਦ ਰਹੇ, ਜਿਸ ਪੰਜਾਬੀ ਨੂੰ ਬਚਾਉਂਣ ਦੀ ਅਸੀਂ ਦੁਹਾਈ ਦੇ ਰਹੇ ਹਾਂ, ਉਹ ਇਸ ਸਿੱਖ ਵਿਰਸੇ ਨੂੰ ਸਾਂਭੇ ਬਿਨਾ ਬਚਣੀ ਵੀ ਨਹੀਂ ਕਿਉਂਕਿ ਸਿੱਖ ਤੋਂ ਬਿਨਾ ਪੰਜਾਬੀ ਨਾਲ ਕਿਸੇ ਦੀ ਕੋਈ ਹਮਦਰਦੀ ਨਹੀਂ ਨਾ ਕੋਈ ਲੈਣਾ ਦੇਣਾ ਹੈ। ਪੰਜਾਬੀ ਸਿੱਖ ਵਿਰਸੇ ਦੀ ਪਹਿਚਾਣ ਹੈ। ਸਿੱਖ ਵਿਰਸਾ ਬਚੇਗਾ ਤਾਂ ਪੰਜਾਬੀ ਬਚੇਗੀ ਕਿਉਂਕਿ ਸਿੱਖ ਵਿਰਸੇ ਤੋਂ ਬਿਨਾ ਪੰਜਾਬੀ ਦਾ ਕੋਈ ਸਕਾ ਨਹੀਂ। ਕੋਈ ਹੈ ਤਾਂ ਦੱਸੋ? ਹਿੰਦੂ? ਮੁਸਲਮਾਨ? ਹਿੰਦੂ ਤਾਂ ਪੰਜਾਬ ਵਿਚ ਰਹਿੰਦਾ ਵੀ ਇਸ ਤੋਂ ਮੁਨਕਰ ਹੋ ਗਿਆ ਤੇ ਮੁਸਲਮਾਨ ਪੰਜਾਬੀ ਬੋਲਦਾ ਹੋਇਆ ਵੀ ਉਰਦੂ ਅਪਣੀ ਬੋਲੀ ਮੰਨ ਗਿਆ, ਤਾਂ ਦੱਸੋ ਫਿਰ ਬੱਚਿਆ ਕੌਣ ਜਿਹੜਾ ਇਸ ਦੁਨੀਆਂ ਵਿਚ ਪੰਜਾਬੀ ਦਾ ਸਕਾ ਹੈ?

ਥੋੜੇ ਸਮੇਂ ਵਿਚ ਹੀ ਅਯੋਜਿਤ ਕੀਤੇ ਗਏ ਮੇਲੇ ਦੇ ਭਰਵੇਂ ਹੁੰਗਾਰੇ ਨੇ ਇਹ ਸਾਬਤ ਕੀਤਾ ਕਿ ਇਹ ਡਰਾਈਵਰ ਤੇ ਨਿਰਭਰ ਹੁੰਦਾ ਕਿ ਉਹ ਸਵਾਰੀਆਂ ਨੂੰ ਸਹੀ ਰਾਹ ਲੈ ਕੇ ਜਾਂਦਾ ਜਾਂ ਖੱਡੇ-ਖਤਾਨਾ ਵਿਚ ਸੁੱਟ ਕੇ ਉਸ ਦੇ ਜੀਵਨ ਦਾ ਨਾਸ ਮਾਰਦਾ। ਯਾਨੀ ਇਹ ਮੇਲਿਆਂ ਨੂੰ ਅਯੋਜਿਤ ਕਰਨ ਵਾਲਿਆਂ ਉਪਰ ਨਿਰਭਰ ਹੈ ਕਿ ਉਹ ਲੋਕਾਂ ਨੂੰ ਗੀਤੇ, ਜੋ ਜੋ ਹਨੀ, ਦਲਜੀਤ ਰਾਹੀਂ ਲੱਚਰਤਾ ਪਰੋਸਦੇ ਜਾਂ ਜਾਂ ਸੂਰਬੀਰਾਂ ਦੀਆਂ ਵਾਰਾਂ। ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਲੇ ਸਾਲ ਇਸੇ ਸਿੱਖ ਵਿਰਸਾ ਡੇਅ ਉਪਰ ਅਸੀਂ ਡਰੱਗ, ਤੰਬਾਕੂ, ਨਸ਼ੇ, ਮਾਰ-ਮਰਾਈ ਅਤੇ ਭਾਈਚਾਰੇ ਵਿਚਲੀਆਂ ਮੁਸ਼ਕਲਾਂ ਉਪਰ ਬਕਾਇਦਾ ਚੰਗੇ ਬੁਲਾਰੇ ਲਿਆਵਾਂਗੇ ਅਤੇ ਚੰਗੇ ਸਟਾਲ ਲਾ ਕੇ ਲੋਕਾਂ ਨੂੰ ਚੰਗਾ ਸਾਹਿਤ ਮੁਹੱਈਆ ਕਰਾਂਗੇ ਤਾਂ ਕਿ ਲੋਕਾਂ ਵਿਚ ਪੜਨ ਵਲੋਂ ਆਈ ਖੜੋਤ ਨੂੰ ਤੋੜਿਆ ਜਾ ਸਕੇ।

ਸ੍ਰ. ਗੁਰਮੁੱਖ ਸਿੰਘ ਬਾਠ, ਸ੍ਰ. ਮੰਗਬੀਰ ਸਿੰਘ ਪੰਨੂ, ਸ੍ਰ. ਚੈਨ ਸਿੰਘ ਧਾਲੀਵਾਲ ਅਤੇ ਸ੍ਰ. ਜਸਬੀਰ ਸਿੰਘ ਵਧਾਈ ਦੇ ਹੱਕਦਾਰ ਹਨ ਜਿੰਨਾ ਥੋੜੇ ਸਮੇਂ ਵਿਚ ਵੱਡਾ ਕੰਮ ਕਰ ਵਿਖਾਇਆ ਅਤੇ ਉਨ੍ਹਾਂ ਲੋਕਾਂ ਦੀ ਵਾਹ-ਵਾਹ ਖੱਟੀ ਜਿੰਨਾ ਦੇ ਬੱਚਿਆਂ ਨੂੰ ਮੇਲੇ ਵਿਚੋਂ ਵੀ ਕੁਝ ਚੰਗਾ ਸਿੱਖਣ ਨੂੰ ਮਿਲਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top