ਭਾਈ ਤਾਰੂ ਸਿੰਘ ਨੂੰ ਜ਼ਕਰੀਆ ਪੁੱਛਦਾ ਹੈ ਕਿ ਤਾਰੂ ਸਿੰਘਾ
ਦੋ ਰਾਹ ਨੇ ਦੱਸ ਕਿਹੜਾ ਚੁਣਨਾ? ਖੋਪਰੀ ਲਾਹਵਾਂ ਜਾਂ ਕੇਸ ਕੱਟ ਦਿਆਂ?
ਜ਼ਕਰੀਏ ਨੂੰ ਸੀ ਕਿ ਕੇਸਾਂ ਵਾਲਾ ਕੰਮ ਸੌਖਾ ਖੋਪਰੀ ਕਿਹੜਾ
ਲੁਹਾਉਂਦਾ। ਪਰ ਭਾਈ ਤਾਰੂ ਸਿੰਘ ਦਾ ਜਵਾਬ ਸੀ ਜ਼ਕਰੀਆ, ਮਰਦਾਂ ਕਿਹੜਾ ਰੋਜ ਰੋਜ ਜੰਮਣਾ, ਕੇਸਾਂ
ਦੀ ਤਾਂ ਗੱਲ ਵੀ ਨਾ ਕਰ ਤੂੰ ਖੋਪਰੀ ਦੱਸ ਕਦ ਲਾਹੁਣੀ? ਸਮੇਤ ਜ਼ਕਰੀਏ ਸਭ ਹੈਰਾਨ ਕਿ ਕੇਸਾਂ
ਪ੍ਰਤੀ ਇਨੀ ਦ੍ਰਿੜਤਾ? ਇਨਾ ਔਖਾ ਰਾਹ ਚੁਣ ਰਿਹਾ ਸਿੰਘ?
ਜੇ ਅੱਜ ਦਾ ਅਖੌਤੀ ਵਿਦਵਾਨ ਹੁੰਦਾ, ਉਸ ਕਹਿਣਾ ਸੀ ਭਾਈ
ਤਾਰੂ ਸਿੰਘਾ ਮੇਰੀ ਵੋਟ ਤੇਰੇ ਹੱਕ ਵਿੱਚ ਨਹੀਂ, ਕੇਸਾਂ ਵਿਚ ਕੀ ਪਿਆ ਫਿਰ ਉਗ ਆਉਂਣੇ, ਛੱਡ,
ਕਿਉਂ ਜਿਦ ਕਰਦਾਂ, ਜਾਨ ਬਚਾ।
ਮਹਾਂਰਾਣੀ ਜਿੰਦਾ ਚਾਹੇ ਬਰਬਾਦ ਹੋ ਗਈ, ਦਰ ਦਰ ਦੀਆਂ ਠੋਕਰਾਂ
ਖਾਂਦੀ ਅੰਨੀਂ ਹੋ ਗਈ, ਪਰ ਜਦ ਅਪਣੇ ਪੁੱਤਰ ਨੂੰ ਮਿਲਦੀ ਹੈ, ਤਾਂ ਉਸ ਦਾ ਹੱਥ ਸਭ ਤੋਂ ਪਹਿਲਾਂ
ਦਲੀਪ ਸਿੰਘ ਦੇ ਸਿਰ ਤੇ ਜਾਂਦਾ ਹੈ ਕਿ ਮੇਰੇ ਪੁੱਤਰ ਦੇ ਕੇਸ ਹਨ ਕਿ ਨਹੀਂ!
ਮੰਨੂ ਦੀਆਂ ਜ੍ਹੇਲਾਂ ਵਿਚ ਤਸੀਹੇ ਝੱਲਦੀਆਂ ਮਾਵਾਂ ਅਪਣੇ
ਪੁੱਤਰਾਂ ਨੂੰ ਨੇਜਿਆਂ ਤੇ ਟੰਗਵਾ ਕੇ ਵੀ ਸ਼ੁੱਕਰ ਕੀ ਕਰਦੀਆਂ ਹਨ? ਸ਼ੁਕਰ ਹੈ ਬਾਜਾਂ ਵਾਲਿਆਂ
ਕਿ ਸਾਡੇ ਬੱਚਿਆਂ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। ਕੇਸਾਂ ਦਾ ਤੇ ਸਿੱਖੀ ਦਾ ਸਬੰਧ ਇੰਝ
ਹੈ ਜਿਵੇਂ ਬੰਦੇ ਦੇ ਜੀਣ ਦਾ ਸਾਹ ਨਾਲ।
ਸਿੱਖ ਦੀ ਰੋਜ਼ਾਨਾ ਅਰਦਾਸ ਹੀ ਇਸ ਗੱਲ ਤੋਂ ਬਿਨਾ ਸੰਪੂਰਨ
ਨਹੀਂ ਹੁੰਦੀ ਕਿ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਯਾਨੀ ਸਿੱਖ ਦੇ ਕੇਸ ਤੇ ਸਵਾਸ
ਦੋ ਨਹੀਂ। ਕੇਸਾਂ ਨੂੰ ਕੇਵਲ ਸਿੱਖੀ ਦੀ ਪਹਿਚਾਣ ਸਮਝਣ ਵਾਲੇ ਗੁਰੂ ਸਾਹਿਬਾਨਾਂ ਦੇ ਮਨੁੱਖ
ਨੂੰ ਕੁਦਰਤ ਦੀ ਖੂਬਸੂਰਤੀ ਵਿਚ ਰਹਿਣ, ਵਸਣ ਤੇ ਜੀਣ ਦੇ ਬਚਨਾਂ ਨੂੰ ਘਟਾ ਕੇ ਦੇਖ ਰਹੇ ਹੋਣਗੇ।
ਇੰਝ ਅਸੀਂ ਉਹੀ ਕੁਝ ਗੁਰੂ ਪ੍ਰਤੀ ਸੋਚ ਰਹੇ ਹੋਵਾਂਗੇ, ਜਿਵੇਂ ਅੱਜ ਦੇ ਵਿਗੜੇ ‘ਬਾਬਿਆਂ’ ਅਪਣੇ
ਅਪਣੇ ਲੋਕਾਂ ਉਪਰ ਅਪਣੀਆਂ ਅਪਣੀਆਂ ਨਿਸ਼ਾਨੀਆਂ ਲਾ ਲਈਆਂ ਕਿ ਆਹ ਭੇਡ ਮੇਰੀ ਹੈ? ਕੇਸਾਂ ਦਾ
ਅਰਥ ਵੱਖਰੀ ਪਹਿਚਾਨ ਨਹੀਂ, ਬਲਕਿ ਕੁਰਦਤ ਦੀ ਖੂਬਸੂਰਤੀ ਵਿਚ ਰਹਿਣਾ ਅਤੇ ਹੁਕਮ ਵਿਚ ਜੀਣਾ
ਹੈ। ਗੁਰਬਾਣੀ ਦੀ ਤਾਂ ਬੁਨਿਆਦ ਹੀ ਹੁਕਮ ਹੈ, ਤਾਂ ਬੰਦੇ ਦਾ ਜੇ ਜਮਣਾ ਮਰਨਾ ਹੁਕਮ ਹੈ, ਤਾਂ
ਬੰਦਾ ਹੁਕਮ ਤੋਂ ਬਾਹਰ ਕਿਵੇਂ ਹੋ ਗਿਆ।
ਜੇ ਡੇਰਾਵਾਦ ਤੇ ਬਾਬਾਵਾਦ ਸਿੱਖੀ ਦੀਆਂ ਜੜ੍ਹਾਂ ਵਿਚ ਬੈਠਾ
ਹੈ, ਤਾਂ ਉਧਰ ਨਵੇ ਉੱਠ ਰਹੇ ਕੁਝ ਅਖੌਤੀ ਵਿਦਵਾਨ ਵੀ ਘੱਟ ਨਹੀਂ ਕਰ ਰਹੇ, ਜਿਹੜੇ ਹੁਣ ਕੇਸਾਂ
ਉਪਰ ਵੋਟਿੰਗ ਕਰਾਉਂਣ ਲੱਗ ਪਏ ਹਨ, ਕਿ ਕੇਸਾਂ ਦੀ ਜਰੂਰਤ ਹੈ ਜਾਂ ਨਹੀਂ? ਜਿਸ ਗੱਲ ਦਾ ਸਿੱਖੀ
ਨਾਲ ਸਬੰਧ ਹੀ ਸਾਹਾਂ ਤੇ ਸਵਾਸਾਂ ਵਰਗਾ ਉਸ ਬਾਰੇ ਵੋਟਿੰਗ? ਸਾਹਾਂ ਉਪਰ ਕੀ ਵੋਟਿੰਗ ਹੋ ਸਕਦੀ,
ਕਿ ਬੰਦੇ ਨੂੰ ਆਉਂਣੇ ਚਾਹੀਦੇ ਜਾਂ ਨਹੀਂ? ਅੱਜ ਹਰ ਸਿੱਖ ਪੀੜਤ ਹੈ, ਕਿ ਪੰਜਾਬ ਪਤਿਤ ਹੋ ਰਿਹੈ।
ਪੰਜਾਬ ਦੀਆਂ ਦਸਤਾਰਾਂ ਗਾਇਬ ਹੋ ਰਹੀਆਂ। ਮੀਡੀਏ ਦੇ ਪ੍ਰਭਾਵ ਹੇਠ ਪੰਜਾਬ ਦੀ ਨੌਜਵਾਨੀ ਕੇਸਾਂ
ਨੂੰ ਤਿਲਾਂਜਲੀ ਦੇ ਰਹੀ ਹੈ ਪਰ ‘ਵਿਦਵਾਨ?
ਵਿਦਵਾਨਾਂ ਲੋਕਾਂ ਨੂੰ ਦੱਸਣਾ ਸੀ ਕਿ ਸਿੱਖੀ ਕੀ ਹੁੰਦੀ ਇਸ
ਦੇ ਮੁੱਢਲੇ ਅਸੂਲ ਕੀ ਹਨ, ਪਰ ਵਿਦਵਾਨ ਭਾਈ ਹੀ ਕੇਸਾਂ ਉਪਰ ਵੋਟਾਂ ਪਵਾਉਂਣ ਲੱਗ ਪਏ ਹਨ? ਤੁਸੀਂ
ਸੋਚ ਸਕਦੇ ਹੋਂ ਕਿ ਪੰਜਾਬ ਵਿਚ ਜੇ ਕੇਸਾਂ ਉਪਰ ਵੋਟਿੰਗ ਹੋਣ ਲੱਗ ਜਾਵੇ? ਖੰਡੇ ਦੀ ਪਾਹੁਲ ਦੀ
ਵੋਟਿੰਗ ਹੋਣ ਲੱਗ ਜਾਏ। ਕੱਲ ਨੂੰ ਸ਼ਰਾਬ ਉਪਰ ਵੀ ਵੋਟਿੰਗ ਕਿ ਗੁਰਦੁਆਰੇ ਵਿਚ ਵੀ ਪੀਤੀ ਜਾ
ਸਕਦੀ ਕਿ ਨਹੀਂ? ਵੋਟਿੰਗ ਕਰਾ ਕੇ ਭਵੇਂ ਗੁਰਦੁਆਰੇ ਦੀ ਹੱਦ ਅੰਦਰ ਬਿਊਟੀ-ਪਾਰਲਰ ਖ੍ਹੋਲ ਲਓ!!
ਖੁਲ੍ਹ ਜਾਊ। ਵਪਾਰ ਬੜਾ ਗਰਮ ਇਸ ਦਾ। ਗੱਲ ਗਈ ਕਿਧਰ? ਅਸੀਂ ਲੋਕਾਂ ਨੂੰ ਸਿਖਾਉਂਣ ਕੀ ਚਲੇ
ਹਾਂ?
ਗੁਰਬਾਣੀ ਮੱਨੁਖ ਨੂੰ ਅੰਦਰੋਂ ਹੀ ਨਹੀਂ ਬਾਹਰੋਂ ਵੀ ਕੁਦਰਤ
ਨਾਲ ਇੱਕ ਮਿੱਕ ਹੋਇਆ ਖੂਬਸੂਰਤ ਦੇਖਣਾ ਚਾਹੁੰਦੀ। ਸਿੱਖੀ ਅੰਦਰ ਹੁੰਦੀ? ਹਾ ਹੁੰਦੀ! ਬੀਜ ਵੀ
ਤਾਂ ਅੰਦਰ ਹੀ ਹੁੰਦਾ ਪਰ ਦਿੱਸਦਾ ਬਾਹਰ ਹੈ, ਖੂਬਸੂਰਤ ਹੋ ਕੇ। ਅੰਦਰੇ ਪਿਆ ਰਹਿਣ ਦਿਓ ਬੀਜ
ਨੂੰ ਕਿਸੇ ਨਹੀਂ ਦੇਖਣਾ, ਧਰਤੀ ਖੋਦ ਕੇ ਕਿ ਇਥੇ ਫੁੱਲ ਦਾ ਬੀਜ ਬੀਜਿਆ ਕਿਸੇ। ਬਾਹਰ ਦਿੱਸਦੇ
ਫੁੱਲ ਨੇ ਹੀ ਅਵਾਜ ਦੇਣੀ ਅਪਣੀ ਖੁਸ਼ਬੂ ਨਾਲ ਅਪਣੀ ਖੂਬਸੂਰਤੀ ਨਾਲ, ਕਿ ਇਥੇ ਫੁੱਲ ਹੈ। ਉਸ ਦੀ
ਸੁੰਦਰਤਾ ਉਸ ਦੀ ਦਿੱਖ ਹੈ, ਅਤੇ ਉਸ ਦੀ ਖੁਸ਼ਬੂ ਉਸ ਦੇ ਗੁਣ। ਯਾਦ ਰਹੇ, ਕਿ ਕੇਵਲ ਬਾਹਰਲੀ
ਸੁੰਦਰਤਾ ਯਾਨੀ ਪਹਿਰਾਵਾ ਉਸ ਨਕਲੀ ਫੁੱਲ ਦੀ ਸੁੰਦਰਤਾ ਵਰਗਾ ਹੈ, ਜਿਹੜਾ ਲੰਮੇ ਚੋਲੇ ਵਿਚ
ਲੱਗਦਾ ਤਾਂ ਬਹੁਤ ਖੂਬਸੂਰਤ ਹੈ, ਪਰ ਵਿੱਚ ਕੁੱਝ ਨਹੀਂ। ਨਾ ਮੁਲਾਇਮਤਾ ਤੇ ਨਾ ਖੁਸ਼ਬੂ। ਪਰ
ਕੇਵਲ ਇਲੱਕੀ ਖੁਸ਼ਬੂ ਵੀ ਉਸ ਬੋਤਲ ਵਿਚ ਪਏ ‘ਪਰਫੂਇਮ’ ਵਰਗੀ ਹੈ, ਜਿਸ ਵਿਚ ਗੁਣ-ਖੁਸ਼ਬੂ ਤਾਂ
ਹੈ, ਪਰ ਖੂਬਸੂਰਤੀ ਨਹੀਂ। ਸਿੱਕੇ ਦੇ ਦੋਵੇਂ ਪਾਸੇ ਚਲਦੇ ਹਨ, ਇੱਕ ਨਹੀਂ। ਇੱਕ ਖੋਟਾ ਹੈ।
ਗੁਰੂ ਦੀ ਮੱਤ ਮੁਤਾਬਕ। ਵਿਦਵਤਾ ਕੀ ਕਹਿੰਦੀ, ਇਸ ਬਾਰੇ ਤਾਂ ਵਿਦਵਾਨਾਂ ਨੂੰ ਹੀ ਪਤਾ ਹੋਵੇਗਾ।
ਨਹੀਂ?