ਹੋਸ਼ਾ ਕੀਹਨੂੰ ਕਹਿੰਦੇ? ਜਿਹੜਾ ਪਾਣੀ ਤੋਂ ਪਹਿਲਾਂ ਹੀ
ਮੌਜੇ ਲਾਹੀ ਫਿਰੇ। ਪ੍ਰੋ. ਹੋਣਾ ਹੋਰ ਗਲ ਹੈ ਗੰਭੀਰ ਅਤੇ ਧੀਰਜਵਾਨ ਹੋਣਾ
ਹੋਰ। ਪ੍ਰੋ. ਹੋਣ ਨਾਲ ਜਰੂਰੀ ਨਹੀਂ ਕਿ ਬੰਦਾ ਹੋਸ਼ਾ ਵੀ ਨਾ ਹੋਵੇ। ਹੋਸ਼ੇ
ਬੰਦੇ ਵਿੱਚ ਬਹੁਤ ਵੱਡਾ ਅਉਗੁਣ ਹੁੰਦਾ, ਉਹ ਫੜ-ਲੌ ਮਾਰ ਦਿਓ, ਚੱਕ ਦਿਓ ਬੜੀ
ਛੇਤੀ ਕਰਦਾ। ਹੋਸ਼ੇ ਬੰਦੇ ਦੀ ਨਿਸ਼ਾਨੀ ਹੁਮਦਿ, ਕਿ ਉਹ ਗੱਲ ਨੂੰ ਸਮੇਂ ਤੋਂ
ਪਹਿਲਾਂ ਅਜਿਹੀ ਚਰਮਸੀਮਾ ਤੇ ਲਿਜਾਂਦਾ ਹੈ ਕਿ ਸੁਣਨ-ਦੇਖਣ ਵਾਲਾ ਹੈਰਾਨ
ਹੁੰਦਾ ਹੈ, ਕਿ ਇਸ ਦੇ ਸਿਰ ਦੇ ਕਿਸੇ ਪੁਰਜੇ ਵਿਚ ਹਿੱਲ-ਜੁੱਲ ਤਾਂ ਨਹੀਂ।
ਪ੍ਰੋ. ਧੂੰਦਾ ਦੇ ਅਕਾਲ ਤਖਤ ਸਾਹਬ ਜਾਣ ਜਾਂ ਨਾ ਜਾਣ
ਦੇ ਮਸਲੇ ਤੇ ਸਾਡੇ ਕਈ ਭਰਾ ਹੋਸ਼ੇ ਜਿਹੇ ਪਏ ਹੋਏ ਜਾਪਦੇ ਹਨ। ਸਿਆਣੀਆਂ ਕੌਮਾ
ਦੇ ਲੋਕ, ਬੰਦੇ ਨੂੰ ਪਰਖੇ ਜਾਣ ਤੋਂ ਪਹਿਲਾਂ ਹੀ ਬੇਜ਼ਮੀਰੇ ਉਏ, ਵਿੱਕ ਗਏ ਉਏ,
ਥੱਲੇ ਲੱਗ ਗਏ ਉਏ ਵਰਗੀ ਕਾਵਾਂ-ਰੌਲੀ ਪਾਉਂਣ ਤੋਂ ਪਹਿਲਾਂ ਹਜਾਰ ਵਾਰ ਸੋਚਦੇ
ਹਨ, ਕਿ ਯਾਰ ਜਿਹੜੀ ਮੈਂ ਗੱਲ ਕਰਨ ਜਾ ਰਿਹਾਂ ਉਸ ਨੂੰ ਮਾਪ-ਤੋਲ ਕੇ ਕਰਾਂ,
ਤਾਂ ਕਿ ਕੌਮ ਵਿਚ ਪਈਆਂ ਹੋਰ ਦੁਬਿਧਾਵਾਂ ਵਿੱਚ ਵਾਧਾ ਕਰਨ ਤੋਂ ਬਚਿਆ ਜਾ ਸਕੇ।
ਸਾਡਾ ਸਮੇਂ ਤੋਂ ਪਹਿਲਾਂ ਹੀ ਇਹ ਰੌਲਾ ਜਿਹਾ, ਇੰਝ ਦਾ
ਹੈ ਜਿਵੇਂ ਇੱਕ ਵਾਰ ਇੱਕ ‘ਬਾਬਾ ਜੀ’ ਆ ਰਹੇ ਸਨ, ਤਾਂ ਉਨ੍ਹਾਂ ਦੇ ਚੇਲੇ
ਦੂਰੋਂ ਹੀ ਰੌਲਾ ਪਾਈ ਆਉਂਣ ਪਾਸੇ ਹੱਟ ਜੋ ਬੀਬੀਓ ਬਾਬਾ ਜੀ ਆ ਰਹੇ ਹਨ,
ਪਰ੍ਹਾਂ ਹੋ ਜੋ ਭਾਈ ਬਾਬਾ ਜੀ ਆ ਰਹੇ ਹਨ, ਹਟ ਜੋ ਭਾਈ ਬਾਬਾ ਜੀ ਆ ਰਹੇ ਹਨ।
ਬਾਬਾ ਜੀ ਆ ਰਹੇ, ਬਾਬਾ ਜੀ ਆ ਰਹੇ ਦੀ ਕਾਵਾਂ-ਰੌਲੀ ਸੁਣਕੇ ਇੱਕ ਭਾਈ ਤੋਂ
ਰਹਿ ਨਾ ਹੋਇਆ, ਉਹ ਕਹਿਣ ਲਗਾ ਹੱਟ ਜੋ ਹੱਟ ਜੋ ਲਾਈ, ਬਾਬਾ ਜੀ ਨੂੰ ਮੋਕ
ਲੱਗੀ ਕਿ ਲੋਕ ਲਿਬੜ ਜਾਣਗੇ?
ਸਾਡੀ ਕੌੰਮ ਵਿਚ ਤਾਂ ਹੀ ਛੇਤੀ ਦੇਣੀ ਕੋਈ ਵਿਦਵਾਨ
ਸਿਰ ਨਹੀਂ ਚੁੱਕਦਾ। ਉਹ ਸੋਚਦਾ ਲੁਕਾਈ ਨੂੰ ਮੂਰਖ ਬਣਾਓ, ਲੁੱਟੋ, ਗੱਡੀਆਂ
ਝੂਟੋ ਅਜਿਹੇ ‘ਖੱਪਖਾਨੇ’ ਤੋਂ ਲੈਣਾ ਕੀ!! ਤੁਸੀਂ ਨਿਗਾਹ ਮਾਰ ਲੋ। ਕੋਈ
ਚੱਜਦਾ ਵਿਦਵਾਨ, ਕੋਈ ਸਕਾਲਰ, ਕੋਈ ਕਥਾ-ਵਾਚਕ ਪੈਦਾ ਨਹੀਂ ਹੋ ਰਿਹਾ। ਕਿਉਂ?
ਅਸੀਂ ਹੋਣ ਹੀ ਨਹੀਂ ਦਿੰਦੇ। ਪਹਿਲਾਂ ਹੀ ਉਸ ਦੀ ਸੰਘੀ ਨੱਪ ਦਿੰਦੇ, ਹਾਂ ਕਿ
ਅਗਲੇ ਲਈ ਸਾਹ ਲੈਣਾ ਔਖਾ ਹੋ ਜਾਏ।
ਗੱਲ ਇਹ ਸਭ ਦੇ ਸਮਝ ਆਉਂਦੀ, ਕਿ ਇਹ ਪੰਜਾਮੀਆਂ ਵਾਲੇ
ਮਰੇ ਸੱਪ ਕੌਮ ਦੇ ਗਲ ਪੈ ਗਏ ਹਨ, ਪਰ ਇਨ੍ਹਾਂ ਲਾਸ਼ਾਂ ਨੂੰ ਇੰਝ ਤਾਂ ਨਹੀਂ
ਦਫਨਾਇਆ ਜਾਣਾ ਜਿਵੇਂ ਅਸੀਂ ਸੋਚ ਰਹੇ ਹਾਂ। ਅਸੀਂ ਆਪਸ ਵਿਚ ਵੰਡ ਹੋ ਗਏ
ਹਾਂ। ਕਿਉਂਕਿ ਅਸੀਂ ਕਾਹਲੇ ਬਹੁਤ ਚਲਦੇ ਹਾਂ। ਸੜਕਾਂ ਟੁੱਟੀਆਂ, ਗੋਡੇ-ਗੋਡੇ
ਟੋਏ ਨੇ, ਤੇ ਅਸੀਂ 100 ਦੀ ਸਪੀਡ ਤੇ ਦੌੜਨਾ ਚਾਹੁੰਦੇ। ਇਹ ਕੂੜਾ-ਕੱਚਰਾ
ਜਿੰਨਾ ਖਿਲਰ ਚੁੱਕਾ, ਇਸ ਨੂੰ ਸਾਫ ਕਰਨ ਲਈ ਹਾਲੇ ਸਾਡੀਆਂ ਅਗਲੀਆਂ ਦੋ
ਪੀਹੜੀਆਂ ਵੀ ਲੱਗ ਸਕਦੀਆਂ, ਉਹ ਵੀ ਤਾਂ ਜੇ ਅਸੀਂ ਹੋਸ਼ੇ ਨਾ ਪਈਏ।