‘ਮੁਗਲ ਧੱਕੇ ਨਾਲ ਲੋਕਾਂ ਉਪਰ ਅਪਣੀ ਸਭਿਅਤਾ ਠੋਸਦਾ ਸੀ,
ਪਰ ਇਹ ਲੋਕ ਉਨ੍ਹਾਂ ਨਾਲੋਂ ਵੀ ਖਤਰਨਾਕ ਸਾਬਤ ਹੋਏ, ਜਿਹੜੇ ਸਾਡੇ ਵਿਚ ਵੜਕੇ ਸਾਡੀ ਸਭਿਅਤਾ
ਨੂੰ ਤਹਿਸ-ਨਹਿਸ ਕਰ ਰਹੇ ਹਨ’। ਇਹ ਲਫਜ ਅੱਜ ਲੱਚਰ ਗਾਇਕੀ ਦੇ ਖਿਲਾਫ ਆਏ ਹਰਜੀਤ ਦੇ ਸਨ।
ਸੁਰਜੀਤ ਕਹਿ ਰਿਹਾ ਸੀ, ਕਿ ਮੈਂ ਵਕੀਲ ਹਾਂ ਮੈਂ ਇਹ ਜਾਣਦਾ
ਹਾਂ ਕਿ ਬਲਾਤਕਾਰ ਦੀ ਪੰਜ ਸਾਲ ਸਜਾ ਹੈ। ਪਰ ਇਹ ਲੱਚਰ ਗਾਇਕ ਅੱਖਰਾਂ ਅਤੇ ਅਵਾਜ ਦੀ ਗੰਦਗੀ
ਰਾਹੀਂ ਲੋਕਾਂ ਦੀ ਸੋਚ ਨਾਲ ਸ਼ਰੇਆਮ ਬਲਾਤਕਾਰ ਕਰ ਰਹੇ ਹਨ, ਇਨ੍ਹਾਂ ਨੂੰ ਤਾਂ ਘਟੋ-ਘਟ ਫਾਹੇ
ਹੀ ਲਾਇਆ ਜਾਣਾ ਬਣਦਾ ਹੈ।
ਰਾਣਾ ਕਹਿ ਰਿਹਾ ਸੀ ਕਿ ਜਿਵੇਂ ਇਨ੍ਹਾਂ ਲੋਕਾਂ ਅਪਣੀ ਗੰਦਗੀ
ਨਾਲ ਸਮਾਜ ਨੂੰ ਪਲੀਤ ਕੀਤਾ ਹੈ, ਹੁਣ ਉਨ੍ਹਾਂ ਨੂੰ ਉਹੀ ‘ਕੂਚਾ’ ਲੈ ਕੇ ਸਫਾਈ ਕਰਨੀ ਚਾਹੀਦੀ
ਹੈ ਨਹੀਂ ਤਾਂ ਇਹ ਲੋਕ ਕਿਸੇ ਮਾਫੀ ਦੇ ਲਾਇਕ ਨਹੀਂ ਹਨ!
12 ਮਈ ਦਿਨ ਐਤਵਾਰ ਨੂੰ ਲੱਤਰਤਾ ਖਿਲਾਫ ਵਿਖਾਵਾ ਕਰਨ ਦਾ
ਪ੍ਰੋਗਾਰਮ ਕੈਂਸਲ ਹੋਣ ਦੀ ਅਫਵਾਹ ਫੈਲੀ ਹੋਣ ਦੇ ਬਾਵਜੂਦ ਵੀ ਬਹੁਤ ਥੋੜੇ ਸਮੇਂ ਦੇ ਸੁਨੇਹੇ
ਨੇ ਕਰੀਬਨ ਡੇੜ ਸੌ ਲੋਕਾਂ ਨੂੰ ਸੜਕਾਂ ਤੇ ਲੈ ਆਉਂਦਾ। ਦਿਨ ਕਾਫੀ ਗਰਮ ਹੋਣ ਦੇ ਬਾਵਜੂਦ ਲੋਕ,
ਸਮੇਤ ਬੀਬੀਆਂ ਅਤੇ ਬੱਚਿਆਂ ਦੇ ਕੋਈ ਦੋ ਘੰਟੇ ਸੜਕਾਂ ਤੇ ਖੜ ਕੇ ਪੁਰਅਮਨ ਅਪਣੀ ਵਿਰੋਧਤਾ ਦਾ
ਇਜ਼ਹਾਰ ਕਰਦੇ ਰਹੇ। ਬੱਚਿਆਂ ਅਤੇ ਬੀਬੀਆਂ ਦੇ ਹੱਥਾਂ ਵਿਚ ‘ਲੱਚਰ ਗਾਇਕੀ ਬੰਦ ਕਰੋ, ਗੰਦ ਨਾ
ਪਾਓ ਅਮੀਰ ਵਿਰਸੇ ਨੂੰ ਬਚਾਓ, ਗੰਦੇ ਤੇ ਲੱਚਰ ਗੀਤ ਗਾਉਂਣ ਨਹੀਂ ਦੇਣੇ’ਆਦਿ ਦੇ ਬੈਨਰ ਦੇਖ
ਦੇਖ ਤੀਆਂ ਵਿਚ ਜਾ ਰਹੀਆਂ ਬੀਬੀਆਂ ਦੀਆਂ ਨੀਵੀਆਂ ਕੀਤੀਆਂ ਅੱਖਾਂ ਵਲ ਵੇਖ ਸਪੱਸ਼ਟ ਦਿਖਦਾ ਸੀ,
ਕਿ ਉਹ ਦਿੱਲ ਦੇ ਕਿਸੇ ਕੋਨੇ ਵਿਚੋਂ ਮਹਿਸੂਸ ਜਰੂਰ ਕਰ ਰਹੀਆਂ ਸਨ, ਕਿ ਕਿਤੇ ਨਾ ਕਿਤੇ ਕੁਝ
ਗਲਤ ਜਰੂਰ ਹੈ।
ਲੱਚਰਤਾ
ਖਿਲਾਫ ਹੋਏ ਇਸ ਪਹਿਲੇ ਇਕੱਠ ਤੋਂ ਜਾਪਦਾ ਸੀ ਕਿ ਇਹ ਲਹਿਰ ਜਰੂਰ ਜੋਰ ਫੜ ਸਕਦੀ ਹੈ, ਜੇ ਇਸ
ਨੂੰ ਤਰਤੀਬ ਨਾਲ ਅਗੇ ਤੋਰਿਆ ਜਾਵੇ। ਪੰਜਾਬੀ ਬੋਲੀ ਦੀ ਸੇਵਾ ਦੇ ਨਾਂ ਉਪਰ ਇਸ ਨਾਲ ਅਪਣੇ
ਵਪਾਰ ਦੀਆਂ ਬਦਫੈਲੀਆਂ ਕਰਨ ਵਾਲੇ ਬਿਮਾਰ ਲੋਕਾਂ ਦੇ ਇਸ ਦਲੇਰਾਨਾ ਕਦਮ ਨਾਲ ਕੰਨ ਜਰੂਰ ਖੜੇ
ਹੋ ਗਏ ਹਨ। ਲੋਕ ਜੇ ਇਸੇ ਤਰ੍ਹਾਂ ਹੀ ਖੜਨਾ ਸਿੱਖ ਜਾਣ ਤਾਂ ਸਮਾਜ ਦੇ ਇਨ੍ਹਾਂ ਦੁਸ਼ਮਣਾ ਨੂੰ
ਹਰੇਕ ਪਿੜ ਵਿਚ ਹਾਰ ਦਿੱਤੀ ਜਾ ਸਕਦੀ ਹੈ, ਅਤੇ ਇਹ ਸਮਾਜ ਨੂੰ ਇਨ੍ਹਾ ਦੀ ਗੰਦਗੀ ਤੋਂ ਬਚਾਇਆ
ਜਾ ਸਕਦਾ ਹੈ। ਜੋਸ਼ ਵਿਚ ਆਏ ਲੋਕਾਂ ਨੇ ਇਸ ਲੱਚਰਤਾ ਦੇ
ਪ੍ਰਮੋਟਰ ਸੁੱਖੀ ਨਿਝਰ ਮੁਰਦਾਬਾਦ ਜਾਂ ਉਸ ਦੇ ਪ੍ਰਗਰਾਮ “ਵਤਨੋਂ ਦੂਰ” ਹਾਇ ਹਾਇ ਦੇ ਨਾਹਰੇ
ਮਾਰ ਕੇ ਇੱਕ ਸੁਨੇਹਾ ਜਰੂਰ ਪੁੱਜਦਾ ਕਰ ਦਿੱਤਾ, ਕਿ ਇਸ ਕੰਜਰਖਾਨੇ ਦੇ ਦਿੱਨ ਪੁੱਗਣ ਤੇ ਆ ਗਏ
ਹਨ!
ਅੱਜ ਦੇ ਇਸ ਪ੍ਰੋਗਰਾਮ ਦਾ ਸਭ ਤੋਂ ‘ਪਾਜ਼ਟਿਵ’ ਪੱਖ ਇਹ ਸੀ,
ਕਿ ਇਸ ਵਿਚ ਗੰਦਗੀ ਮਾਰੀ ਲਾਸ਼ ਕੋਈ ਨਹੀਂ ਸੀ, ਇਹ ਦਰਦਮੰਦ ਲੋਕਾਂ ਦਾ ਇੱਕਠ ਸੀ,
ਜਿਹੜੇ ਅਪਣੀ ਮਾਂ ਬੋਲੀ ਦੇ ਭਵਿੱਖ ਬਾਰੇ ਚਿੰਚਤ ਨਜਰ ਆ ਰਹੇ ਸਨ ਅਤੇ ਇਨ੍ਹਾਂ ਲੱਚਰਤਾ ਨਾਲ
ਲਬਾ ਲਬ ਭਰੇ ਨਚਾਰਾਂ ਨੂੰ ਅਤੇ ਇਸ ਦੇ ਪ੍ਰਮੋਟਰਾਂ ਨੂੰ ਕਰਾਰੀ ਭਾਜ ਦੇਣ ਦੇ ਰਉਂ ਵਿਚ ਸਨ।
ਕੋਈ ਲੀਡਰ, ਕਿਸੇ ਖਾਲਿਸਤਾਨ ਦਾ ਅਲੰਬਰਦਾਰ, ਕਿਸੇ ਗੁਰਦੁਆਰੇ
ਦਾ ਚੌਧਰੀ ਇਸ ਤੋਂ ਕੋਹਾਂ ਦੂਰ ਸੀ। ਇਸ ਤੋਂ ਤੁਸੀਂ ਸੋਚ ਸਕਦੇ ਹੋ ਇਹ ਸਿੱਖ ਕੌਮ ਦੇ, ਸਮਾਜ
ਦੇ, ਪੰਜਾਬੀ ਬੋਲੀ ਦੇ ਕਿੰਨੇ ਕੁ ਖੈਰ ਖਾਹ ਹਨ।
ਇੱਕ ਮੋਨਾ ਭਾਈ, ਗਰਮੀ ਕਾਰਨ ਲਾਈਆਂ
ਕਾਲੀਆਂ ਐਨਕਾਂ ਵਿਚ ਦੀ ਝਾਕਦਾ ਕਹਿ ਰਿਹਾ ਸੀ, ਯਾਰ ਅੱਜ ਅਪਣਾ ਕੈਮਰੇ ਵਾਲਾ ‘ਮੋਟਾ-ਭਾਈ’ ਨਹੀਂ
ਦਿੱਸਦਾ ਉਸ ਦੀ ਲੋਡ੍ਹ ਗੱਡੀ ਕਿਤੇ ਖਾਲਿਸਤਾਨ ਦੇ ਸਟੇਸ਼ਨ ਹੀ ਤਾਂ ਪੈਂਚਰ ਨਹੀਂ ਹੋ ਗਈ। ਦੂਜਾ
ਕਹਿੰਦਾ ਨਹੀਂ! ਉਸ ਨੂੰ ਅਜਿਹੇ ਪੰਗਿਆਂ ਵਿਚ ਆਉਂਣ ਦੀ ਲੋੜ ਨਹੀਂ, ਕਿਉਂਕਿ ਇਥੇ ਉਸ ਦਾ
ਸਮ੍ਹਾਨ ਨਹੀਂ ਵਿੱਕਣਾ। ਉਹ ਬੈਠਾ ਕਿਸੇ ਚਮਕੀਲੇ ਨੂੰ ਲੱਭ ਰਿਹਾ ਹੋਣਾ ਕੱਲ ਨੂੰ ਲੋਕਾਂ ਨੂੰ
ਸਭਿਆਚਾਰ ਨਾਲ ਨਹੀਂ ਜੋੜਨਾ?
ਅਖੀਰ ਤੇ ਭਾਈ ਸਤਨਾਮ ਸਿੰਘ ਨੇ ਸਾਰੇ ਆਏ ਲੋਕਾਂ ਦਾ
ਧੰਨਵਾਦ ਕੀਤਾ ਅਤੇ ਸੁਰਜੀਤ ਸਿੰਘ ਝਬਲੇਵਾਲੀ ਨੇ ਦੋ ਕੁ ਮਿੰਟ ਬੋਲਦਿਆਂ ਬੀਬੀਆਂ ਨੂੰ ਖਾਸ
ਤੌਰ ਤੇ ਵੰਗਾਰਿਆ, ਕਿ ਤੁਸੀਂ ਜਿਹੜਾ ਕੰਮ ਅੱਜ ਵਿੱਡ ਚਲੀਆਂ ਹੋ, ਇਸ ਦਾ ਇਤਿਹਾਸ ਮੁੱਲ
ਪਾਵੇਗਾ। ਉਨ੍ਹਾਂ ਰੰਗ ਬਰੰਗੀਆਂ ਸ਼ਕਲਾਂ ਵਾਲੇ ਗਾਇਕਾਂ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ
ਅਣਖੀਲੀ ਧੀ ਦਾ ਚਿਹਰਾ ਮੁਹਰਾ ਇਨ੍ਹਾਂ ਅੱਧਨੰਗੀ ਵਾਲਾ ਕਰ ਦਿੱਤਾ ਹੈ, ਅਤੇ ਜੈਜ਼ੀ ਬੈਂਸ
ਵਰਗਿਆਂ ਪੰਜਾਬ ਦੇ ਮੁੰਡਿਆਂ ਦੀ ਸ਼ਕਲ ਹੀ ਵਿਗਾੜ ਕੇ ਰੱਖ ਦਿੱਤੀ ਹੈ। ਪੰਜਾਬ ਦੀ ਅੱਣਖ ਨੂੰ
ਚੁਰਾਹੇ ਵਿਚ ਖੜ ਕੇ ਇਨ੍ਹਾਂ ਵੰਗਰਿਆ ਹੈ ਜੇ ਅਸਾਂ ਸਾਰਿਆਂ ਇੰਝ ਹੀ ਰਲਕੇ ਇਸ ਦਾ ਜਵਾਬ ਨਾ
ਦਿੱਤਾ, ਤਾਂ ਗੁਰੂਆਂ ਦੇ ਨਾਂ ਤੇ ਜਿਉਂਦਾ ਅਣਖੀਲਾ ਪੰਜਾਬ ਅਪਣੀ ਗੈਰਤ ਮਾਰ ਬੈਠੇਗਾ।