Share on Facebook

Main News Page

ਖੇਡਣਾ ਬੱਸ ਕਰੀਏ ਜਾਂ ਨਹੀਂ..?

‘ਵੀਕ-ਐਂਡ’ ਦਾ ਦਿਨ ਸੀ। ਬੇਟੇ ਮੇਰੇ ਕਹਿਣ ਲਗੇ ਪਾਪਾ ਆਪਾਂ ਅੰਨ੍ਹੇ-ਅੰਨ੍ਹੇ ਹੋਣਾ ਖੇਡੀਏ। ਮੈਂ ਕਿਹਾ ਅਪਣੀਆਂ ਜਦ ਅੱਖਾਂ ਹਨ ਤਾਂ ਅੰਨ੍ਹੇ-ਅੰਨ੍ਹੇ ਕਾਹਤੋਂ ਬਈ?

ਨਹੀਂ ਪਾਪਾ ਬੜਾ ‘ਫਨੀ’ ਲੱਗਦਾ। ਚਲੋ ਖੇਡੀਏ।

ਛੋਟੇ ਦੇ ਅਸੀਂ ਅੱਖਾਂ ਤੇ ਪੱਟੀ ਬੰਨ ਦਿੱਤੀ ਤੇ ਖੇਡ ਸ਼ੁਰੂ ਹੋ ਗਈ। ਇਸ ਥੋੜ ਚਿਰੀ ਖੇਡ ਵਿਚ ਅਸੀਂ ਘਰ ਦਾ ਕਈ ਕੁਝ ਭੰਨ ਮਾਰਿਆ ਅਤੇ ਅਪਣੇ ਗੋਡੇ-ਗਿੱਟੇ ਵਾਧੂ ਦੇ।

ਇਹ ਖੇਡ ਖੁਲ੍ਹੇ ਥਾਂ ਖੇਡਣ ਵਾਲੀ ਸੀ ਪਰ ਅਸੀਂ ਘਰ ਵਿਚ ਹੀ ਜਦ ਸ਼ੁਰੂ ਕਰ ਦਿੱਤੀ ਤਾਂ ਨੁਕਸਾਨ ਤਾਂ ਹੋਣਾ ਸੀ। ਪਤਨੀ ਮੇਰੀ ਕਹਿਣ ਲੱਗੀ ਕਿ ਇਹ ਤਾਂ ਬੱਚੇ ਸਨ ਪਰ ਤੁਸੀਂ ‘ਸਿਆਣੇ-ਬਿਆਣੇ?

‘ਜਾਗਰੁਕ’ ਭਰਾਵਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਐਵੇਂ ਅੰਨ੍ਹੇ-ਅੰਨ੍ਹੇ ਹੋਣਾ ਖੇਡ ਰਹੇ ਹਨ ਸਾਨੂੰ ਉਨ੍ਹਾਂ ਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਕਦੇ ਬੰਦੇ ਦਾ ਖੇਡਣ ਨੂੰ ਚਿੱਤ ਕਰ ਹੀ ਆਉਂਦਾ ਹੈ, ਪਰ ਉਂਝ ਲੋਕਾਂ ਜਰੂਰ ਕਹਿਣਾ ਕਿ ਸੱਧੇਵਾਲੀਏ ਵਰਗੇ ਮੂਰਖ-ਅਨਪ੍ਹੜ ਬੰਦੇ ਤਾਂ ਖੇਡਣ, ਪਰ ਸਿਆਣੇ-ਬਿਆਣੇ ਵਿਦਵਾਨ ਵੀ ਖੇਡਣ ਤੁਰ ਪਏ, ਜਦ ਕਿ ਇਹ ਖੇਡ ਖੁਲ੍ਹੇ ਮੈਦਾਨ ਵਾਲੀ ਸੀ, ਤੇ ਖੁਲ੍ਹਾ ਮੈਦਾਨ ਹਾਲੇ ਸਾਡੇ ਕੋਲੇ ਹੈ ਨਹੀਂ ਅਸੀਂ ਘਰ ਵਿਚ ਹੀ ਖੇਡਣ ਲੱਗ ਪਏ, ਤੇ ਹੁਣ ਇੱਕ ਦੂਏ ਵਿਚ ਹੀ ਵਜੀ ਜਾ ਰਹੇ ਹਾਂ। ਟੁੱਟ ਭੱਜ ਹੋਵੇਗੀ ਹੀ। ਨੁਕਸਾਨ ਕਿਸਦਾ? ਤਮਾਸ਼ਾ ਕਿਸਦਾ?

ਅਸੀਂ ਕਹਿੰਦੇ ਕਿ ਸਾਧ ਲਾਣਾ ਅਨਪ੍ਹੜ ਕੌਮ ਦੇ ਗਲ ਪੈ ਗਿਆ ਹੈ, ਪਰ ਮੈਨੂੰ ਜਾਪਦਾ ਅਨਪ੍ਹੜ ਸਾਡੇ ਪੜਿਆਂ-ਲਿਖਿਆਂ ਤੋਂ ਫਿਰ ਵੀ ਕੁਝ ਸਿਆਣੇ ਜਾਪਦੇ। ਉਨ੍ਹਾਂ ਦੇ ਇੱਕ ਭ੍ਰਮਗਿਆਨੀ ਦੀ ਗੱਲ ਦੂਏ ਭ੍ਰਮਗਿਆਨੀ ਨਾਲ ਰਲਦੀ ਕੀ ਬਿੱਲਕੁਲ ਉਲਟ ਹੈ, ਪਰ ਉਹ ਫਿਰ ਵੀ ਘਿਉ-ਖਿੱਚੜੀ। ਹੁਣ ਭੰਗ ਪੀਣੇ ਨਿਹੰਗਾਂ ਅਤੇ ਚਾਹ ਵੀ ਨਾ ਪੀਣੇ ਟਕਸਾਲੀਆਂ ਦਾ ਕੀ ਮੇਲ? ਪਰ ਉਨ੍ਹਾਂ ਲਈ ਉਹ ਗੁਰੂ ਕੀਆਂ ਲਾਡਲੀਆਂ ਫੌਜਾਂ?

ਡਾ. ਦਿਲਗੀਰ ਇਕ ਇਤਿਹਾਸਕਾਰ ਹਨ, ਉਨ੍ਹਾਂ ਕੋਲੇ ਹੋਰ ਬਹੁਤ ਕੁਝ ਲਿਖਣ ਲਈ ਪਿਆ ਹੈ, ਜਿਸ ਦੀ ਕੌਮ ਨੂੰ ਲੋੜ ਵੀ ਹੈ। ਪਰ ਇਸ ਮਸਲੇ 'ਤੇ...ਪਰ ਫਿਰ ਮੈਂ ਸੋਚਦਾਂ ਡੂੰਘਿਆਂ ਵਿਸ਼ਿਆਂ ਤੇ ਲਿਖ-ਲਿਖ ਖੋਜ-ਖੋਜ ਉਹ ਜਿਵੇਂ ‘ਬੋਰ’ ਜਿਹੇ ਹੋ ਗਏ ਹੋਣ, ਤੇ ਉਨ੍ਹਾਂ ਦਾ ਚਿਤ ਕਰ ਆਇਆ ਹੋਵੇ, ਕਿ ਚਲੋ ਥੋੜਾ ਚਿਰ ਹੁਣ ਖੇਡ ਲਈਏ। ਪਰ ਡਾਕਟਰ ਸਾਹਬ ਦੀ ਇਹ ਖੇਡ ਕੌਮ ਨੂੰ ਮਹਿੰਗੀ ਪੈ ਰਹੀ ਹੈ। ਟੁੱਟ-ਭੱਜ ਬਹੁਤ ਹੋ ਰਹੀ ਹੈ। ਜਿਹੜੇ ਥੋੜੇ-ਬਾਹਲੇ ਸਨ ਉਹ ਆਪਸ ਵਿਚ ਵੰਡੇ ਜਾ ਰਹੇ ਹਨ। ਚਲੋ ਇਹ ਵੰਡ-ਵੰਡਾਈ ਦੀ ‘ਸਾਜਸ਼’ ਕਿਸੇ ਮੇਰੇ ਵਰਗੇ ਦੀ ਤਾਂ ਹੋ ਸਕਦੀ, ਪਰ ਡਾਕਟਰ ਸਾਹਬ ਵਰਗੇ ਕੌਮ ਦੇ ਖੈਰਖਾਹ ਇਸ ਵਿਚ ਹਿੱਸਾ ਕਿਉਂ ਲੈਣ। ਸੋ, ਡਾਕਟਰ ਸਾਹਬ ਇਹ ਖੇਡ ਬੱਸ ਕਰੋ, ਆਪਾਂ ਹੁਣ ਹੋਰ ਕੁਝ ਖੇਡ ਲੈਂਦੇ ਹਾਂ। ਕਿ ਨਹੀਂ?

ਗੁਰਦੇਵ ਸਿੰਘ ਸੱਧੇਵਾਲੀਆ


ਟਿੱਪਣੀ: ਸਾਡੀ ਸਾਰੇ ਜਾਗਰੂਕ ਵੀਰਾਂ ਨੂੰ ਇਕ ਅਪੀਲ ਹੈ ਕਿ, ਆਪਸ ਵਿੱਚ ਲੜ੍ਹਨ ਦੀ ਬਜਾਏ, ਆਪਣਾ ਇਹ ਸਮਾਂ ਇੱਕਮੁੱਠ ਹੋਣ 'ਚ ਲਾਈਏ। ਫੇਸਬੁੱਕ ਉਪਰ ਕੁਮੈਂਟਸ ਤੇ ਕੁਮੈਂਟਸ ਦੇਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ, ਹੋਰ ਪਾਟੋ ਧਾੜ ਮਚਣੀ ਹੈ। 25 ਫਰਵਰੀ 2012 ਨੂੰ ਪਤਾ ਚੱਲ ਹੀ ਜਾਣਾ ਹੈ, ਕਿ ਊਂਠ ਕਿਸ ਕਰਵਟ ਬੈਠਦਾ ਹੈ। ਸਾਡੇ ਲਈ ਪ੍ਰੋ. ਧੂੰਦਾ ਦਾ ਉਨ੍ਹਾਂ ਹੀ ਸਤਿਕਾਰ ਹੈ ਜਿੰਨਾਂ ਬਾਕੀ ਸਾਰੇ ਜਾਗਰੂਕ ਪ੍ਰਚਾਰਕਾਂ ਦਾ ਹੈ। ਪਰ ਇੱਕ ਗੱਲ ਜ਼ਰੂਰ ਹੈ, ਕਿ ਸਿਧਾਂਤ ਨੂੰ ਛੱਡ ਕੇ ਕੋਈ ਵੀ ਸਿੱਖ, ਸਿੱਖ ਨਹੀਂ। ਡਾ. ਦਿਲਗੀਰ ਵੀ ਸਾਡੇ ਲਈ ਸਨਮਾਨਯੋਗ ਹਨ, ਪਰ ਸਾਨੂੰ ਸਾਰਿਆਂ ਨੂੰ ਸੰਜਮ ਅਤੇ ਹੌਂਸਲਾ ਛਡਣਾ ਨਹੀਂ ਚਾਹੀਦਾ। ਇਹ ਵੀ ਗੱਲ ਨਹੀਂ ਕਿ ਜਿਸ ਤਰ੍ਹਾਂ ਕਈ ਵੀਰ ਸੋਚਦੇ ਪਏ ਨੇ, ਕਿ ਜੇ ਪ੍ਰੋ. ਧੂੰਦਾ ਨੂੰ ਛੇਕ ਦਿੱਤਾ ਤਾਂ ਲਹਿਰ ਰੁਕ ਜਾਏਗੀ, ਸਾਡੇ ਕੋਲ ਪ੍ਰਚਾਰ ਕਰਨ ਲਈ ਕੋਈ ਨਹੀਂ ਬਚੇਗਾ। ਹਾਂ, ਇਸ ਲਹਿਰ ਨੂੰ ਧੱਕਾ ਜ਼ਰੂਰ ਲਗੇਗਾ, ਪਰ ਸੱਚ ਦੇ ਰਾਹ 'ਤੇ ਚਲਦਿਆਂ ਇਸ ਤਰ੍ਹਾਂ ਦੇ ਧੱਕੇ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਗੱਲ ਬਹੁਤ ਹੀ ਤਰਕਹੀਣ ਹੈ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਛੇਕਣ ਤੋਂ ਬਾਅਦ ਸਗੋਂ ਜਾਗਰੂਕਤਾ ਲਹਿਰ ਨੂੰ ਹੋਰ ਮਜ਼ਬੂਤੀ ਮਿਲੀ ਹੈ। ਅਸੀਂ ਨਹੀਂ ਚਾਹੁੰਦੇ ਕਿ, ਪ੍ਰੋ. ਧੂੰਦਾ ਨਾਲ ਵੀ ਇਹੋ ਕੁੱਝ ਹੋਵੇ, ਉਹ ਖੁੱਲ ਕੇ ਪ੍ਰਚਾਰ ਕਰਨ, ਪਰ ਸਿਧਾਂਤਾਂ ਨਾਲ ਸਮਝੌਤਾ ਕਿਤੇ ਬਗੈਰ। ਆਸ ਹੈ ਕਿ 25 ਫਰਵਰੀ 2012 ਨੂੰ ਪ੍ਰੋ. ਧੂੰਦਾ ਗੁਰਮਤਿ ਅਨੁਸਾਰ ਕੋਈ ਫੈਸਲਾ ਲਣਗੇ, ਜਿਸ ਨਾਲ ਜਾਗਰੂਕਤਾ ਲਹਿਰ ਨੂੰ ਬੱਲ ਮਿਲੇ। ਗੁਰੂ ਸੱਮਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top