Share on Facebook

Main News Page

ਰਾੜੇਵਾਲਾ ਅਤੇ ਉਸ ਦੀ ‘ਕਥਾ’

ਜਦੋਂ ਮੈਂ ਬ੍ਰਹਾਮਣੀ ਕਰਮ-ਕਾਂਡਾ ਨਾਲੋਂ ਨਾਤਾ ਤੋੜਨ ਲਈ ਤਰਲੋ-ਮੱਛੀ ਹੁੰਦਾ ਤਾਂ ਇਸ ਦੇ ਕੁਝ ਅਰਥ ਹਨ। ਮੈਂ ਪੱਥਰਾਂ ਅੱਗੇ ਸਿਰ ਨਹੀਂ ਭੰਨਣਾ ਚਾਹੁੰਦਾ। ਮੈਂ ਸ਼ਿਵਲਿੰਗ ਉਪਰ ਮੱਥਾ ਨਹੀਂ ਰਗੜਨਾ ਚਾਹੁੰਦਾ। ਕੋਈ ਸਿੱਖ ਸੋਚਣ ਲਈ ਤਿਆਰ ਹੋਵੇਗਾ, ਕਿ ਉਸ ਦੀ ਔਰਤ ਪਹਿਲਾਂ ਸ਼ਿਵਲਿੰਗ ਨੂੰ ‘ਭੋਗ’ ਲਵਾ ਕੇ ਆਏ? ਤੇ ਫਿਰ ਮੇਰਾ ਸੋਚਣ ਦਾ ਹੱਕ ਕਿਉਂ ਨਹੀਂ ਕਿ ਮੈਂ ਸਿੱਖ ਕਿਵੇਂ ਬਣਿਆ ਰਹਿ ਸਕਦਾ ਹਾਂ। ਮੇਰੇ ਸਿੱਖ ਬਣੇ ਰਹਿਣ ਦੀ ਸ਼ਰਤ ਕੇਵਲ ਇਹੀ ਨਹੀ ਕਿ ਮੈਂ ਸਿੱਖ ਦੇ ਘਰ ਜੰਮ ਪਿਆ। ਮੈਂਨੂੰ ਹਰੇਕ ਉਹ ਕੂੜਾ-ਕੱਚਰਾ ਅਪਣੇ ਸਿਰ ਵਿਚੋਂ ਕੱਢਣਾ ਪਵੇਗਾ, ਜਿਸ ਦੇ ਕੱਢਣ ਤੋਂ ਬਾਅਦ ਹੀ ਗੁਰੂ ਨੇ ਮੈਨੂੰ ਖਾਲਸਾ ਕਹਿ ਨਿਵਾਜਿਆ ਸੀ। ਨਹੀਂ ਤਾਂ ਖਾਲਸਾ ਕੇਵਲ ਦੁਮਾਲਾ ਬੰਨ ਲੈਣ ਦਾ ਨਾਮ ਨਹੀਂ, ਨਾਂ ਹਨੇਰਾ ਕਰਕੇ ਟੱਲੀਆਂ ਖੜਕਾਉਂਣ ਦਾ। ਖਾਲਸੇ ਦੇ ਬੜੇ ਗਹਿਰੇ ਅਰਥ ਹਨ। ਗੁਰੂ ਵਲੋਂ ਨਾਂ ਦੀ ਚੋਣ ਦੇਖੋ ਨਾਂ।

ਪਰ ਜੇ ਸਿੱਖ ਰਹਿ ਕੇ ਵੀ ਮੈਂ ਹਿੰਦੂ ਵਾਲੇ ਕੰਮ ਹੀ ਕਰਨੇ ਹਨ, ਚਾਹੇ ਥੋੜੇ ਬਦਲਵੇਂ ਰੂਪ ਵਿਚ ਹੀ ਸਹੀ, ਤਾਂ ਕੋਈ ਵੱਡੀ ਗੱਲ ਨਹੀਂ, ਕਿ ਕੱਲ ਨੂੰ ਮੇਰੀ ਅਗਲੀ ਨਸਲ ਵੀ ਮੇਰੇ ਵਾਂਗ ਸੋਚਣ ਲੱਗ ਜਾਵੇ, ਕਿ ਮੈਂ ਜੋ ਹਾਂ ਮੈਨੂੰ ਇੰਝ ਹੀ ਰਹਿਣ ਦਿੱਤਾ ਜਾਵੇ, ਮੈਂ ਸਿੱਖ ਵੀ ਨਹੀਂ ਰਹਿਣਾ ਚਾਹੁੰਦਾ। ਉਹ ਇੰਝ ਨਾ ਕਹਿਣ, ਉਨ੍ਹਾਂ ਨੂੰ ਇੰਝ ਕਹਿਣ ਦਾ ਮੌਕਾ ਨਾ ਮਿਲੇ, ਉਹ ਮੇਰੀਆਂ ਅਜਿਹੀਆਂ ਊਣਤਾਂਈਆਂ ਦੇਖ ਬਾਗੀ ਨਾ ਹੋਣ, ਅੱਜ ਕੌਮ ਦੀ ਇਹੀ ਤਾਂ ਤੜਫ ਹੈ।

ਕਈ ਚਿਰ ਦੀ ਗੱਲ ਹੈ ਇਥੇ ਟੋਰੰਟੋ ਵਿਖੇ ਹੀ ਵਿਸ਼ਨੂੰ ਮੰਦਰ ਵਲੋਂ ‘ਸਪਾਂਸਰ’ ਕੀਤਾ ਗਿਆ ਰੇਡੀਓ ਪ੍ਰੋਗਰਾਮ ਆਉਂਦਾ ਹੁੰਦਾ ਸੀ। ਆਉਂਦਾ ਉਹ ਕੇਵਲ ਐਤਵਾਰ ਸ਼ਾਮ ਨੂੰ ਹੀ ਸੀ। ਜਿਸ ਨੂੰ ਨਹੀਂ ਪਤਾ ਸੀ, ਕਿ ਇਹ ਪ੍ਰੋਗਰਾਮ ਕਿਸੇ ਮੰਦਰ ਵਿਚੋਂ ਆ ਰਿਹਾ ਹੈ, ਉਸ ਨੂੰ ਇੰਝ ਲੱਗਦਾ ਸੀ ਕਿ ਜਿਵੇਂ ਇਹ ਕਥਾ ਕੋਈ ਗੁਰਦੁਆਰੇ ਕਰ ਰਿਹਾ ਹੋਵੇ, ਪਰ ਕਰ ਹਿੰਦੀ ਵਿਚ ਰਿਹਾ ਹੋਵੇ! ਕਿਉਂ? ਕਿਉਂਕਿ ਬਹੁਤੇ ਗੁਰਦੁਆਰਿਆਂ ਵਿਚ ਵੀ ਕਥਾ ਉਹੀ ਹੁੰਦੀ ਜੋ ਮੰਦਰ ਵਿਚ ਹੁੰਦੀ। ਉਹੀ ਬਿਸ਼ਨੂੰ, ਨਾਰਦ, ਬ੍ਰਹਮਾ, ਸ਼ਿਵ ਜੀ, ਇੰਦਰ, ਰਾਮ, ਕ੍ਰਿਸ਼ਨ ਤੇ ਉਸ ਦੀ ਲੀਲ੍ਹਾ। ਉਹੀ ਕਹਾਣੀਆਂ, ਉਹੀ ਛੂ-ਮੰਤਰ, ਉਹੀ ਮੁੰਡੇ ਵੰਡਣ ਵਾਲੀਆਂ ਸਾਖੀਆਂ, ਉਹੀ ਅਸਮਾਨ ਨੂੰ ਟਾਕੀਆਂ। ਫਰਕ ਕਿਥੇ?

ਇਹ ਕਥਾ ਕੋਈ ਰਾਤੋ-ਰਾਤ ਨਹੀਂ ਆ ਵੜੀ ਗੁਰਦੁਆਰਿਆਂ ਵਿੱਚ। ਬਿਪਰ ਨੇ ਬੋਦੀ ਗੋਲ ਪੱਗ ਹੇਠ ਲੁਕਾ ਕੇ ਲੂੰਗੀ ਉਪਰ ਦੀ ਚੋਲਾ ਪਾ ਲਿਆ, ਤੇ ਜੋ ਉਸ ਸੁਣਾਇਆ ਲੁਕਾਈ ਨੇ ‘ਬ੍ਰਹਮਗਿਆਨੀ ਸੰਤ-ਮਹਾਤਮਾ’ ਦੇ ਨਾਂ ਹੇਠ ਸਭ ਪ੍ਰਵਾਨ ਕਰ ਲਿਆ, ਤੇ ਜੋ ਪ੍ਰਵਾਨ ਕਰ ਲਿਆ ਉਹੀ ਉਹ ਕਥਾ ਹੈ ਜੋ ਮੰਦਰਾਂ ਵਿੱਚ ਵੀ ਹੁੰਦੀ ਹੈ।

ਆਹ ਹੁਣੇ ਜਿਹੇ ਹੀ ‘ਖਾਲਸਾ ਨਿਊਜ'ਤੇ ਰਾੜੇ ਵਾਲੇ ਬਾਰੇ ਆਇਆ ਤਾਂ ਕੁਝ ਭਰਾਵਾਂ ਦੇ ਇਤਰਾਜ ਸਨ। ਉਨ੍ਹਾਂ ਨੂੰ ਦੁੱਖ ਲੱਗਾ ਕਿ ਇਹ ਨਿੰਦਾ ਹੈ, ਪਰ ਵੀਰਾਂ ਮੇਰਿਆਂ ਨੂੰ ਇਹ ਨਹੀਂ ਪਤਾ ਕਿ ਜਿੰਨੀ ਨਿੰਦਾ ਇਹ ‘ਸਾਧ’ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕਰ ਗਏ ਹਨ ਉਸ ਹਿਸਾਬ ਤਾਂ ਇਨ੍ਹਾਂ ਨੂੰ ਹਾਲੇ ਕਿਸੇ ਕਿਹਾ ਹੀ ਕੁਝ ਨਹੀ।

ਕੋਈ ਢਾਈ ਕੁ ਸਾਲ ਦੀ ਗੱਲ ਹੈ, ਮੈਂ ਰਾੜੇ ਵਾਲੇ ਬਾਰੇ ‘ਪੰਜਾਬ ਗਾਰਡੀਅਨ’ ਵਿਚ ਇੱਕ ਆਰਟੀਕਲ ਲਿਖਿਆ, ਤਾਂ ਚੰਗੀ ਹਾਲ-ਦੁਹਾਈ ਮੱਚੀ। ਸ਼ੁਕਰਵਾਰ ਸਾਡੀ ਅਖ਼ਬਾਰ ਨਿਕਲਦੀ ਸੀ ਸਾਰਾ ਹਫਤਾ ਲੋਕ ਹਥੌੜੇ ਵਾਂਗ ਮੇਰੇ ਸਿਰ ਵਿਚ ਵੱਜਦੇ ਰਹੇ। ਸਪੀਕਰ ਫੋਨ ਲਾ ਕੇ ਕਈਆਂ ਜੋੜਿਆਂ-ਜੋੜਿਆਂ ਮੈਨੂੰ ਚੰਗਾ ਗਾਹਲਾਂ ਨਾਲ ਨਿਵਾਜਿਆ। ਮੈਂ ਹੈਰਾਨ ਇਸ ਗਲੇ ਨਹੀਂ ਸਾਂ ਕਿ ਇਹ ਲੋਕ ਮੈਨੂੰ ਗਾਹਲਾਂ ਕੱਢ ਰਹੇ ਹਨ, ਬਲਕਿ ਇਸ ਕਰਕੇ ਸੀ ਕਿ ਇਨ੍ਹਾਂ ਲੋਕਾਂ ਨੂੰ ਓਸ ‘ਬਾਬੇ’ ਬਾਰੇ ਕਿੰਨੀ ਤਕਲੀਫ ਹੋਈ ਹੈ, ਜਿਹੜਾ ਸਾਰੀ ਉਮਰ ਸ੍ਰੀ ਗੁਰੂ ਜੀ ਦਾ ਮੂੰਹ ਚਿੜਾਉਂਦਾ ਰਿਹਾ!

ਉਨ੍ਹਾਂ ਦੀ ਭਾਸ਼ਾ ਰਲਵੀ-ਮਿਲਵੀਂ ਹੁੰਦੀ ਸੀ, ਕਿ ਉਹ ਸਾਡੇ ‘ਬਾਬਾ ਜੀ’ ਸਨ, ਅਸੀਂ ਉਨ੍ਹਾਂ ਨੂੰ ਗੁਰੂਆਂ ਵਾਂਗ ਪੂਜਦੇ ਹਾਂ, ਉਨ੍ਹਾਂ ਹੀ ਸਾਨੂੰ ਗੁਰੂ ਲੜ ਲਾਇਆ, ਉਨ੍ਹਾਂ ਦੀ ਕ੍ਰਿਪਾ ਕਰਕੇ ਹੀ ਅਸੀਂ ਗੁਰੂ ਵਾਲੇ ਬਣੇ! ਪਰ ਮੇਰਾ ਸਵਾਲ ਇਹ ਸੀ ਕਿ ਕਮਲਿਓ ਗੁਰੂ ਵਾਲੇ ਤਾਂ ਤੁਸੀਂ ਬਣੇ ਹੀ ਨਾ, ਕਿਉਂਕਿ ਤੁਹਾਡਾ ਸਾਧ ਹੀ ਗੁਰੂ ਵਾਲਾ ਨਹੀਂ ਸੀ, ਤੁਸੀਂ ਕਿਵੇਂ ਬਣ ਗਏ? ਮੇਰੀ ਇਸ ਗੱਲੇ ਉਹ ਸ਼ਟ-ਪਟਾ ਜਾਂਦੇ, ਕਿ ਤੁੰ ਕਹਿੰਨਾ ਉਹ ਗੁਰੂ ਵਾਲੇ ਨਹੀਂ ਸਨ? ਸਾਰੀ ਉਮਰ ਤਾਂ ਉਨ੍ਹਾਂ ਗੁਰਬਾਣੀ ਦਾ ਪਰਚਾਰ ਕੀਤਾ ਹੋਰ ਗੁਰੂ ਵਾਲੇ ਕਿਵੇਂ ਹੋਈਦਾ ਹੈ?

ਮੈਂ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਾੜੇਵਾਲਾ ਗੁਰੂ ਵਾਲਾ ਨਹੀਂ ਸੀ, ਕਿਉਂਕਿ ਜੋ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਲਿਖਿਆ ਹੈ, ਉਹ ਉਸਦੇ ਉਲਟ ਪ੍ਰਚਾਰ ਕਰਦਾ ਰਿਹਾ।

ਉਹ ਕਿਵੇਂ?

ਜਿਸ ਜਿਸ ਬੰਦੇ ਨੂੰ ਸ੍ਰੀ ਗੁਰੂ ਜੀ ਨੇ ਰੱਦ ਕੀਤਾ, ਉਸ ਉਸ ਨੂੰ ਉਹ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਭਗਵਾਨ ਕਹਿ ਕਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੰਦੀਆਂ ਖਰਾਉਂਦਾ ਰਿਹਾ। ਮਸਲਨ ਬ੍ਰਹਮਾ, ਵਿਸ਼ਨੂੰ, ਇੰਦਰ, ਕ੍ਰਿਸ਼ਨ, ਰਾਮ ਆਦਿ। ਇਥੋਂ ਤੱਕ ਕਿ ਹਿੰਦੂ ਦੇ ਅਪਣੇ ਗਰੰਥ ਵੀ ਇਨ੍ਹਾਂ ‘ਭਗਵਾਨਾਂ’ ਦੀ ਅਜਿਹੀ ਜਹੀ-ਤਹੀ ਫੇਰਦੇ, ਕਿ ਸੁਣਨ ਵਾਲੇ ਨੂੰ ਸ਼ਰਮ ਆਉਂਦੀ, ਪਰ ਉਨ੍ਹਾਂ ਮਾਂ ਦਿਆਂ ਪੁੱਤਾਂ ਨੂੰ ਨਹੀਂ ਆਈ। ਪਰ ਇਹ ‘ਬਾਬਾ ਜੀ’ ਸ੍ਰੀ ਗੁਰੂ ਜੀ ਦੀ ਹਜੁੂਰੀ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਲਟ ਪ੍ਰਚਾਰ ਕਰਦੇ ਰਹੇ ਤਾਂ ਉਹ ਗੁਰੂ ਵਾਲੇ ਕਿਵੇਂ ਹੋਏ?

ਓਨਾਂ ਜੋਰ ਦੁਸ਼ਾਸ਼ਨ ਦਾ ਦ੍ਰੋਪਤੀ ਦੀ ਸਾੜੀ ਲਾਹੁਣ ਤੇ ਲੱਗਿਆਂ ਨਹੀਂ ਲੱਗਾ ਹੋਣਾ, ਜਿੰਨਾ ਜੋਰ ਇਹ ‘ਬਾਬਾ ਜੀ’ ਉਸ ਦਾ ਪ੍ਰਸੰਗ ਸੁਣਾਉਂਣ ਲਗੇ ਲਾਉਂਦੇ ਰਹੇ ਹਨ। ‘ਬਾਬਿਆਂ’ ਕੋਲੋਂ ਰਾਮ ਜੀ ਦੀਆਂ ਕਹਾਣੀਆਂ ਸੁਣ-ਸੁਣ ਹਨੂੰਮਾਨ ਵੀ ਹੈਰਾਨ ਹੁੰਦਾ ਹੋਣਾ, ਕਿ ਜੇ ਇਹ ‘ਬਾਬਾ’ ਉਦੋਂ ਕਿਤੇ ਮੇਰੇ ਵੇਲੇ ਹੁੰਦਾ, ਤਾਂ ਮੇਰੇ ਵਾਲਾ ‘ਸਿਰੋਪਾ’ ਯਾਨੀ ਕੱਛੀ ਇਸ ਲੈ ਜਾਣੀ ਸੀ। ਨਾਰਦ ਤਾਂ ਇਸ ‘ਸਾਧ’ ਦੇ ਇੰਝ ਮੂੰਹ ਚੜਿਆ ਸੀ, ਜਿਵੇ ਇਸ ਦਾ ਲੰਗੋਟੀਆ ਯਾਰ ਹੋਵੇ। ਗੋਪੀਆਂ ਦੇ ਕਪੜੇ ਲੁਕਾ ਕੇ ‘ਲੁਕਣ-ਮੀਚੀ’ ਖੇਡਣ ਵਾਲਾ ਕ੍ਰਿਸ਼ਨ ਜੀ ਇਸ ਦਾ ਭਗਵਾਨ ਸੀ। ਬਿਸ਼ਨੂ ਇੰਦਰ ਤੇ ਬ੍ਰਹਮਾ? ਇੰਦਰ ਤੇ ਅਹਲਿਆ ਤਾਂ ‘ਬਾਬੇ’ ਸੁਵਾਦੋ-ਸਵਾਦ ਹੋ-ਹੋ ਸੁਣਾਉਂਦੇ ਸਨ। ਹੁਣ ਸੁਣ ਲਓ। ਸਭ ਕੁਝ ‘ਰਿਕਾਡਿੰਗ’ ਪਿਆ। ਕਿਹੜਾ ਕਿਤੋਂ ਲੈਣ ਜਾਣਾ।

ਹਰੇਕ ਖੁਲ੍ਹੀ ਅੱਖ ਵਾਲੇ ਗੁਰੂ ਦੇ ਸਿੱਖ ਨੂੰ ਦੁੱਖ ਹੈ, ਕਿ ਜੋ ਮੈਂ ਬਣਨਾ ਹੀ ਨਹੀਂ ਸਾਂ ਚਾਹੁੰਦਾ ਤੇ ਜਿਸ ਤੋਂ ਬਚਣ ਲਈ ਗੁਰੂ ਮੇਰਿਆਂ 239 ਸਾਲ ਲਾ ਦਿੱਤੇ, ਕੁਰਬਾਨੀਆਂ-ਸ਼ਹਾਦਤਾਂ ਦਾ ਨਾ ਅੰਤ ਨਾ ਰਿਹਾ, ਉਹੀ ਕੁੱਝ ਇਨ੍ਹਾਂ ਮੇਰੇ ਬਾਬਿਆਂ-ਦਾਦਿਆਂ ਨੂੰ ਬਣਾਈ ਰੱਖਿਆ ਤੇ ਇਸ ਜਿਲਣ ਵਿਚੋਂ ਉਹ ਹਾਲੇ ਤੱਕ ਨਾ ਨਿਕਲ ਸੱਕੇ। ਤੇ ਹੈਰਾਨੀ ਦੀ ਗੱਲ ਕਿ ਹੁਣ ਜੇ ਮੈਂ ਇਸ ਦਲਦਲ ਵਿਚੋਂ ਨਿਕਲਣਾ ਚਾਹੁੰਦਾ, ਤਾਂ ਮੇਰੇ ਹੀ ਬਜ਼ੁਰਗ ਖੂੰਡਾ ਲੈ ਕੇ ਮਗਰ ਪੈ ਜਾਂਦੇ ਹਨ, ਕਿ ਤੂੰ ਸੰਤਾਂ ਦਾ ਨਿੰਦਕ ਅਤੇ ਨਾਸਤਿਕ ਹੈਂ!!

ਇਨ੍ਹਾਂ ਨੂੰ ਗੌਰ ਨਾਲ ਸੁਣੋ। ਇਨ੍ਹਾਂ ਦੇ ਗ੍ਰੰਥ ਅੱਖਾਂ ਖ੍ਹੋਲ ਕੇ ਪੜੋ। ਇਨ੍ਹਾਂ ਦੇ ਡੇਰਿਆਂ ਤੇ ਜਾਗਦੇ ਹੋਏ ਜਾਵੋ, ਤਾਂ ਤੁਸੀਂ ਪਾਓਂਗੇ ਕਿ ਇਨ੍ਹਾਂ ਵਿਚ ਤੇ ਨਰਕਧਾਰੀਆਂ ਜਾਂ ਰਾਧਾਸੁਆਮੀਆਂ ਵਿਚ ਕੋਈ ਫਰਕ ਨਹੀਂ। ਉਹ ਸਿੱਧਾ ਗੁਰੂ ਬਣਨਾ ਚਾਹੁੰਦੇ, ਇਹ ਅੱਸਿਧਾ। ਉਹ ਸਿੱਧੇ ਆਸਣ ਲਾਉਂਦੇ ਇਹ ਅੱਸਿਧੇ ਕੁਰਸੀਆਂ ਲਾਉਂਦੇ ਰਹੇ ਹਨ। ਕਿਸੇ ਅਮੀਰ ਔਰਤ ਵਾਂਗ ਇਨ੍ਹਾਂ ਦੀਆਂ ਤਾਂ ਜੁੱਤੀਆਂ ਹੀ ਨਹੀਂ ਮਾਣ। ਨਹੀਂ ਯਕੀਨ ਤਾਂ ਇਨ੍ਹਾਂ ਦੇ ਭੋਰਿਆਂ ਜਾਂ ‘ਸੱਚਖੰਡਾਂ’ ਵਿਚ ਝਾਤ ਪਾ ਕੇ ਦੇਖ ਲਓ।

ਤੇ ਜੇ ਮੈਂ ਅੱਜ ਹਿੰਦੂ ਦਲਦਲ ਵਿਚੋਂ ਨਿਕਲਣਾ ਚਾਹੁੰਦਾ, ਤਾਂ ਉਸ ਦਾ ਰਾਹ ਇਕੋ ਹੈ ਕਿ ਮੈਂ ਭੋਰਿਆਂ ਜਾਂ ‘ਸੱਚਖੰਡਾਂ’ ਵਿਚੋਂ ਨਿਕਲ ਆਵਾਂ ਬਾਹਰ ਦਾ ਰਸਤਾ ਮੈਨੂੰ ਗੁਰੂ ਦੱਸ ਰਿਹੈ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top