Share on Facebook

Main News Page

ਖਹਿ ਮਰਦੇ ਬਾਹਮਣ ਮਉਲਾਣੇ
-
ਗੁਰਦੇਵ ਸਿੰਘ ਸੱਧੇਵਾਲੀਆ

ਇਸ ਤੋਂ ਪਹਿਲਾਂ ਹੈ, "ਸਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮਉਲਾਣੇ॥" - ਭਾਈ ਗੁਰਦਾਸ ਜੀ

ਮੁਲਾਣਾ ਕਹਿੰਦਾ ਮੇਰਾ ਸਚ ਵੱਡਾ, ਬਾਮ੍ਹਣ ਕਹਿੰਦਾ ਮੇਰਾ ਸੱਚ ਆਖਰੀ। ਸਾਧ ਕਹਿੰਦਾ ਮੇਰੀ ਮਰਿਯਾਦਾ ਸੱਚ ਹੈ, ਵਿਦਵਾਨ ਕਹਿੰਦਾ ਮੇਰੇ ਵਾਲੀ ਪ੍ਰਵਾਣਤ ਹੈ। ਬਾਮ੍ਹਣ ਤੇ ਮੁਲਾਣਾ, ਦੋਵੇ ਕਿਤਾਬਾਂ ਕੱਛਾਂ ਵਿਚ ਦਈ ਰੱਖਦੇ ਸਨ, ਕਿ ਪਤਾ ਨਹੀਂ ਕਿਥੇ ਸਿੰਗ ਫਸ ਜਾਣ ਤੇ ਇਕ ਦੂਜੇ ਨੂੰ ਝੂਠਾ ਸਾਬਤ ਕਰਨ ਲਈ ਦੋਵਾਂ ਦੀ ਖਹਿਬਾਜੀ ਚਲੀ ਰਹਿੰਦੀ ਸੀ।

ਵਿਦਵਾਨ ਕਹਿੰਦਾ ਸਹਿਜ ਪਾਠ ਆਪ ਕਰੋ, ਸਮਝ ਕੇ ਕਰੋ। ਸਾਧ ਕਹਿੰਦਾ ਸਾਡੀ ਮਰਿਯਾਦਾ ਨਾਲ ਕਰਵਾਓ, ਸੰਪਟ ਪਾਠ ਕਰਵਾਓ। ਗੱਲ ਨਾ ਸਹਿਜ ਪਾਠ ਵਾਲੇ ਦੇ ਨੇੜੇ ਲੰਘੀ ਨਾ ਕੋਤਰੀ ਵਾਲੇ ਦੇ। ਖਹੀ ਦੋਵੇਂ ਜਾਂਦੇ ਹਨ। ਵਿਚਾਰ ਕੇ ਪੜਨ ਵਾਲਾ ਵੀ ਹਓਂ ਦਾ ਗ੍ਰਸਿਆ ਪਿਆ ਤੇ ਨਾ ਵਿਚਾਰ ਕੇ ਪੜਨ ਵਾਲਾ ਵੀ। ਭਾਸ਼ਾ ਦੋਵਾਂ ਦੀ ਗਾਲੀ-ਗਲੌਚ ਵਰਗੀ ਹੈ। ਇਕ ਜੇ ਸਿੱਧਾ ਧੀ ਦੀ ਭੈਣ ਦੀ ਕਰਦਾ ਦੂਜਾ ਅਗਲੇ ਦੇ ਕਛਹਿਰੇ ਤੱਕ ਸੁੰਘਦਾ ਫਿਰਦਾ। ਮੂਲ ਮੰਤਰ ਇਥੋਂ ਤੱਕ ਨਹੀਂ ਉਥੋਂ ਤੱਕ, ਅਰਦਾਸ ਇੰਝ ਦੀ ਨਹੀਂ ਇੰਝ ਦੀ, ਹੁਕਮਨਾਮਾ ਖੱਬਿਓਂ ਲੈਣਾ ਕਿ ਸੱਜਿਓਂ, ਕ੍ਰਿਪਾਨ ਪਹਿਲਾਂ ਫੇਰਨੀ ਕਿ ਬਾਅਦ, ਬਾਣੀਆਂ ਇਨੀਆਂ ਪੜਨੀਆਂ ਤੇ ਇਨੀਆਂ ਨਹੀਂ, ਚੋਲਾ ਪਾਉਣਾ ਜਾਂ ਪਿੰਟ, ਉਸ ਦੀਆਂ ਪਿੰਜਣੀਆਂ ਨੰਗੀਆਂ ਉਸ ਦੀਆਂ ਕੱਜੀਆਂ? ਕੀ ਫਰਕ ਹੈ? ਇਕ ਜੇ ਚੋਲਾ ਪਾ ਕੇ ਸੰਤ ਗਿਰੀ ਦੀ ਹਉਂਮੈ ਚੁੱਕੀ ਫਿਰਦਾ, ਦੂਜਾ ਪਿੰਟ ਪਾ ਕੇ ਕਿਤਾਬਾਂ ਦੀ ਹਉਂ ਦੀ ਪੰਡ ਹੇਠ ਦੱਬਿਆ। ਨੁਕਸਾਨ ਦੋਵੇਂ ਕਰ ਰਹੇ ਹਨ। ਤੁਹਾਨੂੰ ਕਦੇ ਇੰਝ ਨਹੀਂ ਜਾਪਦਾ ਜਿਵੇਂ ਪਿੰਡ ਦੀ ਨਿਆਈਂ ਤੇ ਦਾਰੂ ਪੀ ਕੇ ਦੋ ਧਿਰਾਂ ਇਕ ਦੂਏ ਨੂੰ ਲਲਕਾਰੇ ਮਾਰ ਰਹੀਆਂ ਹੋਣ? ਇਕ ਨੂੰ ਸੰਤਗਿਰੀ ਦੀ ਦੇਸੀ ਚੜ੍ਹੀ ਹੋਈ, ਦੂਜੇ ਨੂੰ ਕਿਤਾਬਾਂ ਦੀ ਸਕਾਚ? ਦੋਵੇਂ ਸ਼ਰਾਬੀ? ਧਰਮੀ ਲੋਕ? ਗਾਹਲਾਂ? ਗੰਦੀ ਭਾਸ਼ਾ? ਚਿਬੜ ਮੂੰਹੇ?

ਸਚ ਕਿਨਾਰੇ ਰਹਿ ਗਿਆ ਨਾ? ਜਿੰਨਾ ਚਿਰ ਮੇਰੀ ਅਪਣੀ ਜਿੰਦਗੀ ਵਿਚ ਗੁਰਬਾਣੀ ਦੇ ਸਚ ਦਾ ਕੋਈ ਅਮਲ ਨਹੀਂ ਉਤਰਿਆ ਦੂਜਿਆਂ ਨੂੰ ਕਿਹੜਾ ਸੱਚ ਸਿਖਾਉਂਣ ਤੁਰਿਆ ਮੈਂ? ਮੇਰੇ ਜੀਵਨ ਦਾ ਸੱਚ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਮੇਰੇ ਅਪਣੇ ਹੀ ਘਰ ਤੋਂ। ਮੇਰੇ ਮਾਂ-ਬਾਪ, ਮੇਰੀ ਪਤਨੀ, ਮੇਰੇ ਬੱਚੇ, ਰਿਸ਼ਤੇਦਾਰ, ਗੁਆਂਢੀ। ਉਨ੍ਹਾਂ ਨਾਲ ਮੇਰੇ ਕਿਹੋ ਜਿਹੇ ਸਬੰਧ ਹਨ, ਇਹ ਸਭ ਤੋਂ ਪਹਿਲਾ ਸੱਚ ਹੈ। ਗੁਰਬਾਣੀ ਹੋਰ ਕਹਿਣਾ ਕੀ ਚਾਹੁੰਦੀ, ਸਮਝਾਉਣਾ ਕੀ ਚਾਹੁੰਦੀ। ਕਿ ਤੂੰ ਸਚ ਨੂੰ ਜਿਉ। ਸਚ ਨੂੰ ਤਾਂ ਮੈਂ ਜੀਣਾ ਨਹੀਂ ਚਾਹੁੰਦਾ, ਕਿਤਾਬਾਂ ਚੁੱਕੀ ਫਿਰਦਾ ਹਾਂ। ਤੇ ਸਾਧ? ਉਹ ਉਂਝ ਹੀ ਘਰੋਂ ਦੌੜਾ ਹੋਇਆ! ਜਿਹੜਾ ਘਰ ਛੱਡ ਕੇ ਹੀ ਦੌੜ ਗਿਆ, ਉਸ ਦੇ ਸੱਚ ਦਾ ਕੀ ਪਤਾ ਲਗੇ। ਪਰਿਵਾਰਕ ਜੀਵਨ ਵਿਚ ਫਿਹਲ ਹੋ ਚੁੱਕਾ ਮਨੁੱਖ ਨਾ ਗਿਆਨੀ ਹੋ ਸਕਦਾ ਨਾ ਸੰਤ!! ਹੋ ਸਕਦਾ?

ਗੁਰਬਾਣੀ ਦਾ ਵੱਡਾ ਸੱਚ ਮਨੁੱਖ ਵਾਸਤੇ ਹੈ ਕਿ ਹਓਂ ਯਾਨੀ ਅਪਣੀ ਈਗੋ ਦੀ ਫਨ ਨੂੰ ਨੀਵਾਂ ਰੱਖ। ਇਹ ਦੀਰਘ ਰੋਗ ਹੈ। ਯਾਨੀ ਬਹੁਤ ਪੀੜਾ ਦੇਣ ਵਾਲਾ। ਇਹੀ ਰੋਗ ਪਰਿਵਾਰਕ ਜੀਵਨ ਨੂੰ ਨਰਕ ਬਣਾਉਂਦਾ ਤੇ ਇਹੀ ਬਾਹਰ ਜਾ ਕੇ ਸਿਆਪੇ ਖੜੇ ਕਰਦਾ। ਤੁਸੀਂ ਦੇਖਿਆ ਨਹੀਂ ਈਗੋ ਮਾਰਿਆ ਮਨੁੱਖ ਕਿਵੇਂ ਪੀੜਾ ਵਾਲੀ ਜਿੰਦਗੀ ਜਿਉਂਦਾ ਹੈ। ਪੂਰੇ ਦਾ ਪੂਰਾ ਜ਼ਹਿਰ ਦੀ ਪੰਡ ਚੁੱਕੀ ਫਿਰਦਾ ਤੇ ਉਹੀ ਜ਼ਹਿਰ ਮੁੜ ਲੋਕਾਂ ਵਿਚ ਵੰਡਦਾ ਤੇ ਉਪਰੋਂ ਹੈਰਾਨੀ ਇਹ ਕਿ ਇਸ ਜ਼ਹਿਰ ਨੂੰ ਇਕ ‘ਵਿਦਵਤਾ’ ਦੀ ਪੁੜੀ ਵਿਚ ਦਿੰਦਾ ਹੈ ਦੂਜਾ ਸੰਤਗਿਰੀ ਦੀ ਖੰਡ ਵਿਚ ਲਪੇਟ ਕੇ?

ਤੁਸੀਂ ਮੱਤ ਸੋਚਣਾ ਕਿ ਢੱਡਰੀ ਵਰਗਾ ਸਾਧ ਮੱਥੇ ਟਿਕਵਾ ਕੇ, ਕੁਰਸੀਆਂ ਲਾ ਕੇ ਹੀ ਅਪਣੀ ਹਓਂ ਦਾ ਵਿਖਾਵਾ ਕਰ ਸਕਦਾ ਹੈ। ਉਹੀ ਕੁਝ ਸਾਡੇ ਬਹੁਤੇ ਰੂੜੀ ਮਾਰਕਾ ਵਿਦਵਾਨ ਵੀ ਕਰ ਰਹੇ ਹਨ, ਉਹ ਕਿਤਾਬਾਂ ਵਿਖਾ ਕੇ ਕਰ ਰਹੇ ਹਨ। ਕੇਵਲ ਰੂਪ ਬਦਲਵਾਂ ਹੈ। ਉਨ੍ਹਾਂ ਨੂੰ ਉਹ ਮੌਕੇ ਨਹੀਂ ਮਿਲੇ, ਜਿਹੜੇ ਢੱਡਰੀ ਵਰਗੇ ਨੂੰ ਮਿਲ ਗਏ ਤੇ ਜਿਹੜੇ ਸਾਨੂੰ ਮਿਲੇ ਅਸੀਂ ਉਨ੍ਹਾਂ ਨਾਲ ਉਹੀ ਕੁਝ ਕਰ ਲਿਆ ਜਿਹੜਾ ਢੱਡਰੀ ਕਰਦਾ। ਯਾਨੀ ਮੈਂ!! ਫਰਕ ਕੀ ਹੈ? ਤੁਸੀਂ ਉਸੇ ਹਥਿਆਰ ਨਾਲ ਹੀ ਲੜੋਂਗੇ ਨਾ ਜਿਹੜਾ ਤੁਹਾਡੇ ਹੱਥ ਵਿੱਚ ਹੋਵੇਗਾ। ਹੁਣ ਲੜਦੀ ਹੋਈ ਔਰਤ ਦੇ ਹੱਥ ਵੇਲਣਾ ਹੁੰਦਾ ਉਸ ਤਾਂ ਉਹੀ ਇਸਤੇਮਾਲ ਕਰਨਾ ਨਾ। ਇਹ ਉਸ ਦੀ ਭਲਮਾਣਸੀ ਨਹੀਂ ਕਿ ਉਸ ਕੋਈ ਖਤਰਨਾਕ ਹਥਿਆਰ ਨਹੀਂ ਫੜਿਆ, ਬਲਕਿ ਮਜਬੂਰੀ ਹੈ ਕਿ ਉਹ ਵੇਲਣੇ ਤੋਂ ਅਗੇ ਲੜ ਹੀ ਨਹੀਂ ਸਕਦੀ।

ਤੁਸੀਂ ਸੋਚ ਕੇ ਵੇਖੋ ਕਿ ਸਾਡੇ ਰੂੜੀ ਮਾਰਕਾ ਵਿਦਵਾਨਾਂ ਅਤੇ ਸਾਧਾਂ ਦੇ ਚੇਲਿਆਂ ਕੋਲੇ ਕਲਮਾਂ ਦੀ ਬਜਾਇ ਜੇ ਏ.ਕੇ.47. ਹੋਣ ਤਾਂ? ਤੁਸੀਂ ਸਾਡੀ ਅੱਜ ਦੀ ਖਹਿਬਾਜੀ ਤੋਂ ਖਾੜਕੂ ਲਹਿਰ ਦਾ ਲਹੂ-ਲੁਹਾਣ ਹੋਣਾ ਸੋਚ ਕੇ ਵੇਖੋ ਨਾ। ਅਸੀਂ ਉਦੋਂ ਵੀ ਲੜ ਲੜ ਮਰ ਗਏ ਤੇ ਹੁਣ ਵੀ ਮਰ ਰਹੇ ਹਾਂ। ਉਦੋਂ ਸਾਡੇ ਕੋਲੇ ਬਦੂੰਕਾਂ ਸਨ ਹੁਣ ਕਲਮਾਂ। ਕੰਪਿਊਟਰ ਨੇ ਸਾਡੀ ਇਸ ਖਹਿਬਾਜੀ ਨੂੰ ਸੌਖਿਆਂ ਕਰ ਦਿੱਤਾ ਹੈ। ਬੰਦਾ ਸਵੇਰੇ ਸੁੱਚੇ ਮੂੰਹ ਉੱਠਦਾ ਤੇ ਅੰਦਰ ਬਣੇ ਹੋਏ ਤਾਜੇ ਤਾਜੇ ਬਰੂਦ ਦੀ ਸਕਰੀਨ ਤੇ ਉਲਟੀ ਕਰ ਦਿੰਦਾ। ਯਾਨੀ ਅੰਦਰੋਂ ਤੇਜਾਬ ਹੀ ਸੁੱਟਦਾ ਤੇ ਅੱਗਾਂ ਲੱਗਣਗੀਆਂ ਹੀ ਨਾ।

ਮੈਂ ‘ਦਸਮ ਗਰੰਥ’ ਨੂੰ ਨਹੀਂ ਮੰਨਦਾ, ਪਰ ਮੇਰੇ ਕੋਲੇ ਜੇ ਦਲੀਲ ਹੈ, ਇਸ ਨੂੰ ਰੱਦ ਕਰਨ ਦੀ ਤਾਂ ਮੇਰੀ ਕੀ ਮਜਬੂਰੀ ਕਿ ਇਸ ਨੂੰ ਮੈਂ ਕੰਜਰ ਕਵਿਤਾ ਜਾਂ ਗੰਦ ਦਾ ਟੋਕਰਾ ਕਹਿ ਕੇ ਅੱਗ ਲਾਵਾਂ। ਦੂਜੇ ਪਾਸੇ ਕਿਸੇ ਨਾਲ ਵੀ ਜਾਂ ਚਲੋ ਪ੍ਰੋ. ਦਰਸ਼ਨ ਸਿੰਘ ਜਾਂ ਧੂੰਦੇ ਨਾਲ ਜਾਂ ਕਾਲੇ ਅਫਗਾਨੇ ਨਾਲ ਮੈਂ ਸਹਿਮਤ ਨਹੀਂ ਤਾਂ ‘ਦਰਸ਼ਨ ਰੋਗੀ’ ਜਾਂ ਲੱਤ ਹੇਠੋਂ ਲੰਘ ਗਿਆ ਕਹਿਣ ਨਾਲ ਕੀ ਜ਼ਿਆਦਾ ਸਵਾਦ ਆਉਂਦਾ? ਪਰ ਸਵਾਦ ਇਹ ਨਹੀਂ, ਸਵਾਦ ਤਾਂ ਇਹ ਕਿ ਮੇਰੇ ਅੰਦਰਲਾ ਤੇਜਾਬ ਬਾਹਰ ਆ ਰਿਹਾ ਹੈ। ‘ਬਾਬਾ’ ਨੰਦ ਸਿੰਘ ਦੀ ਵਿਚਾਰਧਾਰਾ ਨਾਲ ਮੇਰਾ ਵਖਰੇਵਾਂ ਹੈ ਪਰ ਕੀ ‘ਨੰਦੂ’ ਕਹਿ ਕੇ ਮੈਂ ਜਿਆਦਾ ਪ੍ਰਚਾਰ ਕਰ ਰਿਹਾਂ? ‘ਬਾਬਾ’ ਗੁਰਬਚਨ ਸਿੰਘ ਹੋਰਾਂ ਦੀਆਂ ਲਿਖਤਾਂ ਜਾਂ ਵਿਚਾਰਾਂ ਨਾਲ ਮੈਂ ਸਹਿਮਤ ਨਹੀਂ, ਤਾਂ ਮੈਂਨੂੰ ਕੀ ਗਾਹਲਾਂ ਕੱਢਣ ਦਾ ਹੱਕ ਮਿਲ ਗਿਆ? ਭਾਈ ਰਣਧੀਰ ਸਿੰਘ। ਅੱਧੀ ਉਮਰ ਉਂਨ੍ਹਾਂ ਦੀ ਜਿਹਲ ਵਿਚ ਲੰਘੀ। ਕਾਹਦੇ ਲਈ? ਕੋਈ ਅਪਣੀ ਜਮੀਨ ਛੁਡਾਉਂਣ ਗਏ ਸਨ? ਉਨ੍ਹਾਂ ਦੀਆਂ ਲਿਖਤਾਂ ਵਿਚ ਜੇ ਕੁੱਝ ਗੜਬੜ ਹੈ ਤਾਂ ਕੀ ਲਕੀਰ ਖਿੱਚ ਦਿਓ? ਮੇਰੀ ਕੌਮ ਦੀਆਂ ਦੋਵੇਂ ਧਿਰਾਂ ਇੰਝ ਹੀ ਕਰ ਰਹੀਆਂ ਹਨ, ਕਿ ਮੇਰਾ ਦੰਦ ਪੀੜ ਹੈ, ਤਾਂ ਸਾਰਾ ਜੁਬਾੜਾ ਕੱਢ ਦਿਓ! ਉਂਗਲ ਦੁੱਖਦੀ ਤਾਂ ਹੱਥ ਵੱਡ ਦਿਓ! ਮੇਰੀ ਗੱਲ ਕਰਨ ਦਾ ਤਰੀਕਾ ਇਨਾ ਜ਼ਹਿਰੀਲਾ ਕਿਉਂ ਹੈ, ਕਿ ਉਹ ਗਾਹਲ ਬਣਕੇ ਨਿਕਲਦਾ ਹੈ। ਬਿਲਕੁੱਲ ਬਾਮ੍ਹਣ ਮੁਲਾਣੇ ਵਰਗਾ, ਯਾਨੀ ਖਹਿ ਖਹਿ ਕੇ ਮਰਨ ਵਰਗਾ? ਪਰ ਗੱਲ ਮੈਂ ਗੁਰਬਾਣੀ ਦੀ ਕਰ ਰਿਹਾਂ।

ਇਹ ਤਰੀਕਾ ਸੀਆਂ-ਸੁੰਨੀ ਵਾਲੀਆਂ ਲਕੀਰਾਂ ਖਿੱਚ ਰਿਹਾ ਹੈ ਤੇ ਅਸੀਂ ਸਾਰੇ ਕੁਝ ਸਿਆਣਿਆਂ ਨੂੰ ਛੱਡ ਇਸ ਨੂੰ ਹਵਾ ਕਰ ਰਹੇ ਹਾਂ। ਬਾਮ੍ਹਣ ਅਤੇ ਮੁਲਾਣੇ ਨੂੰ ਜਾਪਦਾ ਸੀ ਅਸੀਂ ਅਪਣੇ ਧਰਮ ਨੂੰ ਪ੍ਰਫੁਲਤ ਕਰ ਰਹੇ ਹਾਂ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਨੁੱਖਤਾ ਨੂੰ ਲਹੂ ਲੁਹਾਨ ਕਰ ਰਹੇ ਹਨ।

ਵਿਦਵਾਨਾ ਦੀ ਜਿੰਮੇਵਾਰੀ ਜ਼ਿਆਦਾ ਬਣਦੀ ਹੈ। ਕਿਉਂ? ਉਹ ਤਾਂ ‘ਗਿਆਨੀ’ ਹਨ ਨਾ! ਸਾਧਾਂ ਨੂੰ ਜਾਂ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਤਾਂ ਅਨਪੜ ਅਗਿਆਨੀ ਮੰਨ ਲਿਆ ਗਿਆ, ਪਰ ਗਿਆਨੀ? ਇਹ ਗਿਆਨੀ ਉਹ ਹਨ, ਜਿਹੜੇ ਡੇਰਾਵਾਦ ਦੇ ਵਿਰੁਧ ਉਠਣ ਜਾ ਰਹੀ ਲਹਿਰ ਦੇ ਪਹਿਲਾਂ ਹੀ ਜੜ੍ਹੀ ਤੇਲ ਦਈ ਜਾ ਰਹੇ ਹਨ, ਤਾਂ ਕਿ ਸਾਡੇ ਕੋਈ ਨੇੜੇ ਨਾ ਲੱਗੇ? ਤੇ ਯਕੀਨਨ ਸਾਡੀ ਨਾਸਤਿਕ ਭਾਸ਼ਾ ਸੁਣਕੇ ਕਿਸੇ ਨੂੰ ਕੋਈ ਸਿਰਦਰਦੀ ਨਹੀਂ ਕਿ ਉਹ ਸਾਡੇ ਨੇੜੇ ਆਵੇ। ਰੁੱਖਾ ਗਿਆਨ ਮੇਰਾ ਕਿਸੇ ਨਹੀਂ ਮੰਨਣਾ, ਜੇ ਉਸ ਵਿਚ ਗੁਰੂ ਸਾਹਿਬਾਨਾ ਪ੍ਰਤੀ ਪ੍ਰੇਮ-ਭਾਵਨਾ, ਸਿਦਕ, ਦ੍ਰਿੜਤਾ, ਭਉ ਅਤੇ ਵਾਹ-ਗੁਰੂ ਕਹਿ ਕੇ ਸਵਾਦੋ ਸਵਾਦ ਹੋ ਜਾਣ ਵਰਗੀ ਮੁੱਹਤਬ ਨਹੀਂ। ਉਨ੍ਹਾਂ ਦੀਆਂ ਕੀਤੀਆਂ ਕਰਨੀਆਂ ਜੇ ਮੇਰੇ ਦਿਲ ਦੀਆਂ ਗਹਿਰਾਈਆਂ ਵਿਚ ਨਹੀਂ ਉਤਰੀਆਂ ਤਾਂ ਮੇਰਾ ਗਿਆਨੀ ਹੋਣਾ ਬਾਹਮਣ ਮੁਲਾਣੇ ਤੋਂ ਵੱਧ ਕੁਝ ਨਹੀਂ।

ਮੇਰਾ ਦੁਖਾਂਤ ਦੇਖੋ। ਮੈਂ ਇਥੇ ਵੀ ਅੜ ਖੜੋਤਾ, ਕਿ ਗੁਰੂ ਅਪਣੇ ਨੂੰ ਬਾਬਾ ਕਹਾਂ ਜਾਂ ਗੁਰੂ? ਲੜਾਈ ਤਾਂ ਦੇਖੋ ਨਾ ਮੇਰੀ ਕਿਥੇ ਖੜੀ ਹੈ। ਮੈਂ ਇਨਾ ਵੱਡਾ ਗਿਆਨੀ ਹੋ ਗਿਆ ਹਾਂ, ਗੁਰੂ ਸਾਹਿਬਾਨਾਂ ਦੀਆਂ ਕੀਤੀਆਂ ਸ਼ਹਾਦਤਾਂ ਅਤੇ ਕਰਨੀਆਂ ਨੂੰ ਵੀ ਦੁਹਰਾਉਂਣ ਤੋਂ ਕਤਰਾਉਂਦਾ ਹਾਂ। ਕਿਉਂ? ਅਖੇ ਸਿੱਖ ਨੇ ਦੇਹ ਨਾਲ ਨਹੀਂ ਜੁੜਨਾ! ਤਤੀਆਂ ਲੋਹਾਂ, ਚਾਂਦਨੀ ਚੌਕ, ਸਰਸਾ ਦੀਆਂ ਲਹਿਰਾਂ, ਚਮਕੌਰ ਦੀ ਗੜੀ, ਮਾਛੀਵਾੜੇ ਦੇ ਜੰਗਲ, ਖਿਦਰਾਣੇ ਦੀ ਢਾਬ, ਸਭ ਖਤਮ? ਕਿ ਮੈਂ ਦੇਹ ਨਾਲ ਜੁੜ ਜਾਵਾਂ? ਸਾਧ ਵੀ ਗੁਰੂ ਨੂੰ ਭੁਲਾ ਰਿਹਾ ਹੈ, ਵਿਦਵਾਨ ਵੀ। ਤਰੀਕੇ ਵੱਖਰੇ ਨੇ। ਸਾਨੂੰ ਚਿਰ ਬਾਅਦ ਪਤਾ ਲੱਗਣਾ ਕਿ ਜਿੰਨਾ ਨੁਕਸਾਨ ਕੌਮ ਮੇਰੀ ਦਾ ਸਾਧ ਕਰ ਗਏ ਨੇ, ਉਨ੍ਹਾਂ ਹੀ ਕਈ ਰੂੜੀ ਮਾਰਕਾ ਵਿਦਵਾਨ, ਜਿਹੜੇ ਲਕੀਰਾਂ ਤੇ ਲਕੀਰਾਂ ਖਿੱਚਣ ਵਿਚ ਰੁੱਚੀ ਰੱਖਦੇ। ਕਾਹਦੇ ਲਈ? ਕੇਵਲ ਅਪਣੇ ਨਾਂ ਲਈ ਯਾਨੀ ਈਗੋ ਲਈ! ਤੇ ਇਹੀ ਕਾਰਨ ਕਿ ਮੁਲਾਣੇ ਤੇ ਬਾਹਮਣ ਖਹਿ ਖਹਿ ਮਰ ਰਹੇ ਹਨ। ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top