ਖ਼ਾਲਸਾ ਨਿਊਜ਼ ਵਿਚ ਕੱਲ ਦੀ ਗੱਲ ਪੜ੍ਹਕੇ ਮੇਰੇ ਇੱਕ ਬੜੇ
ਪੁਰਾਣੇ ਮਿੱਤਰ ਦਾ ਫੋਨ ਆਇਆ ਕਿ ਯਾਰ ਪਿੰਦਰਪਾਲ ਫਿਰ ਵੀ ਦੂਜਿਆਂ ਨਾਲੋਂ ਚੰਗਾ ਹੈ ਅਤੇ
ਵਿਦਵਾਨ ਵੀ ਹੈ, ਤੂੰ ਲਿਖਣ-ਬੋਲਣ ਲੱਗਾ ਵਿੰਹਦਾ ਕੁੱਝ ਨਹੀਂ। ਉਹ ਕਾਫੀ ਚਿਰ ਮੇਰੇ ਨਾਲ ਲੱਗਾ
ਰਿਹਾ, ਪਰ ਗੱਲ ਕਿਸੇ ਪਾਸੇ ਥੋੜਾ ਲੱਗਣੀ ਸੀ, ਕਿਉਂਕਿ ਉਹ ਪਿੰਦਰਪਾਲ ਦੇ ਲਫਜਾਂ ਨੂੰ ਫੜਕੇ
ਬੈਠ ਗਿਆ ਸੀ ਜਿਹੜੇ ਉਸ ਦੇ ਨਹੀਂ ਸਨ ਰਹੇ, ਕਿਉਂਕਿ ਪਿੰਦਰਪਾਲ ਹੀ ਖੁਦ ਅਪਣੇ ਆਪ ਦਾ ਨਹੀਂ
ਰਿਹਾ ਤਾਂ ਲਫਜ ਉਸ ਦੇ ਅਪਣੇ ਕਿਵੇਂ ਹੋ ਜਾਣਗੇ। ਹੋ ਜਾਣਗੇ?
ਮੇਰੇ ਵੀਰ ਨੂੰ ਇਹ ਸਮਝਣ ਵਿਚ ਔਖ ਹੋ ਰਹੀ ਸੀ ਕਿ ਮੈਂ ਇਕ
ਪਿੰਦਰਪਾਲ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਪਹੇ ਨੂੰ ਰੋ ਰਿਹਾ ਹਾਂ। ਗੁਰਦੇਵ ਸਿੰਘ
ਸੱਧੇਵਾਲੀਆ ਜੋ ਮਰਜੀ ਲਿਖੀ ਜਾਵੇ ਉਸ ਦਿਨ ਮਿੱਟੀ ਹੋ ਜਾਣਾ, ਸਭ ਜਦ ਕੋਈ ਊਂਝ ਲੱਗ ਗਈ ਕਿ ਇਹ
ਵੀ ਕੌਮ ਦੇ ਕਾਤਲਾਂ ਨਾਲ ਚਾਹ ਦੀ ਪਿਆਲੀ ਪੀ ਆਇਆ ਅਤੇ ਹੱਥ ਮਿਲਾ ਆਇਆ।
ਸਾਨੂੰ ਕੋਈ ਦੁੱਖ ਨਾ ਸੀ ਪਿੰਦਰਪਾਲ ਜਿਥੇ ਮਰਜੀ ਝੱਖ ਮਾਰਦਾ
ਫਿਰਦਾ, ਪਰ ਸਾਨੂੰ ਦੁੱਖ ਇਹ ਕਿ ਉਹ ਗੱਲਾਂ ਬਾਬਾ ਜਰਨੈਲ ਸਿੰਘ ਦੀਆਂ ਕਰਦਾ, ਪਰ ਬਾਬੇ ਜਰਨੈਲ
ਸਿੰਘ ਤੇ ਬਾਦਲਾਂ ਦਾ ਮੇਲ ਕੀ? ਹੈ ਕੋਈ? ਕੌਮ ਨੇ ਪਿੰਦਰਪਾਲ ਨੂੰ ਇਨਾ ਮਾਨ-ਸਨਮਾਨ ਦਿੱਤਾ
ਸੀ, ਉਸ ਆਹ ਮੁੱਲ ਪਾਇਆ ਕਿ ਅਕਾਲ ਤਖਤ ਸਾਹਿਬ ਢਾਹੁਣ ਅਤੇ ਹਜਾਰਾਂ ਸਿੱਖਾਂ ਦਾ ਕਤਲ ਕਰਨ ਵਾਲੀ
ਦਿੱਲੀ ਨੂੰ ਚਿੱਠੀਆਂ ਪਾ ਕੇ ਸੱਦਣ ਵਾਲੇ ਬਾਦਲ ਨਾਲ ਜਾ ਰਲਿਆ?
ਚਲੋ, ਜੇ ਪਿੰਦਰਪਾਲ ਦੀ ਯਾਦਅਸ਼ਤ ਕਮਜੋਰ ਹੈ, ਕਿ ਉਹ 84
ਭੁੱਲ ਗਿਆ ਹੈ ਤਾਂ ਹੁਣ ਆ ਜਾਓ। ਹੁਣ ਦੀ ਤਾਜੀ ਹੈ ਜਦ ਬਾਦਲਾਂ ਹਜਾਰਾਂ ਸਿੱਖਾਂ ਨੂੰ ਕੋਹ
ਕੋਹ ਕੇ ਮਾਰਨ ਵਾਲੇ ਸੁਮੇਧ ਸੈਣੀ ਨੂੰ ਫਿਰ ਪੰਜਾਬ ਦੇ
ਸਿਰ ਲਿਆ ਬੈਠਾਇਆ! ਮਾਲ ਮੰਡੀ ਦੀਆਂ ਚੀਖਾਂ ਪਿੰਦਰਪਾਲ ਨੂੰ ਨਹੀਂ ਸੁਣੀਆਂ? ਤੇ ਉਨ੍ਹਾਂ
ਸਾਡੀਆਂ ਧੀਆਂ ਤੇ ਭੈਣਾਂ ਦੀਆਂ। ਜਿੰਨਾ ਦੇ ਰੇਪ ਸੁਮੇਧ ਸੈਣੀ ਨੇ ਸਾਹਵੇਂ ਕਰਵਾਏ? ਤੇ ਸਿੱਖ
ਨੌਜਵਾਨੀ ਦੇ ਲਹੂ ਵਿਚ ਹੱਥ ਧੋਣ ਵਾਲਾ ਇਜ਼ਹਾਰ ਆਲਮ?
ਪਿੰਦਰਪਾਲ ਨੂੰ ਆਲਮ ਸੈਨਾ ਸ਼ਾਇਦ ਭੁੱਲ ਗਈ ਹੋਵੇ ਭਰਾਵੋ, ਪਰ ਸਾਡੇ ਮਾਰੇ ਗਇਆਂ ਦਾ ਕਾਤਲ ਆਲਮ
ਅਸੀਂ ਕਿਉਂ ਭੁੱਲੀਏ।
ਪਰ ਪਿੰਦਰਪਾਲ? ਤੇ ਉਸ ਨੂੰ ਸੱਦਣ ਵਾਲੇ? ਇਸ ਦੀ ਕਥਾ ਖੁਣੋਂ
ਸਿੱਖ ਰਹਿ ਚਲੇ? ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਸਿਰ ਦੇਣ ਵਾਲੇ ਸੂਰਬੀਰਾਂ
ਦੀ ਕਥਾ ਕੌਣ ਕਰਦਾ ਸੀ? ਉਨ੍ਹਾਂ ਦਾ ਉੱਚਾ ਤੇ ਸੁੱਚਾ ਇਖਲਾਕ ਉਨ੍ਹਾਂ ਦੀ ਆਪ ਹੀ ਕਥਾ ਸੀ,
ਜਿਹੜਾ ਹੁਣ ਸਿੱਖ ਕੋਲੇ ਰਿਹਾ ਨਹੀਂ ਤੇ ਉਹ ਪਿੰਦਰਪਾਲ, ਸ੍ਰੀ ਨਗਰ, ਢੱਡਰੀ ਜਾਂ ਪਿਹੋਵੇ ਵਾਲੇ
ਕੋਲੋਂ ਪ੍ਰਚਾਰ ਭਾਲ ਰਿਹਾ ਹੈ। ਇੰਝ ਹੀ ਹੈ ਨਾ?
